25th January 2022 at 8:37 PM
ਇਹ ਸਾਡਾ ਸਭਨਾਂ ਦਾ ਹੀ ਸਨਮਾਨ ਹੈ
ਪਟਿਆਲਾ: 25 ਜਨਵਰੀ 2022: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਡੈਸਕ)::
ਮੈਨੂੰ ਚਾਰ ਕੁ ਦਹਾਕੇ ਪੁਰਾਣਾ ਉਹ ਜ਼ਮਾਨਾ ਅੱਜ ਵੀ ਯਾਦ ਆਉਂਦਾ ਹੈ ਜਦੋਂ ਪਟਿਆਲਾ ਜਾ ਕੇ ਦਰਦੀ ਸਾਹਿਬ ਨੂੰ ਮਿਲਣਾ ਆਪਣੇ ਪਰਿਵਾਰ ਨਾਲ ਮਿਲਣ ਵਾਂਗ ਹੁੰਦਾ ਸੀ। ਚਾਹ ਪਾਣੀ//ਰੋਟੀ ਅਤੇ ਅਤੇ ਆਉਂਦੀ ਵਾਰ ਜੇਬ ਦੀ ਹਾਲਤ ਬਾਰੇ ਵੀ ਪੁੱਛਣਾ ਅੱਜ ਵੀ ਚੇਤੇ ਹੈ। ਉਹਨਾਂ ਦੀ ਨਿਮਰਤਾ ਅੱਜ ਵੀ ਉਹਨਾਂ ਨੂੰ ਮਹਾਨ ਬਣਾਉਂਦੀ ਹੈ। ਉਹਨਾਂ ਕਰਕੇ ਹੀ ਪਟਿਆਲਾ ਅੱਜ ਵੀ ਆਪਣਾ ਆਪਣਾ ਲੱਗਦਾ ਹੈ। ਜਦੋਂ ਵੀ ਕਿਸੇ ਲੋੜਵੰਦ ਨੂੰ ਉਹਨਾਂ ਕੋਲ ਭੇਜਿਆ ਤਾਂ ਦਰਦੀ ਸਾਹਿਬ ਨੇ ਕਦੇ ਉਸਨੂੰ ਨਿਰਾਸ ਨਹੀਂ ਸੀ ਮੋੜਿਆ। ਪੰਜਾਬੀ ਦੇ ਪ੍ਰਸਿੱਧ ਪੱਤਰਕਾਰ, ਸਿੱਖਿਆ ਸ਼ਾਸਤਰੀ ਸ.ਜਗਜੀਤ ਸਿੰਘ ਦਰਦੀ (ਮੁੱਖ ਸੰਪਾਦਕ ਰੋਜ਼ਾਨਾ ਚੜ੍ਹਦੀਕਲਾ, ਚੇਅਰਮੈਨ-ਸ੍ਰੀ ਗੁਰੂ ਹਰਿ ਕਿ੍ਸ਼ਨ ਪਬਲਿਕ ਸਕੂਲਜ਼, ਕਾਲਜਿਜ਼ ਅਤੇ ਚੜਦੀਕਲਾ ਟਾਈਮ ਟੀਵੀ) ਦੀ ਚੋਣ ਪ੍ਰਮੁੱਖ ਨਾਗਰਿਕ ਐਵਾਰਡ 'ਪਦਮ ਸ੍ਰੀ ਐਵਾਰਡ' ਲਈ ਕੀਤੀ ਗਈ ਹੈ। ਰਾਸ਼ਟਰੀ ਏਕਤਾ, ਫਿਰਕੂ ਸਦਭਾਵਨਾ, ਮੀਡੀਆ, ਸਿੱਖਿਆ ਅਤੇ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਦੇ ਪ੍ਰਚਾਰ ਦੇ ਖੇਤਰ ਵਿੱਚ ਮਿਸਾਲੀ ਯੋਗਦਾਨ ਅਤੇ ਸਮਰਪਿਤ ਸੇਵਾਵਾਂ ਲਈ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ 'ਪਦਮ ਸ੍ਰੀ ਪੁਰਸਕਾਰ' ਲਈ ਚੁਣਿਆ ਗਿਆ ਹੈ। ਇਹ ਸਾਡੇ ਸਭਨਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਭਾਰਤ ਦੇ ਗਣਤੰਤਰ ਦਿਵਸ ਦੇ ਮੌਕੇ 'ਤੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਦੁਆਰਾ ਸਨਮਾਨਿਤ ਕੀਤਾ ਜਾਵੇਗਾ।
ਅਤੀਤ ਦੇ ਉਹ ਪੁਰਾਣੇ ਵੇਲੇ ਅੱਜ ਕਿਸੇ ਫਿਲਮ ਵਾਂਗ ਜ਼ਹਿਨ ਵਿਚ ਘੁੰਮ ਰਹੇ ਹਨ। ਸ੍ਰ. ਦਰਦੀ ਨੇ ਆਪਣੀ ਚੜ੍ਹਦੀ ਜਵਾਨੀ ਵਿੱਚ ਪੰਜਾਬੀ ਬੋਲਦੇ ਸੂਬੇ ਦੀ ਸਿਰਜਣਾ ਲਈ ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਬਾਰਾਂ ਸਾਲ ਦੀ ਛੋਟੀ ਉਮਰ ਵਿੱਚ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਤੋਂ ਪੰਜਾਬੀ ਸੂਬਾ ਲਹਿਰ ਵਿੱਚ ਭਾਗ ਲੈਣ ਲਈ 22 ਜੂਨ, 1960 ਨੂੰ ਗ੍ਰਿਫਤਾਰੀ ਦਿੱਤੀ। ਇਸ ਗੱਲ ਨੂੰ ਉਹਨਾਂ ਕਦੇ ਸੌਖੇ ਵੇਲਿਆਂ ਵਿੱਚ ਵੀ ਨਹੀਂ ਭੁਲਾਇਆ। ਜਿਹੜਾ ਵੀ ਦਰ ਤੇ ਆਇਆ ਉਸਨੂੰ ਆਪਣੇ ਪਰਿਵਾਰ ਵਾਂਗ ਸਮਝਿਆ ਅਤੇ ਗੱਲ ਨਾਲ ਲਾਇਆ।
ਕਲਮ ਦੀ ਸਾਧਨਾ ਵਿਚ ਉਹਨਾਂ ਨਵੇਂ ਮੀਲ ਪੱਥਰ ਸਥਾਪਿਤ ਕੀਤੇ। ਨਵੇਂ ਦਿਸਹੱਦੇ ਬਣਾਏ। ਜੇ ਕਦੇ ਔਕੜਾਂ ਵੀ ਆਈਆਂ ਤਾਂ ਬੜੀ ਹੀ ਸਿਦਕਦਿਲੀ ਨਾਲ ਉਹਨਾਂ ਦਾ ਸਾਹਮਣਾ ਕੀਤਾ। ਸਰ ਉੱਚਾ ਚੁੱਕ ਕੇ ਆਪਣੇ ਹੱਕ ਵੀ ਲਏ। ਉਨ੍ਹਾਂ ਨੇ ਆਪਣੇ 62 ਸਾਲਾਂ ਦੇ ਤਜਰਬੇ ਦੌਰਾਨ ਮੀਡੀਆ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਆਪ 1993 ਤੋਂ ਲਗਾਤਾਰ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਮੀਡੀਆ ਡੈਲੀਗੇਸ਼ਨ ਦੇ ਮੈਂਬਰ ਰਹੇ ਹਨ ਅਤੇ ਸਾਰੀ ਦੁਨੀਆ ਵਿੱਚ ਉਨ੍ਹਾਂ ਦੇ ਵਿਦੇਸ਼ੀ ਦੌਰਿਆਂ ਸਮੇਂ ਉਨ੍ਹਾਂ ਨਾਲ ਰਹੇ ਹਨ। ਸੰਨ 1997-98 ਵਿੱਚ ਲੋਕ ਸਭਾ ਅਤੇ 2014 ਵਿੱਚ ਰਾਜ ਸਭਾ ਦੀਆਂ ਪ੍ਰੈਸ/ਮੀਡੀਆ ਸਲਾਹਕਾਰ ਕਮੇਟੀਆਂ ਦੇ ਮੈਂਬਰ ਬਣੇ। ਸ੍ਰ. ਦਰਦੀ 1988 ਤੋਂ ਪਿ੍ੰਟ ਮੀਡੀਆ ਦੀ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ 'ਦ ਇੰਡੀਅਨ ਨਿਊਜ਼ਪੇਪਰ ਸੋਸਾਇਟੀ'”ਦੇ ਕਾਰਜਕਾਰਨੀ ਦੇ ਮੈਂਬਰ ਹਨ। ਉਹ 2001 ਵਿੱਚ ਪ੍ਰੈੱਸ ਕੌਂਸਲ ਆਫ਼ ਇੰਡੀਆ ਦਾ ਮੈਂਬਰ ਬਣੇ ਅਤੇ 3 ਵਾਰ ਆਪਣੀਆਂ ਸੇਵਾਵਾਂ ਦਿੱਤੀਆਂ। ਸਾਹਿਤ ਅਤੇ ਮੀਡੀਆ ਵਿੱਚ ਅਜਿਹੇ ਬਹੁਤ ਸਾਰੇ ਨਾਮ ਹੋਣਗੇ ਜਿਹਨਾਂ ਨੂੰ ਦਰਦੀ ਪਰਿਵਾਰ ਨੇ ਹੀ ਬਾਂਹ ਫੜ੍ਹ ਕੇ ਹੌਂਸਲਾ ਦਿੱਤਾ, ਗੱਲ ਨਾਲ ਲਾਇਆ ਅਤੇ ਸਥਾਪਿਤ ਕੀਤਾ। ਮੈਂ ਕੁਝ ਸੱਜਣਾਂ ਮਿੱਤਰਾਂ ਨੂੰ ਟੋਹਣ ਦੀ ਕੋਸ਼ਿਸ਼ ਨਾਲ ਇੱਕ ਵਾਰ ਆਖਿਆ ਹੁਣ ਤਾਂ ਕਿਸੇ ਹੋਰ ਵੱਡੀ ਅਖਬਾਰ ਵਿੱਚ ਹੋਵੋਗੇ? ਉਹਨਾਂ ਦਾ ਕੁਝ ਨਾਰਾਜ਼ਗੀ ਦੇ ਅੰਦਾਜ਼ ਵਾਲਾ ਜੁਆਬ ਸੀ ਸਾਡੇ ਲਈ ਹਮੇਸ਼ਾਂ ਸਾਡੀ ਚੜ੍ਹਦੀਕਲਾ ਹੀ ਵੱਡੀ ਅਖਬਾਰ ਰਹਿਣੀ ਹੈ। ਯੂਨੀਵਰਸਿਟੀਆਂ ਨੇ ਤਾਂ ਸਾਨੂੰ ਥਿਊਰੀ ਹੀ ਸਿਖਾਈ ਸੀ ਅਮਲ ਵਿੱਚ ਪੱਤਰਕਾਰੀ ਕਿਵੇਂ ਹੁੰਦੀ ਹੈ ਇਹ ਤਾਂ ਅਸੀਂ ਦਰਦੀ ਸਾਹਿਬ ਕੋਲ ਆ ਕੇ ਉਹਨਾਂ ਦੀ ਉਂਗਲੀ ਫੜ੍ਹ ਕੇ ਹੀ ਸਿੱਖਿਆ ਹੈ। ਇਹਨਾਂ ਵਿੱਚੋਂ ਬਹੁਤੇ ਆਪਣੇ ਆਖਰੀ ਸਾਹਾਂ ਤੱਕ ਇਸ ਅਦਾਰੇ ਨਾਲ ਜੁੜੇ ਰਹੇ। ਉਡਾਣ ਦੀ ਸ਼ਕਤੀ, ਉਤਸ਼ਾਹ, ਖੁੱਲ੍ਹ ਅਤੇ ਸੇਧ ਇਥੋਂ ਹੀ ਮਿਲਦੀ ਰਹੀ। ਮੋਹਾਲੀ ਦੇ ਸਵਰਗੀ ਰਾਜਿੰਦਰ ਸੇਵਕ (ਅੱਗਰਵਾਲ) ਸਾਹਿਬ ਜਦੋਂ ਵੀ ,ਮਿਲਦੇ ਤਾਂ ਦਰਦੀ ਸਾਹਿਬ ਬਾਰੇ ਬਹੁਤ ਕੁਝ ਦੱਸਿਆ ਕਰਦੇ ਸਨ ਉਹਨਾਂ ਬਾਰੇ ਫਿਰ ਕਦੇ ਵੱਖਰੀ ਪੋਸਟ ਵਿੱਚ ਜਲਦੀ ਹੀ ਲਿਖਾਂਗਾ।
ਅੱਜ ਜੇ ਇਹ ਅਦਾਰਾ ਏਨਾ ਵੱਡਾ ਹੈ ਤਾਂ ਇਸਦੇ ਪਿਛੇ ਦਰਦੀ ਪਰਿਵਾਰ ਦੀ ਲੰਮੀ ਸਾਧਨਾ ਹੈ। ਉਨ੍ਹਾਂ ਦੀ ਗਤੀਸ਼ੀਲ ਅਗਵਾਈ ਹੇਠ ਚੜ੍ਹਦੀਕਲਾ ਅਖ਼ਬਾਰ 1970 ਤੋਂ ਰੋਜ਼ਾਨਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਾ ਸਿਰਫ਼ ਪਿ੍ੰਟ ਮੀਡੀਆ ਦੇ ਖੇਤਰ ਵਿੱਚ ਸਗੋਂ ਇਲੈਕਟ੍ਰਾਨਿਕ ਮੀਡੀਆ ਦੇ ਖੇਤਰ ਵਿੱਚ ਵੀ ਸਿਖਰਲੀਆਂ ਉਚਾਈਆਂ ਪ੍ਰਾਪਤ ਕੀਤੀਆਂ। ਉਨ੍ਹਾਂ ਨੇ ਸਾਲ 2007 ਵਿੱਚ ਚੜਦੀਕਲਾ ਟਾਈਮ ਟੀ.ਵੀ. ਚੈਨਲ ਸ਼ੁਰੂ ਕੀਤਾ। ਚੜ੍ਹਦੀਕਲਾ ਟਾਈਮ ਟੀਵੀ ਚੈਨਲ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨਾਂ ਭਾਵ ਗੁਰੂਦੁਆਰਾ ਸ੍ਰੀ ਬੰਗਲਾ ਸਾਹਿਬ, ਨਵੀਂ ਦਿੱਲੀ ਤੋਂ ਰੋਜ਼ਾਨਾ ਸਿੱਧਾ ਪ੍ਰਸਾਰਣ ਕਰਨ ਲਈ ਇੱਕ ਪਸੰਦੀਦਾ ਪੰਜਾਬੀ ਸੈਟੇਲਾਈਟ ਚੈਨਲ ਬਣ ਗਿਆ ਹੈ। ਇਸ ਚੈਨਲ ਉਤੇ ਹਿਮਾਲਿਆ ਵਿੱਚ 15000 ਫੁੱਟ ਦੀ ਉਚਾਈ 'ਤੇ ਸਥਿਤ ਹੇਮਕੁੰਟ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ ਅਤੇ ਮਨੁੱਖਤਾ ਦੀ ਭਲਾਈ ਲਈ ਅਤੇ ਵਿਸ਼ਵ ਭਰ ਦੇ ਕਰੋੜਾਂ ਦਰਸ਼ਕਾਂ ਤੱਕ ਗੁਰਬਾਣੀ ਦਾ ਸੰਦੇਸ਼ ਪਹੁੰਚਾਉਣ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਤੋਂ ਪ੍ਰਸਾਰਣ ਹੁੰਦਾ ਹੈ। ਤਕਨੀਕੀ ਤੌਰ ਤੇ ਹਮੇਸ਼ਾਂ ਮੂਹਰਲੀ ਕਤਾਰ ਵਿਚ ਰਹਿਣਾ ਦਰਦੀ ਸਾਹਿਬ ਦਾ ਸੁਭਾਅ ਰਿਹਾ। ਜਦੋਂ ਹੱਥਾਂ ਨਾਲ ਇੱਕ ਇੱਕ ਆਖਰ ਜੋੜ ਕੇ ਕੰਪੋਜ਼ਿੰਗ ਹੋਇਆ ਕਰਦੀ ਸੀ ਉਸ ਦੌਰ ਤੋਂ ਲੈ ਕੇ ਕੰਪਿਊਟਰ ਵਾਲੀ ਕਾਮਸੈਟ ਪ੍ਰਿੰਟਿੰਗ//ਆਫਸੈਟ ਪ੍ਰਿੰਟਿੰਗ ਤੱਕ ਦਰਦੀ ਸਾਹਿਬ ਹਮੇਸ਼ਾਂ ਅੱਗੇ ਹੀ ਅੱਗੇ ਵਧਦੇ ਰਹੇ।
ਕਮਰਸ਼ੀਅਲ ਕੰਪੀਟੀਸ਼ਨ ਅਤੇ ਗਲਾ ਕੱਟ ਮੁਕਾਬਲਿਆਂ ਵਾਲੇ ਦੌਰ ਵਿੱਚ ਵੀ ਇਸ ਅਦਾਰੇ ਦਾ ਦਾਇਰਾ ਜੇ ਅੱਜ ਏਨਾ ਵਿਸ਼ਾਲ ਹੈ ਤਾਂ ਇਸ ਪਿਛੇ ਸਾਧਨਾ ਵੀ ਬਹੁਜਤ ਵੱਡੀ ਹੈ। ਦਰਦੀ ਸਾਹਿਬ ਨੇ ਆਪਣੀ ਸਾਰੀ ਆਪਣੀ ਸਾਰੀ ਜੁਆਨੀ ਇਸ ਪਾਸੇ ਲੈ ਹੈ। ਦੁਨੀਆ ਭਰ ਦੇ ਆਪਣੇ ਪਾਠਕਾਂ ਅਤੇ ਦਰਸ਼ਕਾਂ ਵਿੱਚ ਦੇਸ਼ ਭਗਤੀ, ਭਾਸ਼ਾ, ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਭਾਰਤੀ ਵਿਰਸੇ ਦੀ ਸੇਵਾ ਕਰਨ ਦੇ 50 ਸਾਲਾਂ ਤੋਂ ਵੱਧ ਦੇ ਸ਼ਾਨਦਾਰ ਇਤਿਹਾਸ ਦੇ ਕਾਰਨ, ਚੜ੍ਹਦੀਕਲਾ ਟਾਈਮ ਟੀਵੀ ਨੇ ਸਾਰੇ ਉਪਲਬਧ ਡੀ.ਟੀ.ਐਚ. 'ਤੇ ਆਪਣੀ ਭਰੋਸੇਯੋਗਤਾ ਅਤੇ ਵਿਸ਼ਵ ਵਿਆਪੀ ਮੌਜੂਦਗੀ ਹਾਸਲ ਕੀਤੀ ਹੈ। ਚੜ੍ਹਦੀਕਲਾ ਟਾਈਮ ਟੀ. ਵੀ. ਕੇਬਲ, ਓ.ਟੀ.ਟੀ. ਅਤੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਭਾਰਤ ਦੇ ਸਭ ਤੋਂ ਵਧੀਆ ਅਤੇ ਚੋਟੀ ਦੇ ਦਰਜਾਬੰਦੀ ਵਾਲੇ ਪੰਜਾਬੀ ਚੈਨਲਾਂ ਵਿੱਚੋਂ ਇੱਕ ਬਣ ਗਿਆ ਹੈ ਅਤੇ ਵਿਸ਼ਵ ਭਰ ਵਿੱਚ ਬਹੁਤ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਪੁਰਾਣੀਆਂ ਵਿਰਾਸਤੀ ਗੱਲਾਂ ਨੂੰ ਚੇਤੇ ਰੱਖਦਿਆਂ ਨਵੀਆਂ ਪਿਰਤਾਂ ਵੀ ਪਾਈਆਂ। ਬਹੁਤ ਕੁਝ ਨਵਾਂ ਵੀ ਸਥਾਪਿਤ ਕੀਤਾ। ਉਹਨਾਂ ਦੀ ਦੇਣ ਦੀ ਗੱਲ ਕਰੀਏ ਤਾਂ ਗੱਲਾਂ ਮੁੱਕਣ ਵਿਚ ਨਹੀਂ ਆਉਣੀਆਂ।
ਪਰ ਸਿੱਖ ਧਰਮ ਦਾ ਜ਼ਿਕਰ ਵੀ ਜ਼ਰੂਰੀ ਹੈ। ਦਰਦੀ ਪਰਿਵਾਰ ਨੇ ਵਿਕਾਸ ਦੀਆਂ ਸਿਖਰਾਂ ਛੂੰਹਦਿਆਂ ਕਦੇ ਵੀ ਧਰਮ ਕਰਮ ਅਤੇ ਵਿਰਾਸਤ ਨੂੰ ਤਿਲਾਂਜਲੀ ਨਹੀਂ ਦਿੱਤੀ। ਗੁਰੂ ਘਰ ਦੀਆਂ ਸਿਖਿਆਵਾਂ ਨੂੰ ਹਮੇਸ਼ਾਂ ਯਾਦ ਰੱਖਿਆ। ਧਾਰਮਿਕ ਕਵਰੇਜ ਨੂੰ ਮੁੱਢਕਾਲ ਤੋਂ ਹੀ ਪਹਿਲ ਦਿੱਤੀ। ਸ.ਜਗਜੀਤ ਸਿੰਘ ਦਰਦੀ ਦੀਆਂ ਸਿੱਖ ਧਰਮ ਲਈ ਨਿਸ਼ਕਾਮ ਸੇਵਾਵਾਂ ਲਈ ਉਹਨਾਂ ਨੂੰ ਖਾਲਸਾ ਪੰਥ ਦੇ ਸਰਵਉੱਚ ਤਖਤ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਤਖਤ ਸ੍ਰੀ ਪਟਨਾ ਸਾਹਿਬ ਨੇ ਉਹਨਾਂ ਨੂੰ 'ਭਾਈ ਸਾਹਿਬ'” ਦੀ ਪਦਵੀ ਪ੍ਰਦਾਨ ਕੀਤੀ ਹੈ। ਦਰਦੀ ਪਰਿਵਾਰ ਨੇ ਮੁਨਾਫਾਖੋਰੀ ਦੇ ਇਸ ਯੁਗ ਵਿੱਚ ਵੀ ਲੋਕਾਂ ਨੂੰ ਧਰਮ ਕਰਮ ਅਤੇ ਨੈਤਿਕਤਾ ਨਾਲ ਜੋੜੀ ਰੱਖਣਾ ਇੱਕ ਬਹੁਤ ਵੱਡੀ ਦੇਣ ਹੈ। ਲੋਕਾਂ ਨੂੰ ਕੁਝ ਡਰ ਬਣਿਆ ਰਹੇ ਤਾਂ ਚੰਗਾ ਹੀ ਹੈ। ਇਸ ਨਾਲ ਸਮਾਜ ਦਾ ਫਾਇਦਾ ਹੀ ਹੋਵੇਗਾ।
ਇਸ ਮਕਸਦ ਨਾਲ ਹੀ ਉਹਨਾਂ ਸਿੱਖਿਆ ਦੇ ਖੇਤਰ ਵਿੱਚ ਵੀ ਕਈ ਉਪਰਾਲੇ ਕੀਤੇ। ਇੱਕ ਨਾਮਵਰ ਪੱਤਰਕਾਰ ਹੋਣ ਦੇ ਨਾਲ-ਨਾਲ ਆਪ ਪਟਿਆਲਾ ਵਿੱਚ ਸ੍ਰੀ ਗੁਰੂ ਹਰਿ ਕ੍ਰਿਸ਼ਨ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਵੀ ਹਨ। ਇਨ੍ਹਾਂ ਸੰਸਥਾਵਾਂ ਦਾ ਉਦੇਸ਼ ਲੋਕਾਂ ਵਿੱਚ ਮਿਆਰੀ ਸਿੱਖਿਆ ਦਾ ਪ੍ਰਚਾਰ ਕਰਨਾ ਅਤੇ ਨਵੀਂ ਪੀੜ੍ਹੀ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਭਾਵਨਾ ਪੈਦਾ ਕਰਨਾ ਹੈ। ਚੰਗੀ ਸਿੱਖਿਆ ਨਾਲ ਹੀ ਸਿਹਤਮੰਦ ਸਮਾਜ ਸਿਰਜਿਆ ਜਾ ਸਕਦਾ ਹੈ। ਦਰਦੀ ਪਰਿਵਾਰ ਉਹਨਾਂ ਸਭਨਾਂ ਤੱਕ ਸਿੱਖੀ ਪਹੁੰਚਾਉਣਾ ਚਾਹੁੰਦਾ ਹੈ ਜਿਹੜੇ ਅੱਜ ਦੇ ਯੁਗ ਵਿਚ ਵੀ ਸਿੱਖਿਆ ਤੋਂ ਵਿਹੂਣੇ ਹਨ। ਉਹਨਾਂ ਕੋਲ ਪੜ੍ਹਾਈ ਲਈ ਲੁੜੀਂਦੇ ਫ਼ੰਡ ਅਤੇ ਸਾਧਨ ਨਹੀਂ ਹਨ। ਉਹਨਾਂ ਤੱਕ ਕਿਵੇਂ ਪਹੁੰਚਿਆ ਜਾਵੇ ਇਸ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ।
ਉਨ੍ਹਾਂ ਦੀਆਂ ਇਨ੍ਹਾਂ ਪ੍ਰਮੁੱਖ ਸੇਵਾਵਾਂ ਕਾਰਨ ਉਨ੍ਹਾਂ ਨੂੰ ਸੰਨ 1992 ਵਿੱਚ ਪੰਜਾਬ ਸਰਕਾਰ ਨੇ ਸ਼੍ਰੋਮਣੀ ਸਾਹਿਤਕਾਰ ਤੇ 1998 ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਕੇ.ਆਰ. ਨਰਾਇਣ ਜੀ ਨੇ ਸ਼੍ਰੋਮਣੀ ਪੱਤਰਕਾਰ ਅਵਾਰਡ ਨਾਲ ਸਨਮਾਨਿਤ ਕੀਤਾ। ਅਮਰੀਕਾ ਅਤੇ ਕੈਨੇਡਾ ਵਿੱਚ ਆਯੋਜਿਤ ਹੋਈਆਂ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਸ੍ਰ. ਦਰਦੀ ਨੂੰ ਸਨਮਾਨਿਤ ਕੀਤਾ ਗਿਆ। ਸ੍ਰ. ਦਰਦੀ 1993 ਤੋਂ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਨਾਲ ਵਿਦੇਸ਼ ਯਾਤਰਾਵਾਂ ਉਤੇ ਵੀ ਜਾਂਦੇ ਰਹੇ ਹਨ। ਇਸ ਤਰ੍ਹਾਂ ਜਿੱਥੇ ਪੰਜਾਬ ਅਤੇ ਸਿੱਖੀ ਦੀ ਖੁਸ਼ਬੂ ਦੁਨੀਆ ਦੇ ਕੋਨੇ ਕੋਨੇ ਤੱਕ ਫੈਲੀ ਉੱਥੇ ਇਸ ਅਦਾਰੇ ਦਾ ਨੈਟਵਰਕ ਵੀ ਅੰਤਰਰਾਸ਼ਟਰੀ ਬਣਿਆ। ਹੁਣ ਵਿਦੇਸ਼ਾਂ ਵਿੱਚੋਂ ਇਸ ਅਦਾਰੇ ਨੂੰ ਨਾਲ ਦੀ ਨਾਲ ਹਰ ਘਟਨਾ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ।
ਆਖਿਰ ਵਿੱਚ ਇੱਕ ਗੱਲ ਹਿੰਦੀ ਦੀ ਵੀ। ਮਾਤਰ ਭਾਸ਼ਾ ਪੰਜਾਬੀ ਦੇ ਨਾਲ ਨਾਲ ਦਰਦੀ ਪਰਿਵਾਰ ਨੇ ਦੇਸ਼ ਨੂੰ ਜੋੜਨ ਵਾਲੀ ਰਾਜ ਭਾਸ਼ਾ ਹਿੰਦੀ ਵੱਲ ਵੀ ਉਚੇਚਾ ਧਿਆਨ ਦਿੱਤਾ। ਭਾਰਤ ਦੇਸ਼ ਹਮਾਰਾ ਇਸ ਅਦਾਰੇ ਦਾ ਹਿੰਦੀ ਅਖਬਾਰ ਹੈ। ਇਹ ਅਖਬਾਰ ਵੀ ਮੀਡੀਆ ਵਿਚ ਸਰਗਰਮ ਹੈ ਅਤੇ ਨਵੀਆਂ ਉਚਾਈਆਂ ਛੂਹ ਰਿਹਾ ਹੈ। ਕਜ਼ੂਲ ਮਿਲਾ ਕੇ ਦਰਦੀ ਸਾਹਿਬ ਦੀ ਸਾਧਨਾ, ਲਗਨ ਅਤੇ ਮਿਹਨਤ ਨੂੰ ਸਲਾਮ। ਪਦਮ ਸ਼੍ਰੀ ਐਵਾਰਡ ਮਿਲਣ ਤੇ ਸਾਡੇ ਸਭਨਾਂ ਵੱਲੋਂ ਹਾਰਦਿਕ ਵਧਾਈ ਵੀ।
ਸ. ਜਗਜੀਤ ਸਿੰਘ ਦਰਦੀ ਨੂੰ ਪਦਮ ਸ਼੍ਰੀ ਅਵਾਰਡ//ਸ਼ਲਾਘਾਯੋਗ ਪਹਿਲ
No comments:
Post a Comment