28th May 2022 at 2:47 PM
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ: 28 ਮਈ 2022:(ਪ੍ਰੋਃ ਗੁਰਭਜਨ ਸਿੰਘ ਗਿੱਲ)
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬੀ ਤੇ ਉਰਦੂ ਲੇਖਿਕਾ ਡਾਃ ਸੁਲਤਾਨਾ ਬੇਗਮ ਦੇ ਦੇਹਾਂਤ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਡਾਃ ਸੁਲਤਾਨਾ ਬੇਗਮ ਸਾਹਿੱਤ, ਸੱਭਿਆਚਾਰ ਤੇ ਧਰਮ ਨਿਰਪੱਖਤਾ ਦਾ ਮੁਜੱਸਮਾ ਸੀ ਜਿਸ ਨਾਲ ਵਾਰਤਾਲਾਪ ਕਰਕੇ ਰੂਹ ਤ੍ਰਿਪਤ ਹੁੰਦੀ ਸੀ। ਉਹ ਮੁਸਲਮਾਨ ਮਾਪਿਆਂ ਦੀ ਧੀ ਹੋਣ ਦੇ ਬਾਵਜੂਦ ਪਟਿਆਲੇ ਹਿੰਦੂ ਪਰਿਵਾਰ ਵਿੱਚ ਪਲੀ ਅਤੇ ਭੰਗੜੇ ਦੇ ਸਿਰਤਾਜ ਸਰਦਾਰ ਅਵਤਾਰ ਸਿੰਘ ਰਾਣਾ ਨਾਲ ਵਿਆਹੀ ਗਈ। ਆਪਣੇ ਜੀਵਨ ਕਾਲ ਚ ਉਹ ਆਪਣੇ ਬਾਪ ਨੂੰ ਲਾਹੌਰ ਚ ਲੱਭਣ ਦੇ ਬਾਵਜੂਦ ਕਦੇ ਨਾ ਮਿਲ ਸਕੀ। ਇਹੀ ਸਿੱਕ ਸੀਨੇ ਵਿੱਚ ਲੈ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ।
ਡਾਃ ਸੁਲਤਾਨਾ ਬੇਗਮ ਨੂੰ ਕੁਝ ਦਿਨ ਪਹਿਲਾਂ ਹੀ ਗੰਭੀਰ ਬੀਮਾਰੀ ਨੇ ਘੇਰ ਲਿਆ ਸੀ ਜੋ ਬੀਤੀ ਰਾਤ ਜਾਨ ਲੇਵਾ ਸਾਬਤ ਹੋਈ।
ਡਾਃ ਸੁਲਤਾਨਾ ਬੇਗਮ ਨਾਲ ਪਿਛਲੇ ਤਿੰਨ ਸਾਲ ਵਿੱਚ ਲਾਹੌਰ (ਪਾਕਿਸਤਾਨ ) ਨੂੰ ਕੀਤੀਆਂ ਤਿੰਨ ਯਾਤਰਾਵਾਂ ਵਿੱਚ ਸਾਨੂੰ ਪਤਾ ਲੱਗਾ ਕਿ ਸਾਡੇ ਤੋਂ ਕਿਤੇ ਵੱਡੀ ਸਿੱਖ ਧਰਮ ਗਿਆਤਾ ਤੇ ਵਿਸ਼ਵਾਸਣ ਸੀ। ਪਿਛਲੇ ਸਾਲ 28 ਦਸੰਬਰ ਨੂੰ ਅਸੀਂ ਕਰਤਾਰਪੁਰ ਸਾਹਿਬ ਜਾ ਕੇ ਪਹਿਲਾ ਕਵੀ ਦਰਬਾਰ ਕੀਤਾ ਜਿਸ ਵਿੱਚ ਭਾਰਤੀ ਪੰਜਾਬ ਤੋਂ ਸੁਲਤਾਨਾ ਬੇਗਮ ਮਨਜਿੰਦਰ ਧਨੋਆ, ਡਾਃ ਨਵਜੋਤ ਕੌਰ ਜਲੰਧਰ ਤੇ ਮੈ ਸ਼ਾਮਿਲ ਹੋਏ ਜਦ ਕਿ ਉਸ ਪਾਸਿਉਂ ਬਾਬਾ ਨਜਮੀ, ਅੰਜੁਮ ਸਲੀਮੀ, ਬਾਬਾ ਗੁਲਾਮ ਹੁਸੈਨ ਨਦੀਮ ਅਫ਼ਜ਼ਲ ਸਾਹਿਰ, ਸਾਨੀਆ ਸ਼ੇਖ਼, ਬੁਸ਼ਰਾ ਨਾਜ਼ ਤੇ ਮੁਨੀਰ ਹੁਸ਼ਿਆਰਪੁਰੀਆ ਸ਼ਾਮਿਲ ਹੋਏ ਤਾਂ ਇਸ ਯਾਦਗਾਰੀ ਕਵੀ ਦਰਬਾਰ ਕਾਰਨ ਡਾਃ ਸੁਲਤਾਨਾ ਦੀ ਖ਼ੁਸ਼ੀ ਦਾ ਕੋਈ ਮੇਚ ਬੰਨਾ ਨਹੀਂ ਸੀ।
2020 ਤੇ ਮਾਰਚ 2022 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ਵਿੱਚ ਅਸੀਂ ਇਕੱਠੇ ਗਏ ਸਾਂ। 20 ਮਾਰਚ ਨੂੰ ਭਾਰਤ ਪਰਤ ਕੇ ਉਸ ਇਕਰਾਰ ਕੀਤਾ ਕਿ ਅਗਲੀ ਲੁਧਿਆਣਾ ਫੇਰੀ ਤੇ ਮੈ ਘਰੇ ਮਿਲਣ ਆਵਾਂਗੀ।
ਡਾਃ ਸੁਲਤਾਨਾ ਬੇਗਮ ਦੇ ਮਹੱਤਵਪੂਰਨ ਕਾਵਿ ਸੰਗ੍ਰਹਿ ਗੁਲਜ਼ਾਰਾਂ ਤੇ ਬਹਾਰਾਂ ਸਨ ਜਦ ਕਿ ਵਾਰਤਕ ਪੁਸਤਕ ਸ਼ਗੂਫ਼ੇ ਉਸ ਦੀ ਚਰਚਿਤ ਪੁਸਤਕ ਹੈ।
ਕਤਰਾ ਕਤਰਾ ਜ਼ਿੰਦਗੀ ਉਸ ਦੀ ਸਵੈ ਜੀਵਨੀ ਸੀ ਤੇ ਲਾਹੌਰ ਕਿੰਨੀ ਦੂਰ ਉਸ ਦੀ ਅੰਮੀ ਦੀ ਜੀਵਨੀ ਸੀ ਜੋ ਅਫ਼ਜ਼ਲ ਸਾਹਿਰ ਵੱਲੋਂ ਸ਼ਾਹਮੁਖੀ ਅੱਖਰਾਂ ਵਿੱਚ ਤਿਆਰ ਕੀਤੀਆਂ ਗਈਆਂ। ਇਨ੍ਹਾਂ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਮਾਰਚ 2022 ਮੌਕੇ ਲਾਹੌਰ ਵਿੱਚ ਜਨਾਬ ਫ਼ਖ਼ਰ ਜ਼ਮਾਂ, ਡਾਃ ਦੀਪਕ ਮਨਮੋਹਨ ਸਿੰਘ, ਦਰਸ਼ਨ ਬੁੱਟਰ, ਸਹਿਜਪ੍ਰੀਤ ਸਿੰਘ ਮਾਂਗਟ ਤੇ ਹੋਰ ਲੇਖਕਾਂ ਨੇ ਲੋਕ ਅਰਪਨ ਕੀਤੀਆਂ।
ਡਾਃ ਸੁਲਤਾਨਾ ਬੇਗਮ ਦੇ ਦੇਹਾਂਤ ਤੇ ਪੱਛਮੀ ਪੰਜਾਬ ਦੇ ਉੱਘੇ ਲੇਖਕਾਂ ਬਾਬਾ ਨਜਮੀ, ਇਲਿਆਸ ਘੁੰਮਣ, ਅਹਿਸਾਨ ਬਾਜਵਾ,ਅਫ਼ਜ਼ਲ ਸਾਹਿਰ, ਬੁਸ਼ਰਾ ਨਾਜ਼, ਮੁਦੱਸਰ ਬੱਟ ਸੰਪਾਦਕ ਭੁਲੇਖਾ, ਆਸਿਫ਼ ਰਜ਼ਾ, ਮੁਨੀਰ ਹੋਸ਼ਿਆਰਪੁਰੀ,ਪ੍ਰੋਃ ਅਮਾਨਤ ਅਲੀ ਮੁਸਾਫਿਰ ਤੇ ਸਾਨੀਆ ਸ਼ੇਖ਼ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
No comments:
Post a Comment