Monday, February 07, 2022

ਦਲਿਤ ਨੂੰ ਮੁੱਖ ਮੰਤਰੀ ਪਦ ਦਾ ਉਮੀਦਵਾਰ ਐਲਾਨਣਾ ਸ਼ੁਭ ਕਦਮ-ਕੇਂਦਰੀ ਸਿੰਘ ਸਭਾ

ਜਾਤਪਾਤ ਵਾਲੇ ਵਿਤਕਰਿਆਂ ਖਿਲਾਫ ਵੀ ਖੁੱਲ੍ਹ ਕੇ ਨਿੱਤਰੀ ਕੇਂਦਰੀ ਸਿੰਘ ਸਭਾ 


ਚੰਡੀਗੜ੍ਹ
: 7 ਫਰਵਰੀ 2022: (ਪੰਜਾਬ ਸਕਰੀਨ ਬਿਊਰੋ)::

ਸਿੱਖ ਤੇ ਪੰਜਾਬ ਮੁੱਦਿਆਂ ਦੀ ਹਿੱਤ-ਰਹਿਤ ਪੈਰਵਾਈ ਨੂੰ ਸਮਰਪਤ, ਕੇਂਦਰੀ ਸਿੰਘ ਸਭਾ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਅਤੇ ਨਾ ਹੀ ਚੋਣਾਂ ਵਿੱਚ ਕਿਸੇ ਰਾਜਨੀਤਿਕ ਧਿਰ ਦੀ ਮਦਦ ਕਰਦੀ ਹੈ। ਫਿਰ ਵੀ, ਦਲਿਤਾਂ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਬਰਾਬਰੀ ਲਈ ਬਚਨਬੱਧ ਹੋਣ ਕਰਕੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਨੂੰ ਸਿੰਘ ਸਭਾ ਇੱਕ ਸਲਾਘਾਯੋਗ ਕਦਮ ਮੰਨਦੀ ਹੈ। ਜਿਹੜਾ ਹਰ ਤਰ੍ਹਾਂ ਦੇ ਸਮਾਜਿਕ ਜਾਤੀ-ਪਾਤੀ ਵਿਤਕਰਿਆਂ ਨੂੰ ਦੂਰ ਕਰਨ ਲਈ ਲੋੜ੍ਹੀਦੀ ਇਖਲਾਕੀ ਸ਼ਕਤੀ ਅਤੇ ਉੱਦਮ ਬਖਸ਼ੇਗਾ। 

ਇਨ ਗਰੀਬ ਸਿਖਨ ਕੋ ਦੈ ਪਾਤਸ਼ਾਹੀ, ਯਿਹ ਯਾਦ ਰਖੈਂ ਹਮਰੀ ਗੁਰਿਆਈ।

ਸਿੱਖ ਭਾਈਚਾਰੇ ਅੰਦਰ ਬੇਸਮਝੀ ਭਰੇ ਅਤੇ ਲੁਕਵੇ ਜਾਤੀ ਵਿਤਕਰੇ ਨੂੰ ਸਿੱਖ ਗੁਰੂ ਆਸ਼ੇ ਅਤੇ ਸਿਧਾਂਤ ਮੁਤਾਬਿਕ ਦੂਰ ਕਦਮ ਕਰਨ ਲਈ ਸਿੰਘ ਸਭਾ ਨੇ ਦਲਿਤਾਂ ਨੂੰ 20 ਅਕਤੂਬਰ 1920 ਨੂੰ ਪ੍ਰਾਪਤ ਦਰਬਾਰ ਸਾਹਿਬ/ਅਕਾਲ ਤਖਤ ਦੇ ਖੁਲ੍ਹੇ ਦਰਸ਼ਨ ਦੀਦਾਰੇ ਦੀ ਸ਼ਤਾਂਬਦੀ ਨੂੰ ਵੱਡੇ ਪੱਧਰ ਉੱਤੇ ਮਨਾਉਣ ਲਈ ਪੰਜਾਬ ਨੂੰ ਕਈ ਸਿੱਖ ਜੱਥੇਬੰਦੀਆਂ ਨੇ ਸ਼ਾਮਿਲ ਹੋਣ ਦਾ ਬਚਨ ਦਿੱਤਾ ਸੀ। ਪਰ ਅਫਸੋਸ, ਨਿਗੂਣੀ ਜਿਹੀ ਗਿਣਤੀ ਵਿੱਚ ਗੈਰ-ਦਲਿਤ ਸਿੱਖ ਸ਼ਤਾਬਦੀ ਸਮਾਰੋਹ ਅਤੇ ਜਲ੍ਹਿਆਵਾਲਾ ਬਾਗ ਤੋਂ ਦਰਬਾਰ ਸਾਹਿਬ ਮਾਰਚ ਵਿੱਚ ਸ਼ਾਮਿਲ ਹੋਏ। ਰੱਜੇ-ਪੁੱਜੇ ਸਿੱਖਾਂ ਅਤੇ ਖਾੜਕੂ ਧਿਰਾਂ ਦੇ ਕਈ ਸਮਰਥਕਾਂ ਨੇ ਸਿੰਘ ਸਭਾ ਉੱਤੇ ਦੋਸ਼ ਲਾਏ ਕਿ “ਦਲਿਤਾਂ ਦੀ ਬੇਰੋਕ-ਟੋਕ ਦਰਬਾਰ ਸਾਹਿਬ ਅੰਦਰ ਦਾਖਲੇ ਦਾ ਮੁਆਮਲਾ ਜੋ 100 ਸਾਲ ਪਹਿਲਾਂ ਹੱਲ ਹੋ ਚੁੱਕਿਆ ਹੈ ਉਸਨੂੰ ਜਾਣ-ਬੁੱਝਕੇ ਖੜ੍ਹਾ ਕਰ ਰਹੇ ਹਾਂ” ਅਤੇ ਕੁਝ ਖਾੜਕੂ ਧਿਰਾਂ ਦੇ ਸਮਰਥਕਾਂ ਨੇ ਕਿਹਾ ਕਿ “ਸਿੰਘ ਸਭਾ ਸਿੱਖ ਪੰਥ ਅੰਦਰ ਜਾਣ-ਬੁਝ ਕੇ ਵੰਡੀਆਂ ਪਾ ਰਹੀ ਹੈ।” ਪਰ ਪੰਜਾਬ ਦੀ ਵੱਸੋਂ ਦਾ ਤੀਜਾ ਹਿੱਸਾ ਦਲਿਤ, ਜਿੰਨਾਂ ਵਿੱਚੋਂ ਬਹੁਗਿਣਤੀ ਸਿੱਖ ਹਨ, ਨੇ ਪਿਛਲੇ ਡੇਢ ਸੌ ਸਾਲਾਂ ਅੰਦਰ, ਜਾਤ ਪਾਤ ਦੇ ਵਿਤਕਰੇ ਵਿਰੁੱਧ ਕਈ ਲੜਾਈਆਂ ਲੜੀਆਂ ਅਤੇ ਅਜੇ ਵੀ ਸਰਗਰਮ ਹਨ। ਇਸੇ ਬ੍ਰਾਹਮਣਵਾਦੀ ਜਾਤ-ਪਾਤ ਵਿਤਕਰੇ ਕਰਕੇ ਹੀ ਦਲਿਤਾਂ ਦਾ ਕੁੱਝ ਹਿੱਸਾ “ਆਦਿ ਧਰਮੀ” ਬਣਿਆ ਅਤੇ ਕੁਝ ਹਿੱਸੇ ਨੇ ਗੁਰੂ ਰਵੀਦਾਸ ਦੇ ਨਾਮ ਉੱਤੇ ਵੱਖ ਧਾਰਮਿਕ ਫਿਰਕੇ ਵੀ ਜਥੇਬੰਦ ਕੀਤੇ ਹਨ।

ਪਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ ਦੀ ਸਿੱਖ ਲੀਡਰਸ਼ਿਪ ਨੇ ਇਸ ਗੱਲ ਦੀ ਘੱਟ ਪਰਵਾਹ ਕੀਤੀ ਹੈ ਕਿ ਦਲਿਤਾਂ ਦਾ ਉਹਨਾਂ ਪ੍ਰਤੀ ਵਧਦਾ ਬੇਗਾਨਗੀ ਦਾ ਅਹਿਸਾਸ ਅਖੀਰ ਸਿੱਖ ਪੰਥ ਨੂੰ ਹੀ ਕਮਜ਼ੋਰ ਕਰੇਗਾ। ਸਿੱਖਾਂ ਦੀਆਂ ਸਿਆਸੀ ਪਾਰਟੀਆਂ ਨੇ ਵੀ ਦਲਿਤਾਂ ਪ੍ਰਤੀ ਸਿਰਫ ਉਪਰੀ ਅਤੇ ਪਰਤੀਕ-ਨੁਮਾ ਹਮਦਰਦੀ ਦਿਖਾਈ ਹੈ। 

ਦਲਿਤ ਸਮਾਜ ਜ਼ਿਆਦਾ ਤਰ ਅਜੇ ਵੀ ਮਜ਼ਦੂਰ ਅਤੇ ਦਿਹਾੜੀਦਾਰ ਜਮਾਤ ਹੈ ਜਿਸ ਦੇ ਸਮਾਜਿਕ ਬਰਾਬਰੀ ਅਤੇ ਆਰਥਿਕ ਵਿਕਾਸ ਪੰਜਾਬ ਦਾ ਵੱਡਾ ਮੁੱਦਾ ਹੈ। ਸਿੱਖ ਗੁਰੂਆਂ ਅਤੇ ਸਿੱਖ ਸਿਧਾਂਤ ਅਤੇ ਪਰੰਪਰਾਂ ਨੇ ਹਮੇਸ਼ਾ ਬ੍ਰਾਹਮਣਵਾਦੀ ਜਾਤੀ ਪਾਤੀ ਵਿਤਕਰਿਆਂ ਦਾ ਵਿਰੋਧ ਕੀਤਾ ਅਤੇ ਸਮਾਜਿਕ ਬਰਾਬਰੀ ਲਈ ਲੰਗਰ ਪ੍ਰਥਾ ਚਲਾਈ। 

ਇਸ ਪ੍ਰਸੰਗ ਵਿੱਚ ਅਸੀਂ ਇੱਕ ਦਲਿਤ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਨੂੰ ਅਸੀਂ ਸ਼ੁਭ ਕਦਮ ਸਮਝਦੇ ਹਾਂ ਜਿਸ ਨਾਲ ਦਲਿਤਾਂ ਦੀ ਸਮਾਜਿਕ ਬਰਾਬਰੀ ਅਤੇ ਉਹਨਾਂ ਦੇ ਆਰਥਿਕ ਹਾਲਤਾਂ ਨੂੰ ਸੁਧਾਰਨ ਲਈ ਲੋੜੀਂਦਾ ਇਖਲਾਕੀ ਅਤੇ ਰਾਜ ਪ੍ਰੰਬਧ ਵਿੱਚ ਹਿੱਸੇਦਾਰੀ ਵੱਧੇਗੀ। 

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ ਸਿੰਘ ਦੇ ਨਾਂ ਵੀ ਸ਼ਾਮਲ ਹਨ।  

No comments: