28th July 2021 at 11:17 PM
ਇਸ ਲਈ ਸਿਸਟਮ ਨੂੰ ਬਦਲਣਾ ਬਹੁਤ ਜ਼ਰੂਰੀ ਹੈ
ਪੱਤਰਕਾਰ ਅਤੇ ਸਿਆਸੀ ਆਗੂ ਨਰਿੰਦਰ ਸੋਹਲ ਵੱਲੋਂ ਕੁਝ ਅਹਿਮ ਸੁਆਲ
ਇਹਨਾਂ ਹਾਲਾਤਾਂ ਤੋਂ ਪ੍ਰੇਸ਼ਾਨ ਮਾਪੇ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਵੀ ਬੱਚਿਆਂ ਨੂੰ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਭੇਜਣ ਲਈ ਮਜਬੂਰ ਹਨ। 'ਸਟੱਡੀ ਵੀਜੇ' ਨੇ ਹਰ ਪਰਿਵਾਰ ਨੂੰ ਆਪਣੇ 'ਸੁਪਨੇ' ਸੌਖਿਆ ਹੀ ਪੂਰੇ ਕਰਨ ਦਾ ਰਸਤਾ ਮੁੱਹਈਆ ਕਰਵਾਇਆ। ਬੇਸ਼ੱਕ ਇਸ ਸਬੰਧੀ ਕਿਹਾ ਇਹ ਜਾਂਦਾ ਹੈ ਕਿ ਬੱਚੇ ਪੜ੍ਹਾਈ ਕਰਨ ਜਾ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਵੱਡੀ ਗਿਣਤੀ ਪੜ੍ਹਾਈ ਬਹਾਨੇ ਚੰਗੇ ਭਵਿੱਖ ਲਈ ਪ੍ਰਦੇਸੀ ਬਣ ਰਹੀ ਹੈ। ਅੱਜ ਹਰ ਕੋਈ ਕਾਨੂੰਨੀ ਜਾਂ ਗੈਰ ਕਾਨੂੰਨੀ ਹਰ ਹੀਲਾ ਵਰਤ ਕੇ ਬਾਹਰਲੇ ਮੁਲਕ ਵਿੱਚ ਪਰਵਾਸ ਕਰਨ ਲਈ ਉਤਾਵਲਾ ਹੈ। ਅਸਲ ਵਿੱਚ ਨੌਜਵਾਨ ਪੀੜੀ ਆਪਣਾ ਭਵਿੱਖ ਵਿਦੇਸ਼ੀ ਧਰਤੀ 'ਤੇ ਹੀ ਸੁਰੱਖਿਅਤ ਵੇਖ ਰਹੀ ਹੈ। ਜਿਸ ਕਾਰਨ ਵਧੇਰੇ ਪਰਿਵਾਰਾਂ ਦੀਆਂ ਜ਼ਮੀਨਾਂ ਵੀ ਗਿਰਵੀ ਰੱਖੀਆਂ ਹੋਈਆਂ ਹਨ। ਇਸ ਪਿੱਛੇ ਇਹ ਧਾਰਨਾ ਵੀ ਕੰਮ ਕਰਦੀ ਹੈ ਕਿ ਬੱਚੇ ਦੇ ਵਿਦੇਸ਼ੀ ਧਰਤੀ 'ਤੇ ਪੱਕਾ ਹੁੰਦਿਆਂ ਹੀ ਸਾਰੀ ਜ਼ਮੀਨ ਛੁਡਾ ਲਈ ਜਾਵੇਗੀ। ਜਦਕਿ ਵਿਦੇਸ਼ੀ ਧਰਤੀ 'ਤੇ ਵਾਪਰਦੀਆਂ ਕੁੱਝ ਦੁਖਦਾਇਕ ਘਟਨਾਵਾਂ ਮਾਪਿਆਂ ਨੂੰ ਵੱਡੀ ਸੱਟ ਮਾਰਦੀਆਂ ਹਨ। ਉਹ ਬੱਚਿਆਂ ਦੇ ਨਾਲ-ਨਾਲ ਜ਼ਮੀਨ ਜਾਇਦਾਦ ਤੋਂ ਵੀ ਵਾਂਝੇ ਹੋ ਜਾਂਦੇ ਹਨ।
ਲੇਖਿਕਾ ਨਰਿੰਦਰ ਸੋਹਲ |
ਸਮੇਂ ਨੇ ਕਰਵਟ ਲਈ ਅਤੇ ਜੋ ਧੀਆਂ ਕਦੇ ਬੋਝ ਸਮਝੀਆਂ ਜਾਂਦੀਆਂ ਸਨ ਤੇ ਮਾਪਿਆਂ ਨੂੰ ਇਹ ਬੋਝ ਉਤਾਰਨ ਲਈ ਮੋਟਾ ਦਹੇਜ਼ ਦੇਣਾ ਪੈਂਦਾ ਸੀ। ਉਹਨਾਂ ਧੀਆਂ ਦੀ ਹੁਣ ਕਦਰ ਪੈਣ ਲੱਗੀ। ਦਾਜ ਦਹੇਜ ਮੰਗਣ ਵਾਲੇ ਖੁਦ 25,30 ਲੱਖ ਚੁੱਕੀ 'ਆਈਲੈਟਸ' ਪਾਸ ਕੁੜੀਆਂ ਦੇ ਮਗਰ ਤੁਰੇ ਫਿਰਦੇ ਨਜ਼ਰ ਆਉਣ ਲੱਗੇ। ਮੁੰਡੇ ਵਾਲਿਆਂ ਦੀ ਮੁੱਖ ਸ਼ਰਤ ਕੁੜੀ ਦਾ ਆਈਲੈਟਸ ਪਾਸ ਹੋਣਾ ਹੀ ਹੁੰਦੀ ਹੈ। ਇਸ ਮਾਮਲੇ ਵਿੱਚ ਅਮੀਰ-ਗਰੀਬ ਅਤੇ ਜਾਤ-ਪਾਤ ਵੀ ਨਹੀਂ ਵੇਖੀ ਜਾਂਦੀ। ਕੁੜੀ ਨੂੰ ਬਾਹਰ ਭੇਜਣ ਦਾ ਸਾਰਾ ਖਰਚਾ, ਇਥੋਂ ਤੱਕ ਕਿ ਵਿਆਹ ਦਾ ਖਰਚਾ ਵੀ ਮੁੰਡੇ ਵਾਲੇ ਹੀ ਕਰਦੇ ਹਨ। ਮਕਸਦ ਸਿਰਫ ਇੱਕ ਹੀ ਹੁੰਦਾ ਹੈ ਕਿ ਉਹਨਾਂ ਦੇ ਪੁੱਤ ਕਿਸੇ ਤਰ੍ਹਾਂ ਵਿਦੇਸ਼ੀ ਧਰਤੀ ਉੱਤੇ ਪਹੁੰਚ ਜਾਣ( ਇਹ ਸਿਰਫ ਉਹਨਾਂ ਮੁੰਡਿਆਂ ਦੀ ਕਹਾਣੀ ਹੈ ਜੋ ਖੁਦ ਆਈਲੈਟਸ ਨਹੀਂ ਕਰ ਪਾਉਂਦੇ )। ਉਧਰ ਕੁੜੀ ਵਾਲਿਆਂ ਦੀ ਮਾੜੀ ਆਰਥਿਕ ਹਾਲਤ ਇਸ ਵਿੱਚ ਮੁੱਖ ਰੋਲ ਅਦਾ ਕਰਦੀ ਹੈ। ਮਾਪਿਆਂ ਦੇ ਸਿਰ ਤੋਂ ਆਈਲੈਟਸ ਦੇ ਖਰਚੇ ਵਿੱਚ ਹੀ ਕੁੜੀ ਦਾ ਸਾਰਾ ਬੋਝ ਲੱਥ ਜਾਂਦਾ ਹੈ। ਪਰ ਇਹਨਾਂ ਵਧੇਰੇ ਵਿਆਹਾਂ ਵਿੱਚ ਕੋਈ ਅਪੱਣਤ ਨਜ਼ਰ ਨਹੀਂ ਆਉਂਦੀ ਕਿਉਂਕਿ ਇਸ ਪਵਿੱਤਰ ਬੰਧਨ ਵਿੱਚ ਸੌਦੇਬਾਜ਼ੀ ਹੋਣ ਲੱਗ ਪਈ ਹੈ। ਇਨ੍ਹਾਂ ਹਾਲਾਤਾਂ ਨੇ ਰਿਸ਼ਤਿਆਂ ਵਿੱਚਲੇ ਨਿੱਘ ਨੂੰ ਹੀ ਖਤਮ ਕਰ ਦਿੱਤਾ ਹੈ। ਅਸਲ ਵਿੱਚ ਵਿਦੇਸ਼ ਭੇਜਣ ਦੇ ਮਕਸਦ ਨਾਲ ਮਾਪਿਆਂ ਵੱਲੋਂ +2 ਕਰਨ ਦੇ ਤੁਰੰਤ ਬਾਅਦ ਬੱਚਿਆਂ ਨੂੰ ਵਿਆਹ ਵਰਗੇ ਅਹਿਮ ਬੰਧਨ ਵਿੱਚ ਬੰਨਿਆ ਜਾ ਰਿਹਾ ਹੈ। ਜਦੋਂ ਹਜੇ ਉਹਨਾਂ ਆਪਣੇ ਪੈਰਾਂ ਉੱਤੇ ਖੜ੍ਹੇ ਹੋਣਾ ਵੀ ਨਹੀਂ ਸਿੱਖਿਆ ਹੁੰਦਾ ਤੇ ਅਹਿਮ ਰਿਸ਼ਤੇ ਵਿੱਚ ਬੰਨ ਦਿੱਤੇ ਜਾਂਦੇ ਹਨ। 18-20 ਸਾਲ ਦੇ ਬੱਚੇ ਦੇ ਸਿਰ ਉਤੇ 25,30 ਲੱਖ ਦੇ ਕਰਜ਼ੇ ਦੀ ਪੰਡ ਧਰ ਦਿੱਤੀ ਜਾਂਦੀ ਹੈ। ਉਹ ਚਾਹੇ ਸਟੱਡੀ ਵੀਜੇ ਤਹਿਤ ਵਿਦੇਸ਼ੀ ਧਰਤੀ ਉੱਤੇ ਪਹੁੰਚ ਗਿਆ ਹੋਵੇ ਜਾਂ ਇਥੇ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਬਾਹਰ ਜਾਣ ਦੀ ਉਡੀਕ ਵਿੱਚ ਬੈਠਾ ਹੋਵੇ। ਕਦੇ ਵੀ ਕਿਸੇ ਨੇ ਅਜਿਹੇ ਨੌਜਵਾਨਾਂ ਦੀ ਹਾਲਤ ਬਾਰੇ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਹਨਾਂ ਉੱਤੇ ਕੀ ਬੀਤਦੀ ਹੈ? ਉਹਨਾਂ ਨੂੰ ਕੀ ਕੁਝ ਸਹਿਣਾ ਪੈ ਰਿਹਾ ਹੈ? ਉਹ ਕਿਹੋ ਜਿਹੀ ਮਾਨਸਿਕ ਅਵਸਥਾ ਵਿਚੋਂ ਗੁਜ਼ਰ ਰਹੇ ਹਨ? ਜਿਵੇਂ ਦੂਰ ਦੇ ਢੋਲ ਸੁਹਾਵਣੇ ਲੱਗਦੇ ਹਨ, ਉਵੇਂ ਵਿਦੇਸ਼ ਦੀ ਧਰਤੀ ਵੀ ਦੂਰੋਂ ਪਿਆਰੀ ਲੱਗਦੀ ਹੈ ਪਰ ਅਸਲੀਅਤ ਤਾਂ ਉਥੇ ਜਾ ਕੇ ਪਤਾ ਲੱਗਦੀ।
ਇਥੇ ਅਸੀਂ ਬੱਚਿਆਂ ਨੂੰ ਲਾਡਾਂ ਨਾਲ ਰੱਖਿਆ ਹੁੰਦਾ, ਉਹ ਪਾਣੀ ਦਾ ਗਲਾਸ ਵੀ ਆਪ ਚੁੱਕ ਕੇ ਨਹੀਂ ਪੀਂਦੇ। ਪਰ ਵਿਦੇਸ਼ੀ ਧਰਤੀ ਉੱਤੇ ਕਰਜ਼ਾ ਉਤਾਰਨ ਲਈ ਲੇਬਰ ਕਰਨੀ ਪੈਂਦੀ ਅਤੇ ਦੋ ਦੋ ਸ਼ਿਫਟਾਂ ਵੀ ਲਗਾਉਣੀਆਂ ਪੈਂਦੀਆਂ ਹਨ। ਜੇ ਕੰਮ ਦੇ ਹਾਲਾਤ ਸਾਜ਼ਗਾਰ ਨਾ ਹੋਣ ਤਾਂ ਉਹ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਉਥੇ ਵੀ ਮਜਬੂਰ ਹੋ ਜਾਂਦੇ ਹਨ। ਯਾਦ ਕਰੋ ਬਰਨਾਲੇ ਵਾਲੇ ਲਵਪ੍ਰੀਤ ਦੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਮੋਗੇ ਦੇ ਪਿੰਡ ਚੜਿੱਕ ਦਾ ਲਵਪ੍ਰੀਤ ਵਿਦੇਸ਼ ਵਿੱਚ ਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ ਕਰ ਗਿਆ ਸੀ। ਕਾਰਨ ਇਹੀ ਸੀ ਕਿ ਮਾਪਿਆਂ ਵੱਲੋਂ ਜ਼ਮੀਨ ਵੇਚ ਕੇ ਅਤੇ ਕਰਜ਼ ਚੁਕ ਕੇ ਪੁੱਤ ਨੂੰ ਬਾਹਰ ਭੇਜਿਆ ਸੀ। ਪਰ ਉਥੇ ਕਰਜ਼ੇ ਦੇ ਬੋਝ ਅਤੇ ਕੰਮ ਕਰਨ ਦੇ ਹਾਲਾਤ ਠੀਕ ਨਾ ਹੋਣ ਕਾਰਨ, ਉਹ ਮਾਨਸਿਕ ਸੰਤਾਪ ਹੰਢਾਉਂਦਿਆਂ ਮੌਤ ਨੂੰ ਗਲੇ ਲਗਾ ਗਿਆ ਕਿਉਂਕਿ ਛੋਟੀ ਜਿਹੀ ਉਮਰ ਵਿੱਚ ਉਹ ਐਨਾ ਵੱਡਾ ਬੋਝ ਚੁੱਕਣ ਦੇ ਸਮਰੱਥ ਹੀ ਨਹੀਂ ਸੀ। ਸੋਚੋ ਹੱਸਣ ਖੇਡਣ ਦੀ ਉਮਰ ਬੋਝ ਥੱਲੇ ਆਈ, ਆਤਮ-ਹੱਤਿਆ ਨਹੀਂ ਕਰੂ ਤਾਂ ਕੀ ਕਰੂ? ਉਹ ਚਾਹੇ ਇਥੇ ਹੋਵੇ ਜਾਂ ਵਿਦੇਸ਼ ਵਿੱਚ ਅਤੇ ਨਾ ਹੀ ਇਹ ਪਹਿਲੀ ਘਟਨਾ ਸੀ ਤੇ ਨਾ ਹੀ ਆਖਰੀ। ਇਹ ਸਾਡੀ ਤ੍ਰਾਸਦੀ ਹੈ ਕਿ ਕਰਜ਼ੇ ਦਾ ਬੋਝ ਜਿਥੇ ਪਹਿਲਾਂ ਕਿਸਾਨਾਂ ਨੂੰ ਨਿਗਲ ਰਿਹਾ ਸੀ, ਹੁਣ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਨਿਗਲ ਰਿਹਾ ਹੈ। ਇਹ ਸਾਡੇ ਸਿਸਟਮ ਵੱਲੋਂ ਕੀਤੇ ਕਤਲ ਹੀ ਕਹੇ ਜਾ ਸਕਦੇ ਹਨ।
ਪਰ ਅਫਸੋਸ ਸੋਸ਼ਲ ਮੀਡੀਆ 'ਤੇ ਬੈਠੇ ਵਿਦਵਾਨਾਂ ਨੇ ਸਿਸਟਮ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਉਹਨਾਂ ਸੋਸ਼ਲ ਮੀਡੀਆ ਉਤੇ ਕੁੜੀਆਂ ਦੀਆਂ ਤਸਵੀਰਾਂ ਪਾ-ਪਾ ਕੇ ਲਾਹਣਤਾਂ ਪਾਈਆਂ ਅਤੇ ਕੈਨੇਡਾ ਤੋਂ ਵਾਪਸ ਮੋੜਨ ਦਾ ਰੌਲਾ ਪਾਉਣ ਲੱਗੇ। ਕੀ ਕੁੱਝ ਲੜਕੀਆਂ ਦੇ ਵਾਪਸ ਆਉਣ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ? ਕੀ ਫਿਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨੀਆਂ ਬੰਦ ਹੋ ਜਾਣਗੀਆਂ? ਨਹੀਂ ਅਜਿਹਾ ਵਾਪਰਦਾ ਰਹੇਗਾ ਜਦੋਂ ਤੱਕ ਅਸੀਂ ਜਾਗਰੂਕ ਨਹੀਂ ਹੁੰਦੇ। ਹੈਰਾਨੀਜਨਕ ਹੈ ਕਿ ਕਈਆਂ ਨੇ ਮੁੰਡਿਆਂ ਨੂੰ ਅਤੇ ਕਈਆਂ ਨੇ ਮਾਪਿਆਂ ਨੂੰ ਦੋਸ਼ੀ ਠਹਿਰਾਇਆ। ਮਤਲਬ ਉਹਨਾਂ ਵੱਲੋਂ ਬੱਚਿਆਂ ਅਤੇ ਮਾਪਿਆਂ ਨੂੰ ਹੀ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਪਰ ਕੀ ਅਸਲ ਵਿੱਚ ਮੁੱਖ ਦੋਸ਼ੀ ਸਾਡਾ ਸਿਸਟਮ ਨਹੀਂ ਹੈ? ਜੋ ਨੌਜਵਾਨ ਪੀੜ੍ਹੀ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਰਿਹਾ ਹੈ। ਜਦਕਿ ਚੌਣਾਂ ਵਿੱਚ ਮੁੱਖ ਭੂਮਿਕਾ ਨੌਜਵਾਨ ਪੀੜ੍ਹੀ ਦੀ ਹੀ ਹੁੰਦੀ ਹੈ ਕਿਉਂਕਿ ਨੌਜਵਾਨ ਵੋਟਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਸੱਤਾ ਪ੍ਰਾਪਤ ਕਰਨ ਲਈ ਰਾਜਨੀਤਕ ਪਾਰਟੀਆਂ ਵੱਲੋਂ ਨੌਜਵਾਨਾਂ ਨੂੰ ਲੁਭਾਉਣ ਲਈ ਜ਼ਰੂਰ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਸੱਤਾ ਵਿਚ ਆਉਂਦਿਆਂ ਹੀ ਸਭ ਕੁਝ ਭੁੱਲ ਭੁਲਾ ਦਿੱਤਾ ਜਾਂਦਾ ਹੈ। ਇਹ ਸਿਸਟਮ ਸਾਡੇ ਨੌਜਵਾਨਾਂ ਨੂੰ ਨਸ਼ੱਈ, ਅੱਤਵਾਦੀ ਜਾਂ ਗੈਂਗਸਟਰ ਤਾਂ ਬਣਾ ਸਕਦਾ ਹੈ ਪਰ ਇਜ਼ਤ ਮਾਣ ਨਾਲ ਜੀਣ ਦਾ ਹੱਕ ਨਹੀਂ ਦਿੰਦਾ।
ਇਸ ਲਈ ਸਿਸਟਮ ਨੂੰ ਬਦਲਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕਿੰਨੇ ਲਵਪ੍ਰੀਤ ਖੁਦਕੁਸ਼ੀ ਕਰ ਜਾਣ। ਪਤਾ ਨਹੀਂ ਕਿੰਨੀਆਂ ਲੜਕੀਆਂ ਅਤੇ ਮਾਪੇ ਜ਼ਲੀਲ ਹੋਣ। ਲੋੜ ਹੈ ਆਪਣੇ ਸ਼ਾਨਾਮੱਤੇ ਇਤਿਹਾਸ ਉਤੇ ਝਾਤੀ ਮਾਰਨ ਦੀ ਜੋ ਸਾਨੂੰ ਆਪਣੇ ਹੱਕਾਂ ਲਈ ਲੜਨ ਦੀ ਤਾਕਤ ਦਿੰਦਾ ਹੈ। ਯਾਦ ਕਰੋ ਉਹ ਵੀ ਨੌਜਵਾਨ ਸਨ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਹਨਾਂ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਭਵਿੱਖ, ਨੌਜਵਾਨ ਪੀੜ੍ਹੀ ਨੂੰ ਇਸ ਮਾਨਸਿਕ ਸੰਤਾਪ ਚੋਂ ਬਾਹਰ ਕੱਢਣ ਲਈ ਆਪ ਯਤਨ ਕਰੀਏ। ਹੁਣ ਸਮਾਂ ਹੈ ਕਿ ਆਪਾਂ ਮੁਫ਼ਤ ਸਹੂਲਤਾਂ ਦੇਣ ਦੀ ਗੱਲ ਕਰਨ ਵਾਲੀਆਂ ਧਿਰਾਂ ਅੱਗੇ ਸਵਾਲ ਚੁੱਕੀਏ ਕਿ ਸਾਨੂੰ ਮੁਫ਼ਤ ਸਹੂਲਤਾਂ ਦੇਣ ਦੀ ਬਜਾਏ, ਇਜ਼ਤ ਮਾਣ ਨਾਲ ਜੀਣ ਦੇ ਕਾਬਲ ਬਣਾਓ। ਸਾਡੇ ਬੱਚਿਆਂ ਨੂੰ ਯੋਗਤਾ ਮੁਤਾਬਿਕ ਕੰਮ ਅਤੇ ਕੰਮ ਮੁਤਾਬਕ ਤਨਖਾਹ ਦੇਣ ਦਾ ਕਾਨੂੰਨੀ ਹੱਕ ਦਿਓ ਤਾਂ ਕਿ ਸਾਨੂੰ ਜਿਗਰ ਦੇ ਟੁਕੜੇ ਕਿਸੇ ਸੌਦੇਬਾਜ਼ੀ ਤਹਿਤ ਵਿਦੇਸ਼ਾਂ ਵੱਲ ਤੋਰਨ ਲਈ ਮਜਬੂਰ ਨਾ ਹੋਣਾ ਪਵੇ।
ਨਰਿੰਦਰ ਸੋਹਲ
9464113255
No comments:
Post a Comment