Friday, May 14, 2021

ਸਰਨਾ ਨੇ ਕੋਵਿਡ ਮਰੀਜਾਂ ਦੇ ਲਈ ਆਕਸੀਜਨ ਕੰਸੇਨਟ੍ਰੇਟਰ ਵੰਡੇ

14th May 2021 at 6:46 PM

 ਅਲੱਗ ਆਕਸੀਜਨ ਪਲਾਂਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ 


ਨਵੀਂ ਦਿੱਲੀ
: 14 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਕਰੋਨਾ ਦੀ ਕਰੋਪੀ ਨੇ ਜਿੱਥੇ ਆਮ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਾ ਰੱਖਿਆ ਹੈ ਉੱਥੇ ਕੁਝ ਲੋਕ ਇਸ ਨਾਜ਼ੁਕ ਘੜੀ ਵਿੱਚ  ਲੋਕਾਂ ਨੂੰ ਹੌਂਸਲਾ ਦੇਣ ਅਤੇ ਰਾਹਤ ਦੇਣ ਲਈ ਸਰਗਰਮ ਹਨ। ਸਰਬੱਤ ਦੇ ਭਲੇ ਨੂੰ ਪਰਣਾਈ ਹੋਈ ਸਿੱਖ ਕੌਮ ਦੇ ਨੁਮਾਇੰਦੇ ਵੱਖ ਵੱਖ ਬੈਨਰਾਂ ਹੇਠ ਕੋਰੋਨਾ ਦੇ ਇਸ ਭਿਆਨਕ ਯੁਗ ਵਿੱਚ ਨਵਾਂ ਇਤਿਹਾਸ ਰਚ ਰਹੇ ਹਨ। ਇਹ ਸੰਗਠਨ ਆਪੋ ਆਪਣੀ ਵਿੱਤ ਅਤੇ ਸਮਰਥਾ ਅਨੁਸਾਰ ਵੱਖੋ ਵੱਖ ਪੱਧਰਾਂ ਤੇ ਸਮਾਜ ਦੀ ਸੇਵਾ ਵਿਚ ਲੱਗੇ ਹੋਏ ਹਨ।

ਸਿੱਖ ਜਗਤ ਦੇ ਪ੍ਰਸਿੱਧ ਚਿਹਰਿਆਂ ਵਿੱਚੋਂ ਇਕ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ, ਪਰਮਜੀਤ ਸਿੰਘ ਸਰਨਾ ਨੇ ਕੋਵਿਡ ਦੇ  ਮਰੀਜ਼ਾਂ ਦੀ ਮਦਦ ਦੇ ਲਈ ਆਕਸੀਜਨ ਕੰਸੇਨਟ੍ਰੇਟਰ ਵੰਡਣ ਦੀ ਸ਼ੁਰੂਆਤ ਕੀਤੀ ਹੈ। ਜਿਸ ਦੇ ਤਹਿਤ ਉਨ੍ਹਾਂ ਨੇ ਦਿੱਲੀ ਦੇ ਕੁਝ ਮੁੱਖ ਗੁਰਦੁਆਰਿਆਂ ਜਿੱਥੇ ਇਨ੍ਹਾਂ ਦੀ ਹੰਗਾਮੀ ਜ਼ਰੂਰਤ ਸੀ, ਉੱਥੇ ਆਕਸੀਜਨ ਕੰਸੇਨਟ੍ਰੇਟਰ ਉਪਲੱਬਧ ਕਰਵਾਏ ਹਨ। 

ਸਰਨਾ ਨੇ ਮੀਡੀਆ ਨੂੰ ਦੱਸਿਆ ਕਿ, "ਜਿਵੇਂ ਕਿ ਮਾਮਲਾ ਬੇਗੁਨਾਹਾਂ ਦੀ ਜ਼ਿੰਦਗੀ ਨਾਲ ਜੁੜਿਆ ਹੈ, ਤੇ ਅਸੀਂ ਹਰ ਕਾਰਜ ਕਾਫੀ ਸੋਚ ਸਮਝ ਕੇ ਕਰ ਰਹੇ ਹਾਂ। ਦਿੱਲੀ ਦੇ ਕੁਝ ਗੁਰਦੁਆਰਿਆਂ ਤੇ ਨਿਰਭਰ ਮਰੀਜ਼ਾਂ ਵਿਚ ਆਕਸੀਜਨ ਦੀ ਹੰਗਾਮੀ ਲੋੜ ਆ ਰਹੀ ਸੀ, ਜਿਸ ਦੇ ਮੱਦੇਨਜ਼ਰ ਅਸੀਂ ਇਨ੍ਹਾਂ ਨੂੰ ਵਧੀਆ ਕੁਆਲਟੀ ਦੇ ਕੰਸੇਨਟ੍ਰੇਟਰ ਉਪਲੱਬਧ ਕਰਵਾਏ ਹਨ। ਜ਼ਰੂਰਤਮੰਦਾਂ ਨੂੰ ਅਸੀਂ ਚੰਗੀ ਗੁਣਵੱਤਾ  ਵਾਲੀ ਆਕਸੀਜਨ ਆਉਣ ਵਾਲੇ ਸਮੇਂ ਵਿੱਚ ਵੀ ਦੇਣਾ ਚਾਹੁੰਦੇ ਹਾਂ। ਇਸ ਦੇ ਲਈ ਸਾਡੀ ਆਕਸੀਜਨ ਫੈਕਟਰੀ ਤਿਆਰ ਹੋ ਰਹੀ ਹੈ। ਕੁਝ ਮਸ਼ੀਨਾਂ ਸਾਨੂੰ ਵਿਦੇਸ਼ਾਂ ਤੋਂ ਮੰਗਵਾਉਣੀਆਂ ਪੈ ਰਹੀਆਂ ਹਨ, ਕਿਉਂਕਿ ਉਹ ਇੱਥੇ ਉਪਲਬਧ ਨਹੀਂ ਹਨ, ਤਾਂ ਸਮੇਂ ਲੱਗ ਰਿਹਾ ਹੈ।"

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਅਪੀਲ ਕੀਤੀ "ਕਿ ਮੀਡੀਆ ਦੇ ਜ਼ਰੀਏ ਸਾਡਾ ਨਿਵੇਦਨ ਹੈ, ਜੋ ਲੋਕ ਆਕਸੀਜਨ ਸਿਲੰਡਰ ਲਿਜਾ ਰਹੇ ਹਨ, ਆਪ ਇਸਤੇਮਾਲ ਕਰਨ ਤੋਂ ਬਾਅਦ ਵਾਪਸ ਕਰ ਦੇਣ, ਇਸ ਤਰ੍ਹਾਂ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਬਚਾ ਸਕਦੇ ਹਾਂ।

 ਜਾਣਕਾਰੀ ਹੋਵੇ ਕਿ ਪਰਮਜੀਤ ਸਿੰਘ ਸਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ, ਧਾਰਮਿਕ ਪਾਰਟੀ ਦੇ ਵਲੰਟੀਅਰਜ਼ ਕਈ ਖੇਤਰਾਂ ਵਿੱਚ ਆਕਸੀਜਨ ਸਿਲੰਡਰ ਵੰਡਣ ਦੇ ਕੰਮ ਵਿੱਚ ਪਹਿਲਾਂ ਤੋਂ ਹੀ ਲੱਗੇ ਹੋਏ ਸਨ। ਪਰ ਮੰਗ ਜ਼ਿਆਦਾ ਹੋਣ ਕਰ ਕੇ, ਸਿਲੰਡਰ ਵਾਪਸੀ ਨਹੀਂ ਹੋਣ ਦੀ ਸੂਰਤ ਵਿਚ ਸਰਨਾ ਨੇ ਅਲੱਗ ਆਕਸੀਜਨ ਪਲਾਂਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਪਲਾਂਟ ਤਿਆਰ ਹੋਣ ਦੇ ਬਾਅਦ ਜ਼ਰੂਰਤਮੰਦਾਂ ਨੂੰ ਮੁਫਤ ਆਕਸੀਜਨ ਰੀਫਿਲਿੰਗ ਦੀ ਸੇਵਾ ਵੀ ਮੁਹੱਈਆ ਕਰੈ ਜਾਵੇਗੀ। ਸਰਬੱਤ ਦੇ ਭਲੇ ਵਾਲਾ ਇਹ ਫਲਸਫਾ ਇੱਕ ਵਾਰ ਫੇਰ ਖਾਲਸਾ ਜੀ ਦੇ ਬੋਲਬਾਲੇ ਵਾਲਾ ਸਿਧਾਂਤ ਬੜੇ ਹੀ ਮਾਨਵਤਾਵਾਦੀ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ਵਿੱਚ ਲਿਜਾ ਰਿਹਾ ਹੈ। 


No comments: