Tuesday, February 08, 2022

ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਉੱਤੇ ਕਬਜ਼ੇ ਦਾ ਮਾਮਲਾ ਫਿਰ ਗਰਮਾਇਆ

 ਪ੍ਰਸਾਰਣ ਉੱਤੇ ਕਾਬਜ਼ ਪਾਰਟੀ ਦਾ ਚੋਣਾਂ ਵਿੱਚ ਵਿਰੋਧ ਕਰੋ:ਕੇਂਦਰੀ ਸਿੰਘ ਸਭਾ 


ਚੰਡੀਗੜ੍ਹ: 8 ਫਰਵਰੀ 2022: (ਪੰਜਾਬ ਸਕਰੀਨ ਬਿਊਰੋ)::
ਦੁਨੀਆਂ ਭਰ ‘ਚ ਰਹਿੰਦੇ ਸਿੱਖ ਅਤਿਅੰਤ ਦੁਖੀ ਅਤੇ ਬੇਬੱਸ ਹਨ ਕਿ ਦਰਬਾਰ ਸਾਹਿਬ ਤੋਂ ਰੋਜ਼ਾਨਾ ਪਵਿੱਤਰ ਗੁਰਬਾਣੀ ਅਤੇ ਹੁਕਮਨਾਮੇ ਦੇ ਪ੍ਰਸਾਰਣ ਉੱਤੇ ਇੱਕ  ਸਿਆਸੀ ਪਰਿਵਾਰ ਦੇ ਨਿਜੀ ਚੈਨਲ ਨੇ ਪਿਛਲੇ ਦੋ ਦਹਾਕਿਆਂ ਤੋਂ ਏਕਾ ਅਧਿਕਾਰ ਜਮ੍ਹਾ ਰੱਖਿਆ ਹੈ। ਇਸ ਤਰ੍ਹਾਂ ਚੈਨਲ ਨੇ ਟੀ.ਆਰ.ਪੀ ਅਤੇ ਕਾਰਪੋਰੇਟ ਮੁਨਾਫੇ ਨੂੰ ਵਧਾਉਣ ਲਈ ਪਵਿੱਤਰ ਗੁਰਬਾਣੀ ਦਾ ਵਪਾਰੀਕਰਨ ਹੀ ਕਰ ਦਿੱਤਾ ਹੈ। ਇਸ ਚੈਨਲ ਨੇ ਦੂਸਰੇ ਚੈਨਲਾਂ, ਮੀਡੀਆਂ ਅਤੇ ਸ਼ੋਸ਼ਲ ਪਲੇਟਫਾਰਮਾਂ ਉੱਤੇ ਗੁਰਬਾਣੀ ਦੇ ਪ੍ਰਸਾਰਣ ਉੱਤੇ ਰੋਕ ਇਹ ਕਹਿ ਕੇ ਲਗਾਈ ਹੈ ਕਿ ਉਸ ਨੇ ਪ੍ਰਸਾਰਣ ਦੇ “ਰਾਖਵੇ ਹੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਾਪਤ ਕੀਤੇ ਹੋਏ ਹਨ। ਇੱਥੋਂ ਤੱਕ ਉਸ ਚੈਨਲ ਨੇ ਲਿਖਤੀ ਰੂਪ ਵਿੱਚ ਗੁਰਬਾਣੀ ਪ੍ਰਸਾਰਣ ਦੇ ਏਕਾ ਅਧਿਕਾਰ ਨੂੰ “ਬੌਧਿਕ ਜਗੀਰ” (Intellectual Property Right) ਵੀ ਪੇਸ਼ ਕਰਦਿਆਂ ਦੂਜਿਆਂ ਵੈੱਬ-ਸਾਈਟਾਂ ਉੱਤੇ ਪਵਿੱਤਰ ਹੁਕਮਨਾਮਾਂ ਪ੍ਰਸਾਰਣ ਉੱਤੇ ਵੀ ਰੋਕ ਲਗਵਾਈ ਹੈ। ਸਿੱਖੀ ਸਿਧਾਂਤਾਂ ਮੁਤਾਬਿਕ ਸ਼੍ਰੋਮਣੀ ਕਮੇਟੀ ਨੂੰ ਵੀ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਅਤੇ ਉਸ ਉੱਤੇ ਰਾਖਵੇ ਹੱਕ ਰੱਖਣ ਦਾ ਦਾਅਵਾ ਪੇਸ਼ ਕਰਨ ਦਾ ਕੋਈ ਹੱਕ ਨਹੀਂ। ਅਜਿਹਾ ਕਰਨਾ ਗੁਰੂ ਸਾਹਿਬਾਨਾਂ ਅਤੇ ਪਵਿੱਤਰ ਗੁਰਬਾਣੀ ਦੀ ਘੋਰ ਅਵੱਗਿਆ ਹੈ।

ਰਾਜ ਸੱਤਾ ਅਤੇ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਸਿਆਸੀ ਪਰਿਵਾਰ ਨੇ ਧੱਕੇ ਨਾਲ ਪਹਿਲਾਂ ਛੋਟੇ ਮੋਟੇ ਚੈਨਲਾਂ ਦੇ ਗੁਰਬਾਣੀ ਪ੍ਰਸਾਰਣ ਦੇ ਹੱਕ ਖੋਹ ਲਏ ਜਾਂ ਉਹਨਾਂ ਉੱਤੇ ਰਾਜਸੀ ਸੋਧ ਰਾਹੀਂ ਕਬਜ਼ਾ ਕਰਕੇ, ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾ ਕੀਤੇ ਸਾਰੇ ‘ਪ੍ਰਸਾਰਣ ਸਮਝੌਤਿਆਂ’ ਨੂੰ ਆਪਣੇ ਹੱਕ ਵਿੱਚ ਢਾਲ ਲਿਆ ਹੈ। ਇਹ ਕਾਰਪੋਰੇਟ ਵਪਾਰੀ ਚੈਨਲ ਸ਼੍ਰੋਮਣੀ ਕਮੇਟੀ ਨੂੰ ਨਿਗੂਣੀ ਜਿਹੀ ਰਕਮ (Token Money) ਦੇ ਕੇ ਦਰਬਾਰ ਸਾਹਿਬ ਕੰਮਪਲੈਕਸ ਅੰਦਰ ਕਮਰਿਆਂ, ਬਿਜਲੀ, ਪਾਣੀ ਅਤੇ ਹੋਰ ਸਹੂਲਤਾਂ ਨੂੰ ਮੁਫਤ ਵਿੱਚ ਵਰਤ ਰਿਹਾ ਹੈ। 

ਸਿਆਸੀ ਪਰਿਵਾਰ ਦੇ ਵੱਡੇ ਰਾਜਸੀ ਪ੍ਰਭਾਵ ਕਰਕੇ, ਇਸ ਚੈਨਲ ਨੇ ਪੰਜਾਬ ਅਸੈਂਬਲੀ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਦੀ ਪ੍ਰਵਾਹ ਨਹੀਂ ਕੀਤੀ। ਗੁਰਬਾਣੀ ਪ੍ਰਸਾਰਣ ਉੱਤੇ ਏਕਾ ਅਧਿਕਾਰ ਬਾਦਸਤੂਰ ਅੱਜ ਵੀ ਜਾਰੀ ਹੈ। ਵਿਧਾਨ ਸਭਾ ਨੇ ਮਤੇ ਰਾਹੀ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਗੁਰਬਾਣੀ ਦੇ ਪ੍ਰਸਾਰਣ ਉੱਤੇ ਇੱਕ ਵਪਾਰਕ ਨਿੱਜੀ ਚੈਨਲ ਦਾ ਏਕਾ ਅਧਿਕਾਰ ਸਿੱਖ ਧਰਮ ਦੀ ਘੋਰ ਅਵੱਗਿਆ ਹੈ। ਇਸ ਕਰਕੇ, ਸਾਰੇ ਟੈਲੀਵਿਜ਼ਨ ਚੈਨਲਾਂ, ਰੇਡੀਓ ਅਤੇ ਨੈੱਟ-ਵਰਕਾਂ ਨੂੰ ਬੇਰੋਕ-ਟੋਕ ਗੁਰਬਾਣੀ ਪ੍ਰਸਾਰਣ ਕਰਨ ਦਾ ਹੱਕ ਹੈ। 

ਆਮ ਸਿੱਖ ਦੇ ਮਨ ਵਿੱਚ ਸਵਾਲ ਉਠ ਰਿਹਾ ਹੈ “ਕੀ ਸਿੱਖ ਧਾਰਮਿਕ ਤੌਰ ਉੱਤੇ ਆਜ਼ਾਦ ਹਨ?” ਇਹ ਸਵਾਲ ਹੋਰ ਵੀ ਸੰਜੀਦਾ ਬਣ ਜਾਂਦਾ ਜਦੋਂ ਸ਼ੁਭ ਹੁਕਮਨਾਮੇ ਅਤੇ ਗੁਰਬਾਣੀ ਪ੍ਰਵਾਹ ਨੂੰ ਸਰਵਨ ਕਰਨ ਲਈ ਕੇਬਲ ਨੈੱਟਵਰਕ ਨੂੰ ਪੈਸੇ ਦੇਣੇ ਪੈਂਦੇ ਹਨ। ਇਸ ਚੈਨਲ ਫਰੀ ਕੇਬਲ- ਨੈੱਟਵਰਕ ਰਾਹੀਂ ਗੁਰਬਾਣੀ ਉੱਤੇ ਰੋਕ ਲਗਵਾ ਦਿੱਤੀ ਹੈ।

ਦੂਜੇ ਪਾਸੇ, ਦੁਨੀਆਂ ਦੇ ਵੱਡੇ ਧਾਰਮਿਕ ਅਦਾਰੇ ਆਪਣੇ ਸ਼ਰਧਾਲੂਆਂ ਲਈ ਆਪਣੇ ਪ੍ਰੋਗਰਾਮ ਦਾ ਮੁਫਤ ਪ੍ਰਸਾਰਣ ਕਰਦੇ ਹਨ। ਮੱਕਾ ਸ਼ਰੀਫ ਤੋਂ ਸੌਦੀ ਬਰੌਡ ਕਾਸਟਿੰਗ ਕਾਰਪੋਰਸ਼ਨ ਹਾਜ਼ੀਆਂ ਅਤੇ ਦੁਨੀਆਂ ਭਰ ਦੇ ਮੁਸਲਮਾਨਾਂ ਦਾ ਅਲ-ਹਰਮ ਮਸਜਿਦ ਤੋਂ ਰੋਜ਼ਾਨਾ ‘ਲਾਈਵ’ ਪ੍ਰੋਗਰਾਮ ਪ੍ਰਸਾਰਤ ਕਰਦੀ ਹੈ। ਕਾਸ਼ੀ ਵਿਸ਼ਵਾਨਾਥ, ਜਗਰਨਾਥਪੁਰੀ ਅਤੇ ਬੌਧੀ ਧਾਰਮਿਕ ਅਸਥਾਨਾਂ ਤੋਂ ਵੀਂ ਸ਼ਰਧਾਲੂਆਂ ਲਈ ਰੋਜ਼ਾਨਾ ਫਰੀ-ਲਾਈਵ ਪ੍ਰੋਗਰਾਮ ਪ੍ਰਸਾਰਣ ਹੁੰਦੇ ਹਨ।

ਹਿੰਦੂ ਮੰਦਿਰਾਂ ਜਿਵੇਂ ਤਿਰੂਪਤੀ ਅਤੇ ਮਾਤਾ ਵੈਸਨੂੰ ਦੇਵੀ ਆਦਿ ਨੇ ਧਾਰਮਿਕ ਪ੍ਰੋਗਰਾਮਾਂ ਅਤੇ ਆਰਤੀ ਦੇ ਫਰੀ ਪ੍ਰਸਾਰਣ ਲਈ ਆਪਣੇ ਚੈਨਲ ਬਣਾਏ ਹੋਏ ਜਾਂ ਮਾਸਟਰ ਕੰਟਰੋਲ ਰੂਮ ਸਥਾਪਤ ਕੀਤੇ ਹੋਏ ਹਨ।

ਸਿਆਸੀ ਪਰਿਵਾਰ ਦੇ ਨਿਜੀ ਚੈਨਲ ਦੇ ਵਪਾਰਕ ਹਿੱਤਾਂ ਉੱਤੇ ਕੁਰਬਾਨ ਹੋਈ ਸ਼੍ਰੋਮਣੀ ਕਮੇਟੀ ਨੇ ਆਪਣਾ ‘ਗੁਰਬਾਣੀ ਚੈਨਲ’ ਚਲਾਉਣ ਦੀ ਸਕੀਮਾਂ ਹੁਣ ਠੰਡੇ ਬਸਤੇ ਵਿੱਚ ਪਾ ਦਿੱਤੀਆਂ ਹਨ। ਸੱਤ ਕੁ ਕਰੋੜ ਦੀ ਪੂੰਜੀ ਨਾਲ ਸ਼ੁਰੂ ਕੀਤਾ ਇਹ ਨਿੱਜੀ ਚੈਨਲ ਸੰਪਤੀ ਹੁਣ ਵਧ-ਫੁੱਲ ਕੇ 700 ਕਰੋੜ ਰੁਪਏ ਦੀ ਪੂੰਜੀ ਦਾ ਮਾਲਕ ਹੋ ਗਿਆ ਹੈ। ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ/ਆਸਥਾ ਦਾ ਵਪਾਰੀਕਰਨ ਕਿੰਨਾ ਕੁ ਜਾਇਜ਼ ਹੈ? ਇਸਦਾ ਸਿੱਖ ਸਰਧਾਲੂ ਹੀ ਖੁਦ ਫੈਸਲਾ ਕਰਨ। 

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ ਹੁਰਾਂ ਦੇ ਨਾਮ ਸ਼ਾਮਲ ਹਨ।  

  

No comments: