Wednesday, September 22, 2021

ਸ਼੍ਰੀ ਦੁਰਗਿਆਣਾ ਤੀਰਥ ਵਿਖੇ ਵੀ ਮੁੱਖ ਮੰਤਰੀ ਚੰਨੀ ਨੇ ਮੱਥਾ ਟੇਕਿਆ

ਮੰਦਰ ਕਮੇਟੀ ਨੇ ਕੀਤਾ ਪੂਰੀ ਟੀਮ ਦਾ ਸਨਮਾਨ 


ਅੰਮ੍ਰਿਤਸਰ
: 22 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਦੇਰ ਰਾਤ ਅੰਮ੍ਰਿਤਸਰ ਪਹੁੰਚੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ’ਤੇ ਸਪੈਸ਼ਲ ਚਾਰਟਡ ਪਲੇਨ ਰਾਹੀਂ ਆਏ। ਚੰਨੀ ਦੇ ਨਾਲ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸੁਖਜਿੰਦਰ ਸਿੰਘ ਰੰਧਾਵਾ ਵੀ ਹਵਾਈ ਅੱਡੇ ਤੋਂ ਸਿੱਧੇ ਨਵਜੋਤ ਸਿੰਘ ਸਿੱਧੂ ਦੀ ਕੋਠੀ ਤੱਕ ਮੌਜੂਦ ਰਹੇ। ਸਵੇਰੇ ਤੜਕਸਾਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਟੀਮ ਨਾਲ ਸਵੇਰੇ ਸਵੇਰੇ ਤੜਕਸਾਰ 3:45 ਵਜੇ ਸ੍ਰੀ ਦਰਬਾਰ ਸਾਹਿਬ, 6 ਵਜੇ ਸ੍ਰੀ ਰਾਮਤੀਰਥ, 7 ਵਜੇ ਜੱਲਿਆਂਵਾਲਾ ਬਾਗ, 7:30 ਵਜੇ ਸ੍ਰੀ ਦੁਰਗਿਆਣਾ ਮੰਦਰ ਨਤਮਸਤਕ ਹੋ ਕੇ ਅਕੀਦਤ ਪੇਸ਼ ਕੀਤੀ। ਉਨ੍ਹਾਂ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸਵੇਰੇ ਸਾਢੇ ਤਿੰਨ ਵਜੇ ਤਕ ਸ੍ਰੀ ਦਰਬਾਰ ਸਾਹਿਬ ਪਹੁੰਚਣ ਨੂੰ ਆਖਿਆ ਹੋਇਆ ਸੀ। 

ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼੍ਰੀ ਦੁਰਗਿਆਣਾ ਤੀਰਥ ਵਿਖੇ ਨਤਮਸਤਕ ਹੋਏ ਤੇ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ। ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕੀਤਾ ਗਿਆ ਤੇ ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ 'ਚ ਮੱਥਾ ਟੇਕਿਆ ਤੇ ਮੰਦਰ ਦੇ ਮੁੱਖ ਪੁਜਾਰੀ ਨੇ ਉਨ੍ਹਾਂ ਨੂੰ ਸ਼੍ਰੀ ਠਾਕੁਰ ਜੀ ਦਾ ਸਿਰੋਪਾਓ ਤੇ ਪ੍ਰਸ਼ਾਦ ਭੇਂਟ ਕੀਤਾ। ਇਥੇ ਵੀ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ। ਵਰਕਰਾਂ ਦੀ ਭੀੜ ਜੋਸ਼ੋ ਖਰੋਸ਼ ਨਾਲ ਮੌਜੂਦ ਸੀ। 

ਮੁੱਖ ਮੰਤਰੀ ਦੀ ਇਸ ਫੇਰੀ ਦੌਰਾਨ ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਮੰਦਰ ਕਮੇਟੀ ਦਫਤਰ ਵਿਚ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸ਼੍ਰੀ ਦੁਰਗਿਆਣਾ ਮੰਦਰ ਦੀ ਸੁੰਦਰ ਤਸਵੀਰ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸੇ ਦੌਰਾਨ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼੍ਰੀ ਰਾਮ ਤੀਰਥ ਵੀ ਨਤਮਸਤਕ ਹੋਏ ਤੇ ਭਗਵਾਨ ਵਾਲਮੀਕਿ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ। ਆਮ ਲੋਕ ਵੀ ਇਸ ਮੌਕੇ ਬੜੇ ਉਤਸ਼ਾਹਿਤ ਨਜ਼ਰ ਆਏ। 

No comments: