Sunday, September 26, 2021

ਆਖਿਰ ਸਾਨੂੰ ਸਾਡਾ ਕਸੂਰ ਤਾਂ ਦੱਸ ਦੇਂਦੇ-ਇਸ ਤਰ੍ਹਾਂ ਜ਼ਲੀਲ ਕਿਓਂ ਕੀਤਾ?

 Sunday 26th September 2021 at 5:15 PM

 ਸਿੱਧੂ ਅਤੇ ਕਾਂਗੜ ਨੇ ਮੀਡੀਆ ਸਾਹਮਣੇ ਰੱਖਿਆ ਆਪਣੇ ਦਿਲ ਦਾ ਦਰਦ  


ਮੋਹਾਲੀ: 26 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਲੱਗਦਾ ਸੀ ਨਵੇਂ ਮੰਤਰੀਮੰਡਲ ਵੱਲੋਂ ਸੰਹੁ ਚੁੱਕੇ ਜਾਣ ਦੇ ਨਾਲ ਹੀ ਪੰਜਾਬ ਕਾਂਗਰਸ ਵਿੱਚ ਮੁਕੰਮਲ ਏਕਤਾ ਹੋ ਜਾਏਗੀ ਪਰ ਅਜਿਹੇ ਅਸਰ ਨਜ਼ਰ ਨਹੀਂ ਆ ਰਹੇ। ਮੰਤਰੀਮੰਡਲ ਵਿੱਚ ਥਾਂ ਨਾ ਮਿਲਣ ਕਾਰਨ ਨਾਰਾਜ਼ ਹੋਏ ਵਿਧਾਇਕਾਂ ਦੇ ਭਰੇ ਦਿਲ ਨਾਲ ਮੀਡੀਆ ਸਾਹਮਣੇ ਖੁੱਲ੍ਹ ਕੇ ਆਪਣਾ ਦੁੱਖੜਾ ਬਿਆਨ ਕੀਤਾ ਹੈ। 

ਨਵੀਂ ਕੈਬਨਿਟ ਵਿਚ ਥਾਂ ਨਾ ਬਣਾ ਸਕਣ ਵਾਲੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਨੇ ਆਪਣਾ ਦੁਖੜਾ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਕੈਬਨਿਟ ਵਿਚੋਂ ਬਾਹਰ ਕਰਨ ਦਾ ਹਾਈ ਕਮਾਨ ਕਸੂਰ ਤਾਂ ਦੱਸੇ।  ਅੱਜ ਐਤਵਾਰ ਵਾਲੇ ਦਿਨ ਮੀਡੀਆ ਦੇ ਰੂਬਰੂ ਹੋਣ ਸਮੇਂ ਸਿੱਧੂ ਕਾਫ਼ੀ ਭਾਵੁਕ ਵੀ ਹੋ ਗਏ ਅਤੇ ਉਨ੍ਹਾ ਦੀਆਂ ਅੱਖਾਂ ਭਰ ਆਈਆਂ। ਇਸ ਮੌਕੇ ਉਹਨਾਂ ਨਾਲ ਕਾਂਗੜ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਉਣਾ ਸੀ ਤਾਂ ਹਾਈ ਕਮਾਨ ਜਾਂ ਮੁੱਖ ਮੰਤਰੀ ਘੱਟੋ-ਘੱਟ ਇਕ ਵਾਰ ਕਹਿ ਕੇ ਦੇਖਦੇ, ਉਹ ਖੁਦ ਹੀ ਅਸਤੀਫ਼ਾ ਦੇ ਦਿੰਦੇ, ਪਰ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ, ਉਹ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ।  ਸਿੱਧੂ ਨੇ ਆਪਣੇ ਸਿਹਤ ਵਿਭਾਗ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾ ਦੀ ਟੀਮ ਨੇ ਦਿਨ-ਰਾਤ ਇਕ ਕਰਕੇ ਲੋਕਾਂ ਦੀ ਸੇਵਾ ਕੀਤੀ ਅਤੇ ਪੰਜਾਬ ਨੂੰ ਮਹਾਂਮਾਰੀ ਦੀ ਮਾਰ ਤੋਂ ਬਚਾਇਆ। ਇਸ ਤਰ੍ਹਾਂ ਅਪਮਾਨ ਅਤੇ ਜ਼ਲਾਲਤ ਦਾ ਗਿਲਾ ਹੁਣ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਨਹੀਂ ਬਲਕਿ ਹੋਰਨਾਂ ਨੰ ਵੀ ਹੈ। ਇਹਨਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। 

ਪ੍ਰੈਸ ਕਾਨਫਰੰਸ ਦੌਰਾਨ ਇਹ ਦਰਦ ਗੁਰਪ੍ਰੀਤ ਕਾਂਗੜ ਦਾ ਵੀ ਸੀ। ਕਾਂਗੜ ਨੇ ਵੀ ਮੀਡੀਆ ਵਾਲਿਆਂ ਨੂੰ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਗਿਣਵਾਈਆਂ ਅਤੇ ਹਾਈ ਕਮਾਨ ਨਾਲ ਗਿਲਾ ਕੀਤਾ। ਇਨ੍ਹਾਂ ਦੋਵੇਂ ਮੰਤਰੀਆਂ ਨੇ ਹਾਈ ਕਮਾਨ ਨੂੰ ਪੱਤਰ ਵੀ ਲਿਖਿਆ ਹੈ, ਜਿਸ ਵਿਚ ਕਿਹਾ ਹੈ ਕਿ ਹਾਈ ਕਮਾਨ ਉਨ੍ਹਾਂ ਦਾ ਕਸੂਰ ਤਾਂ ਦੱਸੇ। ਉਂਝ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਮੁੱਖ ਮੰਤਰੀ ਨਾਲ ਸਨ ਅਤੇ ਹੁਣ ਵੀ ਮੁੱਖ ਮੰਤਰੀ ਅਤੇ ਪਾਰਟੀ ਨਾਲ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ। 

No comments: