ਸੂਬੇ ਵਿਚ ਰਾਜ ਧਰਮ ਅਨੁਸਾਰ ਚਲਾਉਣ ਦਾ ਐਲਾਨ
ਅੰਮ੍ਰਿਤਸਰ: 22 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::
ਉਮੀਦਾਂ, ਅਚੰਭਿਆਂ ਅਤੇ ਵੱਖ ਵੱਖ ਤਰ੍ਹਾਂ ਦੀਆਂ ਕਿਆਸ ਅਰਾਈਆਂ ਦੇ ਦਰਮਿਆਨ ਅਚਾਨਕ ਦੇਰ ਰਾਤ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੜੀ ਤੇਜ਼ ਰਫਤਾਰ ਨਾਲ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਨਿਭਾ ਰਹੇ ਹਨ। ਇਸ ਰਫਤਾਰ ਵਿੱਚ ਹੀ ਉਹ ਦੇਰ ਰਾਤ ਅੰਮ੍ਰਿਤਸਰ ਪੁੱਜੇ ਅਤੇ ਜਲਿਆਂਵਾਲਾ ਬਾਗ, ਸ੍ਰੀ ਹਰਮੰਦਿਰ ਸਾਹਿਬ, ਸ਼੍ਰੀ ਦੁਰਗਿਆਣਾ ਤੀਰਥ ਅਤੇ ਸ਼੍ਰੀ ਵਾਲਮੀਕਿ ਤੀਰਥ ਵਿਖੇ ਜਾ ਕੇ ਮੱਥਾ ਟੇਕਿਆ। ਉਹਨਾਂ ਦੇ ਨਾਲ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਡਿਪਟੀ ਮੁੱਖ ਮੰਤਰੀ ਪਏ ਸੋਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਸਨ। ਬੁੱਧਵਾਰ ਸਵੇਰੇ ਸਵੇਰੇ ਅੰਮ੍ਰਿਤਸਰ ਦੀਆਂ ਰੌਣਕਾਂ ਵਿਚ ਵਾਧਾ ਹੋਇਆ ਹੋਇਆ ਸੀ। ਹਰ ਪਾਸੇ ਜੋਸ਼ੋ ਖਰੋਸ਼ ਸੀ। ਇਸ ਉਤਸ਼ਾਹ ਵਾਲੀ ਲਹਿਰ ਦੇ ਦੌਰਾਨ ਹੀ ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਓਪੀ ਸੋਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਹ ਪਾਲਕੀ ਸਾਹਿਬ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ। ਉਨ੍ਹਾਂ ਉਥੇ ਕਾਫ਼ੀ ਲੰਮਾ ਸਮਾਂ ਬੈਠ ਕੇ ਕੀਰਤਨ ਵੀ ਸਰਵਨ ਕੀਤਾ। ਇਸ ਮੌਕੇ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬੇ ਵਿਚ ਰਾਜ ਧਰਮ ਅਨੁਸਾਰ ਚਲਾਇਆ ਜਾਵੇਗਾ। ਹਰ ਧਰਮ ਤੇ ਵਰਗ ਦਾ ਸਤਿਕਾਰ ਕੀਤਾ ਜਾਵੇਗਾ। ਸੂਬੇ ਵਿੱਚ ਆਪਸੀ ਮੇਲ ਮਿਲਾਪ ਤੇ ਪਿਆਰ ਨੂੰ ਵਧਾਇਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਉਤੇ ਪੰਥ ਜਿਸ ਤਰ੍ਹਾਂ ਦਾ ਇਨਸਾਫ ਚਾਹੇਗਾ, ਉਸੇ ਤਰ੍ਹਾਂ ਦਿਵਾਇਆ ਜਾਵੇਗਾ।
ਸੂਬੇ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੀ ਰਾਜਨੀਤੀ ਮੁੱਦਿਆਂ ਤੋਂ ਭਟਕ ਗਈ ਸੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸ ਨੂੰ ਮੁੜ ਮੁੱਦਿਆਂ ਉਤੇ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋ ਦਿਨਾਂ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਰਹਿ ਕੇ ਜੋ ਪਿਛਲੇ ਦੋ ਦਿਨਾਂ ਵਿਚ ਮਹਿਸੂਸ ਕੀਤਾ ਹੈ, ਉਹ ਪਿਛਲੇ ਸਤਾਰਾਂ ਸਾਲ ਵਿੱਚ ਮਹਿਸੂਸ ਨਹੀਂ ਕੀਤਾ। ਜੇਕਰ ਅਸੀਂ ਲੋਕ ਮਸਲਿਆਂ ਹੱਲ ਨਹੀਂ ਕਰ ਸਕਦੇ ਤਾਂ ਅਸੀਂ ਸੱਚੇ ਸਿੱਖ ਨਹੀਂ ਹੈ। ਸਰਕਾਰ ਵਿਚ ਮੈਰਿਟ ਦੇ ਆਧਾਰ ਉਤੇ ਸਨਮਾਨ ਹੋਵੇਗਾ। ਹਰ ਕਾਂਗਰਸੀ ਹੱਕ ਤੇ ਸੱਚ ਦੀ ਲੜਾਈ ਲੜੇਗੀ।
ਇਸ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲ੍ਹਿਆਂਵਾਲੇ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਵਿਜ਼ਟਰ ਬੁੱਕ ਵਿਚ ਲਿਖਿਆ ਕਿ ਉਹ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਨਮਨ ਕਰਦੇ ਹਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ।

No comments:
Post a Comment