Sunday, April 10, 2022

"ਆਪ" ਵੀ ਸਰਕਾਰੀ ਅਦਾਰਿਆਂ ਨੂੰ ਬਚਾਉਣ ਲਈ ਗੰਭੀਰ ਨਹੀਂ ਲੱਗਦੀ

ਪੰਜਾਬ ਰੋਡਵੇਜ਼//ਪਨਬੱਸ//PRTC ਕੰਟਰੈਕਟ ਵਰਕਰ ਫਿਰ ਰੋਹ ਵਿੱਚ ਹਨ


ਲੁਧਿਆਣਾ
: 10 ਅਪ੍ਰੈਲ 2022: (ਪੰਜਾਬ ਸਕਰੀਨ ਬਿਊਰੋ)::

ਪਨਬਸ, ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਵਰਗੇ ਪਬਲਿਕ ਸੈਕਟਰ ਅਦਾਰਿਆਂ ਦਾ ਮੋਹ ਹੁਣ ਆਪ ਸਰਕਾਰ ਤੋਂ ਵੀ ਭੰਗ ਹੁੰਦਾ ਨਜ਼ਰ ਆ ਰਿਹਾ ਹੈ। ਰੋਡਵੇਜ਼ ਵਾਲੇ ਬਹੁ ਗਿਣਤੀ ਮੁਲਾਜ਼ਮ ਮਹਿਸੂਸ ਕਰ ਰਹੇ ਹਨ ਕਿ ਨਿਜੀਕਰਨ ਅਤੇ ਪੂੰਜੀਵਾਦ ਨਾਲ ਗ੍ਰਸੀਆਂ ਹੋਈਆਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਇਹਨਾਂ ਅਦਾਰਿਆਂ ਨੂੰ ਇਸ ਤਰ੍ਹਾਂ ਖਤਮ ਕਰ ਰਹੀਆਂ ਹਨ ਜਿਸ ਨਾਲ ਇਹੀ ਲੱਗੇ ਕਿ ਇਹ ਅਦਾਰੇ ਆਪਣੇ ਭਾਰ ਨਾਲ ਆਪੇ ਹੀ ਡਿੱਗ ਪਏ। ਅਸੀਂ ਇਹਨਾਂ ਦਾ ਕੁਝ ਨਹੀਂ ਵਿਗਾੜਿਆ। ਇਹ ਮੁਲਾਜ਼ਮ ਦਸ ਤਾਰੀਖ ਲੰਘ ਜਾਣ 'ਤੇ ਵੀ ਤਨਖਾਹਾਂ ਨਾ ਮਿਲਣ ਕਾਰਨ ਅੱਕੇ ਹੋਏ ਸਨ। 
ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰ ਫਿਰ ਨਾਰਾਜ਼ ਹਨ ਅਤੇ ਉਹਨਾਂ ਨੇ ਵਿਸਾਖੀ ਮੌਕੇ 12 ਅਪ੍ਰੈਲ ਤੋਂ ਅੰਦੋਂਲਨ ਦੇ ਨਵੇਂ ਪੜਾਅ ਦੀ ਸ਼ੁਰੂਆਤ ਦਾ ਐਲਾਨ ਵੀ ਕਰ ਦਿੱਤਾ ਹੈ। ਇਹਨਾਂ ਵਰਕਰਾਂ ਬੜੇ ਦੁਖੀ ਹਿਰਦੇ ਨਾਲ ਹੁਣ ਮੀਡੀਆ ਕੋਲ ਵੀ ਸ਼ਿਕਾਇਤ ਕੀਤੀ ਹੈ ਕਿ ਪਿਛਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਵੀ ਸਰਕਾਰੀ ਮਹਿਕਮਿਆਂ ਨੂੰ ਖ਼ਤਮ ਹੋਣ ਤੋਂ ਰੋਕਣਾ ਹੀ ਨਹੀਂ ਚਾਹੁੰਦੀ ਕਿਉਂਕਿ ਸਰਕਾਰੀ ਬੱਸਾਂ ਵਿੱਚ ਫ੍ਰੀ ਸਫ਼ਰ ਸਹੂਲਤਾਂ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਪਨਬੱਸ ਅਤੇ PRTC ਨੂੰ ਹੁਣ ਤੱਕ ਅਦਾ ਨਹੀਂ ਕੀਤੀ ਗਈ। 
ਪਿਛਲੇ 4 ਮਹੀਨਿਆਂ ਦੇ ਕਰੋੜਾਂ ਰੁਪਏ ਦੇ ਬਿੱਲ ਸਰਕਾਰ ਕੋਲ ਪਏ ਹਨ ਪਰ ਹੁਣ ਤੱਕ ਕੋਈ ਬਜਟ ਨਹੀਂ ਆਇਆ ਨਾ ਹੀ ਬਿੱਲ ਪਾਸ ਕਰਕੇ ਪੈਸੇ ਮਹਿਕਮੇ ਨੂੰ ਦਿੱਤੇ ਗਏ ਹਨ।  ਸਰਕਾਰ ਦੀ ਨਲਾਇਕੀ ਕਾਰਨ ਪਨਬੱਸ ਅਤੇ PRTC ਦੇ ਪਿਛਲੇ ਲੰਬੇ ਸਮੇਂ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਮਿਹਨਤ ਨਾਲ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖਾਹ ਲੇਟ ਹੀ ਮਿਲਦੀ ਹੈ ਅਤੇ ਹੁਣ 10 ਤਰੀਕ ਹੋਣ ਦੇ ਬਾਵਜੂਦ ਪਨਬੱਸ ਮੁਲਾਜ਼ਮਾਂ ਦੀ ਤਨਖਾਹ ਦਾ ਕਰੀਬ 9-10 ਕਰੋੜ ਰੁਪਏ ਮਹਿਕਮੇ ਕੋਲ ਨਹੀਂ ਹਨ। ਨਤੀਜੇ ਵੱਜੋਂ ਤਨਖ਼ਾਹ ਵਿੱਚ ਦੇਰੀ ਕੀਤੀ ਜਾ ਰਹੀ ਹੈ ਅਤੇ ਬਜਜਟ ਭੇਜਣ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ। 
ਅੱਜ ਮਿਤੀ 10 ਅਪ੍ਰੈਲ 2022 ਨੂੰ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟ੍ਰਰੈਕਟ ਵਰਕਰਜ ਯੂਨੀਅਨ ਪੰਜਾਬ ਵਲੋ ਇਸ ਸਬੰਧੀ ਵਿਸਥਾਰ ਨਾਲ ਮੀਡੀਆ ਨੂੰ ਦੱਸਿਆ ਗਿਆ। ਮੀਡੀਆ ਨਾਲ ਗੈਰ ਰਸਮੀ ਮੁਲਾਕਾਤ ਦੌਰਾਨ  ਸਰਪ੍ਰਸਤ ਸਿਕੰਦਰ ਸਿੰਘ ਚੈਅਰਮੈਨ ਗੁਰਵਿੰਦਰ ਸਿੰਘ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ। 
ਇਹਨਾਂ ਲੀਡਰਾਂ ਨੇ ਇਹ ਵੀ ਕਿਹਾ ਕਿ ਦੂਸਰੇ ਪਾਸੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਤਾਂ ਇੱਕ ਪਾਸੇ ਕੱਚੇ ਮੁਲਾਜ਼ਮਾਂ ਨੂੰ ਨਜਾਇਜ਼ ਮਾਰੂ ਕਡੀਸ਼ਨਾਂ ਲਗਾ ਕੇ ਨੋਕਰੀ ਤੋਂ ਕੱਢਿਆ ਗਿਆ ਹੈ ਉਹਨਾਂ ਨੂੰ ਬਹਾਲ ਤੱਕ ਨਹੀਂ ਕੀਤੀ ਜਾ ਰਿਹਾ। ਮਹਿਕਮੇ ਵਲੋਂ ਪਨਬੱਸ ਦੀਆ ਨਵੀਆਂ ਬੱਸਾਂ ਨੂੰ ਚਲਾਉਣ ਲਈ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਫਾਰਗ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਉਲਟਾ ਠੇਕੇਦਾਰ ਨਾਲ ਮਿਲਕੇ ਲੱਖਾਂ ਰੁਪਏ ਰਿਸ਼ਵਤ ਲੈਣ ਲਈ ਨਵੀਂ ਭਰਤੀ ਕਰਨ ਦੀਆਂ ਗੱਲਾਂ ਨਵੇਂ ਬਣੇ ਟਰਾਂਸਪੋਰਟ ਮੰਤਰੀ ਪੰਜਾਬ ਨੂੰ ਕਹੀਆਂ ਜਾ ਰਹੀਆਂ ਹਨ।  
ਇਸਦੇ ਨਾਲ ਹੀ ਕੁਰੱਪਸ਼ਨ ਰੋਕਣ ਲਈ ਨਜਾਇਜ਼ ਬੱਸਾਂ ਰੋਕਣਾ,  ਸਪੈਸ਼ਲ ਚੱਲਦੀਆਂ ਬੱਸਾਂ ਰੋਕਣਾ, ਸਰਕਾਰੀ ਬੱਸਾਂ ਦੀ ਗਿਣਤੀ ਵਧਾਉਣ ਜਾ ਬੱਸ ਸਟੈਂਡਾਂ ਵਿੱਚ ਰੋਡਵੇਜ਼ ਦੇ ਟਾਈਮਾਂ ਨੂੰ ਬਚਾਉਣ ਦੀ ਥਾਂ ਤੇ ਡਰਾਈਵਰ ਕੰਡਕਟਰ ਨੂੰ ਦੋਸ਼ੀ ਬਣਾਉਣ ਲਈ ਨਵੇਂ ਬਣੇ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਵੱਖ ਵੱਖ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਟਰਾਂਸਪੋਰਟ ਵਿਭਾਗ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਯੂਨੀਅਨ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਫਾਰਗ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, ਹਰ ਮਹੀਨੇ ਤਨਖਾਹਾ ਸਮੇਂ ਸਿਰ ਪਾਈਆਂ ਜਾਣ ਸੋ ਸਰਕਾਰ ਦਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਹੈ ਜਿਸ ਕਰਕੇ ਯੂਨੀਅਨ ਵਲੋਂ ਅੱਜ ਅਸੀਂ ਪੰਜਾਬ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹਾ ਕਿ ਪਨਬੱਸ ਦੇ ਸਮੂਹ ਕੱਚੇ ਮੁਲਾਜ਼ਮਾਂ ਦੀ ਤਨਖਾਹਾਂ ਤਰੁੰਤ ਵਰਕਰਾਂ ਦੇ ਖਾਤਿਆਂ  ਵਿੱਚ ਪਾਈਆਂ ਜਾਣ ਅਤੇ ਬਾਕੀ ਮੰਗਾਂ ਦਾ ਹੱਲ ਵੀ ਤੁਰੰਤ ਕੱਢਿਆ ਜਾਵੇ  ਨਹੀਂ ਤਾ 12 ਅਪ੍ਰੈਲ ਨੂੰ ਸਮੂਹ ਡਿਪੂਆਂ ਦੇ ਗੇਟ ਤੇ ਗੇਟ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕਰਾਗੇ। ਜੇਕਰ ਫੇਰ ਵੀ ਹੱਲ ਨਾ ਹੋਇਆ ਤਾਂ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। 

No comments: