Saturday, November 20, 2021

ਪਿੰਡ ਰੁੜਕਾ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ

ਬੜੀ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ


ਮੋਹਾਲੀ
: 20 ਨਵੰਬਰ, 2021: (ਗੁਰਜੀਤ ਬਿੱਲਾ//ਅਰਾਧਨਾ ਟਾਈਮਜ਼//ਰੂਹਾਨੀ ਰਿਪੋਰਟ)::

ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਹਰ ਪਾਸੇ ਰੌਣਕਾਂ ਰਹੀਆਂ। ਕੜਾਹ ਪ੍ਰਸ਼ਾਦ ਦੀਆਂ ਦੇਗਾਂ  ਅਤੇ ਗਰੂਰ ਕਾ ਅਤੁੱਟ ਲੰਗਰ ਵੀ ਵਰਤਿਆ। ਨਾਮ ਬਾਣੀ ਦੇ ਪ੍ਰਵਾਹ ਚੱਲੇ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੇ ਇੱਕ ਵਾਰ ਫੇਰ ਦੁਨੀਆ ਨੂੰ ਰਾਹ ਦਿਖਾਈ। ਜਗਤ ਗੁਰੂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ  ਗੁਰਦੁਆਰਾ ਸ੍ਰੀ ਆਕੀਗੜ੍ਹ ਸਾਹਿਬ, ਪਿੰਡ ਰੁੜਕਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਇਸ ਮੌਕੇ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ।

ਸਮਾਗਮ ਦੌਰਾਨ ਸਭ ਤੋਂ ਪਹਿਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਨੇ ਅਰਦਾਸ ਕੀਤੀ ਅਤੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਸਮਾਣਾ ਦੇ ਰਾਗੀ ਜਥੇ ਵੱਲੋਂ ਰਸਮਈ ਕੀਰਤਨ ਕੀਤਾ ਗਿਆ। ਜਥੇ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਕੀਰਤਨ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾਰਾ ਸਿੰਘ ਨੇ ਸਿੱਖ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਸੰਗਤਾਂ ਨੂੰ ਗੁਰੂ ਸਾਹਿਬ ਵਲੋਂ ਦਰਸਾਏ ਗਏ ਮਾਰਗ ‘ਤੇ ਚੱਲਣ ਦੀ ਅਪੀਲ ਕਰਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਮਲ ‘ਚ ਲਿਆਉਣ ਲਈ ਪ੍ਰੇਰਿਤ ਕੀਤਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਗੁਰਜੀਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਪਿੰਡ ਰੁੜਕਾ ਦੇ ਸਰਪੰਚ ਹਰਜੀਤ ਸਿੰਘ, ਕਮੇਟੀ ਮੈਂਬਰ ਮਨਜੀਤ ਸਿੰਘ, ਬਲਜੀਤ ਸਿੰਘ, ਪਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਰਮੁੱਖ ਸਿੰਘ, ਦਰਸ਼ਨ ਸਿੰਘ, ਗੁਰਲਾਲ ਸਿੰਘ ਵੀ ਸੰਗਤ ਰੂਪ ਵਿੱਚ ਮੌਜੂਦ ਰਹੇ। ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਵੀ ਸੰਗਤਾਂ ਆਈਆਂ। 


No comments: