Friday, April 08, 2022

ਭਾਟੀਆ ਜੋੜੀ ਨੇ ਵਿਆਹ ਦੀ 38ਵੀਂ ਵਰ੍ਹੇਗੰਢ ਮਨਾਈ ਕੁਦਰਤ ਦੇ ਅੰਗਸੰਗ ਜਾ ਕੇ

ਪਿੰਕੀ ਹਰਬਲ ਗਾਰਡਨ ਬਣਿਆ ਜਜ਼ਬਾਤਾਂ ਵਾਲਿਆਂ ਦਾ ਤੀਰਥ ਅਸਥਾਨ

ਲੁਧਿਆਣਾ
: 8 ਅਪ੍ਰੈਲ 2022 ਨੂੰ ਪਿੰਕੀ ਹਰਬਲ ਗਾਰਡਨ ਤੋਂ ਪਰਤ ਕੇ-ਰੈਕਟਰ ਕਥੂਰੀਆ 
ਗੱਲ 42 ਕੁ ਸਾਲ ਪਹਿਲਾਂ ਦੀ ਹੈ। ਨੌਕਰੀ ਵਾਲੀ ਗੱਲ ਬਣਦਿਆਂ ਹੀ ਮਨਿੰਦਰ ਸਿੰਘ ਭਾਟੀਆ ਦੇ ਪਰਿਵਾਰ ਨੇ ਕੋਈ ਕੁੜੀ ਲੱਭਣੀ ਸ਼ੁਰੂ ਕਰ ਦਿੱਤੀ। ਇਹ ਤਲਾਸ਼ ਸਫਲ ਵੀ ਰਹੀ। ਪਰ ਇੱਕ ਦੂਜੇ ਨੂੰ ਪਸੰਦ ਕਰਨ ਵਾਲਾ ਕੰਮ ਝੱਟ ਘੜੀ ਵਿੱਚ ਨਹੀਂ ਸੀ ਹੋਇਆ। ਜ਼ਿੰਦਗੀ ਦੇ ਇਸ ਅਹਿਮ ਫੈਸਲੇ ਨੇ ਕੁਝ ਸਾਲ ਦਾ ਲੰਮਾ ਅਰਸਾ ਲਿਆ। ਵਿਚਾਰਾਂ ਨੂੰ ਸਮਝਣਾ ਜ਼ਰੂਰੀ ਸੀ। ਸੰਘਰਸ਼ਾਂ ਵਾਲੀਆਂ ਰਾਹਾਂ ਤੇ ਤੁਰਨ ਦੀ ਇੱਛਾ ਅਤੇ ਸਮਰਥਾ ਨੂੰ ਦੇਖਣਾ ਜ਼ਰੂਰੀ ਸੀ। ਮਨਿੰਦਰ ਭਾਟੀਆ ਜੀ ਦੀ ਇੱਕ ਲੁਕਵੀਂ ਜਿਹੀ ਸ਼ਰਤ ਵੀ ਸੀ। ਇੱਕ ਸਪਸ਼ਟ ਜਿਹਾ ਐਲਾਨ ਵੀ ਸੀ। ਇੱਕ ਚੇਤਾਵਨੀ ਜਿਹੀ ਵੀ ਸੀ।
ਇਨ੍ਹੀਂ ਪੱਥਰੋਂ ਪੇ ਚਲ ਕਰ ਗਰ ਹੋ ਸਕੇ ਤੋਂ ਆਨਾ;
ਮੇਰੇ ਘਰ ਕੇ ਰਾਸਤੋਂ ਮੈਂ ਕੋਈ ਕਹਿਕਸ਼ਾਂ ਨਹੀਂ ਹੈ!

ਮੈਡਮ ਲਈ ਵੀ ਇਮਤਿਹਾਨ ਦੀ ਘੜੀ ਸੀ। ਇਹਨਾਂ ਰਾਹਾਂ ਤੇ ਤੁਰਨ ਦੀ ਹਾਂ ਕਰਨੀ ਸੌਖੀ ਨਹੀਂ ਸੀ। ਕਹੀ ਹੋਈ ਗੱਲ ਨਿਭਾਉਣ ਵਾਲੇ ਬੜਾ ਸੋਚ ਕੇ ਹਾਂ ਕਰਦੇ ਹਨ। ਗਰੀਬੀ, ਸਾਦਗੀ ਅਤੇ ਮੁਸ਼ਕਲਾਂ ਵਾਲੇ ਹਾਲਾਤ ਵਿੱਚੋਂ ਉੱਠੇ ਮਨਿੰਦਰ ਸਿੰਘ ਭਾਟੀਆ ਨੇ ਕਿਸੇ ਵੀ ਤਰ੍ਹਾਂ ਦਾ ਸੁਪਨਾ ਦਿਖਾਉਣ ਠੀਕ ਨਹੀਂ ਸਮਝਿਆ। ਕਿਸੇ ਸਬਜ਼ਬਾਗ ਦੀ ਗੱਲ ਨਹੀਂ ਕੀਤੀ। ਹਿੰਦੂ ਵਿਆਹਾਂ ਸਮੇਂ ਸੱਤ ਵਚਨ ਲੈਣ ਦੇਣ ਦੀ ਇੱਕ ਜ਼ਰੂਰੀ ਰਸਮ ਹੁੰਦੀ ਹੈ ਪਰ ਇਸ ਜੋੜੀ ਨੇ ਕਿਸੇ ਇੱਕ ਵਚਨ ਦੀ ਵੀ ਸ਼ਰਤ ਨਹੀਂ ਰੱਖੀ। ਜੋ ਹਾਲਾਤ ਸਨ ਸਭ ਸਚੋਸਚ ਦੱਸ ਦਿੱਤੇ-
ਇਨ੍ਹੀਂ ਪੱਥਰੋਂ ਪੇ ਚਲ ਕਰ ਗਰ ਹੋ ਸਕੇ ਤੋਂ ਆਨਾ;
ਮੇਰੇ ਘਰ ਕੇ ਰਾਸਤੋਂ ਮੈਂ ਕੋਈ ਕਹਿਕਸ਼ਾਂ ਨਹੀਂ ਹੈ!
ਵਿਆਹ ਵਾਲਿਆਂ ਰਸਮਾਂ ਤੋਂ ਬਾਅਦ ਵੀ ਬਸ ਉਹੀ ਪੰਜਾਬੀ ਗੀਤ ਗੁਣਗੁਣਾਉਂਦੇ ਰਹੇ--
ਲਾਈ ਆ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ!
ਹੁਣ ਤੱਕ ਨਿਭਾਉਂਦੇ ਵੀ ਆ ਰਹੇ ਹਨ। 
ਕਰੀਬ ਚਾਰ ਕੁ ਸਾਲ ਤੱਕ ਸੋਚਦੇ ਰਹੇ। ਕੰਡਿਆਲੇ ਰਾਹਾਂ ਵਾਲੀ ਇਸ ਹਕੀਕਤ ਤੇ ਇਕੱਠਿਆਂ ਤੁਰਨ ਦਾ ਮਨ ਬਣਾਉਂਦਿਆਂ ਚਾਰ ਸਾਲ ਲੱਗ ਗਏ। ਡਾਕਖਾਨੇ ਦੀ ਨੌਕਰੀ ਕਰਦਿਆਂ ਕਦੋਂ ਇਹ ਪ੍ਰੇਮ ਪੱਤਰ ਲਿਖਿਆ ਗਿਆ ਅਤੇ ਕਦੋਂ ਇਸਨੇ ਰਾਜਿੰਦਰ ਕੌਰ ਦੇ ਦਿਲ ਦਾ ਦਰਵਾਜ਼ਾ ਜਾ ਖੜਕਾਇਆ ਇਸਦੀਆਂ ਪੱਕੀਆਂ ਤਾਰੀਖਾਂ ਦਾ ਵੇਰਵਾ ਸ਼ਾਇਦ ਮਿਹਨਤ ਕਰਕੇ ਲੱਭ ਜਾਵੇ ਪਰ ਅਜੇ ਤੱਕ ਇਹ ਸਾਰਾ ਵੇਰਵਾ ਸਾਡੇ ਡੈਸਕ ਦੀ ਟੀਮ ਕੋਲ ਨਹੀਂ ਹੈ।  ਹਾਂ ਅਰਕਾਈਵ ਵਾਲਿਆਂ ਨੇ ਸੰਭਾਲਿਆ ਜ਼ਰੂਰ ਹੋਣਾ ਹੈ। ਇਸ ਤੋਂ ਬਾਅਦ ਫਿਰ ਬੈਂਕ ਦੀ ਨੌਕਰੀ ਲੱਗੀ ਤਾਂ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਆਮਦ ਹੋਰ ਵਧੀ। ਹੱਥ ਕੁਝ ਸੌਖਾ ਹੋਗਿਆ ਪਾਰ ਖਰਚੇ ਵੀ ਵੱਧ ਗਏ। ਜ਼ਿੰਮੇਦਾਰੀਆਂ ਵੀ ਵੱਧ ਗਈਆਂ। ਫਿਰ ਲੰਮੀ ਇੰਤਜ਼ਾਰ ਤੋਂ ਬਾਅਦ ਮਿਲਣ ਵਾਲਾ ਦਿਨ ਵੀ ਆਇਆ। 
ਦੋਹਾਂ ਦੀ ਜ਼ਿੰਦਗੀ ਇੱਕ ਹੋ ਗਈ। ਜ਼ਿੰਦਗੀ ਦਾ ਖਾਤਾ ਵੀ ਇਕੱਠਿਆਂ ਖੁਲ ਗਿਆ। ਉਸਤੋਂ ਬਾਅਦ ਵੀ ਜ਼ਿੰਦਗੀ ਦੇ ਸੰਘਰਸ਼ਾਂ ਵਾਲਾ ਸਫਰ ਜਾਰੀ ਰਿਹਾ। ਪਥਰੀਲੀਆਂ ਰਾਹਾਂ ਤੇ ਤੁਰਨਾ ਕੋਈ ਸੌਖਾ ਨਹੀਂ ਸੀ ਪਰ ਇੱਕ ਦੂਜੇ ਦੇ ਸਾਥ ਨੇ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਹੱਸਦਿਆਂ, ਮੁਸਕਰਾਉਂਦਿਆਂ ਕਰਨ ਦੀ ਹਿੰਮਤ ਦਿੱਤੀ। ਇਹ ਸਫਰ ਅੱਜ ਵੀ ਜਾਰੀ ਹੈ। ਦੋਵੇਂ ਬੱਚੇ ਬਹੁਤ ਚੰਗੀ ਤਰ੍ਹਾਂ ਸੈਟ ਹਨ। ਜਵਾਨੀ ਦੇ ਸੰਘਰਸ਼ਾਂ ਅਤੇ ਮਸਤੀਆਂ ਤੋਂ ਬਾਅਦ ਹੁਣ ਰਿਟਾਇਰਮੈਂਟ ਵਾਲੇ ਦਿਨ ਆ ਗਏ ਹਨ ਪਰ ਦੋਹਾਂ ਬੱਚਿਆਂ ਨੂੰ ਮਿਲਾ ਕੇ ਚਾਰ ਜੀਆਂ ਵਾਲਾ ਇਹ ਪਰਿਵਾਰ ਹੁਣ ਹੋਰ ਵੱਡਾ ਹੋ ਗਿਆ ਹੈ। ਦੁਨੀਆ ਭਰ ਦੇ ਮਿਹਨਤਕਸ਼ਾਂ ਦਾ ਫਿਕਰ ਹੈ ਇਸ ਪਰਿਵਾਰ ਨੂੰ। ਘਰ ਅਤੇ ਸਕੂਲ ਵਿਚ ਲੋੜਵੰਦਾਂ ਦੀ ਲਾਈਨ ਵੀ ਲੱਗੀ ਰਹਿੰਦੀ ਹੈ। ਦਿਨ ਹੋਵੇ ਜਾਂ ਰਾਤ ਭਾਟੀਆ ਜੀ ਲਾਲ ਝੰਡੇ ਵਾਲੀ ਕਿਸੇ ਮੀਟਿੰਗ ਜਾਂ ਧਰਨੇ ਵਿਚ ਹੋਣਗੇ ਜਾਂ ਫਿਰ ਉਸਦੀ ਤਿਆਰੀ ਕਰਵਾ ਰਹੇ ਹੋਣਗੇ।  ਕੋਈ ਅਜਿਹਾ ਆਯੋਜਨ ਨਾ ਹੋ ਰਿਹਾ ਹੋਵੇ ਤਾਂ "ਨਵਾਂ ਜ਼ਮਾਨਾ" ਅਖਬਾਰ ਲਈ ਕੋਈ ਰਿਪੋਰਟ ਤਿਆਰ ਕਰਨ ਕਿਸੇ ਦੂਰ ਦੁਰਾਡੇ ਦੇ ਪਿੰਡ ਗਏ ਹੋਣਗੇ। ਪੁੱਛੋਂ ਤਾਂ ਮੁਸਕਰਾ ਕੇ ਕਹਿਣਗੇ--
ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੈਂ ਹੈ!
ਵਿਆਹ ਦੀ ਵਰ੍ਹੇਗੰਢ ਯਾਦ ਕਰਾਉਂਦਿਆਂ ਆਖਿਆ ਅੱਜ ਕੋਈ ਖੁਸ਼ੀ ਮਨਾਉਣੀ ਸੀ! ਇਹ ਸੁਣ ਕੇ ਫਿਰ ਗੰਭੀਰ ਹੋ ਗਏ--ਆਖਣ ਲੱਗੇ ਦੇਸ਼ ਦੇ ਹਾਲਾਤ ਬੜੇ ਭਿਆਨਕ ਹਨ-ਖੁਸ਼ੀ ਕਿਵੇਂ ਮਨਾਈਏ? ਕਾਰ ਡਰਾਈਵ ਕਰਦਿਆਂ ਕਰਦਿਆਂ ਸੰਤ ਰਾਮ ਉਦਾਸੀ ਦੀਆਂ ਸਤਰਾਂ ਗੁਣਗੁਣਾਉਣ ਲੱਗ ਪਏ: 
ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜੇਹੜੇ
ਤੂੰ ਮਘਦਾ ਰਈਂ ਵੇ ਸੂਰਜਾ……

ਅੱਜ ਕਿਸੇ ਮੁੱਦੇ ਨੂੰ ਲੈ ਕੇ ਫੋਨ 'ਤੇ ਗੱਲ ਹੋਈ ਤਾਂ ਗੱਲਾਂ ਗੱਲਾਂ ਵਿਚ ਜ਼ਿਕਰ ਛਿੜਿਆ ਕਿ ਅੱਜ ਤਾਂ ਭਾਟੀਆ ਜੋੜੀ ਦੇ ਵਿਆਹ ਦੀ 38ਵੀਂ ਵਰ੍ਹੇਗੰਢ ਹੈ। ਸੋਚਿਆ ਜਸ਼ਨ ਹੋਵੇਗਾ। ਕੇਕ ਕੱਟਿਆ ਜਾਵੇਗਾ। ਮਜ਼ਾਕ ਨਾਲ ਪੁੱਛਿਆ ਅਜੇ ਤਾਂ ਨਰਾਤਿਆਂ ਦੇ ਦਿਨ ਚੱਲ ਰਹੇ ਹਨ ਸਾਡੇ ਪੈਗ ਸ਼ੈਗ ਵਾਲੇ ਮਿੱਤਰਾਂ ਦਾ ਕੀ ਪ੍ਰਬੰਧ ਹੈ? ਅੱਜ ਜਾਂ ਦੋ ਦਿਨ ਬਾਅਦ? ਆਖਣ ਲੱਗੇ ਅਸੀਂ ਤਾਂ ਪਿੰਕੀ ਹਰਬਲ ਗਾਰਡਨ ਜਾ ਕੇ ਮਨਾਉਣੀ ਹੈ ਅੱਜ ਦੀ ਸ਼ਾਮ। ਉਹ ਯਾਦਾਂ ਦਾ ਅਸਥਾਨ ਹੈ। ਉੱਥੇ ਜਾ ਕੇ ਬੂਟਾ ਲਾਉਣਾ ਹੈ। ਅਸੀਂ ਵੀ ਸਾਰੇ ਨਾਲ ਤੁਰ ਪਏ। ਇਸ ਬਾਗ ਵਾਲੇ ਦੌਰੇ ਦੀ ਵੀਡੀਓ ਤੁਸੀਂ ਇਥੇ ਕਲਿੱਕ ਕਰ ਕੇ ਵੀ ਦੇਖ ਸਕਦੇ ਹੋ। 
                                              ਵੀਡੀਓ ਤੁਸੀਂ ਇਥੇ ਕਲਿੱਕ ਕਰ ਕੇ ਵੀ ਦੇਖ ਸਕਦੇ ਹੋ।
                                                    
ਅਸਲ ਵਿੱਚ ਬੜੀ ਤੇਜ਼ੀ ਨਾਲ ਉਭਰ ਰਿਹਾ ਪਿੰਕੀ ਹਰਬਲ ਗਾਰਡਨ ਇੱਕ ਬਹੁਤ ਹੀ ਨਿਵੇਕਲਾ ਜਿਹਾ ਪ੍ਰੋਜੈਕਟ ਹੈ ਲੋਕ ਧਾਰਮਿਕ ਅਸਥਾਨ ਤੇ ਪੱਥਰ ਲਗਵਾਉਂਦੇ ਹਨ। ਸੋਨਾ ਚਾਂਦੀ ਦਾਨ ਕਰਦੇ ਹਨ। ਲੰਗਰ ਲਗਵਾਉਂਦੇ ਹਨ। ਵੱਡੇ ਵੱਡੇ ਨਾਮ ਲਿਖ ਕੇ ਕੂਲਰ ਅਤੇ  ਪੱਖੇ ਦਾਨ ਕਰਦੇ ਹਨ। ਹਰ ਕਿਸੇ ਦੀ ਆਪੋ ਆਪਣੀ ਆਸਥਾ ਹੈ। ਜਨਮੇਜਾ ਸਿੰਘ ਜੌਹਲ ਨੇ ਅਜਿਹਾ ਸਭ ਕੁਝ ਨਕਾਰਦਿਆਂ ਆਪਣੀ ਪਤਨੀ ਦੀ ਯਾਦ ਵਿੱਚ ਹਰਬਲ ਗਾਰਡਨ ਸ਼ੁਰੂ ਕੀਤਾ ਅਤੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ। ਖੁਦ ਤਾਂ ਜਨਮੇਜਾ ਜੀ ਅਤੇ ਉਹਨਾਂ ਦੇ ਸਾਥੀ ਬਸ ਕੇਅਰ ਟੇਕਰ ਵਾਂਗੂ ਰਹਿੰਦੇ ਹਨ। ਸੇਵਾਦਾਰ ਬਣ ਕੇ ਵਿਚਰਦੇ ਹਨ। ਬੜੀ ਹੀ ਨਿਮਰਤਾ ਨਾਲ ਗੱਲ ਕਰਦੇ ਹਨ। ਯਾਦ ਆਉਂਦੀਆਂ ਹਨ ਉਹ ਸਤਰਾਂ-ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।  
ਬਸ ਕੋਈ ਨਵਾਂ ਫੁਲ ਆਵੇ ਜਾਂ ਪੱਤਾ ਜਨਮੇਜਾ ਜੀ ਝੱਟ ਕੈਮਰਾ ਕੱਢ ਕੇ ਕਲਿੱਕ ਕਰ ਲੈਂਦੇ ਹਨ। ਉਹਨਾਂ ਦੇ ਮਿੱਤਰ ਅਮਰੀਕਾ ਕੈਨੇਡਾ ਤੋਂ ਵੀਡੀਆ ਕਾਲਾਂ ਕਰਕੇ ਵੀ ਇਸ ਬਾਗ ਨੂੰ ਦੇਖਦੇ ਹਨ ਅਤੇ ਖੁਦ ਆ ਕੇ ਵੀ।  ਇਹੀ ਉਹ ਹਰਬਲ ਬਾਗ ਹੈ ਜਿਹੜਾ ਜਨਮੇਜਾ ਜੌਹਲ ਹੁਰਾਂ ਨੇ ਆਪਣੀ ਪਤਨੀ ਨਰਿੰਦਰ ਕੌਰ ਜੌਹਲ ਹੁਰਾਂ ਦੀ ਯਾਦ ਵਿੱਚ ਸ਼ੁਰੂ ਕੀਤਾ ਸੀ। ਪਤਨੀ ਦਾ ਘਰ ਦਾ ਨਾਮ ਪਿੰਕੀ ਸੀ ਇਸ ਲਈ ਇਸ ਹਰਬਲ ਗਾਰਡਨ ਦਾ ਨਾਮ ਵੀ ਪਿੰਕੀ ਹਰਬਲ ਗਾਰਡਨ ਰੱਖਿਆ ਗਿਆ। ਜਦੋਂ ਦਾ ਸ਼ੁਰੂ ਕੀਤਾ ਹੈ ਇਥੇ ਮੇਲਾ ਲੱਗਿਆ ਰਹਿੰਦਾ ਹੈ। ਜੰਗਲ ਵਿਚ ਮੰਗਲ ਵਰਗਾ ਮਾਹੌਲ ਹੈ।  ਇਹ ਉਹਨਾਂ ਲੋਕਾਂ ਲਈ ਤੀਰਥ ਅਸਥਾਨ ਬਣ ਗਿਆ ਹੈ ਜਿਹਨਾਂ ਕੋਲ ਅੱਜ ਦੇ ਦੌਰ ਵਿੱਚ ਵੀ ਦਿਲ ਮੌਜੂਦ ਹੈ। ਧੜਕੇ ਦਿਲ ਦੇ ਨਾਲ ਅਹਿਸਾਸ ਵੀ ਮੌਜੂਦ ਹਨ। ਇਸਦੇ ਨਾਲ ਹੀ ਸੰਵੇਦਨਾ ਵੀ ਮੌਜੂਦ ਹੈ। 
ਉਹ ਲੋਕ ਜਿਹੜੇ ਅੱਜ ਵੀ ਰੁਝੇਵਿਆਂ ਭਰੇ ਸਮਿਆਂ ਵਿਚੋਂ ਸਮਾਂ ਕੱਢ ਕੇ ਆਪਣੇ ਆਪ ਨਾਮ ਮੁਲਾਕਾਤ ਕਰਦੇ ਹਨ ਜਾਂ  ਆਪਣੇ ਆਪ ਨਾਲ ਅੱਖ ਮਿਲਾਉਣ ਦੀ ਹਿੰਮਤ ਕਰਦੇ ਹਨ। ਇਹ ਥਾਂ ਉਹਨਾਂ ਲਈ ਬਹੁਤ ਮਹਾਨ ਹੈ। ਟਾਈਮ ਮਸ਼ੀਨ ਅਜੇ ਬਣੀ ਹੈ ਜਾਂ ਨਹੀਂ ਇਹ ਗੱਲ ਅਜੇ ਪੱਕੀ ਨਹੀਂ ਪਤਾ ਪਰ ਸ਼ਾਇਦ ਪਰ ਇਥੇ ਆ ਕੇ ਲੋਕ ਅਤੀਤ ਵਾਲੇ ਸਮੇਂ ਵਿਚ ਗੇੜੀ ਮਾਰ ਆਉਂਦੇ ਹਨ। ਇਹ ਅੱਜ ਦੀ ਟਾਈਮ ਮਸ਼ੀਨ ਹੀ ਹੈ। ਅਸਲੀ ਟਾਈਮ ਮਸ਼ੀਨ ਬਿਲਕੁਲ ਅਸਲੀ। 
ਇਥੇ ਆ ਕੇ ਲੋਕ ਭਵਿੱਖ ਦੇ ਦਰਸ਼ਨ ਵੀ ਕਰ ਆਉਂਦੇ ਹਨ। ਸਮੇਂ ਤੋਂ ਪਾਰ ਦੀਆਂ ਗੱਲਾਂ ਇਥੇ ਆ ਕੇ ਸਹਿਜ ਹੋ ਜਾਂਦੀਆਂ ਹਨ। ਭਾਟੀਆ ਜੋੜੀ ਨੇ ਅਤੀਤ ਅਤੇ ਭਵਿੱਖ ਦੀ ਤਾਰ ਜੋੜਦਿਆਂ ਇਥੇ ਮਿੱਠ ਪੱਤਿਆਂ ਬੂਟਾ ਵੀ ਲਾਇਆ। ਇਸਦੀਆਂ ਅਤੇ ਇਸਦੇ ਮਿੱਠੇ ਪੱਤਿਆਂ ਦੀਆਂ ਖੂਬੀਆਂ ਬਾਰੇ ਬਾਅਦ ਵਿੱਚ ਗੱਲ ਕਰਾਂਗੇ। ਫਿਲਹਾਲ ਮੁੱਦੇ ਵੱਲ ਮੁੜਦੇ ਹਾਂ। 
ਜਦੋਂ ਭਾਟੀਆ ਜੋੜੀ ਅਤੇ ਸਾਡੀ ਟੀਮ ਉੱਥੇ ਪੁੱਜੀ ਤਾਂ ਜਨਮੇਜਾ ਜੌਹਲ ਹੁਰਾਂ ਨੇ ਸਭ ਤੋਂ ਪਹਿਲਾਂ ਸਭਨਾਂ ਨੂੰ ਕਾਂਜੀ ਪਿਲਾਈ। ਆਪਣੇ ਇਸ ਹਰਬਲ ਬਾਗ ਵਾਲੀ ਕਾਂਜੀ। ਸੁਆਦ ਤਾਂ ਆਇਆ ਹੀ ਮੌਸਮ ਵਾਲੀ ਗਰਮੀ ਵੀ ਝੱਟਪੱਟ ਦੂਰ ਹੋ ਗਈ। ਉੱਥੇ ਕੁਝ ਲੋਕ ਹੋਰ ਵੀ ਮੌਜੂਦ ਸਨ। ਪੰਜਾਬੀ ਭਵਨ ਵਿਚ ਪੁਸਤਕਾਂ ਦੀ ਦੁਕਾਨ ਚਲਾਉਂਦੇ ਛਾਬੜਾ ਜੀ ਨੇ ਵੀ ਕਈ ਗੱਲਾਂ ਸੁਣਾਈਆਂ। ਭਾਟੀਆ ਜੀ ਦੇ ਬੈਂਕ ਵਾਲੇ ਮਿੱਤਰ ਸਹਿਯੋਗੀ ਢੱਟ ਸਾਹਿਬ ਵੀ ਮੌਜੂਦ ਰਹੇ। 
ਸਾਰਿਆਂ ਨੇ ਭਾਟੀਆ ਜੋੜੀ ਨੂੰ ਜੀ ਆਈਆਂ ਆਖਦਿਆਂ ਵਧਾਈਆਂ ਦਿੱਤੀਆਂ। ਜਨਮੇਜਾ ਜੀ ਨੇ ਮੈਡਮ ਭਾਟੀਆ ਨੂੰ ਹਰੇ ਪੁਦੀਨੇ ਦੇ ਨਾਲ ਬੈਂਗਣ-ਬਤਾਊਂ ਅਤੇ ਹੋਰ ਨਿਕ-ਸੁਕ ਵੀ ਨਿਸ਼ਾਨੀ ਵੱਜੋਂ ਭੇਂਟ ਕੀਤਾ ਜਿਸ ਨਾਲ ਪੂਰੀ ਕਾਰ ਵੀ ਮਹਿਕ ਗਈ। ਵੀਡੀਓ ਇਥੇ ਕਲਿੱਕ ਕਰ ਕੇ ਦੇਖੀ ਜਾ ਸਕਦੀ ਹੈ। ਰਸਤੇ ਵਿਚ ਮੈਡਮ ਭਾਟੀਆ ਕਹਿਣ ਲੱਗੇ ਅੱਜ ਵਾਲੀ ਸੇਲੀਬ੍ਰੇਸ਼ਨ ਪਹਿਲੀਆਂ ਸਾਰੀਆਂ ਸੇਲੀਬ੍ਰੇਸ਼ਨਾਂ ਨਾਲੋਂ ਵਧੀਆ ਰਹੀ। ਪਿਛਲੇ ਅਠੱਤੀਆਂ ਸਾਲਾਂ ਵਿੱਚ ਭ ਤੋਂ ਵਧੀਆ। 

ਜੇ ਤੁਹਾਡਾ ਮਨ ਕਰੇ ਤਾਂ ਤੁਸੀਂ ਵੀ ਜਾ ਸਕਦੇ ਹੋ ਪਿੰਕੀ ਹਰਬਲ ਗਾਰਡਨ ਆਪਣੀਆਂ ਯਾਦਾਂ ਨੂੰ ਸਮਰਪਿਤ ਕੋਈ ਪੌਦਾ//ਬੂਟਾ ਉਥੇ ਲਗਾ ਸਕਦੇ ਹੋ। ਪੱਖੋਵਾਲ ਵਾਲੀ ਰੋਡ ਤੇ ਲਲਤੋਂ ਵਾਲੇ ਪਾਸਿਓਂ ਠੱਕਰਵਾਲ ਵਾਲਾ ਮੋੜ ਮੁੜ ਕੇ। 

ਅਖੀਰ ਵਿਚ ਕੁਝ ਹੋਰ ਸਤਰਾਂ ਲੋਕ ਸ਼ਾਇਰ ਸੰਤ ਰਾਮ ਉਦਾਸੀ ਹੁਰਾਂ ਦੀਆਂ ਹੀ ਲਿਖੀਆਂ ਹੋਈਆਂ ਜਿਹੜੀਆਂ ਅੱਜ ਸ਼ਾਮ ਭਾਟੀਆ ਜੀ ਗੁਣਗੁਣਾਉਂਦੇ ਰਹੇ:
ਐਪਰ ਜਬਰ ਅੱਗੇ ਕਿੱਦਾਂ ਸਬਰ ਕਰੀਏ,
ਅਸੀ ਇਹੋ ਜੀ ਜ਼ਹਿਰ ਨਾ ਪੀ ਸਕਦੇ।
ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸਨੂੰ,
ਅਸੀ ਜੂਨ ਅਜਿਹੀ ਨਾ ਜੀ ਸਕਦੇ।

ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ,
ਅਸੀ ਉਠਾਂਗੇ ਚੰਡੀ ਦੀ ਵਾਰ ਬਣ ਕੇ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਗੇ ਖੰਡੇ ਦੀ ਧਾਰ ਬਣ ਕੇ।

No comments: