Wednesday, June 23, 2021

ਕਿਸਾਨਾਂ ਨੂੰ ਖਾਣਾ ਖਵਾਉਣ ਵਾਲੇ ਢਾਬੇ ਦਾ ਰਸਤਾ ਬੰਦ ਕਰਨਾ ਉਜੱਡ ਬਦਲਾ ਖੋਰੀ

 WhatsApp: Wednesday: 23rd June 2021 at 4:11 PM

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਹਰਿਆਣਾ ਸਰਕਾਰ ਦੀ ਤਿੱਖੀ ਨਿਖੇਧੀ 


ਚੰਡੀਗੜ੍ਹ: 23 ਜੂਨ 2021: (ਪੰਜਾਬ ਸਕਰੀਨ ਬਿਊਰੋ):

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜ੍ਹੇ ਸਿੱਖ ਬੁਧੀਜੀਵੀਆਂ ਨੇ ਹਰਿਆਣਾ ਸਰਕਾਰ ਵੱਲੋਂ ਰਾਮ ਸਿੰਘ ਰਾਣਾ ਦੇ ਕੁਰਕਸ਼ੇਤਰ ਹਾਈਵੇਅ ਉੱਤੇ ਸਥਿਤ ਢਾਬੇ ਦਾ ਰਸਤਾ ਬੰਦ ਕਰਨ ਦੀ ਕਾਰਵਾਈ ਦੀ ਭਰਪੂਰ ਨਿੰਦਾ ਕੀਤੀ ਤੇ ਕਿਹਾ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਢਾਬੇ ਵੱਲ਼ੋਂ ਮੁਫਤ ਖਾਣਾ ਖੁਆਉਣਾ ਕੋਈ ਅਪਰਾਧ ਨਹੀਂ ਹੈ। ਸਗੋਂ ਇਹ ਸਰਕਾਰ ਦੀ ਅਸਭਿਅਕ ਅਤੇ ਮੁੱਧ ਯੁੱਗੀ ਬਦਲਾਖੋਰੀ ਕਾਰਵਾਈ ਹੈ ਜਿਸਨੂੰ 21ਵੀਂ ਸਦੀ ਵਿੱਚ ਕਿਆਸਿਆ ਵੀਂ ਨਹੀਂ ਜਾ ਸਕਦਾ।

ਸਰਕਾਰ ਨੇ, ਰੋਡ ਤੋਂ ਢਾਬੇ ਤੱਕ ਦੀ ਪਹੁੰਚ ਨੂੰ ਬਜ਼ਰੀ/ਸੀਮਿੰਟ ਦੇ ਬੋਲਡਰਜ਼ ਲਾ ਕੇ ਬੰਦ ਕਰ ਦਿੱਤਾ ਹੈ। ਪਿਛਲੇ ਸੱਤ ਮਹੀਨਿਆਂ ਤੋਂ ਰਾਣਾ ਆਪਣੇ ਦਿੱਲੀ ਸਿੰਘੂ ਬਾਰਡਰ ਦੇ ਨੇੜੇ ਸਥਿਤ ਢਾਬੇ ਤੋਂ ਸੰਘਰਸ਼ੀ ਕਿਸਾਨਾਂ ਨੂੰ ਮੁੱਫਤ ਰੋਟੀ-ਪਾਣੀ ਦੀ ਸੇਵਾ ਕਰ ਰਿਹਾ ਹੈ। ਕਿਸਾਨ ਲੀਡਰਾਂ ਨੇ ਵੀਂ ਇਸ ਸਰਕਾਰੀ ਕਾਰਵਾਈ ਦੀ ਨਿੰਦਾ ਕੀਤੀ ਹੈ।

ਸਿੱਖ ਬੁੱਧੀਜੀਵੀਆਂ ਨੇ ਕਿਹਾ ਅਜਿਹੀ ਨੀਵੇ ਪੱਧਰ ਦੀ ਕਾਰਵਾਈ ਸਰਕਾਰ ਦਾ ਕਿਸਾਨੀ ਅੰਦੋਲਨ ਵੱਲ ਨਜ਼ਰੀਆਂ ਦਾ ਖੁਲਾਸਾ ਕਰਦੀ ਹੈ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹੋਣ ਦੇ ਦਾਅਵੇ ਖੋਖਲੇ ਅਤੇ ਭੁਲੇਖਾ ਪਾਊ ਹਨ। ਅਜਿਹੀਆ ਚਲਾਕੀਆਂ/ਚੁਸਤੀਆਂ ਮੋਦੀ ਸਰਕਾਰ ਦੀਆਂ ਗੈਰ-ਜਮਹੂਰੀ/ਤਾਨਾਸ਼ਾਹੀ ਵਰਤਾਰਿਆਂ ਨੂੰ ਨੰਗਾ ਵੀਂ ਕਰਦੀਆਂ ਹਨ। ਸਿੱਖ ਬੁਧੀਜੀਵੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਢਾਬੇ ਨੂੰ ਜਾਂਦੇ ਰਸਤੇ ਨੂੰ ਮੁੜ ਖੋਲ੍ਹੇ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਰਾਮ ਸਿੰਘ ਰਾਣਾ ਦਾ 7 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਦੇਖਦਿਆਂ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। 

ਇਸ ਸਾਂਝੇ ਬਿਆਨ ਵਿੱਚ ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਡਾ: ਕੁਲਦੀਪ ਸਿੰਘ ਸਰਜਨ ਪਟਿਆਲਾ, ਪ੍ਰੋਫੈਸਰ ਬਾਵਾ ਸਿੰਘ ਕੌਮੀ ਘੱਟ ਗਿਣਤੀਆ ਕਮਿਸ਼ਨ,  ਰਜਿੰਦਰ ਸਿੰਘ (ਖਾਲਸਾ ਪੰਚਾਇਤ), ਡਾ. ਪਿਆਰੇ ਲਾਲ ਗਰਗ, ਇੰਜ. ਗੁਰਪਾਲ ਸਿੰਘ ਸਿੱਧੂ, ਪ੍ਰੋਫੈਸਰ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ।

ਕਿਸਾਨ ਸਮਰਥਕ ਢਾਬੇ ਦੇ ਹੱਕ ਵਿੱਚ ਚੱਲਦੀ ਮੁਹਿੰਮ ਨਾਲ ਜੁੜਨ ਲਈ ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ  ਨਾਲ ਸੰਪਰਕ ਕਰਨ ਲਈ ਉਹਨਾਂ ਦਾ ਨੰਬਰ ਹੈ:9316107093


No comments: