Saturday, July 31, 2021

ਦਿੱਲੀ ਗੁਰਦਵਾਰਾ ਕਮੇਟੀ: 8 ਤੋਂ ਵੱਧ ਮੁਲਾਜ਼ਮਾ ਦੀ ਹੋਈ ਮੌਤ: ਸਰਨਾ

 31st July 2021 at 5:41 PM

 DSGMC ਤੋਂ ਸਮੇਂ ਸਿਰ ਤਨਖਾਵਾਹ ਨਾ ਮਿਲਣ ਕਰਕੇ ਵਾਪਰਿਆ ਦੁਖਾਂਤ  

 ਸਰਨਾ ਵੱਲੋਂ ਅਹਿਮ ਪ੍ਰਗਟਾਵਾ-ਅਦਾਲਤ ਵਲੋਂ ਕਮੇਟੀ ਨੂੰ ਕਰੜੀ ਫਟਕਾਰ  


ਨਵੀਂ ਦਿੱਲੀ
: 31 ਜੁਲਾਈ 2021:,(ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਹਾਈ ਕੋਰਟ ਦੇ ਜੱਜ ਕਾਮੇਸ਼ਵਰ ਰਾਵ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਸਰਨਾ ਵੱਲੋਂ ਦਾਖ਼ਲ ਅਪੀਲ ਦੀ ਸੁਣਵਾਈ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਨੂੰ ਫਟਕਾਰ ਲਗਾਈ ਹੈ।

ਕੋਰਟ ਨੇ ਪਟੀਸ਼ਨ ਦਾ ਨੋਟਿਸ ਲੈਂਦੇ ਹੋਏ ਦੇਖਿਆ ਕਿ ਗੁਰਦੁਆਰਾ ਕਮੇਟੀ ਦੇ ਅਧੀਨ ਚੱਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ 40% ਤਨਖਾਹਾਂ ਦਾ ਭੁਗਤਾਨ ਪਿਛਲੇ ਇੱਕ ਸਾਲ ਤੋਂ ਨਹੀਂ ਕੀਤਾ ਜਾ ਰਿਹਾ। ਰਿਟਾਇਰਡ ਕਰਮਚਾਰੀਆਂ ਦੇ ਏਰੀਅਰ ਤੱਕ ਦਾ ਭੁਗਤਾਨ ਨਹੀਂ ਹੋਇਆ ਹੈ। ਪੀਐੱਫ ਤੱਕ ਦੇ ਭੁਗਤਾਨ ਵਿਚ ਭਾਰੀ ਅਨਿਯਮਿਤਾ ਦੇਖੀ ਗਈ ਹੈ।

ਜੀਐੱਚਪੀਐੱਸ ਅਧਿਆਪਕਾਂ ਦੇ ਹੱਕਾਂ ਦੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਨ ਵਾਲੇ ਸ਼ਿਅਦਦ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਨੇ ਪ੍ਰੈਸ ਨੂੰ ਸੰਬੋਧਨ ਕੀਤਾ।

ਪਾਰਟੀ ਪ੍ਰਧਾਨ ਸਰਨਾ ਦੇ ਅਨੁਸਾਰ," ਅਜੇ ਕੁਝ ਦਿਨ ਪਹਿਲਾਂ ਹੀ ਬਾਦਲ ਪਾਰਟੀ ਦੇ ਕਰਤਾ ਧਰਤਾ ਮਨਜਿੰਦਰ ਸਿੰਘ ਸਿਰਸਾ ਦੇ ਖ਼ਿਲਾਫ਼ ਇੱਕ ਦੂਜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਲੁੱਕਆਊਟ ਨੋਟਿਸ ਜਾਰੀ ਹੋਇਆ ਸੀ।  ਉਨ੍ਹਾਂ ਨੂੰ ਸਾਡੇ ਸਾਰੇ ਸਟਾਫ ਭਰਾ ਭੈਣ ਭਰਾਵਾਂ ਦੀ ਮਿਹਨਤ ਦੇ ਇਕ ਇਕ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਤੁਸੀਂ ਇਨ੍ਹਾਂ ਦੀ ਵਰ੍ਹਿਆਂ ਤੋਂ ਰੁਕੀ ਮਿਹਨਤਾਨਾ ਦਾ ਬਕਾਇਆ ਕੀਤੇ ਬਗੈਰ ਦੇਸ਼ ਛੱਡ ਕੇ ਭੱਜ ਨਹੀਂ ਸਕਦੇ।"

ਪਾਰਟੀ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ "ਗੁਰਦੁਆਰਾ ਕਮੇਟੀ ਵਰਗੇ ਪਵਿੱਤਰ ਅਸਥਾਨ ਨੂੰ ਪਬਲੀਸਿਟੀ ਸਟੰਟ ਬਣਾਉਣ ਵਾਲੇ ਸਿਰਸਾ ਦੇ ਕੋਲ ਖੁਦ ਦੇ ਪ੍ਰਚਾਰ ਉੱਤੇ ਉਡਾਉਣ ਲਈ ਕਰੋੜਾਂ ਰੁਪਏ ਹਨ, ਇਨ੍ਹਾਂ ਦੇ ਕੋਲ ਕਰਮਚਾਰੀਆਂ ਨੂੰ ਭੁਗਤਾਨ ਕਰਨ ਲਈ ਕੁਝ ਵੀ ਨਹੀਂ ਹੈ। ਸਾਡਾ ਜੀਐੱਚਪੀਐੱਸ ਵਿਰਸਾ ਖੰਡਰ ਬਣਨ ਵੱਲ ਹੈ, ਸਾਰੇ ਸਕੂਲ ਕਾਲਜ ਬਰਬਾਦੀ ਦੇ ਵੱਲ ਹਨ। ਸੰਗਤ ਦੇ ਸਹਿਯੋਗ ਨਾਲ ਅਸੀਂ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅੰਤ ਤਕ ਸੰਘਰਸ਼ ਕਰਦੇ ਰਹਾਂਗੇ। ਸਿੱਖ ਇਤਿਹਾਸ ਵਿਚ ਕਦੀ ਵੀ ਸਿੱਖ ਮਰਿਆਦਾ ਅਤੇ ਪਵਿੱਤਰ ਦਸਵੰਧ ਦੀ ਬੇਅਦਬੀ ਇਸ ਤਰੀਕੇ ਨਾਲ ਨਹੀਂ ਹੋਈ।"

ਸਰਨਾ ਨੇ ਪਿਛਲੀ ਮੀਡੀਆ ਖਬਰਾਂ ਦਾ ਹਵਾਲਾ ਦੇਂਦਿਆਂ ਦਾਅਵਾ ਕੀਤਾ ਕਿ ਡੀਐਸਜੀਐਮਸੀ ਦੇ ਅੰਦਰ ਅੱਠ ਤੋਂ ਵੱਧ ਸਟਾਫ ਦੀ ਗ਼ਰੀਬੀ ਅਤੇ ਭੁੱਖਮਰੀ ਨਾਲ ਮੌਤ ਹੋ ਚੁੱਕੀ ਹੈ ਕਿਉਂਕਿ ਉਨ੍ਹਾਂ ਨੂੰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਸੀ। । 

ਕੋਰਟ ਦੀ ਸੁਣਵਾਈ ਦੇ ਦਰਮਿਆਨ ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਦਾਲਤ ਅੰਦਰ ਪੇਸ਼ ਹੋਏ ਅਤੇ ਉਨ੍ਹਾਂ ਵਲੋਂ ਪੇਸ਼ ਕੀਤੇ ਦਾਅਵਿਆਂ ਤੋਂ ਕੋਰਟ ਸੰਤੁਸ਼ਟ ਨਹੀਂ ਹੋਇਆ। ਉਨ੍ਹਾਂ ਨੇ ਮਾਮਲੇ ਦਾ ਕੜਾ ਨੋਟਿਸ ਲਿਆ ਤੇ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 6 ਸਤੰਬਰ ਨੂੰ ਹੋਵੇਗੀ।

No comments: