Thursday, April 01, 2021

ਪ੍ਰਿੰਸੀਪਲ ਤਰਸੇਮ ਬਾਹੀਆ ਹੁਰਾਂ ਦੀ ਆਖ਼ਿਰੀ ਲਿਖਤ

 ਜਿਸ ਨੂੰ ਸਾਂਝਾ ਕੀਤਾ ਡਾਕਟਰ ਜਗਦੀਸ਼ ਕੌਰ ਹੁਰਾਂ ਨੇ  


ਲੁਧਿਆਣਾ: 1 ਅਪ੍ਰੈਲ 2021: (ਪੰਜਾਬ ਸਕਰੀਨ ਡੈਸਕ)::

ਡੀਐਮਸੀ ਹਸਪਤਾਲ ਵਿੱਚ ਪ੍ਰਿੰਸੀਪਲ ਤਰਸੇਮ ਬਾਹੀਆ ਦੇ ਤੁਰ ਜਾਣ ਨਾਲ ਅਗਾਂਹਵਧੂ ਵਿਦਿਅਕ ਲਹਿਰ ਵਿੱਚ ਉਦਾਸੀ ਦੀ ਲਹਿਰ ਹੈ। ਇਸ ਆਖ਼ਿਰੀ ਸਫ਼ਰ ਲਈ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਉਹਨਾਂ ਨੇ ਇਸ ਹੋਣੀ ਦਾ ਅਹਿਸਾਸ ਕਰ ਲਿਆ ਸੀ। ਉਹਨਾਂ ਇੱਕ ਲਿਖਤ ਵੀ ਲਿਖੀ ਜਿਹੜੀ ਸੋਸ਼ਲ ਮੀਡੀਆ ਤੇ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਲਿਖਤ ਵਿੱਚ ਉਹਨਾਂ ਰਵਾਇਤੀ ਤੌਰ ਤਰੀਕਿਆਂ ਦੀਆਂ ਧੱਜੀਆਂ ਉਡਾਉਂਦਿਆਂ ਸਪਸ਼ਟ ਕਿਹਾ ਹੈ ਕਿ ਕਿਸ ਧਾਰਮਿਕ ਸੰਸਥਾ ਨੂੰ ਪੈਸੇ ਦੇਣ ਦੀ ਲੋੜ ਨਹੀਂ ਅਤੇ ਨਾ ਹੀ ਰਾਮ ਨਾਮ ਸੱਤ ਵਾਲਾ ਜਾਪੁ ਕਰਨ ਦੀ ਲੋੜ ਹੈ। ਇਸਦੀ ਬਜਾਏ ਆਸਾ ਸਿੰਘ ਮਸਤਾਨਾ ਦੇ ਗਾਏ ਹੋਏ ਹਰਮਨ ਪਿਆਰੇ ਗੀਤ ਦੀ ਧੁੰਨ ਚਲਾਉਣਾ-ਜਦੋਂ ਮੇਰੀ ਅਰਥੀ ਉਠਾ ਕੇ ਉਠਾ ਕੇ ਚਲਣਗੇ--ਮੇਰੇ ਯਾਰ ਸਭ ਹੁੰਮਹੁਮਾ ਕੇ ਚਲਣਗੇ। ਉਹਨਾਂ ਦੇ ਵਿਛੋੜੇ ਦਾ ਸਦਮਾ ਸਭਨਾਂ ਪ੍ਰਗਤੀਸ਼ੀਲ ਹਲਕਿਆਂ ਵਿੱਚ ਮਹਿਸੂਸ ਕੀਤਾ ਰਿਹਾ ਜਾ ਹੈ।
ਪ੍ਰਿੰਸੀਪਲ ਤਰਸੇਮ ਬਾਹੀਆ ਹੁਰਾਂ ਦਾ ਤੁਰ ਜਾਣਾ ਕਿੰਨਾ ਵੱਡਾ ਘਾਟਾ ਹੈ ਇਸਦਾ ਅਹਿਸਾਸ ਰਹਿ ਰਹਿ ਕਿ ਬਾਰ ਬਾਰ ਹੁੰਦੇ ਰਹਿਣਾ ਹੈ। ਅਜੇ ਕੁਝ ਕੁ ਹਫਤੇ ਪਹਿਲਾਂ ਹੀ ਰਾਮਗੜ੍ਹੀਆ ਕਾਲਜ ਵਿੱਚ  ਹੋਏ ਇੱਕ ਪੱਤਰਕਾਰ ਸੰਮੇਲਨ ਵਿੱਚ ਉਹਨਾਂ ਨੇ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ। ਇਸ ਸਾਜ਼ਿਸ਼ੀ ਨੀਤੀ ਦੀਆਂ ਬਾਰੀਕੀਆਂ ਮੀਡੀਆ ਨੂੰ ਵੀ ਸਮਝਾਈਆਂ ਸਨ, ਵਿਦਿਆਰਥੀ ਵਰਗ ਨੂੰ ਵੀ ਅਤੇ ਅਧਿਆਪਕਾਂ ਨੂੰ ਵੀ। ਉਹਨਾਂ ਮੀਡੀਆ ਵੱਲੋਂ ਪੁਛੇ ਗਏ ਤਿੱਖੇ ਸੁਆਲਾਂ ਦਾ ਜੁਆਬ ਬੜੇ ਹੀ ਠਰੰਮੇ ਨਾਲ ਦਿੱਤਾ ਸੀ। ਲੰਚ ਕਰਦਿਆਂ ਉਹਨਾਂ ਕਿਸੇ ਵੇਲੇ ਇਸ ਨਵੀਂ ਸਿੱਖਿਆ ਨੀਤੀ ਦੇ ਨਾਲ ਨਾਲ ਆਪਣੇ ਹੁਣ ਤੱਕ ਦੇ ਤਜਰਬਿਆਂ ਬਾਰੇ ਇੱਕ ਲੰਮੀ ਵੀਡੀਓ ਮੁਲਾਕਾਤ ਰਿਕਾਰਡ ਕਰਾਉਣ ਦਾ ਵਾਅਦਾ ਵੀ ਕੀਤਾ ਸੀ। ਕਦੇ ਨਹੀਂ ਸੋਚਿਆ ਕਿ ਇਹ ਵਾਅਦਾ ਕਦੇ ਪੂਰਾ ਨਹੀਂ ਹੋਣਾ। ਸਾਡੇ ਨਿਰਥਰਕ ਕਿਸਮ ਦੇ ਰੁਝੇਵੇਂ ਸਾਡੇ ਕੋਲਨ ਹੋਲੀ ਹੋਲੀ ਉਹ ਸਭ ਕੁਝ ਖੋਹ  ਲੈਂਦੇ ਹਨ ਜਿਹੜਾ ਮੁੜ ਕੇ ਕਿਸੇ ਵੀ ਕੀਮਤ ਤੇ ਨਹੀਂ ਮੁੜਨਾ ਹੁੰਦਾ। ਉਹਨਾਂ ਲੋਕ ਪੱਖੀ ਮੀਡੀਆ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੀਆਂ ਕੁਝ ਯੋਜਨਾਵਾਂ ਬਾਰੇ ਵੀ ਸੰਖੇਪ ਜਿਹੀ ਚਰਚਾ ਕੀਤੀ ਸੀ। ਮੌਤ ਨੇ ਇਸ ਸ਼ਖ਼ਸੀਅਤ ਨੂੰ ਸਾਡੇ ਕੋਲੋਂ ਖੋਹ ਕੇ ਕਿੰਨਾ ਹੀ ਕੁਝ ਖੋਹ ਲਿਆ ਹੈ। ਜ਼ਿੰਦਗੀ ਭਰ ਸੱਚ ਤੇ ਪਹਿਰਾ ਦੇਣ ਵਾਲੇ ਪ੍ਰਿੰਸੀਪਲ ਤਰਸੇਮ ਬਾਹੀਆ ਮੌਤ ਨੂੰ ਸਾਹਮਣੇ ਦੇਖ ਕੇ ਵੀ ਸੱਚ ਤੇ ਅਡੋਲ ਰਹੇ।  ਉਹਨਾਂ ਕਿਸੇ ਰੱਬ ਕੋਲ ਕੋਈ ਅਰਦਾਸ ਅਰਜੋਈ ਨਹੀਂ ਕੀਤੀ। ਸਾਰੀ ਉਮਰ ਚੇਤਨਾ ਜਗਾਉਣ ਵਾਲੇ ਪ੍ਰਿੰਸੀਪਲ ਬਾਹੀਆਂ ਜਾਂਦੇ ਜਾਂਦੇ ਵੀ ਚੇਤਨਾ ਹੀ ਜਗਾ ਕੇ ਗਏ। ਉਹਨਾਂ ਦੀ ਇਸ ਆਖ਼ਿਰੀ ਲਿਖਤ ਨੂੰ ਸ਼ੇਅਰ ਕੀਤਾ ਹੈ ਕਿਸੇ ਕਰਮਯੋਗੀ ਜਾਂ ਕਰਮ ਯੋਗਿਨੀ ਵਾਂਗ ਬੜੀ ਹੀ ਖਾਮੋਸ਼ੀ ਨਾਲ ਬੜੀ ਹੀ ਮਗਨ ਜੀਵਨ ਸ਼ੈਲੀ ਵਾਲੇ ਅੰਦਾਜ਼ ਵਿੱਚ ਲੰਮੇ ਸਮੇਂ ਤੋਂ ਸਰਗਰਮ ਡਾਕਟਰ ਜਗਦੀਸ਼ ਕੌਰ ਨੇ। ਪ੍ਰਿੰਸੀਪਲ ਬਾਹੀਆ ਹੁਰਾਂ ਦੀ ਇਹ ਹੱਥ ਲਿਖਤ ਦੱਸਦੀ ਹੈ ਕਿ ਕਹਿਣੀ ਅਤੇ ਕਰਨੀ ਦੇ ਪੂਰੇ ਅੰਤਲੇ ਸਾਹਾਂ ਤੀਕ ਆਪਣੇ ਵਿਚਾਰਾਂ ਦਾ ਪੱਲਾ ਨਹੀਂ ਛੱਡਦੇ। ਮੌਤ ਦਾ ਡਰ ਉਹਨਾਂ ਨੂੰ ਡਰਾਉਣ ਵਿੱਚ ਕਦੇ ਵੀ ਸਫਲ ਨਹੀਂ ਹੁੰਦਾ। 

"ਸਤਿ ਤਾਂ ਸਤਿ ਹੀ ਹੁੰਦਾ ਹੈ।" 

"ਮੈਂ ਸ਼ਾਂਤ ਸੀ ! ਮੈਂ ਸ਼ਾਂਤ ਹਾਂ ! ਮੈਂ ਸ਼ਾਂਤ ਰਹਾਂਗਾ !!!" ਆਖਰੀ ਸ਼ਬਦ ਹਨ ਜੋ ਪ੍ਰਿੰਸੀਪਲ ਬਾਹੀਆ ਨੇ ਹਸਪਤਾਲ ਵਿੱਚ ਬੈੱਡ ਤੇ ਬੈਠ ਲਿਖੇ। 

ਵੱਡੇ ਬੰਦੇ, ਮੌਤ ਨੂੰ ਵੀ ਵੱਡੇ ਦਿਲ ਨਾਲ ਸਵੀਕਾਰਦੇ ਹਨ! 

ਉਹ ਲਿਖਦੇ ਹਨ "ਮੇਰੀ ਅਰਥੀ ਨਾਲ ਰਾਮ ਨਾਮ ਸੱਤ ਨਹੀਂ ਕਹਿੰਦੇ ਜਾਣਾ। ਸਤਿ ਤਾਂ ਸਤਿ ਹੀ ਹੁੰਦਾ ਹੈ। ਮਸਤਾਨੇ ਵਾਲੀ ਧੁਨ ਵਜਾਉਣਾ।"

ਇੱਕ ਵਿੱਦਿਆ ਸ਼ਾਸਤਰੀ ਆਖਰੀ ਸਮੇਂ ਵਿੱਚ ਵੀ ਬੱਚਿਆਂ ਦੀ ਵਿੱਦਿਆ ਬਾਰੇ ਫਿਕਰਮੰਦ ਸੀ।ਉਨਾਂ ਦੀ ਹੱਥ ਲਿਖਤ ਸਾਂਝਾ ਕਰ ਰਹੀ ਹਾਂ ਜਿਸ ਨੂੰ ਲਿਖਣ ਮਗਰੋਂ 28 ਮਾਰਚ ਨੂੰ ਉਨਾਂ ਆਪ ਮੇਰੇ ਨਾਲ ਗੱਲ ਕੀਤੀ ਸੀ। ਆਖਰ ਵਿੱਚ ਤਾਰੀਖ਼ 1 ਅਪ੍ਰੈਲ ਲਿਖੀ ਹੋਈ ਹੈ। ਹੋ ਸਕਦਾ ਹਸਪਤਾਲ ਵਿੱਚ ਉਨਾਂ ਨੂੰ ਤਾਰੀਖ਼ ਦਾ ਭੁਲੇਖਾ ਪਿਆ ਹੋਵੇ ਜਾਂ ਫੇਰ ਸ਼ਾਇਦ ਉਨਾਂ ਨੂੰ ਉਸ ਦਿਨ ਮਹਿਸੂਸ ਹੋ ਗਿਆ ਸੀ ਕਿ ਉਹ ਦੋ ਦਿਨ ਹੀ ਹੋਰ ਰਹਿ ਸਕਣਗੇ ... 

ਇਸ ਜੁਝਾਰੂ ਯੋਧੇ ਨੂੰ ਦਿਲੋਂ ਸਲਾਮ ਸਲਾਮ !

ਇਸੇ ਤਰ੍ਹਾਂ ਦਲਜੀਤ ਅਮੀ ਹੁਰਾਂ ਨੇ ਲਿਖਿਆ:ਇਹ ਖ਼ਬਰ ਹਰ ਪਲ ਨੇੜੇ ਆ ਰਹੀ ਹੈ। ਆਪਣੇ ਇਲਾਕੇ ਦੇ ਸਹੁੰ ਖਾਣ ਜੋਗੇ ਬੰਦਿਆਂ ਵਿੱਚੋਂ ਤਰਸੇਮ ਬਾਹੀਆ ਦਾ ਤੁਰ ਜਾਣਾ ਸੋਗਵਾਰ ਹੈ। ਅਲਵਿਦਾ ਕਾਮਰੇਡ।

ਅਨੁਵਾਦ ਦੀ ਦੁਨੀਆ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੇ ਚਰਨ ਗਿੱਲ ਹੁਰਾਂ ਨੇ ਵੀ ਪ੍ਰਿੰਸੀਪਲ ਤਰਸੇਮ ਬਾਹੀਆ ਦੇ ਤੁਰ ਜਾਣ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਪਿਛਲੇ ਕੁਝ ਦਿਨਾਂ ਤੋਂ ਪ੍ਰਿੰਸੀਪਲ ਤਰਸੇਮ ਬਾਹੀਆ ਜੀ ਦੀ ਸਿਹਤ ਠੀਕ ਨਹੀਂ ਸੀ ਚਲ ਰਹੀ। ਉਹ ਡੀ ਐਮ ਸੀ ਲੁਧਿਆਣਾ ਵਿੱਚ ਦਾਖ਼ਲ ਸਨ। ਬਾਹੀਆ ਸਾਹਿਬ , ਕਿਸਾਨ ਅੰਦੋਲਨ ਅਤੇ ਨਵੀਂ ਸਿਖਿਆ ਨੀਤੀ ਬਾਰੇ ਵਿਚਾਰ-ਚਰਚਾ ਵਿੱਚ ਬਹੁਤ ਸਰਗਰਮ ਰਹੇ । ਅਧਿਆਪਕ ਅੰਦੋਲਨਾਂ ਵਿੱਚ ਸ਼ਮੂਲੀਅਤ ਅਤੇ ਉੱਚ ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਲੋਕ ਵਿਰੋਧੀ ਫੈਸਲਿਆਂ ਦੀ ਬੇਬਾਕ ਅਤੇ ਤਰਕ-ਸੰਗਤ ਆਲੋਚਨਾ ਵਿੱਚ ਉਹ ਇੱਕ ਮੋਹਰੀ ਸਿੱਖਿਆ-ਸ਼ਾਸਤਰੀ ਵਜੋਂ ਵੱਡੀ ਭੂਮਿਕਾ ਨਿਭਾ ਰਹੇ ਸਨ। ਬੀਤੇ ਦਿਨ ਉਹ ਸਾਡੇ ਕੋਲੋਂ ਸਦਾ ਲ਼ੀ ਹਨ ਚਲੇ ਗਏ। ਵਿੱਕੀ ਭਾਈਚਾਰਾ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਦੇ ਦੁੱਖ ਵਿੱਚ ਸ਼ਰੀਕ ਹੈ!!!!!!!!

ਦੋਰਾਹਾ ਵਿੱਚ ਰਹਿਣ ਵਾਲੇ ਉੱਘੇ ਸਾਹਿਤਕਾਰ ਗੁਰਦਿਆਲ ਦਲਾਲ ਹੁਰਾਂ ਨੇ ਵੀ ਪ੍ਰਿੰਸੀਪਲ ਬਾਹੀਆ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਖੰਨਾ ਸ਼ਹਿਰ ਦੀ ਹਰਮਨ ਪਿਆਰੀ ਹਸਤੀ, ਬੇਹੱਦ ਸਮਾਜਿਕ ਰੁਝੇਵਿਆਂ ਨਾਲ ਭਰੀ ਜ਼ਿੰਦਗੀ ਦੇ ਸਵਾਮੀ, ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਮੇਰੇ ਬਹੁਤ ਹੀ ਪਿਆਰੇ ਵਿਦਵਾਨ ਮਿੱਤਰ ਤੇ ਅਧਿਆਪਕਾਂ ਦੇ ਘੋਲਾਂ ਵਿੱਚ ਇਕ ਨੇਤਾ ਅਤੇ ਰਾਹ ਦਸੇਰਾ ਵਜੋਂ ਸਾਰੀ ਉਮਰ ਸਰਗਰਮ ਰਹੇ ਤਰਸੇਮ ਬਾਹੀਆ ਜੀ------ਬਹੁਤ ਮੁਸ਼ਕਲ ਹੈ ਤੁਹਾਡੇ ਜਾਣ ਬਾਰੇ ਕਹਿਣਾ।

ਹਰ ਰੋਜ਼, ਹਰ ਚੜ੍ਹਦੀ ਸਵੇਰ ਮਿੱਤਰ ਪਿਆਰਿਆਂ ਦੇ ਜਾਣ ਦੀਆਂ ਖਬਰਾਂ ਗਿਲਝਾਂ ਵਾਂਗ ਸਾਡੇ ਸਾਹਿਤਕ ਬਨੇਰਿਆਂ ਤੇ ਉਤਰ ਰਹੀਆਂ ਹਨ।ਦਸ ਕੁ ਦਿਨ ਪਹਿਲਾਂ ਮੇਰੇ ਨਾਲ਼ ਹੋਈ ਇਕ ਲੰਬੀ ਗੱਲਬਾਤ ਵਿੱਚ ਉਨ੍ਹਾਂ ਨੇ ਸਾਹਿਤ ਸਭਾ ਖੰਨਾਂ ਦੀ ਹੋਂਦ ਬਚਾਈ ਰੱਖਣ ਲਈ ਜੋ ਗੱਲਾਂ ਕੀਤੀਆਂ , ਮੇਰੇ ਦਿਲ ਤੇ ਉੱਕਰੀਆਂ ਪਈਆਂ ਹਨ।ਕਾਸ਼ ! ਕਾਸ਼ !.......

No comments: