Wednesday, February 02, 2022

ਪੀਏਯੂ ਵਿੱਚ ਮਨਾਇਆ ਗਿਆ ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮਦਿਨ

2nd February 2022 at 3:57 PM

 ਜਨਮਦਿਨ ਮੌਕੇ ਲਗਾਈ ਗਈ ਵਿਸ਼ੇਸ਼ ਕਲਾ ਪ੍ਰਦਰਸ਼ਨੀ 


ਲੁਧਿਆਣਾ
: 2 ਫਰਵਰੀ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਨਿਗਰਾਨੀ ਹੇਠ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬੀਅਤ ਦੇ ਮੁਦਈ, ਪ੍ਰਸਿੱਧ ਪ੍ਰਸ਼ਾਸਨਿਕ ਅਧਿਕਾਰੀ ਡਾ ਮਹਿੰਦਰ ਸਿੰਘ ਰੰਧਾਵਾ ਦੀ ਜਨਮ ਵਰੇਗੰਢ ਮਨਾਈ ਗਈ  ਇਸ ਮੌਕੇ ਉਨ੍ਹਾਂ ਦੀ ਯਾਦ ਵਿਚ ਇਕ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਗੁਰਮੀਤ ਸਿੰਘ ਬੁੱਟਰ ਨੇ ਇਸ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।  ਡਾ ਬੁੱਟਰ ਨੇ ਇਸ ਮੌਕੇ ਕਿਹਾ ਕਿ ਡਾ ਮਹਿੰਦਰ ਸਿੰਘ ਰੰਧਾਵਾ ਨਾ ਸਿਰਫ਼ ਖੇਤੀਬਾੜੀ ਬਲਕਿ ਪੰਜਾਬ ਦੇ ਬਹੁਤ ਵੱਡੇ ਕਲਾ ਸਮਾਜ ਵਿਗਿਆਨੀ ਰਹੇ ਹਨ।  ਡਾ ਰੰਧਾਵਾ ਨੇ ਪੰਜਾਬ ਦੀਆਂ ਲੋਕ ਕਲਾਵਾਂ ਦੀ ਸਾਂਭ ਸੰਭਾਲ ਲਈ ਅਣਥੱਕ ਯਤਨ ਕੀਤੇ।  ਉਨ੍ਹਾਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਉਸਾਰਨ ਅਤੇ ਵਿਕਸਿਤ ਕਰਨ ਵਿੱਚ ਵੀ ਡਾ ਰੰਧਾਵਾ ਦਾ ਯੋਗਦਾਨ ਅਭੁੱਲ ਸੀ। ਇਸ ਲਈ ਪੀਏਯੂ ਦੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੀ ਯਾਦ ਵਿਚ ਕਲਾ ਪ੍ਰਦਰਸ਼ਨੀ ਲਾਉਣਾ ਸੱਚੀ ਸ਼ਰਧਾਂਜਲੀ ਦੇਣ ਵਾਂਗ ਹੈ।
 ਵੱਖ ਵੱਖ ਜਮਾਤਾਂ ਅਤੇ ਕੋਰਸਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੇ ਆਪਣੀਆਂ ਬਣਾਈਆਂ ਕਲਾਕਰਿਤਾਂ ਇਸ ਮੌਕੇ ਪ੍ਰਦਰਸ਼ਿਤ ਕੀਤੀਆਂ।
ਉਦਘਾਟਨੀ ਸਮਾਰੋਹ ਵਿਚ ਡਾ ਬੁੱਟਰ ਤੋਂ ਇਲਾਵਾ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ ਜਸਵਿੰਦਰ ਕੌਰ ਬਰਾੜ ,ਸੂਖਮ ਕਲਾਵਾਂ ਦੇ ਇੰਚਾਰਜ ਮੈਡਮ ਡਾ ਰੁਪਿੰਦਰ ਤੂਰ ਤੋਂ ਬਿਨਾਂ  ਯੰਗ ਰਾਈਟਰ ਐਸੋਸੀਏਸ਼ਨ ਦੇ ਇੰਚਾਰਜ ਡਾ ਦਵਿੰਦਰ ਕੌਰ ਕੋਚਰ ਵੀ ਮੌਜੂਦ ਸਨ।  ਇਸ ਤੋਂ ਇਲਾਵਾ ਟੀਵੀ ਰੇਡੀਓ ਦੇ ਨਿਰਦੇਸ਼ਕ ਡਾ ਅਨਿਲ ਕੁਮਾਰ ਭੋਜਨ ਪ੍ਰੋਸੈਸਿੰਗ ਦੇ ਸਹਾਇਕ ਪ੍ਰੋਫੈਸਰ ਗੁਰਵੀਰ ਕੌਰ , ਵਿਦਿਆਰਥੀ ਭਲਾਈ ਅਧਿਕਾਰੀ ਡਾ ਗੁਰਪ੍ਰੀਤ ਸਿੰਘ ਵਿਰਕ ਅਤੇ ਸ਼੍ਰੀ ਸਤਵੀਰ ਸਿੰਘ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਮੌਜੂਦ ਰਹੇ ।
ਸ਼ਾਮ ਨੂੰ ਸਮੂਹ ਵਿਦਿਆਰਥੀਆਂ ਨੇ ਲਾਅਨ ਵਿਚ ਇਕ ਓਪਨ ਮਾਈਕ ਡਿਬੇਟ ਦਾ ਆਯੋਜਨ ਵੀ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਡਾ ਰੰਧਾਵਾ ਦੀ ਦੇਣ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਜੀਵਨ ਕੋਲੋਂ ਪ੍ਰੇਰਨਾ ਲੈਣ ਦਾ ਤਹੱਈਆ ਕੀਤਾ।

No comments: