Thursday, July 29, 2021

"ਸਿੱਖਾਂ ਨੇ ਹਮੇਸ਼ਾ ਸੰਕਟ ਵੇਲੇ ਮਨੁੱਖਤਾ ਦੀ ਅੱਗੇ ਆ ਕੇ ਕੀਤੀ ਮਦਦ"

29th July 2021 at 5:42 PM

ਆਸਟਰੇਲੀਆਈ ਹਾਈ ਕਮਿਸ਼ਨਰ ਗੁਰਦੁਆਰਾ ਸਾਹਿਬ ਪੁੱਜੇ 

ਨਵੀਂ ਦਿੱਲੀ: 29 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਜਦੋਂ ਵੀ ਦੁਨੀਆਂ ਸੰਕਟ ਵਿਚ ਹੁੰਦੀ ਹੈ, ਉਦੋਂ ਸਿੱਖ ਭਾਈਚਾਰਾ ਸਹੀ ਫੈਸਲੇ ਲੈ ਕੇ ਮਦਦ ਵਾਸਤੇ ਅੱਗੇ ਆ ਜਾਂਦਾ ਹੈ।
ਇਹ ਪ੍ਰਗਟਾਵਾ ਭਾਰਤ ਵਿਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰਲ ਨੇ ਕੀਤਾ ਹੈ। ਸਭ ਤੋਂ ਪਹਿਲਾਂ ਉਹਨਾਂ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕੀਤੇ ਅਤੇ ਬਾਅਦ ਵਿੱਚ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵੀ ਆਏ। ਇਥੇ ਆ ਕੇ ਉਹਨਾਂ ਦਿੱਲ ਕਮੇਟੀ ਦੇ ਅਹੁਦੇਦਾਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਮੀਡੀਆ ਨਾਲ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਹ ਸਿੱਖ ਸਿਧਾਂਤ ਅਤੇ ਫਲਸਫੇ ਤੋਂ ਬਹੁਤ ਪ੍ਰਭਾਵਿਤ ਹੋਏ। 

ਇਥੇ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦਰਸ਼ਨ ਵਾਸਤੇ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਵਿਚ ਆਏ ਬੈਰੀ ਓ ਫੈਰਲ ਨੇ ਕਿਹਾ ਕਿ ਸਿੱਖ ਆਸਟਰੇਲੀਆ ਵਿਚ ਵੱਡਾ ਯੋਗਦਾਨ ਪਾ ਰਹੇ ਹਨ ਤੇ ਜੋ ਵੀ ਪੱਛਮੀ ਆਸਟਰੇਲੀਆ ਸਰਕਾਰ ਨੇ ਦਿੱਲੀ ਕਮੇਟੀ ਨੂੰ ਹਸਪਤਾਲ ਦੇ ਨਿਰਮਾਣ ਵਾਸਤੇ ਯੋਗਦਾਨ ਦਿੱਤਾ, ਉਹ ਸਿਰਫ ਪਿਆਰ ਦਾ ਮੋੜਵਾਂ ਛੋਟਾ ਰਿਹਾ ਤੋਹਫਾ ਹੈ। ਉਹਨਾਂ ਕਿਹਾ ਕਿ ਜਦੋਂ ਵੀ ਸੰਕਟ ਹੁੰਦਾ ਭਾਵੇਂ ਆਸਟਰੇਲੀਆ ਵਿਚ ਹੋਵੇ, ਭਾਰਤ ਜਾਂ ਕਿਤੇ ਵੀ ਹੋਰ, ਸਿੱਖ ਭਾਈਚਾਰੇ ਦੇ ਮੈਂਬਰ ਤਰਕਸੰਗਤ ਫੈਸਲੇ ਲੈ ਕੇ ਮਦਦ ਵਾਸਤੇ ਅੱਗੇ ਆ ਜਾਂਦੇ ਹਨ।

ਉਹਨਾਂ ਕਿਹਾ ਕਿ ਭਵਿੱਖੀ ਪੀੜੀਆਂ ਨੁੰ ਬਚਾਉਣ ਲਈ ਹਸਪਤਾਲ ਬਣਾਉਣ ਦਾ ਫੈਸਲਾ ਬਹੁਤ ਵੱਡਾ ਫੈਸਲਾ ਹੈ ਜਿਸ ਲਈ ਉਹ ਸਿੱਖ ਲੀਡਰਸ਼ਿਪ ਨੂੰ ਵਧਾਈ ਦਿੰਦੇ ਹਨ। ਉਹਨਾਂ ਨੇ ਦੁਨੀਆਂ ਭਰ ਵਿਚ ਖਾਸ ਤੌਰ ' ਤੇ ਆਸਟਰੇਲੀਆ ਵਿਚ ਲੋਕਾਂ ਦੀ ਮਦਦ ਕਰਨ ਲਈ ਸਿੱਖਾਂ ਦੇ ਅੱਗੇ ਆਉਣ ਵਾਸਤੇ ਪ੍ਰੇਰਿਤ ਕਰਨ ਲਈ ਸਿੱਖ ਲੀਡਰਸ਼ਿਪ ਦੀ ਵਡਿਆਈ  ਕੀਤੀ ਤੇ ਨਾਲ ਹੀ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾਰ ਹੀ ਸੇਵਾ ਵੀ ਸ਼ਲਾਘਾ ਕੀਤੀ।

ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਸਟਰੇਲੀਆ ਸਰਕਾਰ, ਪਰਥ ਦੇ ਪ੍ਰੀਮੀਅਰ  ਮਾਰਕ ਮੈਕਗੋਵਾਨ, ਮੰਤਰੀ ਟੋਨੀ ਬਿਊਟੀ ਤੇ ਸਿੱਖ ਐਸੋਸੀਏਸ਼ਨ ਗੁਰਦੁਆਰਾ ਸਾਹਿਬ ਕਨਿੰਗ ਵੇਲ ਪਰਥ ਦੇ ਪ੍ਰਧਾਨ ਦੇਵਰਾਜ ਸਿੰਘ ਤੇ ਆਸਟਰੇਲੀਆ ਦੀ ਸੰਗਤ ਦਾ ਧੰਨਵਾਦ ਕੀਤਾ ਜਿਹਨਾਂ ਨੇ 3 ਲੱਖ ਡਾਲਰ ਦਾ ਯੋਗਦਾਨ ਦਿੱਲੀ ਗੁਰਦੁਆਰਾ ਕਮੇਟੀ ਨੁੰ ਦਿੱਤਾ ਹੈ। 

ਉਹਨਾਂ ਕਿਹਾ ਕਿ ਆਸਟਰੇਲੀਆ ਸਰਕਾਰ ਵੱਲੋਂ 3 ਲੱਖ ਡਾਲਰ ਦਾ ਯੋਗਦਾਨ ਦੇਣਾ ਹੀ ਇਹ ਦਰਸਾਉਂਦਾ ਹੈ ਕਿ ਦਿੱਲੀ ਕਮੇਟੀ ਦੀ ਮੌਜੂਦਾ ਟੀਮ ਕਿਵੇਂ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹ ਪਰਥ ਦੇ ਪ੍ਰੀਮੀਅਰ ਤੇ ਆਸਟਰੇਲੀਆ ਦੇ ਲੋਕਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਅੱਗੇ ਆ ਕੇ ਇੰਨਾ ਵੱਡਾ ਯੋਗਦਾਨ ਦਿੱਲੀ ਗੁਰਦੁਆਰਾ ਕਮੇਟੀ ਨੁੰ ਦਿੱਤਾ। ਉਹਨਾਂ ਕਿਹਾ ਕਿ ਸਾਰੀ ਦੁਨੀਆਂ ਦੀ ਸਿੱਖ ਸੰਗਤ ਆਸਟਰੇਲੀਆ ਦੀ ਧੰਨਵਾਦੀ ਹੈ।

ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਬੈਰੀ ਓ ਫੈਰਲ ਦੀ ਧੰਨਵਾਦੀ ਹੈ ਜੋ ਦਿੱਲੀ ਕਮੇਟੀ ਦੇ ਦਫਤਰ ਆਏ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਏ ਤੇ ਆਪਣੇ ਮੁਲਕ ਆਸਟਰੇਲੀਆ ਵਿਚ ਸਿੱਖਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਸ੍ਰੀ ਫੈਰਲ ਨੂੰ ਦਿੱਲੀ ਕਮੇਟੀ ਵੱਲੋਂ ਸਨਮਾਨਤ ਵੀ ਕੀਤਾ ਗਿਆ।

ਸ੍ਰੀ ਸਿਰਸਾ ਨੇ ਇਹ ਵੀ ਦੱਸਿਆ ਕਿ ਦਿੱਲੀ ਕਮੇਟੀ ਨੇ ਸ੍ਰੀ ਫੈਰਲ ਨੁੰ ਕੋਰੋਨਾ ਇਲਾਜ ਸਹੂਲਤਾਂ ਨਾਲ ਲੈਸ 125 ਬੈਡਾਂ ਦੇ ਹਸਪਤਾਲ ਦੇ ਉਦਘਾਟਨੀ ਸਮਾਗਮ ਵਿਚ 7 ਅਗਸਤ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਤੇ ਜੁਆਇੰਟ ਸਕੱਤਰ ਹਰਵਿੰਦਰ ਸਿੰਘ ਕੇ ਪੀ ਤੋਂ ਇਲਾਵਾ ਹੋਰ ਸੰਗਤ ਵੀ ਹਾਜ਼ਰ ਸੀ।


No comments: