Thursday, February 03, 2022

ਰਾਜਨੀਤੀ ਦੇ ਤਿਲਕਵੇਂ ਰਾਹ ’ਤੇ ਹਰ ਕਦਮ ਬੋਚ ਬੋਚ ਰੱਖਣਾ ਪਵੇਗਾ//ਸੰਜੀਵਨ ਸਿੰਘ

ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਸਾਵਧਾਨ ਕਰਦੀ ਖਾਸ ਲਿਖਤ

ਕਿਸਾਨ ਯੋਧਿਆਂ ਦੇ ਫਤਹਿ ਮਾਰਚ ਦਾ ਸਵਾਗਤ ਕਰਦਿਆਂ ਸੰਜੀਵਨ ਅਤੇ ਇਪਟਾ ਦੇ ਹੋਰ ਸਾਥੀ 

ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਦੀ ਜਿੱਤ ਸ਼ਾਨਦਾਰ ਰਹੀ ਪਰ ਜੰਗ ਅਜੇ ਮੁੱਕੀ ਨਹੀਂ। ਹੁਣ ਆਹਮਣਾ  ਸਾਹਮਣਾ ਪੰਜਾਬ ਵਿੱਚ ਹੋ ਰਿਹਾ ਹੈ। ਕਿਤੇ ਜਿੱਤੀ ਬਾਜ਼ੀ ਹਰ ਨਾ ਜਾਏ।  ਇਹ ਖਦਸ਼ਾ ਇੱਕ ਵਾਰ ਫੇਰ ਦਿਲਾਂ ਵਿੱਚ ਉੱਠਣ ਲੱਗ ਪਿਆ ਹੈ। 750 ਤੋਂ ਵੱਧ ਕਿਸਾਨ ਸਾਥੀਆਂ ਦੀਆਂ ਜਾਣਾ ਦਾ ਹਿਸਾਬ ਅਜੇ ਬਾਕੀ ਹੈ। ਸਰਕਾਰ ਵੱਲੋਂ ਕੀਤੇ ਵਾਅਦਿਆਂ ਦੀ ਪੂਰਤੀ ਅਜੇ ਬਾਕੀ ਹੈ। ਭਾਜਪਾ ਆਗੂਆਂ ਵੱਲੋਂ ਇਹੀ ਕਾਨੂੰਨ ਦੋਬਾਰਾ ਲਿਆਉਣ ਦੀਆਂ ਧਮਕੀਆਂ ਵੀ ਜਾਰੀ ਹਨ। ਕਿਸਾਨਾਂ ਨੂੰ ਮਵਾਲੀ ਕਹਿਣ ਵਾਲੀ ਮੰਤਰੀ ਵੀ ਪੰਜਾਬ ਵਿਚ ਘੁੰਮ ਰਹੀ ਹੈ। ਪ੍ਰਗਤੀਸ਼ੀਲ ਮੁਹਿੰਮ ਨਾਲ ਜੁੜੇ ਹੋਏ ਮੋਹਾਲੀ ਦੇ ਵਸਨੀਕ ਉੱਘੇ ਰੰਗਕਰਮੀ ਸੰਜੀਵਨ ਸਿੰਘ ਹਮੇਸ਼ਾਂ ਹੀ ਕਿਰਤੀਆਂ ਦੇ ਸੁਹਿਰਦ ਰਹੇ ਹਨ। ਪ੍ਰਗਤੀਸ਼ੀਲ ਪਰਿਵਾਰ ਨਾਲ ਸਬੰਧਤ ਹਨ। ਉਹਨਾਂ ਨੇ ਬੜੇ ਹੀ ਸੰਤੁਲਿਤ ਸ਼ਬਦਾਂ ਵਿੱਚ ਅੰਦੋਲਨ ਨਾਲ ਜੁੜੇ ਵਿਅਕਤੀਆਂ ਅਤੇ ਸ਼ਕਤੀਆਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਿਖਤ ਸਬੰਧੀ ਅਤੇ ਅੰਦੋਲਨ ਦੇ ਭਵਿੱਖ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। --ਸੰਪਾਦਕ

ਹਾਕਿਮ ਦੇ ਲੋਕ ਮਾਰੂ ਤਿੰਨ ਕਾਲੇ ਕਾਨੂੰਨਾਂ  ਖ਼ਿਲਾਫ਼ ਪੰਜਾਬ ਵਿਚੋਂ ਉਠੇ ਲੋਕ-ਵਿਦਰੋਹ ਨੇ ਨਾ ਸਿਰਫ਼ ਭਾਰਤ ਬਲਕਿ ਸਾਰੇ ਸੰਸਾਰ ਨੂੰ ਵੀ ਅਸਰਅੰਦਾਜ਼ ਕੀਤਾ ਅਤੇ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ। ਹਰ ਵਰਗ, ਹਰ ਜਾਤ, ਹਰ ਧਰਮ, ਹਰ ਖ਼ਿਆਲ, ਹਰ ਵਿਚਾਰ ਅਤੇ ਹਰ ਤਬਕੇ ਇਸ ਲੋਕ ਸੰਘਰਸ਼ ਰੂਪੀ ਧੂਣੀ ਨੂੰ ਧੁੱਖ਼ਦਾ ਰੱਖਣ ਲਈ ਆਪਣੀਆਂ ਜਾਨਾਂ ਦੀ ਆਹੂਤੀ ਵੀ ਦਿੱਤੀ ਅਤੇ ਆਪਣੇ ਵਿੱਤ ਤੇ ਸਮਰਥਾ ਮੁਤਾਬਿਕ ਹਿੱਸਾ ਵੀ ਪਾਇਆ।ਹਰ ਕਿਸਮ ਦੇ ਭੇਦ-ਭਾਵ ਅਤੇ ਵੱਖਰੇਵੇਆਂ ਨੂੰ ਇਕ ਪਾਸੇ ਰੱਖ ਕੇ ਇਕ-ਮੁੱਠ ਤੇ ਇਕ-ਜੁੱਟ ਹੋ ਕੇ ਤਾਕਤ ਅਤੇ ਸੱਤਾ ਦੇ ਨਸ਼ੇ ਵਿਚ ਚੂਰ ਤੇ ਮਗ਼ਰੂਰ ਹਿੰਦੋਸਤਾਨ ਦੇ ਹਾਕਿਮ  ਦੀਆਂ ਧੱਕੇਸ਼ਾਹਆਂ, ਵਧੀਕੀਆਂ ਤੇ ਆਪਹੁਦਰੀਆਂ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ।

ਹਾਕਿਮ ਨੇ ਇਸ ਲੋਕ ਸੰਘਰਸ਼ ਨੂੰ ਆਪਣੇ ਗੁਰਗਿਆਂ ਰਾਹੀਂ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ, ਨਕਸਲੀ , ਅੰਦੋਲਨਜੀਵੀ ਕਹਾ ਕੇ ਬਦਨਾਮ ਕਰਕੇ ਕੁਚਲਣ ਦੀਆਂ ਕਈ ਵਾਰ ਨਾਕਾਮ ਯਤਨ ਕੀਤੇ।ਪਰ ਅਨੇਕਾਂ ਸ਼ਹੀਦੀਆਂ ਦੇਣ, ਦੁੱਖਾਂ-ਤਕਲੀਫਾਂ, ਤਸ਼ੱਦਦ, ਹਾਕਿਮ ਦੇ ਅਤੇ ਕੁਦਰਤ ਦੇ ਕਹਿਰ ਸਹਿਣ ਦੇ ਬਾਵਜੂਦ ਵੀ ਸੰਘਰਸ਼ੀ ਯੋਧੇ ਦਾ ਸਿਰੜ ਤੇ ਸਿਦਕ ਨਹੀਂ ਡੋਲਿਆ। ਉਨਾਂ ਦੇ ਇਰਾਦੇ ਤਾਂ ਸਗੋਂ ਹੋਰ ਵੀ ਮਜਬੂਤ ਹੁੰਦੇ ਗਏ।

ਖੇਤਾਂ ਦੇ ਪੁੱਤ ਨੂੰ ਹਾਕਿਮ ਦੇ ਗੁਰਗਿਆਂ ਦਾ ਇਹ ਕਹਿ ਕੇ ਅੰਨਦਾਤਾ ਮੰਨਣ ਤੋਂ ਇਨਕਾਰੀ ਹੋਣਾ ਕਿ ਅੰਨ ਵੇਚਣ ਵਾਲਾ ਅੰਨਦਾਤਾ ਕਿਵੇਂ ਹੋ ਸਕਦਾ ਹੈ, ਅੰਦੋਲਨ ਦੇ ਹਮਾਇਤੀਆਂ ਅਤੇ ਹਮਦਰਦਾਂ ਲਈ ਹੈਰਾਨੀ ਅਤੇ ਪ੍ਰੇਸ਼ਾਨੀ ਦਾ ਕਾਰਨ ਸੀ। ਕਿਉਂਕਿ ਅਜਿਹੇ ਸੱਜਣ ਕੱਲ ਨੂੰ ਦੇਸ਼ ਦੀਆ ਸਰਹੱਦਾਂ ’ਤੇ ਦੇਸ਼ ਦੀ ਹਿਫ਼ਜ਼ਾਤ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਮੁਲਕ ਦੇ ਸੈਨਿਕਾਂ ਨੂੰ ਵੀ ਸ਼ਹੀਦ ਮੰਨਣ ਤੋਂ ਇਹ ਕਹਿ ਕੇ ਇਨਕਾਰੀ ਹੋ ਸਕਦੇ ਹਨ ਕਿ ਫੋਜੀ ਤਾਂ ਤਨਖ਼ਾਹ ਲੈਕੇ ਨੌਕਰੀ ਕਰਦੇ ਹਨ।

ਸੰਘਰਸ਼ੀਆਂ ਨੂੰ ਗੁਰੂਆਂ, ਪੀਰਾਂ ਤੇ ਪੈਗੰਬਰਾਂ ਤੋਂ ਜ਼ਾਲਿਮ ਦੇ ਜ਼ੁਲਮ ਖਿਲਾਫ਼ ਹਿੱਕ ਡਾਹ ਕੇ ਅੜਣ ਤੇ ਲੜਣ ਦੀ ਵਿਰਸੇ ਵਿਚ ਮਿਲੀ ਗੁੜਤੀ ਨੇ ਨਾ ਮੁੱਚਣ, ਨਾ ਝੁੱਕਣ ਵਾਲੇ ਹਾਕਿਮ ਨੂੰ ਮੁੱਚਣ ਤੇ ਝੁੱਕਣ ਲਈ ਮਜਬੂਰ ਕੀਤਾ। ਦੇਸ਼ ਭਰ ਤੋਂ ਸਿਰਫ ਡੰਡੇ (ਲੋਕ-ਸ਼ਕਤੀ) ਲੈਕੇ ਦਿੱਲੀ ਦੀਆਂ ਬਰੂਹਾਂ ’ਤੇ ਡੱਟੇ ਕੁੱਝ ਸਿਰੜੀ ਸੰਘਰਸ਼ੀ ਯੋਧੇ ਡੰਡੇ ਵਿਚ ਝੰਡਾ ਪਾ ਕੇ ਪਰਤੇ। ਪਹਿਲਾਂ ਤੋਂ ਡੰਡੇ ਵਿਚ ਵੱਖ-ਵੱਖ ਰੰਗਾਂ ਦੇ ਝੰਡੇ ਪਾਈ ਬੈਠੇ ਸੱਤਾ ਦੇ ਭੁੱਖੜ ਰੌਲਾ ਪਾਉਣ ਲੱਗੇ, ਇਹ ਡੰਡਿਆਂ ਵਿਚ ਝੰਡੇ ਕਿਉਂ ਪਾ ਰਹੇ ਨੇ? ਡੰਡਿਆਂ ਵਿਚ ਝੰਡੇ ਪਾਉਣਾ ਤਾਂ ਸਾਡਾ ਹੱਕ ਹੈ। ਡੰਡਿਆਂ ਵਿਚ ਝੰਡੇ ਪਾ ਕੇ ਸੱਤਾ ਪ੍ਰਾਪਤ ਕਰਕੇ ਲੋਕਾਂ ਦੀ ਡੰਡਾ ਪਰੇਡ ਕਰਨੀ ਸਾਡਾ ਅਧਿਕਾਰ ਹੈ।

ਸੱਤਾ ਦੇ ਆਪਣੇ ਆਪ ਨੂੰ ਵਰਿਸ ਸਮਝ ਰਹੇ ਇਨ੍ਹਾਂ ਤਰ੍ਹਾਂ ਤਰ੍ਹਾਂ ਦੇ ਝੰਡੇ ਵਾਲੇ ਸ਼ਾਇਦ ਇਹ ਭੁੱਲ ਗਏ ਹਨ ਕਿ ਕਦੇ ਉਹ ਵੀ ਡੰਡੇ ਲੈ ਕੇ ਹੀ ਸ਼ੰਘਰਸ਼ਾਂ ਵਿਚ ਨਿੱਤਰੇ ਸਨ।ਚਾਹੇ ਉਹ ਗੁਰਦੁਆਰਾ ਲਹਿਰ ਦੀ ਸ਼ਕਲ ਵਿਚ ਸ਼ੰਘਰਸ਼ ਹੋਵੇ, ਚਾਹੇ ਅਜ਼ਾਦੀ ਦੀ ਲੜਾਈ ਹੋਵੇ, ਚਾਹੇ ਉਹ ਇਨਕਲਾਬ ਲਈ ਯੁੱਧ ਹੋਵੇ।ਸਭ ਨੇ ਹੀ ਬੇਸ਼ੁਮਾਰ ਕੁਰਬਾਨੀਆਂ ਦੇਣ, ਜ਼ੁਲਮ ਅਤੇ ਤਸੀਹੇ ਝੱਲਣ ਮਗਰੋਂ ਆਪੋ-ਆਪਣੇ ਡੰਡਿਆਂ ਵਿਚ ਵੱਖ-ਵੱਖ ਰੰਗਾਂ ਦੇ ਝੰਡੇ ਪਾਏ।ਇਹ ਵੱਖਰੀ ਗੱਲ ਹੈ ਕਿ ਹੁਕਮਰਾਨ ਬਨਣ ਤੋਂ ਬਾਅਦ ਉਨਾਂ ਹੀ ਡੰਡਿਆਂ ਨਾਲ ਆਪਣੀ ਪਰਜਾ ਦੀ ਹੱਕ ਸੱਚ ਦੀ ਆਵਾਜ਼ ਬੰਦ ਕਰਨ ਲਈ ਉਨਾਂ ’ਤੇ ਜ਼ੁਲਮ ਵੀ ਕਰਦੇ ਹਨ, ਤਸੀਹੇ ਵੀ ਦਿੰਦੇ ਹਨ। ਲਾਮਿਸਾਲ ਜਿੱਤ ਤੋਂ ਬਾਅਦ ਪਰਤੇ ਹਾਲਾਂਕਿ ਕੁੱਝ ਸੰਘਰਸ਼ੀ ਡੰਡੇ ਵਿਚ ਝੰਡਾ ਪਾਉਣ ਦੇ ਹਾਮੀ ਨਹੀਂ ਹਨ। ਉਹ ਸਿਰਫ਼ ਡੰਡਿਆਂ ਨਾਲ ਲੈਸ ਹੋ ਕੇ ਹੀ ਪ੍ਰਾਪਤੀਆਂ ਕਰਨ ਦੀ ਤਬੀਅਤ ਦੇ ਹਨ।ਬੇਸ਼ਕ ਡੰਡੇ ਦੀ ਤਾਕਤ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਪਰ ਝੰਡੇ ਦਾ ਆਪਣਾ ਹੀ ਰੁੱਤਬਾ ਹੁੰਦਾ ਹੈ।ਝੰਡੇ ਦੀ ਆਪਣੀ ਸ਼ਾਨ ਹੁੰਦੀ ਹੈ।ਬਸ਼ਰਤੇ ਝੰਡੇ ਦੇ ਵਾਰਿਸ ਝੁੱਗੀਆਂ ਢਾਰਿਆਂ ਦੇ ਪੱਖ ਦੇ ਹੋਣ।ਲੋਕਾਂ ਦੇ ਦਰਦੀ ਹੋਣ। 

ਇਹ ਚੰਗੀ ਗੱਲ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਤੋਂ ਵੱਧ ਚੱਲੇ ਸੰਘਰਸ਼ ਦੌਰਾਨ ਕਿਸੇ ਵੀ ਰਾਜਨੀਤਿਕ ਰੰਗ ਦੇ ਝੰਡੇ ਨੂੰ ਨੇੜੇ ਨਹੀਂ ਫਟਕਣ ਦਿੱਤਾ ਗਿਆ। ਰਾਜਨੀਤਿਕ ਝੰਡੇ ਨੂੰ ਕਿਸੇ ਵੀ ਕਿਸਮ ਦਾ ਰਾਨਜੀਤਿਕ ਲਾਹਾ ਨਹੀਂ ਲੈਣ ਦਿੱਤਾ ਗਿਆ।ਹੁਣ ਰਾਜਨੀਤਿਕ ਝੰਡੇ ਵੀ ਨਵੇਂ ਝੰਡੇ ਦਾ ਉਸੇ ਤਰਾਂ ਪੈਰ ਨਹੀਂ ਲੱਗਣ ਦੇ ਰਹੇ ਜਿਵੇਂ ਕਿਸੇ ਘਰ ਵਿਚ ਨਵੀਂ ਨੂੰਹ ਨੂੰ ਜੇਠਾਣੀਆਂ ਛੇਤੀ ਕਿਤੇ ਟਿਕਣ ਨਹੀਂ ਦਿੰਦੀਆਂ।ਉਸ ਦੀ ਬਣਾਈ ਦਾਲ-ਭਾਜੀ ਵਿਚ ਕਦੇ ਮਿਰਚਾਂ ਵੱਧ ਪਾ ਦਿੰਦੀਆਂ ਹਨ, ਕਦੇ ਲੂਣ।

ਜਿਵੇਂ ਨਵੀਂ ਨੂੰਹ ਨੂੰ ਬਾਕੀ ਪ੍ਰੀਵਾਰ ਅਤੇ ਆਂਢ-ਗੁਆਂਢ ਦੇ ਦਿਲ ਜਿੱਤਣ ਲਈ ਕਾਫੀ ਤਰਦੱਦ ਕਰਨਾ ਪੈਂਦਾ ਹੈ। ਉਵੇਂ ਹੀ ਨਵੇਂ ਝੰਡੇ ਨੂੰ ਅਵਾਮ ਦੇ ਦਿੱਲ ਮੋਹਣ ਲਈ ਅਤੇ ਲੋਕਾਂ ਦਾ ਪਿਆਰ ਤੇ ਸਤਿਕਾਰ ਹਾਸਿਲ ਕਰਨ ਲਈ ਖਾਸ ਯਤਨ ਕਰਨੇ ਪੈਣਗੇ। ਪਰ ਕਿਸੇ ਦਾ ਵਿਸ਼ਵਾਸ਼ ਜਿੱਤਣਾਂ ਅਤੇ ਆਪਣੀ ਪੈਂਠ ਬਣਾਉਣਾ ਪਲਾਂ ਛਿਣਾ ਵਿਚ ਸੰਭਵ ਨਹੀਂ।

ਸੰਘਰਸ਼ ਦਾ ਖਾਸਾ ਆਪਾ ਕੁਰਬਾਨ ਕਰਨ ਦਾ ਹੈ ਤੇ ਰਾਜਨੀਤੀ ਦਾ ਸੁਭਾਅ ਤਿਕੜਮ ਬਾਜ਼ੀਆਂ ਤੇ ਚਤਰਾਈਆਂ ਕਰਨਾ।ਕੋਈ ਵੀ ਰੁੱਖ ਲਾਉਂਦੀ ਸਾਰ ਹੀ ਛਾਂ ਨਹੀਂ ਦੇਣ ਲੱਗ ਜਾਂਦਾ।ਰੁੱਖ ਲਾਉਣ ਤੋਂ ਬਾਅਦ ਉਸ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ। ਰੱਖ-ਰਖਾਓ ਵੀ ਕਰਨਾ ਪੈਂਦਾ ਹੈ। ਡੰਗਰ-ਵੱਛੇ ਤੋਂ ਬਚਾਕੇ ਵੀ ਰੱਖਣਾ ਪੈਂਦਾ ਹੈ। ਸੰਘਰਸ਼ ਦੇ ਪਿੜ ਅਤੇ ਰਾਜਨੀਤੀ ਦੇ ਮੈਦਾਨ ਦੀ ਤਬੀਅਤ ਅਤੇ ਸੁਭਾਅ ਬਿਲਕੁੱਲ ਵਪਰੀਤ ਹੁੰਦੇ ਹਨ।ਸੰਘਰਸ਼ ਦਾ ਰਾਹ ਉਬੜ-ਖਾਬੜ ਹੈ ਤੇ ਰਾਜਨੀਤੀ ਦਾ ਰਸਤਾ ਤਿਲਕਵਾਂ। ਰਾਜਨੀਤੀ ਦੇ ਤਿਲਕਵੇਂ ਰਾਹ ’ਤੇ ਹਰ ਕਦਮ ਬਹੁਤ ਹੀ ਸਾਵਧਾਨੀ ਨਾਲ ਬੋਚ ਬੋਚ ਕੇ ਰੱਖਣਾ ਪਵੇਗਾ।  --ਸੰਜੀਵਨ ਸਿੰਘ


ਕਿਸਾਨ ਅੰਦੋਲਨ ਦੀ ਜਿੱਤ ਸਬੰਧੀ ਸੰਜੀਵਨ ਹੁਰਾਂ ਦੇ ਭਰਾ ਰੰਜੀਵਨ ਹੁਰਾਂ ਦੀ ਕਾਵਿ ਰਚਨਾ ਵਾਲਾ ਵੀਡੀਓ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ। 

No comments: