Friday, December 03, 2021

ਏਜੀਆਈ-ਗੈਸਟ੍ਰੋਸੀਟੀ 'ਤੇ ਐਡਵਾਂਸਡ ਐਡੋਸਕੋਪੀ ਵਰਕਸ਼ਾਪ ਦਾ ਆਯੋਜਨ

Friday 3rd December 2021 at 03:53 PM

ਇੱਕ ਦਿਨ ਦੀ ਲਾਈਵ ਵਰਕਸ਼ਾਪ 'ਚ ਦੂਰੋਂ ਦੂਰੋਂ ਪੁੱਜੇ ਮਾਹਰ ਡਾਕਟਰ 


ਲੁਧਿਆਣਾ
: 3 ਦਸੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੇਟ ਦੀਆਂ ਵੱਧ ਰਹੀਆਂ ਸਮਸਿਆਵਾਂ ਅਤੇ ਹੋਰ ਸਬੰਧਤ ਬਿਮਾਰੀਆਂ ਕਾਰਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਅਤੇ ਇਹਨਾਂ ਬਿਮਾਰੀਆਂ ਦੀਆਂ ਗੁੰਝਲਾਂ ਵੀ ਵੱਧ ਰਹੀਆਂ ਹਨ। ਐਡਵਾਂਸਡ ਗੈਸਟ੍ਰੋਐਂਟਰੌਲੋਜੀ ਇੰਸਟੀਚਿਊਟ (ਏ.ਜੀ.ਆਈ) - ਗੈਸਟਰੋਸੀਟੀ, ਲੁਧਿਆਣਾ ਨੇ ਐਡਵਾਂਸਡ ਜੀ ਆਈ ਐਡੋਸਕੋਪੀ ਅਤੇ ਟੈਕਨੀਸ਼ੀਅਨ ਸਿਖਲਾਈ ਪ੍ਰੋਗਰਾਮ 'ਤੇ ਇੱਕ ਦਿਨ ਦੀ ਲਾਈਵ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿੱਚ ਬਹੁਤ ਸਾਰੇ ਸਬੰਧਤ ਮੁੱਦਿਆਂ ਤੇ ਗੱਲਬਾਤ ਹੋਈ ਜਿਸਦਾ ਲਾਹਾ ਤਕਨੀਕੀ ਸਟਾਫ ਨੇ ਭੀ ਲਿਆ ਅਤੇ ਡਾਕਟਰਾਂ ਨੇ ਵੀ। ਇਹਨਾਂ ਸਾਰੀਆਂ ਦੇ ਤਾਲਮੇਲ ਦਾ ਫਾਇਦਾ ਇਲਾਕੇ ਦੇ ਮਰੀਜ਼ਾਂ ਨੂੰ ਵੀ ਨਿਸਚੇ ਹੀ ਪੁੱਜੇਗਾ। 

ਇਸ ਵਰਕਸ਼ਾਪ ਵਿੱਚ ਪੂਰੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਉੱਘੇ ਮਾਹਰ ਡਾਕਟਰ ਆਏ। ਇਹਨਾਂ ਵਿੱਚ ਗੈਸਟ੍ਰੋਐਂਟਰੌਲੋਜਿਸਟ ਉਚੇਚੇ ਤੌਰ ਤੇ ਸ਼ਾਮਲ ਰਹੇ ਜਿਹੜੇ ਪੇਟ ਦੇ ਮਾਹਿਰ ਡਾਕਟਰ ਹੁੰਦੇ ਹਨ। ਇਹਨਾਂ ਡਾਕਟਰਾਂ ਨੇ ਆਪਣੀ ਜਾਣਕਾਰੀ ਅਤੇ ਤਜਰਬਿਆਂ ਨੂੰ ਇਥੇ ਸਭਨਾਂ ਨਾਲ ਸਾਂਝਿਆਂ  ਕੀਤਾ। ਇਹਨਾਂ ਤਜਰਬਿਆਂ ਨਾਲ ਹੀ ਖੁੱਲ ਰਹੀਆਂ ਸਨ ਇਸ ਵਿਸ਼ੇ ਨਾਲ ਸਬੰਧਤ ਗੁੰਝਲਾਂ। 

ਈਵੈਂਟ ਏ.ਜੀ.ਆਈ ਲਾਈਵ 2021 ਵਿੱਚ ਐਡਵਾਂਸਡ ਗੈਸਟਰੋ ਐਡੋਸਕੋਪੀ ਪ੍ਰਕਿਰਿਆਵਾਂ ਦਾ ਲਾਈਵ ਪ੍ਰਦਰਸ਼ਨ ਅਤੇ ਬੁਨਿਆਦੀ ਅਤੇ ਐਡਵਾਂਸਡ ਨਵੀਆਂ ਪ੍ਰਕਿਰਿਆਵਾਂ ਵਿੱਚ ਤਕਨੀਕਾਂ ਅਤੇ ਵਿਵਾਦਾਂ 'ਤੇ ਵੀਡੀਓ ਗੱਲਬਾਤ ਅਤੇ ਪੈਨਲ ਚਰਚਾ ਸ਼ਾਮਲ ਸੀ। ਲਾਈਵ ਸੈਸ਼ਨ ਵਿੱਚ ਖਾਣੇ ਦੀ ਨਾਲੀ ਦੀ ਬਿਮਾਰੀ ਐਕਲੇਸ਼ੀਆ ਕਾਰਡੀਆ ਲਈ POEM ਦੇ ਕੇਸ, ਵੱਡੇ ਗੁੰਝਲਦਾਰ ਪਿੱਤੇ ਦੀ ਨਾਲੀ ਦੀ ਪੱਥਰੀ ਲਈ ਸਪਾਈਗਲਾਸ ਕੋਲੌਂਜੀਓਸਕੋਪੀ, ਲੂਮੈਨ ਐਪੋਸਿੰਗ ਮੈਟਲ ਸਟੈਂਟ (HOT AXICS) ਦੀ ਨਵੀ ਕਾਢ ਦੀ ਵਰਤੋਂ ਕਰਦੇ ਹੋਏ ਸੂਡੋਮਿਸਟ ਦੀ ਐਡੋਸਕੋਪੀ ਅਲਟਰਾਸਾਊਂਡ ਡਰੇਨੇਜ,ਐਡੋਸਕੋਪੀ ਅਲਟਰਾਸਾਉਂਡ ਗਾਈਡਿਡ ਵੈਰੀਸੀਅਲ ਕੁਆਇਲ ਇਮਥੇਲਾਈਜ਼ੇਸ਼ਨ ਅਤੇ ਗੈਸਟ੍ਰਿਕ ਰਾਈਡ ਐਡੋਸਕੋਪੀ ਅਲਟਰਾਸਾਊਂਡ ਦੁਆਰਾ ਲਿੰਫ ਨੋਡਸ ਅਤੇ ਪੈਨਕ੍ਰੀਅਸ ਤੋਂ ਟਿਸ਼ੂ ਦੀ ਬਿਓਪਸੀ ਦੀ ਤਕਨੀਕ ਦਾ ਪ੍ਰਦਰਸ਼ਨ ਕੀਤਾ ਗਿਆ। 

ਇਸ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਪੰਜਾਬ ਵਿੱਚ ਪਹਿਲੀ ਵਾਰ ਇੱਕ ਨਵੀਂ ਤਕਨੀਕ ਦਾ ਪ੍ਰਦਰਸ਼ਨ ਸੀ ਜਿਸਨੂੰ ਐਂਡੋਬਿਲਰੀ ਆਰ ਐਫ ਏ (ਰੇਡੀਓਵੀਕੁਐਂਸੀ ਐਬਲੇਸ਼ਨ) ਕਿਹਾ ਜਾਂਦਾ ਹੈ ਜਿਸਦੇ ਨਾਲ ਪਿੱਤੇ ਦੇ ਨਾਲੀ ਦਾ ਟਿਊਮਰ ਦਾ ਇਲਾਜ ਕੀਤਾ ਗਿਆ । ਸੰਖੇਪ ਵਿੱਚ, ਇਸ ਵਿਲੱਖਣ ਵਰਕਸ਼ਾਪ ਨੇ ਪੂਰੇ ਖੇਤਰ ਵਿੱਚ ਗੈਸਟਰੋ ਭਾਈਚਾਰੇ ਨੂੰ ਉੱਨਤ ਅਤੇ ਨਵੀਨਤਮ ਐਡੋਸਕੋਪਿਕ ਤਕਨੀਕਾਂ ਦੇ ਵਿਆਪਕ ਦ੍ਰਿਸ਼ਟਾਂਤ ਨੂੰ ਯਕੀਨੀ ਬਣਾਇਆ ਅਤੇ ਸਾਰਿਆਂ ਦੁਆਰਾ ਵਿਆਪਕ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ।


No comments: