ਪ੍ਰੀਤਨਗਰ ਦੇ ਵਿਹੜੇ ਵਿਚ ਐਤਵਾਰ 20 ਮਾਰਚ 2022 ਨੂੰ ਹੋਏਗਾ ਪ੍ਰੋਗਰਾਮ
“ਜਿਸਮ ਕੀ ਮੌਤ ਕੋਈ ਮੌਤ ਨਹੀਂ ਹੋਤੀ ਹੈ,
ਜਿਸਮ ਮਿਟ ਜਾਨੇ ਸੇ, ਇਨਸਾਨ ਨਹੀਂ ਮਿਟ ਜਾਤੇ,
ਧੜਕਨੇ ਰੁਕਨੇ ਸੇ, ਅਰਮਾਨ ਨਹੀਂ ਮਿਟ ਜਾਤੇ,
ਹੋਂਠ ਸਿਲ ਜਾਨੇ ਸੇ ,ਐਲਾਨ ਨਹੀਂ ਰੁਕ ਜਾਤੇ
ਉਹਨਾਂ ਦੀ ਯਾਦ ਦੇ ਰੂਪ ਵਿੱਚ ਉਹਨਾਂ ਦੇ ਮਿਸ਼ਨ ਨੂੰ ਜਾਰੀ ਰੱਖਣ ਲਈ ਰੂਪ ਸਿੰਘ ਰੂਪ ਹੁਰਾਂ ਨੇ ਵੀ ਉਪਰਾਲੇ ਕੀਤੇ ਅਤੇ ਉਹਨਾਂ ਦੇ ਸਪੁੱਤਰ ਸੁਕੀਰਤ ਆਨੰਦ ਹੁਰਾਂ ਨੇ ਵੀ। ਇਹਨਾਂ ਕੋਸ਼ਿਸ਼ਾਂ ਵਿੱਚੋਂ ਹੀ ਸ਼ੁਰੂ ਹੋਇਆ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ।2019 ਤੋਂ ਹਰ ਸਾਲ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਯਾਦ ਵਿਚ ਪੱਤਰਕਾਰੀ ਵਿਚ ਸ਼ਲਾਘਾਯੋਗ ਹਿਸਾ ਪਾਉਣ ਵਾਲੇ ਪੱਤਰਕਾਰ ਨੂੰ 51,000 ਰੁਪਏ ਦਾ ਰੁਪਏ ਦਾ ਪੁਰਸਕਾਰ ਦਿਤਾ ਜਾਂਦਾ ਹੈ। ਹੁਣ ਤਕ ਇਸ ਲੜੀ ਤਹਿਤ ਸ਼ਿਵਿੰਦਰ ਸਿੰਘ ਨੂੰ (2019), ਪ੍ਰਭਜੀਤ ਸਿੰਘ ਨੂੰ (2020) ਅਤੇ ਸਵਰਾਜਬੀਰ ਨੂੰ (2021) ਵਿਚ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ ਨਾਲ ਸਨਮਾਨਿਆ ਜਾ ਚੁੱਕਾ ਹੈ।
ਉਹਨਾਂ ਦੱਸਿਆ ਕਿ ਪੱਤਰਕਾਰੀ ਵਿਚ ਸ਼ਲਾਘਾਯੋਗ ਦੇਣ ਲਈ ਸਾਡੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਪੱਤਰਕਾਰਾਂ ਨੂੰ ਸਨਮਾਨਿਆ ਜਾਵੇ ਜੋ ਕਾਲਮਨਵੀਸ ਜਾਂ ਸੰਪਾਦਕ ਨਹੀਂ ਬਲਕਿ ਖਬਰਾਂ ਲੱਭਣ ਅਤੇ ਨਸ਼ਰ ਕਰਨ ਲਈ ਸਰਗਰਮ ਹੋ ਕੇ ਕਿਸੇ ਇਲਾਕੇ ਜਾਂ ਸੰਦਰਭ ਵਿਸ਼ੇਸ਼ ਤਹਿਤ ਕੰਮ ਕਰਦੇ ਹਨ।
ਇਥੇ ਇਹ ਜ਼ਿਕਰ ਜ਼ਰੁਰੀ ਹੈ ਕਿ ਖਬਰਾਂ ਲੱਭਣ ਲਈ ਜਦੋਂ ਫੀਲਡ ਵਿੱਚ ਜਾਣਾ ਪੈਂਦਾ ਹੈ ਤਾਂ ਉਦੋਂ ਪਤਾ ਨਹੀਂ ਹੁੰਦਾ ਤੁਹਾਡੀ ਖਬਰ ਤੋਂ ਨਾਰਾਜ਼ ਹੋਏ ਕਿਸ ਸਿਰਫਿਰੇ ਨੇ ਤੁਹਾਡੇ ਤੇ ਲੁਕਵਾਂ ਵਾਰ ਕਰਨਾ ਹੈ ਅਤੇ ਤੁਹਾਡੇ ਤੋਂ ਗੋਲੀ ਚਲਾ ਦੇਣੀ ਹੈ ਜਾਂ ਕਿਸੇ ਹੋਰ ਢੰਗ ਨਾਲ ਗੁੰਡਾਗਰਦੀ ਕਰਨੀ ਹੈ ਜਾਂ ਫਿਰ ਆਪਣੇ ਵਾਹਨ ਨਾਲ ਟੱਕਰ ਮਾਰ ਕੇ ਦੌੜ ਜਾਵੇ ਜਾਂ ਫਿਰ ਕਿਸੇ ਝੂਠੇ ਬੰਦੇ ਨੂੰ ਤੁਹਾਡੇ ਖੁਲਾਫ਼ ਖੜਾ ਕਰ ਕੇ ਕੋਈ ਬੇਬੁਨਿਆਦ ਦੋਸ਼ ਹੀ ਲਾ ਦੇਵੇ। ਅਜਿਹੇ ਬਹੁਤ ਸਾਰੇ ਖਤਰੇ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਉਠਾਉਣੇ ਪੈਂਦੇ ਹਨ।
ਸੁਕੀਰਤ ਅਨੰਦ ਕਹਿੰਦੇ ਹਨ-ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਰਹਿੰਦੇ ਇਹ ਉਹ ਲੋਕ ਅਸਲ ਵਿੱਚ ਓਹ ਜਾਂਬਾਜ਼ ਸਿਪਾਹੀ ਹੀ ਹਨ ਜੋ ਆਪਣੀ ਮਿਹਨਤ ਅਤੇ ਤਿੱਖੀ ਨਜ਼ਰ ਤੇ ਪੜਚੋਲ ਰਾਹੀਂ ਸਾਡਾ ਧਿਆਨ ਉਨ੍ਹਾਂ ਗੱਲਾਂ ਵਲ ਦੁਆਂਉਂਦੇ ਹਨ ਜੋ ਜਾਂ ਤਾਂ ਅਣਗੌਲੀਆਂ ਹੀ ਰਹਿ ਜਾਂਦੀਆਂ ਹਨ, ਜਾਂ ਜਿਨ੍ਹਾਂ ਨੂੰ ਢੱਕਣ-ਦਫ਼ਨਾਉਣ ਦੇ ਉਪਰਾਲੇ ਲਗਾਤਾਰ ਕੀਤੇ ਜਾਂਦੇ ਹਨ। ਹਾਲਾਂਕਿ ਪੱਤਰਕਾਰੀ ਵਿੱਚ ਸ਼ਲਾਘਾਯੋਗ ਯੋਗਦਾਨ ਲਈ ਜਗਜੀਤ ਸਿੰਘ ਆਨੰਦ ਯਾਦਗਾਰੀ ਪੁਰਸਕਾਰ ਮੁੱਖ ਤੌਰ 'ਤੇ ਸਿੱਧਾ ਖੇਤਰ ਵਿਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਦਿੱਤਾ ਜਾਂਦਾ ਹੈ,ਪਰ ਡਾਹਡੇ ਔਖੇ ਅਤੇ ਚੁਣੌਤੀ ਭਰਪੂਰ ਸਮਿਆਂ ਵਿੱਚ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਜੋਂ ਮਿਸਾਲੀ ਅਤੇ ਦਲੇਰਾਨਾ ਭੂਮਿਕਾ ਨਿਭਾਉਣ ਲਈ, ਇਕ ਬਣਦੀ ਛੋਟ ਦੇਂਦਿਆਂ,2021 ਦਾ ਪੁਰਸਕਾਰ ਸਵਰਾਜਬੀਰ ਨੂੰ ਦੇਣ ਦਾ ਫ਼ੈਸਲਾ ਲਿਆ ਗਿਆ ਸੀ ।
ਉਹਨਾਂ ਇਹ ਵੀ ਕਿਹਾ ਕਿ ਇਸ ਪੁਰਸਕਾਰ ਨੂੰ ਅਸੀ ਨਿਰੋਲ ਪੰਜਾਬੀ ਭਾਸ਼ਾ ਨਾਲ ਜੁੜੇ ਅਦਾਰਿਆਂ ਤੋਂ ਵਧੇਰੇ ਮੋਕਲਾ ਕਰਕੇ ਇਸ ਦੇ ਘੇਰੇ ਵਿਚ ਉਨ੍ਹਾਂ ਪਤਰਕਾਰਾਂ ਨੂੰ ਵੀ ਲਿਆਂਦਾ ਹੈ ਜੋ ਪੰਜਾਬ-ਕੇਂਦਰਤ ਮਸਲਿਆਂ ਉਤੇ ਨਿੱਠ ਕੇ ਕੰਮ ਕਰ ਰਹੇ ਹਨ ਜਾਂ ਕਰਦੇ ਹਨ। ਸਾਨੂੰ ਇਹ ਦਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਪੱਤਰਕਾਰੀ ਵਿਚ ਸ਼ਲਾਘਾਯੋਗ ਦੇਣ ਲਈ ਇਸ ਸਾਲ ਦੇ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ ਨਾਲ ਸੀਨੀਅਰ ਪਤਰਕਾਰ ਅਤੇ ‘ਕਾਰਵਾਂ’ (The Caravan) ਦੀ ਸਹਿਯੋਗੀ ਲੇਖਕ ਜਤਿੰਦਰ ਕੌਰ ਤੁੜ ਨੂੰ ਸਨਮਾਨਿਆ ਜਾ ਰਿਹਾ ਹੈ।
ਪਿਛਲੇ ਵਰ੍ਹੇ ਪੰਜਾਬ ਵਿਚ, ਅਤੇ ਪੰਜਾਬ ਨਾਲ ਜੁੜੇ ਮਸਲਿਆਂ ਬਾਰੇ ਉਨ੍ਹਾਂ ਦੇ ਅਹਿਮ ਤੱਥ ਪੇਸ਼ ਕਰਦੇ ਲੇਖ ਅਤੇ ਰਿਪੋਰਟਾਂ ਸਾਹਮਣੇ ਆਏ ਹਨ : ਨਸ਼ਿਆਂ ਦੇ ਮੁੱਦੇ ਬਾਰੇ ਸਰਕਾਰ ਦੀ ਟਾਲਾ-ਮਟੋਲੀ ਅਤੇ ਮਜੀਠੀਆ ਦੀ ਕਾਰਗੁਜ਼ਾਰੀ ਦਾ ਪਾਜ ਉਘੇੜਦਾ ਖੋਜ-ਲੇਖ, ਲਖੀਮਪੁਰ ਖੇੜੀ ਦੀਆਂ ਘਟਨਾਵਾਂ ਵਿਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਅਤੇ ਉਸਦੇ ਪੁਤਰ ਆਸ਼ਿਸ਼ ਮਿਸ਼ਰਾ ਦੇ ਰੋਲ ਨੂੰ ਸਪਸ਼ਟ ਸਾਬਤ ਕਰਦੀ ਰਿਪੋਰਟ, ਸਿੰਘੂ ਬਾਰਡਰ ਤੇ ਵਾਪਰੀਆਂ ਘਟਨਾਵਾਂ ਦਾ ਅਸਲ ਰੂਪ ਉਘੇੜਦੇ ਕਈ ਰਿਪੋਰਤਾਜ ਇਤਿਆਦ। ਅਸੀਂ ਇਸ ਬਾਰੇ ਵੱਖਰੀ ਪੋਸਟ ਵਿੱਚ ਵੀ ਕੁਝ ਵੇਰਵਾ ਦੇ ਰਹੇ ਹਾਂ।
ਇਸ ਵਾਰ ਵੀ ਇਹ ਪੁਰਸਕਾਰ ਗੁਰਬਖਸ਼ ਸਿੰਘ ਨਾਨਕ ਸਿੰਘ ਫਾਂਊਂਡੇਸ਼ਨ, ਪ੍ਰੀਤਨਗਰ (ਜ਼ਿਲਾ ਅਮ੍ਰਿਤਸਰ) ਦੇ ਵਿਹੜੇ ਵਿਚ ਐਤਵਾਰ 20 ਮਾਰਚ 2022 ਨੂੰ ਦਿਤਾ ਜਾਵੇਗਾ। ਇਹੀ ਉਹੀ ਥਾਂ ਹੈ ਜਿਸ ਦਾ ਸੁਪਨਾ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਹੁਰਾਂ ਨੇ ਲਿਆ ਸੀ। ਹੁਣ ਵੀ ਇਸ ਪਰਿਵਾਰ ਤੋਂ ਹੀ ਉੱਮੀਦ ਹੈ ਕਿ ਇਸ ਸੁਪਨੇ ਨੂੰ ਸਾਕਾਰ ਕਰਨ ਦੀ ਚਾਹਤ ਰੱਖਣ ਵਾਲਿਆਂ ਨੂੰ ਸਰਗਰਮ ਅਤੇ ਇਕਜੁੱਟ ਕੀਤਾ ਜਾ ਸਕੇ।
ਉਂਝ ਪੁਰਸਕਾਰਾਂ ਦੀ ਗੱਲ ਪਾਸੇ ਵੀ ਰੱਖ ਦੇਈਏ ਤਾਂ ਆਰਥਿਕ ਮਦਦ ਅਤੇ ਸਹੋਯੋਗ ਦੇ ਉਪਰਾਲੇ ਉਹਨਾਂ ਲਈ ਵੀ ਹੋਣੇ ਚਾਹੀਦੇ ਹਨ ਜਿਹਨਾਂ ਨੇ ਕਮਾਈਆਂ ਵਾਲੇ ਰਸਤੇ ਛੱਡ ਕੇ ਕਲਮ ਨੂੰ ਹੀ ਚੁਣਿਆ। ਉਹਨਾਂ ਦੀ ਆਵਾਜਾਈ, ਰਹਿਣੀ ਬਹਿਣੀ, ਰੋਜ਼ੀ ਰੋਟੀ, ਦਵਾਈਆਂ/ਕੱਪੜੇ ਸਭ ਕੁਝ ਅਜੇ ਵੀ ਥੁੜਾਂ ਦਾ ਸ਼ਿਕਾਰ ਹੈ। ਅਨੰਦ ਪਰਿਵਾਰ ਨੂੰ ਅਤੇ ਲੋਕ ਪੱਖੀ ਸੋਚ ਵਾਲੇ ਅਦਾਰਿਆਂ ਅਤੇ ਪਰਿਵਾਰਾਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ। ਬਲਾਗਰਾਂ, ਯੂਟਿਊਬਰਾਂ, ਡਿਜੀਟਲ ਪੱਤਰਕਾਰਾਂ ਅਤੇ ਬ੍ਰਾਡਕਾਸਟਰਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਕਾਫ਼ੀ ਕੰਮ ਕੀਤਾ ਹੈ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment