5th January 2022 at 8:13 PM
ਗਮ ਅਤੇ ਦਰਦ ਦੇ ਰੂਪਾਂਤਰਣ ਦਾ ਕਮਾਲ ਹੈ ਪਿੰਕੀ ਹਰਬਲ ਗਾਰਡਨ
ਪਤਨੀ ਨਰਿੰਦਰ ਕੌਰ ਜੌਹਲ ਪਿੰਕੀ ਦਾ ਚਲੇ ਜਾਣਾ ਅਸਹਿ ਸਦਮਾ ਸੀ। ਪਤਨੀ ਦਾ ਵਿਛੋੜਾ ਅਕਹਿ ਹੁੰਦਾ ਹੈ। ਉਮਰ ਭਰ ਇਹ ਗਮ ਨਾਲ ਨਿਭਦਾ ਹੈ। ਕੋਰੋਨਾ ਦੇ ਨਾਲ ਗੁੱਸਾ ਵੀ ਅਸੀਮ ਸੀ। ਅਧਵਾਟੇ ਛੁੱਟ ਗਏ ਸਾਥ ਦਾ ਸਦਮਾ ਵੀ ਡੂੰਘਾ ਸੀ ਪਰ ਉਹ ਅਡੋਲ ਰਿਹਾ। ਉਸਨੇ ਕਿਸੇ ਨੂੰ ਅਫਸੋਸ ਕਰਨਾ ਦਾ ਮੌਕਾ ਵੀ ਨਹੀਂ ਦਿੱਤਾ। ਬਸ ਚੁਪਚਾਪ ਸਭ ਕੁਝ ਇਸ ਤਰ੍ਹਾਂ ਮੰਨ ਲਿਆ ਜਿਵੇਂ ਰੱਬ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨ ਲਈਦਾ ਹੈ। ਬਸ ਕੁਝ ਸ਼ਾਇਰੀ ਜ਼ਰੂਰ ਕੀਤੀ। ਸ਼ਾਇਦ ਇਹੀ ਹੁੰਦੀ ਹੈ ਅਧਿਆਤਮਿਕਤਾ। ਸ਼ਾਇਦ ਇਹੀ ਹੁੰਦਾ ਹੈ ਸੱਚੇ ਧਰਮ ਦਾ ਅਸਰ। ਸ਼ਾਇਦ ਇਹੀ ਹੁੰਦੀ ਹੈ ਸੱਚੀ ਸੁੱਚੀ ਧਾਰਮਿਕਤਾ। ਸ਼ਾਇਦ ਇਹੀ ਹੁੰਦਾ ਹੈ ਉਹ ਸਨਿਆਸ ਜਿਸ ਵਿੱਚ ਦੁਨੀਆ ਅੰਦਰ ਰਹਿੰਦਿਆਂ ਵੀ ਦੁਨੀਆ ਤੋਂ ਨਿਰਲੇਪ ਹੋ ਜਾਣਾ ਹੁੰਦਾ ਹੈ। ਸ਼ਾਇਦ ਇਹੀ ਹੁੰਦਾ ਹੈ:
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥
ਇਸ ਸਹਿਜਤਾ ਅਤੇ ਨਿਰਲੇਪਤਾ ਵਿੱਚੋਂ ਹੀ ਇੱਕ ਫੁਰਨਾ ਆਇਆ ਪਤਨੀ ਦੀ ਯਾਦ ਵਿੱਚ ਹਰਬਲ ਗਾਰਡਨ ਬਣਾਉਣ ਦਾ। ਧਾਰਮਿਕ ਥਾਨਾਵਾਂ ਤੇ ਸੋਨਾ ਚੰਡੀ ਜਾਂ ਸੰਗਮਰਮਰ ਲਾਉਣ ਨਾਲੋਂ ਕਿਤੇ ਜ਼ਿਆਦਾ ਚੰਗਾ ਖਿਆਲ। ਸਾਰੇ ਹੀਲੇ ਵਸੀਲੇ ਵੀ ਬਣਦੇ ਗਏ ਅਤੇ ਇੱਕ ਦਿਨ ਪਿੰਕੀ ਹਰਬਲ ਗਾਰਡਨ ਦਾ ਮੁੱਢ ਬੱਝ ਗਿਆ। ਆਏ ਦਿਨ ਸੱਜਣ ਮਿੱਤਰ ਮਿਲਣ ਵੀ ਨੂੰ ਲੱਗ ਪਏ। ਜਿਹੜਾ ਵੀ ਸ਼ੁਭਚਿੰਤਕ ਆਉਂਦਾ ਕੋਈ ਨ ਕੋਈ ਪੌਦਾ ਲੈ ਕੇ ਆਉਂਦਾ। ਲੁਧਿਆਣਾ ਦੀਆਂ ਸੈਰ ਸਪਾਟੇ ਵਾਲੀਆਂ ਥਾਂਵਾਂ ਵਿੱਚ ਬਿਨਾ ਕਿਸੇ ਤਰੱਦਦ ਦੇ ਹੀ ਸਮਾਜਿਕ ਤੌਰ ਤੇ ਆਪਣੇ ਆਪ ਸ਼ਾਮਲ ਹੋ ਗਿਆ--ਪਿੰਕੀ ਹਰਬਲ ਗਾਰਡਨ। ਫਿਰ ਕੁਝ ਦਿਨ ਹੋਰ ਲੰਘ ਗਏ ਅਤੇ ਸਾਹਿਤ ਜਗਤ ਦੇ ਨਾਲ ਨਾਲ ਮੀਡੀਆ ਵਿੱਚ ਵੀ ਉਡੀਕ ਰਹਿਣ ਲੱਗ ਪਈ ਕਿ ਇਸ ਪਿੰਕੀ ਹਰਬਲ ਗਾਰਡਨ ਵਿੱਚ ਅੱਜ ਕੌਣ ਕੌਣ ਆਇਐ? ਸਿਆਸਤ ਦੀਆਂ ਖਬਰਾਂ ਪੜ੍ਹਨ ਗਿੱਝੇ ਹੋਏ ਸਮਾਜ ਲਈ ਇਹਨਾਂ ਖਬਰਾਂ ਦਾ ਆਉਣਾ ਨਿਸਚੇ ਹੀ ਇੱਕ ਨਵੇਂ ਸਿਹਤਮੰਦ ਸਮਾਜ ਦੀ ਸਿਰਜਨਾਂ ਵੱਲ ਵਧ ਰਹੇ ਕਦਮਾਂ ਦਾ ਹੀ ਇਸ਼ਾਰਾ ਹੈ।
ਅੱਜ ਤਾਂ ਬੜੀ ਹੀ ਦਿਲਚਸਪ ਖਬਰ ਮਿਲੀ। ਇਸ ਵਾਰ ਸਰਦੀਆਂ ਦੇ ਪਹਿਲੇ ਮੀਂਹ ਨੇ ਪਿੰਕੀ ਹਰਬਲ ਗਾਰਡਨ ਲੁਧਿਆਣਾ ਦੇ ਬੂਟਿਆਂ ਤੋਂ ਮਿੱਟੀ ਧੋ ਕੇ ਮਹਿਕਣ ਲਾ ਦਿੱਤੇ ਤੇ ਖੂਸ਼ਬੂ ਜਲੰਧਰ ਤਕ ਜਾ ਪਹੁੰਚੀ। ਇਸ ਮਹਿਕ ਤੇ ਸਵਾਰ ਹੋ ਕੇ ਲੇਖਕ ਤੇ 'ਨਵਾਂ ਜ਼ਮਾਨਾ' ਅਖਬਾਰ ਦੇ ਕਰਤਿਆਂ ਧਰਤਿਆਂ ਚੋਂ ਸਰਗਰਮ ਗਿਣੇ ਜਾਂਦੇ ਜਸ ਮੰਡ ਤੇ ਉਹਨਾਂ ਦੇ ਸਾਥੀ, ਚਾਰ ਹਰਬਲ ਗਮਲੇ ਲੈ ਕੇ ਪਿੰਕੀ ਹਰਬਲ ਗਾਰਡਨ ਲੁਧਿਆਣਾ ਵਿਖੇ ਪਹੁੰਚ ਗਏ। ਨਾਲ ਹੀ ਰਾਹ ਚੋਂ ਗੁਰਾਇਆਂ ਦੀ ਬਰਫੀ ਵੀ ਲੈ ਆਏ। ਬਹੁਤ ਮਸ਼ਹੂਰ ਹੈ ਇਹ ਬਰਫੀ। ਇਸ ਮੌਕੇ ਤੇ ਗਾਰਡਨ ਦੀ ਗੇੜੀ ਤੋਂ ਬਾਅਦ ਉਹਨਾਂ ਨੂੰ ਪੰਜਾਬੀ ਫੱਟੀ ਭੇਂਟ ਕੀਤੀ ਗਈ। ਸੌਗਾਤਾਂ ਦੇ ਰੁਝਾਨ ਨੂੰ ਨਵਾਂ ਮੋੜਾ ਦੇਣ ਵਾਲੀ ਇਹ ਫੱਟੀ ਦੇ ਕੇ ਜਨਮੇਜਾ ਜੌਹਲ ਨੂੰ ਵੀ ਮਾਣ ਮਹਿਸੂਸ ਹੋਇਆ। ਪਿੰਕੀ ਹਰਬਲ ਗਾਰਡਨ ਵਿੱਚੋਂ ਆਉਂਦੀ ਖੁਸ਼ਬੂ ਯਾਦ ਕਰ ਰਹੀ ਹੈ ਫਿਲਮ ਮਮਤਾ ਦਾ ਇਹ ਗੀਤ:
ਰਹੇਂ ਨ ਰਹੇਂ ਹਮ-ਮਹਿਕ ਕਰੇਂਗੇ, ਬਣ ਕੇ ਕਲੀ, ਬਣ ਕੇ ਸਬਾ, ਬਾਗ-ਏ-ਵਫਾ ਮੇਂ
ਇਸ ਗੀਤ ਦੀਆਂ ਆਖ਼ਿਰੀ ਸਤਰਾਂ ਹਨ-
ਜਬ ਹਮ ਨ ਹੋਂਗੇ, ਜਬ ਹਮਾਰੀ ਖ਼ਾਕ ਪੇ ਤੁਮ ਰੁਕੋਗੇ ਚਲਤੇ ਚਲਤੇ!
ਅਸ਼ਕੋਂ ਸੇ ਭੀਗੀ ਚਾਂਦਨੀ ਮੇਂ ਇੱਕ ਸਦਾ ਸੀ ਸੁਨੋਗੇ ਚਲਤੇ ਚਲਤੇ!
ਵਹੀਂ ਪੇ ਕਹੀਂ ਹਮ ਤੁਮ ਸੇ ਮਿਲੇਂਗੇ!
ਬਣ ਕੇ ਕਲੀ, ਬਣ ਕੇ ਸਬਾ, ਬਾਗ-ਏ-ਵਫਾ ਮੇਂ!
ਸੰਨ 1966 ਵਿੱਚ ਆਈ ਇਸ ਫਿਲਮ "ਮਮਤਾ" ਦਾ ਇਹ ਗੀਤ ਰਾਗ ਪਹਾੜੀ ਤੇ ਅਧਾਰਿਤ ਹੈ। ਦਿਲ ਚ ਉਤਰ ਜਾਣ ਇਸ ਯਾਦਗਾਰੀ ਗੀਤ ਨੂੰ ਇਸ ਫਿਲਮ ਵਿਚ ਦੋ ਵਾਰ ਵਰਤਿਆ ਗਿਆ ਹੈ। ਫਿਲਮ ਲਈ ਇਸ ਗੀਤ ਦੇ ਸ਼ਬਦਾਂ ਨੂੰ ਇੱਕ ਵਾਰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਹੁਰਾਂ ਨੇ ਅਤੇ ਦੂਜੀ ਵਾਰ ਆਵਾਜ਼ ਦਿੱਤੀ ਹੈ ਮੋਹੰਮਦ ਰਫੀ ਸਾਹਿਬ ਅਤੇ ਸੁਮਨ ਕਲਿਆਣਪੁਰ ਨੇ। ਗੀਤ ਲਿਖਿਆ ਮਜਰੂਹ ਸੁਲਤਾਨਪੁਰੀ ਸਾਹਿਬ ਨੇ ਅਤੇ ਸੰਗੀਤ ਨਾਲ ਸਜਾਇਆ ਰੌਸ਼ਨ ਸਾਹਿਬ ਨੇ। ਇਸ ਗੀਤ ਅਤੇ ਫਿਲਮ ਬਾਰੇ ਹੋਰ ਪੜ੍ਹ ਸਕਦੇ ਹੋ ਇਥੇ ਕਲਿੱਕ ਕਰ ਕੇ।
ਉਂਝ ਜੇ ਤੁਸੀਂ ਅਜੇ ਤੱਕ ਕਿਸੇ ਵੀ ਕਾਰਨ ਇਸ ਬਾਗ ਵਿੱਚ ਨਹੀਂ ਜਾ ਸਕੇ ਤਾਂ ਜਲਦੀ ਹੀ ਜ਼ਰੂਰ ਗੇੜਾ ਮਾਰ ਲਓ। ਏਥੇ ਕਲਾਕਾਰ ਅਤੇ ਹੋਰ ਸੰਵੇਦਨਸ਼ੀਲ ਲੋਕ ਆਉਂਦੇ ਹੀ ਰਹਿੰਦੇ ਹਨ। ਜਨਮੇਜਾ ਸਾਹਿਬ ਇਸ ਨੂੰ ਕਲਾਕਾਰਾਂ ਦੀ ਬਰਸਾਤ ਆਖਦੇ ਹਨ। ਕਲਾਕਾਰਾਂ ਦੀ ਬਰਸਾਤ ਬਾਰੇ ਦੱਸਦਿਆਂ ਉਹ ਕਹਿੰਦੇ ਹਨ-ਹਰ ਰੋਜ਼ ਪਿੰਕੀ ਹਰਬਲ ਗਾਰਡਨ ਲੁਧਿ: ਤੇ ਕੁਦਰਤ ਪ੍ਰੇਮੀ ਖਿੱਚੇ ਚਲੇ ਆਉਂਦੇ ਹਨ । ਅੱਜ ਕਮਾਲ ਹੋ ਗਈ ॥ ਪੁਰਾਣੇ ਮਿੱਤਰਾਂ ਦੀ ਟੋਲੀ ਆਈ । ਹਰਪ੍ਰੀਤ ਸਿੱਧੂ ਪਰਿਵਾਰ ਸਮੇਤ, ਮਾਨ ਸਿੰਘ ਤੂਰ ਤੇ ਬੇਟੀ , ਤੇਜ ਪ੍ਰਤਾਪ ਸੰਧੂ, ਮੇਰਾ ਰੂਹਜਾਨੀ ਵੀਰਇੰਦਰ ਗਰਚਾ, ਕਲਾਕਾਰ ਅਵਤਾਰ, ਪਰਮਿੰਦਰ ਸਿੰਘ, ਪ੍ਰਦੀਪ ਢੱਲ ਸਾਰਿਆਂ ਰਲ ਕਿ ਚਾਰ ਸੇਬਾਂ ਦੇ ਬੂਟੇ ਲਾਏ , ਇਹਨਾਂ ਤੋ ਇਲਾਵਾ ਕੁਲਵਿੰਦਰ ਪੰਧੇਰ ਤੇ ਹਰਪ੍ਰੀਤ ਖੇੜੀ ਵੀ ਆਏ ।ਬਾਅਦ ਵਿਚ ਰਾਏਕੋਟ ਕੋਠੀ ਵਾਸਤੇ ਮਨਪ੍ਰੀਤ ਹੁਣੀਂ ਫੁੱਲਾਂ ਦੀ ਪਨੀਰੀ ਵੀ ਲੈ ਕੇ ਗਏ । ਇਹਨਾਂ ਸਭ ਦੀਆਂ ਸ਼ੁਭ ਇਛਾਵਾਂ ਨਾਲ 400 ਬੂਟਾ ਵੀ ਖੁਸ਼ ਹੋ ਗਿਆ । ਸਭ ਦਾ ਦਿਲੋਂ ਧੰਨਵਾਦ, ਗੇੜਾ ਮਾਰਦੇ ਰਿਹੋ । ਪਿੰਕੀ ਹਰਬਲ ਗਾਰਡਨ ਲੁਧਿ: ਦੀ ਲਾਇਬਰੇਰੀ ਵਿਚੋਂ ਕੁਝ ਕਿਤਾਬਾਂ ਵੀ ਭੇਂਟ ਕੀਤੀਆਂ ਗਈਆਂ।
ਇਸ ਨੂੰ ਕਹਿੰਦੇ ਨੇ ਦਰਦ ਨੂੰ ਦਵਾ ਬਣਾ ਲੈਣਾ। ਇਸਨੂੰ ਕਹਿੰਦੇ ਨੇ ਯਾਦਾਂ ਵਿੱਚ ਆਉਂਦੇ ਸੱਜਣਾਂ ਨੂੰ ਸਾਕਾਰ ਕ੍ਰਪਣੇ ਕੋਲ ਬੁਲਾ ਲੈਣਾ। ਇਸਨੂੰ ਕਹਿੰਦੇ ਨੇ ਤੁਰ ਗਿਆਨ ਦੀਆਂ ਆਤਮਾਵਾਂ ਨਾਲ ਸੰਪਰਕ ਸਾਧ ਲੈਣਾ। ਇਹ ਸਾਧਨਾ ਸੌਖੀ ਨਹੀਂ ਹੁੰਦੀ। ਬਿਰਹਾ ਦੀ ਅਗਨੀ ਵਿੱਚ ਤਪੇ ਬਿਨਾ ਇਸ ਮਿਲਣ ਦਾ ਸੁੱਖ ਵੀ ਨਹੀਂ ਲੱਭਦਾ। ਉਦੋਂ ਹੀ ਯਾਦ ਆਉਂਦਾ ਹੈ ਗੀਤ:--
ਰਹੇਂ ਨ ਰਹੇਂ ਹਮ--ਮਹਿਕਾ ਕਰੇਂਗੇ--ਬਣ ਕੇ ਕਲੀ, ਬਣ ਕੇ ਸਬਾ, ਬਾਗ-ਏ-ਵਫਾ ਮੇਂ!
No comments:
Post a Comment