Tuesday, March 29, 2022

ਪੱਤਰਕਾਰ ਜਸਪਾਲ ਹੇਰਾਂ ਵੱਲੋਂ ਉਠਾਏ ਗਏ ਅਹਿਮ ਸੁਆਲ

 ਹੁਣ ਰਸਤਾ ਕੀ ਬਚਿਆ ਹੈ? ਕੌਣ ਸੋਚੇਗਾ? ਕੌਣ ਹੈ ਅਸਲੀ ਲੀਡਰ?


ਲੁਧਿਆਣਾ
29 ਮਾਰਚ 2022: (ਪੰਜਾਬ ਸਕਰੀਨ ਡੈਸਕ)::

ਪੱਤਰਕਾਰ ਜਸਪਾਲ ਹੇਰਾਂ ਦਾ ਜਨਮ ਸਿੱਖ ਪਰਿਵਾਰ ਵਿੱਚ ਹੋਇਆ। ਜਨਮ ਨਾਲ ਮਿਲੀ ਇਸ ਸਿੱਖੀ ਨੰ ਉਹਨਾਂ ਨੇ ਲਾਈਫ ਸਟਾਈਲ ਅਤੇ ਆਪਣੇ ਨਿੱਤ ਦੇ ਕੰਮਾਂ ਨਾਲ ਵੀ ਇਸ ਤਰ੍ਹਾਂ ਸੰਭਾਲਿਆ ਕਿ ਸਿੱਖੀ ਉਹਨਾਂ ਦੇ ਜੀਵਨ ਵਿੱਚੋਂ ਝਲਕਣ ਲੱਗ ਪਈ। ਜਦੋਂ ਪੱਤਰਕਾਰੀ ਦਾ ਕਿੱਤਾ ਚੁਣਿਆ ਤਾਂ ਉਦੋਂ ਵੀ ਉਹਨਾਂ ਦੇ ਵਿਚਾਰ ਸਿੱਖ ਫਲਸਫੇ 'ਤੇ ਹੀ ਅਧਾਰਿਤ ਰਹੇ। ਆਪਣੀ ਚੜ੍ਹਦੀ ਜਵਾਨੀ ਦੇ ਵੇਲਿਆਂ ਤੋਂ ਹੀ ਸਿੱਖ ਧਰਮ ਦਾ ਮਰਮ ਅਤੇ ਸਿੱਖ ਕੌਮ ਦਾ ਦਰਦ ਉਹਨਾਂ ਦੇ ਅੰਗਸੰਗ ਰਿਹਾ। ਉਹਨਾਂ ਸਮੇਂ ਸਮੇਂ ਕਈ ਵਾਰ ਆਪਣੀਆਂ ਲਿਖਤਾਂ ਵਿੱਚ ਅਜਿਹੇ ਨੁਕਤੇ ਉਠਾਏ ਜਿਹੜੇ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਨੂੰ ਉਭਰਦੇ ਸਨ। ਹੁਣ ਉਹਨਾਂ ਸਿੱਖ ਇਤਿਹਾਸ ਦੇ ਹਵਾਲਿਆਂ ਨਾਲ ਪਾਤਸ਼ਾਹੀ ਵਾਲੇ ਸਿੱਖ  ਦਾਅਵੇ ਦੀ ਗੱਲ ਕੀਤੀ ਹੈ। ਲਓ ਪੜ੍ਹੋ ਉਹਨਾਂ ਦੀ ਇਹ ਅਹਿਮ ਲਿਖਤ। -ਰੈਕਟਰ ਕਥੂਰੀਆ 

ਕੀ ਸਿੱਖਾਂ ’ਚੋਂ ‘ਹਮ ਰਾਖਤ ਪਾਤਸ਼ਾਹੀ ਦਾਅਵਾ’ ਦਾ ਜਜ਼ਬਾ ਮਰ ਚੁੱਕਾ ਹੈ?

                                                                           --ਜਸਪਾਲ ਸਿੰਘ ਹੇਰਾਂ  

29 ਮਾਰਚ ਦਾ ਸੂਰਜ ਹਰ ਸਿੱਖ ਲਈ ਸੋਗਮਈ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਚਿਹਰਿਆਂ ’ਤੇ ਨਿਰਾਸ਼ਤਾ ਝਲਕਦੀ ਵਿਖਾਈ ਦੇਣੀ ਚਾਹੀਦੀ ਹੈ। ਪ੍ਰੰਤੂ ਜਦੋਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ 29 ਮਾਰਚ 1849 ਈਸਵੀ ਦਾ ਲਾਹੌਰ ਦੇ ਸ਼ਾਹੀ ਕਿਲ੍ਹੇ ਤੋਂ ਕੇਸਰੀ ਨਿਸ਼ਾਨ ਸਾਹਿਬ ਸਦਾ ਲਈ ਲਹਿਣ ਅਤੇ ਯੂਨੀਅਨ ਜੈਕ ਚੜਨ ਦਾ ਦ੍ਰਿਸ਼ ਆਵੇ ਤਾਂ ਉਨ੍ਹਾਂ ਦੀ ਇਸ ਨਿਰਾਸ਼ਤਾ ’ਚ ਇੱਕ ਚੀਸ, ਤੜਫ਼ ਤੇ ‘‘ਹਮ ਰਾਖਤ ਪਾਤਸ਼ਾਹੀ ਦਾਅਵਾ’’ ਦਾ ਜਜ਼ਬਾ ਜ਼ਰੂਰ ਝਲਕਣਾ ਚਾਹੀਦਾ ਹੈ ਤਾਂ ਕਿ ਦੁਨੀਆ ਨੂੰ ਇਹ ਅਹਿਸਾਸ ਹੋਵੇ ਕਿ ਸਿੱਖ ’ਚ ਰਾਜ ਕਰਨ ਦੀ ਨਾ ਤਾਂ ਸ਼ਕਤੀ ਅਤੇ ਨਾ ਹੀ ਇੱਛਾ ਮਰੀ ਹੈ। ਰਾਜ ਕਰਨ ਦੀ ਉਹੀ ਚਿਣਗ ਅੱਜ ਵੀ ਸੁਲਘਦੀ ਹੈ। ਉਹ ਪੌਣੇ ਦੋ ਕੁ ਸੌ ਸਾਲ ਪਹਿਲਾਂ ਸਿੱਖਾਂ ਦੇ ਗ਼ਲ ਪਏ ਗੁਲਾਮੀ ਦੇ ਜੂੁਲ੍ਹੇ ਨੂੰ ਅੱਜ ਵੀ ਲਾਹੁਣਾ ਚਾਹੁੰਦੇ ਹਨ ਤੇ ਇੱਕ ਦਿਨ ਲਾਹਕੇ ਹੀ ਦਮ ਲੈਣਗੇ। ਪ੍ਰੰਤੂ ਤਰਾਸਦੀ ਇਹੋ ਹੈ ਕਿ ਬਹੁਤ ਘੱਟ ਸਿੱਖਾਂ ਨੂੰ 29 ਮਾਰਚ 1849 ਯਾਦ ਆਈ ਹੋਵੇਗੀ, ਜਦੋਂ ਸਿੱਖਾਂ ਦਾ ਰਾਜ ਗਿਆ ਸੀ, ਇਸੇ ਲਈ ਸਾਨੂੰ ਆਖਣਾ ਪਿਆ ਹੈ ਕਿ ਸਿੱਖਾਂ ਦੇ ਜਜ਼ਬਾਤ ’ਚੋਂ ‘‘ਹਮ ਰਾਖਤ ਪਾਤਸ਼ਾਹੀ ਦਾਅਵਾ" ਕਿਧਰੇ ਅਲੋਪ ਹੋ ਗਿਆ ਹੈ। 

ਅਸੀਂ ਗੁਲਾਮਾਂ ਵਾਲਾ ਜੀਵਨ ਜਿਊਣਾ ਸਿੱਖ ਗਏ ਹਾਂ, ਕਦੇ ਅੰਗਰੇਜ਼ਾਂ ਦੇ ਗ਼ੁਲਾਮ ਰਹੇ ਤੇ ਹੁਣ ਹਿੰਦੂਤਵ ਦੀ ਗ਼ੁਲਾਮੀ ਖੁਸ਼ੀ-ਖੁਸ਼ੀ ਸਵੀਕਾਰੀ ਬੈਠੇ ਹਾਂ| ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਨੇ ਅੰਗਰੇਜ਼ਾਂ ਨਾਲ 4 ਜੰਗਾਂ ਲੜ੍ਹੀਆਂ। ਪ੍ਰੰਤੂ ਹਰ ਵਾਰ ਹੋਣੀ ਓਹੋ ਰਹੀ। ‘‘ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।" ਆਪਣਿਆਂ ਦੀ ਗ਼ਦਾਰੀ ਸਦਕਾ ਸਿੱਖ ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰਦੀਆਂ ਰਹੀਆਂ। ਜਿਸ ’ਤੇ ਅੰਗਰੇਜ਼ਾਂ ਨੇ ਫੈਸਲਾ ਕਰ ਲਿਆ ਕਿ ਸਿੱਖ ਰਾਜ ਨੂੰ ਹੁਣ ਮਹਾਰਾਣੀ ਵਿਕਟੋਰੀਆ ਦੇ ਰਾਜ ’ਚ ਮਿਲਾ ਲਿਆ ਜਾਵੇ। 

ਅੱਜ ਦੇ ਦਿਨ 29 ਮਾਰਚ 1849 ਨੂੰ ਲਾਹੌਰ ’ਚ ਇੱਕ ਦਰਬਾਰ ਲੱਗਿਆ। ਇੱਕ ਪਾਸੇ 9 ਸਾਲ ਦੀ ਉਮਰ ਦਾ ਮਹਾਰਾਜਾ  ਦਲੀਪ ਸਿੰਘ ਤੇ ਹਾਰੇ ਹੋਏ ਸਿੱਖ ਜਰਨੈਲ, ਦੂਜੇ ਪਾਸੇ ਹੇਨਰੀ ਲਾਰੈਂਸ ਸਮੇਤ ਅੰਗਰੇਜ਼ ਜੇਤੂ ਜਰਨੈਲ। ਅੰਗਰੇਜ਼ ਰਾਜ ਵੱਲੋਂ ਐਲਾਨ ਕੀਤਾ ਗਿਆ ਕਿ ਪੰਜਾਬ ’ਚ ਅਮਨ ਸ਼ਾਂਤੀ ਤੇ ਖੁਸ਼ਹਾਲੀ ਲਈ ਪੰਜਾਬ ਨੂੰ ਅੰਗਰੇਜ਼ੀ ਰਾਜ ’ਚ ਮਿਲਾਇਆ ਜਾਂਦਾ ਹੈ। ਲਾਹੌਰ ਦੇ ਸ਼ਾਹੀ ਕਿਲ੍ਹੇ ’ਤੇ ਅੱਧੀ ਸਦੀ ਤੋਂ ਲਹਿਰਾ ਰਿਹਾ ਕੇਸਰੀ ਨਿਸ਼ਾਨ ਸਾਹਿਬ ਉਤਾਰ ਕੇ ਉਸਦੀ ਜਗ੍ਹਾ ਯੂਨੀਅਨ ਜੈਕ ਲਹਿਰਾ ਦਿੱਤਾ ਗਿਆ। 

ਉਸ ਸਮੇਂ ਸਿੱਖ ਜਰਨੈਲਾਂ ਦੇ ਮਨ ’ਤੇ ਕੀ ਬੀਤੀ ਹੋਵੇਗੀ। ਉਨ੍ਹਾਂ ਨੂੰ 11 ਮਾਰਚ 1748 ਯਾਦ ਆਇਆ ਹੋਵੇਗਾ, ਜਦੋਂ ਇਹ ਕੇਸਰੀ ਨਿਸ਼ਾਨ ਸਾਹਿਬ ਦਿੱਲੀ ਦੇ ਲਾਲ ਕਿਲ੍ਹੇ ’ਤੇ ਝੂਲ ਰਿਹਾ ਸੀ। ਪ੍ਰੰਤੂ ਸਭ ਬੇਵੱਸ, ਗ਼ਦਾਰਾਂ ਦੀ ਗ਼ਦਾਰੀ ਤੇ ਆਪਸੀ ਫੁੱਟ ਕਾਰਣ ਸਾਰਾ ਕੁਝ ਗੁਆ ਬੈਠੇ ਸੀ। ਜਿੱਤਾਂ-ਹਾਰਾਂ ਤਾਂ ਬਣੀਆਂ ਹੋਈਆਂ ਹਨ, ਪ੍ਰੰਤੂ ਅਫ਼ਸੋਸ ਤੇ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਕੌਮ ਹਾਰ ਕੇ ਆਪਣਾ ਵਿਰਸਾ ਹੀ ਭੁੱਲ ਜਾਵੇ। 

ਜਿਹੜੀ ਕੌਮ ’ਚ ਅਜਿਹਾ ਹੋ ਜਾਂਦਾ ਹੈ ਤਾਂ ਉਹ ਸਦੀਵੀ ਗ਼ੁਲਾਮ ਹੋ ਜਾਂਦੀ ਹੈ। ਸਿੱਖਾਂ ਦੇ ਇਤਿਹਾਸ ’ਚ ਅਜਿਹਾ ਬਹੁਤ ਕੁਝ ਵਾਪਰਿਆ, ਜਿਹੜਾ ਸਾਨੂੰ ਭਵਿੱਖ ਲਈ ਵੱਡੇ ਸੁਨੇਹੇ ਦਿੰਦਾ ਹੈ। ਅੱਜ ਦੇ ਦਿਨ ਸਿੱਖਾਂ ਦੀਆਂ 65 ਕੁ ਮਿਸਲਾਂ ਨੇ ਇਕੱਠੇ ਹੋਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਦਲ ਖ਼ਾਲਸਾ ਦੀ ਨੀਂਹ ਰੱਖੀ ਸੀ। ਵੈਰੀ ਦੇ ਮੁਕਾਬਲੇ ਇੱਕ ਹੋ ਜਾਣ ਦੀ ਪਿਰਤ ਸਾਡੀ ਵਿਰਾਸਤ ’ਚ ਹੈ।  ਪ੍ਰੰਤੂ ਦੁੱਖ ਹੈ ਕਿ ਅੱਜ ਜਦੋਂ ਸਿੱਖ ਕੌਮ ਦੀ ਹਸਤੀ ਨੂੰ ਖ਼ਤਰਾ ਹੈ, ਉਸ ਸਮੇਂ ਵੀ ਕੌਮ ਖੱਖੜੀਆਂ ਕਰੇਲੇ ਹੈ। ਏਕੇ ਦੀ ਥਾਂ, ਇੱਕ ਦੂਜੇ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਹਨ, ਪੱਗਾਂ ਲਾਹੀਆਂ ਜਾ ਰਹੀਆਂ ਹਨ। ਇਸੇ ਕਾਰਣ ਅੱਜ ਪੰਜਾਬ ਦੀ ਸਿਆਸਤ ’ਚੋਂ ਸਿੱਖ ਸਿਆਸਤ ਹੀ ਮਨਫ਼ੀ ਹੋ ਗਈ ਹੈ ਤੇ ਸਿੱਖਾਂ ਦੇ ਮਨਾਂ ’ਚੋਂ ‘‘ਹਮ ਰਾਖਤ ਪਾਤਸ਼ਾਹੀ ਦਾਅਵਾ" ਖ਼ਤਮ ਹੋ ਗਿਆ ਜਾਪਦਾ ਹੈ। 

                                                                                                   --ਜਸਪਾਲ ਸਿੰਘ ਹੇਰਾਂ 

ਉਮੀਦ ਹੈ ਕਿ ਸ੍ਰ. ਜਸਪਾਲ ਸਿੰਘ ਹੇਰਾਂ ਦੀ ਇਹ ਲਿਖਤ ਸੱਚੀ ਸੁੱਚੀ ਅਸਲੀ ਲੀਡਰਸ਼ਿਪ ਨੂੰ ਉਭਾਰਨ ਵਿੱਚ ਸਹਾਇਕ ਸਾਬਿਤ ਹੋਵੇਗੀ। ਜੇ ਇਹ ਪੜ੍ਹ ਕੇ ਤੁਹਾਡੇ ਦਿਲ ਨੂੰ ਕੁਝ ਹੋਇਆ ਹੈ ਤਾਂ ਜ਼ਾਹਿਰ ਹੈ ਕਿ ਅਜੇ ਬਹੁਤ ਕੁਝ ਬਾਕੀ ਬਚਿਆ ਹੋਇਆ ਹੈ। ਸਲਾਮਤ ਹੈ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। -ਸੰਪਾਦਕ 


No comments: