Friday, April 29, 2022

ਪਟਿਆਲਾ ਦੀਆਂ ਘਟਨਾਵਾਂ ਲਈ ਭਗਵੰਤ ਸਿੰਘ ਮਾਨ ਸਰਕਾਰ ਜ਼ਿੰਮੇਵਾਰ

 29th April 2022 at 04:08 PM 

ਕੇਂਦਰੀ ਸਿੰਘ ਸਭਾ ਨੇ ਕੀਤੀ ਮਾਨ ਸਰਕਾਰ ਦੀ ਤਿੱਖੀ ਆਲੋਚਨਾ 


ਚੰਡੀਗੜ੍ਹ
: 29 ਅਪ੍ਰੈਲ 2022: (ਪੰਜਾਬ ਸਕਰੀਨ ਡੈਸਕ)::

ਪਟਿਆਲੇ ਵਿੱਚ ਵਾਪਰੀਆਂ ਹਿੰਸਕ ਅਤੇ ਫਿਰਕੂ ਘਟਨਾਵਾਂ ਦੀ ਨਿਖੇਧੀ ਕਰਦਿਆਂ, ਸਿੱਖ ਚਿੰਤਕਾਂ ਨੇ ਕਿਹਾ ਕਿ ਸ਼ਿਵ ਸੈਨਾ ਵੱਲੋਂ ਹਫਤਾ ਪਹਿਲਾਂ ਪਟਿਆਲੇ ਵਿੱਚ “ਖਾਲਿਸਤਾਨ ਮੁਰਦਾਬਾਦ ਮਾਰਚ” ਕੱਢਣ ਦਾ ਐਲਾਨ ਕਰਨ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਵੀਂ ਹਿਫਾਜਤੀ ਕਦਮ ਨਹੀਂ ਪੁੱਟੇ ਅਤੇ ਉਸ ਭੜਕਾਊ ਮਾਰਚ ਨੂੰ ਬਿਨ੍ਹਾਂ ਰੋਕ-ਟੋਕ ਤੋਂ ਕੱਢਣ ਦੀ ਇਜ਼ਾਜਤ ਦੇ ਦਿੱਤੀ।  

ਸ਼ਿਵ ਸੈਨਾ ਨੇ ਜਾਣ-ਬੁਝ ਕੇ 29 ਅਪ੍ਰੈਲ ਦਾ ਦਿਨ ਚੁਣਿਆ ਕਿਉਂਕਿ 36 ਸਾਲ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚੋਂ ਉਸ ਸਮੇਂ ਦੇ ਸਿੱਖ ਖਾੜਕੂਆਂ ਨੇ ‘ਖਾਲਿਸਤਾਨ’ ਦਾ ਐਲਾਨ ਕੀਤਾ ਸੀ। ਸਰਕਾਰ ਨੂੰ ਪਤਾ ਸੀ ਕਿ ਸ਼ਿਵ ਸੈਨਾ ਦਾ ਇਹ ਉਕਸਾਊ ਕਦਮ ਦੇ ਵਿਰੁੱਧ ਸਿੱਖਾਂ ਦੇ ਕੁਝ ਹਿੱਸੇ ਵੱਲੋਂ ਸ਼ਖਤ ਪ੍ਰਤੀਕਰਮ ਆਵੇਗਾ। ਜਦੋਂ ਸ਼ਿਵ ਸੈਨਾ ਨੇ ਆਪਣੇ ਮਾਰਚ ਦੇ ਸਬੰਧ ਵਿੱਚ ਸ਼ੋਸ਼ਲ ਮੀਡੀਏ ਵਿੱਚ ਇਸ਼ਤਿਆਰ ਚਲਾ ਦਿੱਤਾ ਸੀ ਉਸ ਵਿਰੁੱਧ ਕਈ ਸਿੱਖ ਨੌਜਵਾਨਾਂ ਨੇ ਵੀ ਪ੍ਰਤੀਕਰਮ ਵੱਜੋਂ ਵੀਡੀਓ ਰਾਹੀਂ ਆਪਣੇ ਬਿਆਨ ਸ਼ੋਸ਼ਲ ਮੀਡੀਆ ਉੱਤੇ ਦਿੱਤੇ ਸਨ ਅਤੇ ਜ਼ਿਲ੍ਹਾਂ ਪ੍ਰਸਾਸ਼ਣ ਨੂੰ ਅਪੀਲ ਵੀਂ ਕੀਤੀ ਕਿ ਸਿਵ ਸ਼ੈਨਾ ਮਾਰਚ ਨੂੰ ਰੋਕਿਆ ਜਾਵੇ। 

ਅਜਿਹੀਆਂ ਸਾਰੀਆਂ ਸੂਚਨਾਵਾਂ ਦੇ ਅਦਾਨ-ਪ੍ਰਦਾਨ ਦੇ ਬਾਵਜੂਦ ਵੀ ਹਾਕਮ ਆਮ ਆਦਮੀ ਪਾਰਟੀ ਨੇ ਸਿਆਸੀ ਪੱਧਰ ਅਤੇ ਪੁਲਿਸ ਪੱਧਰ ਉੱਤੇ ਸੰਭਵ ਹਿੰਸਾ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕੇ। ਇੱਥੋਂ ਤੱਕ ਕਿ ਪਟਿਆਲੇ ਹਲਕੇ ਦੇ ਐਮ.ਐਲ.ਏਜ਼ ਨੇ ਵੀਂ ਦੋਨੋਂ ਸ਼ਿਵ ਸੈਨਾ ਅਤੇ ਸਿੱਖ ਧਿਰਾਂ ਨਾਲ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਨਹੀਂ ਕੀਤੀ।

ਸਰਕਾਰ ਵੱਲੋਂ ਦਿਖਾਈ ਅਜਿਹੀ ਲਾਪ੍ਰਵਾਹੀ ਕਈ ਸ਼ੰਕੇ ਖੜ੍ਹੇ ਕਰਦੀ ਹੈ ਕਿ ਭਗਵੰਤ ਸਿੰਘ ਮਾਨ ਸਰਕਾਰ ਨੇ ਕਿਉ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਵਿਗਾੜਣ ਵਾਲੀਆਂ ਸ਼ਕਤੀਆਂ ਨੂੰ ਪਟਿਆਲੇ ਵਿੱਚ ਖੁੱਲ੍ਹੀ ਛੁੱਟੀ ਦਿੱਤੀ? ਕੀ ਪੰਜਾਬ ਨੂੰ ਦੁਆਰਾ ਫਿਰਕੂ ਲੀਹਾਂ ਉੱਤੇ ਵੰਡਣ ਅਤੇ ਹਿੰਸਕ ਮਹੌਲ ਖੜ੍ਹਾਂ ਕਰਨ ਦੀਆਂ ਸ਼ਾਜਿਸਾਂ ਨੂੰ ਸਹਿ ਦਿੱਤੀ ਜਾ ਰਹੀ ਹੈ?

ਪਹਿਲਾਂ ਵੀ 1980 ਵਿਆਂ ਵਿੱਚ ਇਸੇ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਹਿੰਸਕ ਘਟਨਾਵਾਂ ਕਰਵਾਈਆਂ ਗਈਆਂ ਸਨ ਜਿੰਨ੍ਹਾਂ ਨੇ ਕੁਝ ਹੀ ਸਾਲਾਂ ਵਿੱਚ ਪੰਜਾਬ ਨੂੰ ਫਿਰਕੂ ਹਿੰਸਕ ਅੱਗ ਵਿੱਚ ਲਪੇਟ ਲਿਆ ਸੀ।

ਅਸੀਂ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਉਹ ਕੁਤਾਹੀ ਕਰਨ ਵਾਲੇ ਅਫਸਰਾਂ ਅਤੇ ਘਟਨਾਵਾਂ ਵਿੱਚ ਸ਼ਾਮਿਲ ਦੋਸ਼ੀਆਂ ਵਿਰੁੱਧ ਤੁਰੰਤ ਐਕਸ਼ਨ ਲਏ ਤਾਂ ਕਿ ਉਭਰਦੇ ਹਿੰਸਾਂ ਨੂੰ ਦਬਾਕੇ ਪੰਜਾਬ ਵਿੱਚ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾ ਸਕੇ। 

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ।  

No comments: