Tuesday, October 12, 2021

ਪੁਲਿਸ ਫੋਰਸ ਵੱਲੋਂ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਜਿਨਸੀ ਹਿੰਸਾ

 Tuesday; 12th October at 04:47 PM

ਦੁਨੀਆ ਭਰ ਵਿੱਚ ਹੋਵੇ ਇਨ੍ਹਾਂ ਬੇਸ਼ਰਮ ਕਾਰਵਾਈਆਂ ਦਾ ਜ਼ੋਰਦਾਰ ਵਿਰੋਧ


ਟਿਕਰੀ ਮੋਰਚਾ
//ਦਿੱਲੀ: 12 ਅਕਤੂਬਰ 2021: (ਸੁਖਦਰਸ਼ਨ ਨੱਤ//ਪੰਜਾਬ ਸਕਰੀਨ)::

10 ਅਕਤੂਬਰ ਨੂੰ, ਦੋ ਮਹਿਲਾ ਵਿਦਿਆਰਥਣਾਂ ਸ਼੍ਰੇਆ ਕਪੂਰ ਬੈਨਰਜੀ ਅਤੇ ਨੇਹਾ ਤਿਵਾੜੀ ਨੂੰ ਦਿੱਲੀ ਪੁਲਿਸ ਦੇ ਕਰਮਚਾਰੀਆਂ ਨੇ ਉਨ੍ਹਾਂ ਦੀ 'ਜਗ੍ਹਾ' ਦਿਖਾਉਣ ਲਈ ਬੇਰਹਿਮੀ ਨਾਲ ਉਨਾਂ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਗਿਆ। ਇਹ ਵਿਖਾਵਾਕਾਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਦੇ ਬਾਹਰ ਹੋਏ ਇੱਕ ਪ੍ਰਦਰਸ਼ਨ ਦਾ ਹਿੱਸਾ ਸਨ ਅਤੇ ਅਜੈ ਮਿਸ਼ਰਾ ਟੇਨੀ, ਜੋ ਕਿ ਕਿਸਾਨਾਂ ਦੇ ਲਖੀਮਪੁਰ ਖੇੜੀ ਕਤਲੇਆਮ ਵਿੱਚ ਸਾਜ਼ਿਸ਼ਕਾਰ ਵਜੋਂ ਦੋਸ਼ੀ ਹੈ, ਨੂੰ ਕੇਂਦਰੀ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਕਰ ਰਹੇ ਸਨ। ਪੰਜਾਬ ਕਿਸਾਨ ਯੂਨੀਅਨ ਨੇ ਇਸ ਵਹਿਸ਼ੀ ਘਟਨਾ ਦੀ ਸਖਤ ਨਿੰਦਾ ਕਰਦਿਆਂ ਮੌਕੇ ਦੇ ਪੁਲਸ ਅਫਸਰਾਂ ਅਤੇ ਜੁਰਮ ਵਿਚ ਸ਼ਾਮਲ ਪੁਲਸ ਮੁਲਾਜ਼ਮਾਂ ਖਿਲਾਫ ਤੁਰੰਤ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਪੰਜਾਬ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੂਰੇ ਦੇਸ਼ ਨੇ ਵੇਖਿਆ ਹੈ ਕਿ ਕਿਵੇਂ 3 ਅਕਤੂਬਰ ਨੂੰ ਟੇਨੀ ਦੇ ਬੇਟੇ ਅਸ਼ੀਸ਼ ਮਿਸ਼ਰਾ ਨੇ ਜਾਣਬੁੱਝ ਕੇ ਆਪਣੀ ਐਸਯੂਵੀ ਨਾਲ ਸਾਂਤਮਈ ਵਿਰੋਧ ਪ੍ਰਦਰਸ਼ਨ  ਵਿੱਚ ਸ਼ਾਮਲ ਚਾਰ ਕਿਸਾਨਾਂ ਨੂੰ ਦਰੜ ਕੇ ਮਾਰ ਦਿੱਤਾ। ਸਪੱਸ਼ਟ ਹੈ ਕਿ ਜੇਕਰ ਹਾਲੇ ਵੀ ਅਜੇ ਮਿਸ਼ਰਾ ਗ੍ਰਹਿ ਰਾਜ ਮੰਤਰੀ ਦੇ ਅਹੁਦੇ 'ਤੇ ਬਣਿਆ ਰਹਿੰਦਾ ਹੈ, ਤਾਂ ਕਿਸਾਨਾਂ ਨੂੰ ਨਿਆਂ ਨਹੀਂ ਮਿਲ ਸਕਦਾ।

ਅਜੈ ਮਿਸ਼ਰਾ ਟੇਨੀ ਨੂੰ ਉਨ੍ਹਾਂ ਦੇ ਮੰਤਰੀ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਹੀ ਵਿਦਿਆਰਥੀ ਸੰਗਠਨ - ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ - ਦੇ ਬੈਨਰ ਹੇਠ ਇਹ ਵਿਦਿਆਰਥੀ ਵਿਦਿਆਰਥਣਾਂ 10 ਅਕਤੂਬਰ ਨੂੰ ਅਮਿਤ ਸ਼ਾਹ ਦੇ ਘਰ ਨੇੜੇ ਇਕੱਠੇ ਹੋਏ ਸਨ। ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਜ਼ਬਰਦਸਤੀ ਉਥੋਂ ਹਟਾ ਦਿੱਤਾ।  ਮਹਿਲਾ ਪ੍ਰਦਰਸ਼ਨਕਾਰੀਆਂ ਨੂੰ  ਵੱਖਰੇ ਕਰਕੇ ਪੁਲਸ ਵਲੋਂ ਉਨਾਂ ਨੂੰ ਜਿਨਸੀ ਸ਼ੋਸ਼ਣ ਦਾ ਨਿਸ਼ਾਨਾ ਬਣਾਇਆ ਗਿਆ।

ਦਿੱਲੀ ਪੁਲਿਸ ਦੀਆਂ ਮਹਿਲਾ ਕਰਮਚਾਰੀਆਂ ਨੇ ਇੱਕ ਪ੍ਰਦਰਸ਼ਨਕਾਰੀ ਵਿਦਿਆਰਥਣ ਦੇ ਕੱਪੜੇ ਉਤਾਰ ਦਿੱਤੇ। ਉਨ੍ਹਾਂ ਨੇ ਇੱਕ ਹੋਰ ਮੁਜ਼ਾਹਰਾਕਾਰੀ ਲੜਕੀ ਨੂੰ ਉਸਦੀ ਯੋਨੀ ਉਤੇ ਠੁੱਡੇ ਮਾਰਦੇ ਹੋਏ ਉਸਨੂੰ ਸੜਕ ਉਤੇ ਘਸੀਟਿਆ। ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਦੀ ਬੱਸ ਦੇ ਅੰਦਰ ਧੱਕ ਦਿੱਤਾ ਗਿਆ। ਪੁਲਿਸ ਨੇ ਬੇਰਹਿਮੀ ਨਾਲ ਵਾਰ-ਵਾਰ ਉਨ੍ਹਾਂ ਵਿੱਚੋਂ ਇੱਕ ਨੂੰ ਉਸਦੇ ਗੁਪਤ ਅੰਗਾਂ ਉਤੇ ਠੋਕਰਾਂ ਮਾਰਦਿਆਂ ਕਿਹਾ "ਅਸੀਂ ਤੁਹਾਨੂੰ ਤੁਹਾਡੀ ਜਗ੍ਹਾ ਦਿਖਾਵਾਂਗੇ।" ਇੰਨਾਂ ਤੋਂ ਬਿਨਾਂ ਪੁਲਿਸ ਹਿਰਾਸਤ ਵਿੱਚ ਦੋ ਹੋਰ ਪ੍ਰਦਰਸ਼ਨਕਾਰੀ ਔਰਤਾਂ ਉਤੇ ਵੀ ਸਰੀਰਕ ਹਮਲਾ ਕੀਤਾ ਗਿਆ।  ਇਹ ਜਿਨਸੀ ਸ਼ੋਸ਼ਣ ਇਸ ਕਾਰਨ ਹੋਰ ਵੀ ਸ਼ਰਮਨਾਕ ਹੈ ਕਿ ਇਹ ਦਿੱਲੀ ਪੁਲਿਸ ਦੇ ਪੁਰਸ਼ ਮੁਲਾਜ਼ਮਾਂ ਦੇ ਐਨ ਸਾਹਮਣੇ ਕੀਤਾ ਗਿਆ ਸੀ ਜੋ ਉਥੇ ਖੜ੍ਹ ਕੇ ਇਹ ਸਭ ਵੇਖ ਰਹੇ ਸਨ। 

ਭਾਰਤ ਵਿੱਚ ਪੁਲਿਸ ਫੋਰਸਾਂ ਦੁਆਰਾ ਹਾਸ਼ੀਆਗਤ ਤਬਕਿਆਂ ਦੇ ਔਰਤਾਂ ਅਤੇ ਮਰਦਾਂ ਨੂੰ ਸ਼ਰਮਿੰਦਾ ਅਤੇ ਬੇਇੱਜ਼ਤ ਕਰਨ ਲਈ ਅਕਸਰ ਅਪਮਾਨਜਨਕ ਅਤੇ ਜਿਨਸੀ ਹਮਲੇ ਕੀਤੇ ਜਾਂਦੇ ਹਨ। ਜਸਟਿਸ ਵਰਮਾ ਕਮੇਟੀ ਨੇ ਅਜਿਹੀ ਹਿਰਾਸਤੀ ਜਿਨਸੀ ਹਿੰਸਾ ਦਾ ਸਖ਼ਤ  ਨੋਟਿਸ ਲਿਆ ਸੀ ਅਤੇ ਇਸਦੇ ਵਿਰੁੱਧ ਕਈ ਸੁਰੱਖਿਆ ਉਪਾਵਾਂ ਦੀ ਸਿਫਾਰਸ਼ ਕੀਤੀ ਸੀ।  ਜਿੰਨ੍ਹਾਂ ਵਿੱਚੋਂ ਕੋਈ ਵੀ ਅਮਲ ਵਿਚ ਨਹੀਂ ਲਿਆਦਾ ਗਿਆ। ਹੁਣ, ਹਾਲਾਤ ਅਜਿਹੇ ਹਨ ਕਿ ਭਾਰਤ ਦੀ ਕੌਮੀ ਰਾਜਧਾਨੀ ਵਿੱਚ, ਦਿੱਲੀ ਪੁਲਿਸ, ਦਿਨ ਦੇ ਚਾਨਣ ਵਿੱਚ, ਆਪਣੇ ਬੌਸ-ਭਾਰਤ ਦੇ ਗ੍ਰਹਿ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨਕਾਰੀ ਔਰਤਾਂ ਉੱਤੇ ਜਿਨਸੀ ਅਪਮਾਨ ਅਤੇ ਹਮਲੇ ਦੀਆਂ ਇਹ ਸ਼ਰਮਨਾਕ  ਯੋਜਨਾਬੱਧ ਕਾਰਵਾਈਆਂ ਕਰ ਰਹੀ ਹੈ।

ਸਾਡੇ ਲਈ ਇਹ ਬਿਲਕੁਲ ਸਪੱਸ਼ਟ ਹੈ ਕਿ ਇਹ ਦਿੱਲੀ ਪੁਲਿਸ ਦੇ ਕੁਝ ਜ਼ਾਲਮ ਜਾਂ ਬੁਰੇ ਕਰਮਚਾਰੀਆਂ ਦੁਆਰਾ ਕੀਤੀਆਂ ਗਈਆਂ ਆਪਹੁਦਰੀਆਂ ਕਾਰਵਾਈਆਂ ਨਹੀਂ ਹਨ। ਜਿਵੇਂ ਦੋਵਾਂ ਔਰਤਾਂ ਨੂੰ ਇਕੋ ਜਿਹੇ ਢੰਗ ਨਾਲ ਜਲੀਲ ਕੀਤਾ ਗਿਆ, ਉਹ ਦਰਸਾਉਂਦਾ ਹੈ ਕਿ ਔਰਤਾਂ ਨੂੰ ਉਨ੍ਹਾਂ ਦੀ ਜਗ੍ਹਾ ਦਿਖਾਉਣ ਲਈ ਮੋਦੀ ਸਰਕਾਰ ਵਲੋਂ ਮਹਿਲਾ ਕਰਮਚਾਰੀਆਂ ਨੂੰ ਇਸ ਤਰੀਕੇ ਦੀ ਬਾਕਾਇਦਾ ਸਿਖਲਾਈ ਅਤੇ ਨਿਰਦੇਸ਼ ਮਿਲੇ ਹੋਏ ਹਨ।

ਅਸੀਂ ਹਕੂਮਤੀ ਸ਼ਕਤੀ ਦੇ ਬੂਟਾਂ ਦੁਆਰਾ ਔਰਤਾਂ ਦੇ  ਅਜਿਹੇ ਅਪਮਾਨ ਅਤੇ ਜਿਨਸੀ ਹਮਲੇ ਦੀ ਸਖਤ ਨਿੰਦਾ ਕਰਦੇ ਹਾਂ। ਅਸੀਂ ਇਸ ਕਾਰਵਾਈ ਦੇ ਵਿਰੋਧ ਵਿਚ ਡੱਟ ਕੇ  ਸ਼੍ਰੇਆ ਅਤੇ ਨੇਹਾ ਦੇ ਨਾਲ ਖੜ੍ਹੇ ਹਾਂ।

ਜਿਥੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੇ ਮੋਦੀ ਹਕੂਮਤ ਵਲੋਂ ਲਿਆਂਦੇ ਗਏ ਕਾਨੂੰਨਾਂ ਦਾ ਵਿਰੋਧ ਕਰਨ ਦੀ ਹਿੰਮਤ ਕਰਨ ਬਦਲੇ ਆਪਣੇ ਪੁੱਤਰ ਦੀ ਐਸਯੂਵੀ ਨਾਲ ਕਿਸਾਨਾਂ ਨੂੰ ਕੁਚਲ ਦਿੱਤਾ, ਉਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਲਈ ਨਿਆਂ ਦੀ ਮੰਗ ਕਰਨ ਲਈ ਉਨ੍ਹਾਂ ਦੇ ਘਰ ਦੇ ਬਾਹਰ ਆਉਣ ਦੀ ਹਿੰਮਤ ਕਰਨ ਦੀ ਸਜ਼ਾ ਵਜੋਂ ਪੁਲਸ ਨੂੰ ਵਿਦਿਆਰਥਣਾਂ ਨਾਲ ਛੇੜਖਾਨੀ ਅਤੇ ਜਿਨਸੀ ਸ਼ੋਸ਼ਣ ਕਰਨ ਦੀ ਇਹ ਖੁੱਲ ਦਿੱਤੀ ਹੈ।

ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਏਸੀਪੀ ਚਾਣਕਯਪੁਰੀ, ਪ੍ਰਗਿਆ ਆਨੰਦ-ਜਿਸ ਨੇ ਸਪੱਸ਼ਟ ਤੌਰ 'ਤੇ ਮੌਕੇ  ਉਤੇ ਮੌਜੂਦ ਕਰਮਚਾਰੀਆਂ ਨੂੰ ਮਹਿਲਾ ਪ੍ਰਦਰਸ਼ਨਕਾਰੀਆਂ ਉਤੇ ਹਮਲਾ ਕਰਨ ਦੀ ਹਦਾਇਤ ਕੀਤੀ ਸੀ-ਨੂੰ ਬਰਖਾਸਤ ਕੀਤਾ ਜਾਵੇ ਅਤੇ ਜਿਨਸੀ ਸ਼ੋਸ਼ਣ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਮੁਅੱਤਲ ਕਰਕੇ ਉਨਾਂ ਖਿਲਾਫ਼ ਕੇਸ ਦਰਜ ਕੀਤਾ ਜਾਵੇ।

ਅਸੀਂ ਭਾਰਤ ਵਿੱਚ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਦੁਆਰਾ ਕੀਤੀ ਜਾਣ ਵਾਲੀ ਜਿਨਸੀ ਹਿੰਸਾ ਦੇ ਅੰਤ ਦੀ ਮੰਗ ਕਰਦੇ ਹਾਂ। ਅਸੀਂ ਪੂਰੇ ਭਾਰਤ ਅਤੇ ਦੁਨੀਆ ਭਰ ਦੇ ਸਹਿਯੋਗੀ ਲੋਕਾਂ ਨੂੰ ਮੋਦੀ ਸਰਕਾਰ ਦੀ ਪੁਲਿਸ ਫੋਰਸ ਦੁਆਰਾ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਕੀਤੀ ਗਈ ਜਿਨਸੀ ਹਿੰਸਾ ਦੀਆਂ ਇਨ੍ਹਾਂ ਬੇਸ਼ਰਮ ਕਾਰਵਾਈਆਂ ਦਾ ਜ਼ੋਰਦਾਰ ਵਿਰੋਧ ਕਰਨ ਦਾ ਸੱਦਾ ਦਿੰਦੇ ਹਾਂ। 

No comments: