Saturday, March 27, 2021

ਕੇਂਦਰ ਸਰਕਾਰ ਦੇਸ਼ ਨੂੰ ਨਿਲਾਮ ਕਰਨ ਵੱਲ ਤੁਰੀ

27th March 2021 at 2:31 PM

 OBC ਵੈਲਫੇਅਰ ਫਰੰਟ ਡੈਮੋਕ੍ਰੇਟਿਕ ਵੱਲੋਂ ਸਰਗਰਮੀਆਂ ਜ਼ੋਰਾਂ ਤੇ 


ਲੁਧਿਆਣਾ
: 27 ਮਾਰਚ 2021: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਓ ਬੀ ਸੀ ਵੈਲਫੇਅਰ ਫਰੰਟ ਡੇਮੋਕ੍ਰੇਟਿਕ ਨੇ ਕੇਂਦਰ ਸਰਕਾਰ ਨੂੰ ਆਪਣੇ ਨਿਸ਼ਾਨੇ ਤੇ ਰੱਖਦਿਆਂ ਕਿਹਾ ਹੈ ਕਿ ਇਹ ਕੇਂਦਰ ਸਰਕਾਰ ਦੇਸ਼ ਨੂੰ ਨਿਲਾਮ ਕਰਨ ਵੱਲ ਤੁਰੀ ਹੋਈ ਹੈ।  ਵੱਡੇ ਵੱਡੇ ਅਜਾਰੇਦਾਰਾਂ ਅਤੇ ਸਰਮਾਏਦਾਰਾਂ ਨੂੰ ਵੱਧ ਤੋਂ ਵੱਧ ਲਾਹੇ ਪਹੁੰਚਾਉਣ ਲਈ ਇੱਕ ਤੋਂ ਬਾਅਦ ਇੱਕ ਲੋਕ ਵਿਰੋਧੀ ਕਦਮ ਪੁੱਟ ਰਹੀ ਹੈ। ਇਸ ਸਰਕਾਰ ਦੇ ਇਸ ਲੋਕ ਵਿਰੋਧੀ ਰੁਝਾਨ ਨੂੰ ਨੱਥ ਪਾਉਣਾ ਅੱਜ ਦੇ ਸਮੇਂ ਦੀਆਂ ਸਭਨਾਂ ਲੋਕ ਸਮਰਥਕ ਧਿਰਾਂ ਦਾ ਪਹਿਲਾਂ ਫਰਜ਼ ਹੈ। 
ਸਥਾਨਕ ਅੰਬੇਡਕਰ ਚੌਂਕ ਜਲੰਧਰ ਬਾਈ ਪਾਸ ਨੇੜੇ ਪੈਂਦੀ ਦਾਣਾ ਮੰਡੀ ਵਿਖੇ 28 ਮਾਰਚ ਐਤਵਾਰ ਨੂੰ ਹੋ ਰਹੀ ਕਿਰਤੀ ਕਿਸਾਨ ਮਹਾਂ ਪੰਚਾਇਤ ਨੂੰ ਓਦੋਂ ਹੋਰ ਸ਼ਕਤੀ ਮਿਲੀ ਜਦੋਂ ਓ ਬੀ ਸੀ ਵੈਲਫੇਅਰ ਫਰੰਟ ਡੇਮੋਕ੍ਰੇਟਿਕ ਦੇ ਪ੍ਰਧਾਨ ਆਰਕੀਟੈਕਟ ਕਰਮਜੀਤ ਸਿੰਘ ਨਾਰੰਗਵਾਲ ਵੱਲੋਂ ਮਹਾਂ ਪੰਚਾਇਤ ਨੂੰ ਸਮੱਰਥਨ ਦੇਣ ਦਾ ਐਲਾਨ ਕੀਤਾ ਗਿਆ। ਮਹਾਂਪੰਚਾਇਤ ਦੇ ਕਰਤਾ ਧਰਤਾ ਸੀਨੀਅਰ ਆਈ ਏ ਐੱਸ ਸ੍ਰੀ ਐਸ ਆਰ ਲੱਧੜ ਨੇ ਸ: ਨਾਰੰਗਵਾਲ ਵੱਲੋਂ ਉਨਾਂ ਦੇ ਦਫਤਰ ਵਿੱਚ ਰੱਖੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਜਿਥੇ ਸ੍ਰੀ ਨਾਰੰਗਵਾਲ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਫਰੰਟ ਦੇ ਹਜਾਰਾਂ ਸਾਥੀ ਇਸ ਮਹਾਂ ਪੰਚਾਇਤ ਵਿੱਚ ਪਹੁੰਚਣਗੇ। ਮਹਾਂ ਪੰਚਾਇਤ ਬਾਰੇ ਜਾਣਕਾਰੀ ਦਿੰਦਿਆਂ ਐਸ ਆਰ ਲੱਧੜ ਨੇ ਦੱਸਿਆ ਕਿ ਕਾਲੇ ਖੇਤੀ ਕਾਨੂੰਨਾਂ ਬਾਰੇ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਹੈ ਪਰ ਨਵੇਂ ਮਹਾਂ ਕਾਲੇ ਕਿਰਤ ਕਾਨੂੰਨਾਂ ਬਾਰੇ ਕੋਈ ਨਹੀ ਜਾਣਦਾ ਜੋ ਕਿਸਾਨੀ ਕਾਨੂੰਨਾਂ ਤੋਂ ਵੀ ਭੈੜੇ ਹਨ। 
ਮਜ਼ਦੂਰ ਵਰਗ ਨੂੰ ਇਹਨਾਂ ਕਾਲੇ ਕਾਨੂੰਨਾਂ ਬਾਰੇ ਜਾਗਰੂਕ ਅਤੇ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੈ। ਉਨਾ ਦੱਸਿਆ ਕਿ ਇਸ ਸਮਾਗਮ ਵਿੱਚ ਮੁਸਲਮਾਨ, ਨਾਮਧਾਰੀ, ਇਸਾਈ, ਹਿੰਦੂ, ਸਿੱਖ ਅਤੇ ਕਮਜ਼ੋਰ ਵਰਗਾਂ ਦੇ ਲੋਕ ਪਹੁੰਚ ਰਹੇ ਹਨ। ਸੇਵਾ ਮੁੱਕਤ ਫ਼ੌਜੀ ਜਵਾਨ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਹਨ। ਕਾਨੂੰਨੀ ਮਾਹਰ ਕਿਰਤ ਅਤੇ ਕਿਸਾਨ ਕਾਨੂੰਨਾਂ ਸਬੰਧੀ ਲੋਕਾਂ ਨੂੰ ਚਾਨਣਾ ਪਾਉਣਗੇ। ਉਨਾ ਦੱਸਿਆ ਕਿ ਇਸ ਮਹਾਂ ਪੰਚਾਇਤ ਵਿੱਚ ਕੌਮੀ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਲਛਮਣ ਸਿੰਘ ਸੇਵਾਵਾਲ ਤੋਂ ਇਲਾਵਾ ਸੁਪਰੀਮ ਕੋਰਟ ਦੇ ਵਕੀਲ ਭਾਨੂੰ ਪ੍ਰਤਾਪ ਸਿੰਘ, ਰਜਿੰਦਰ ਸ਼ਾਹ ਅਤੇ ਮਜਦੂਰ ਆਗੂ ਨੌਦੀਪ ਕੌਰ ਵੀ ਪਹੁੰਚ ਰਹੇ ਹਨ।
ਕਰੋਨਾ ਅਤੇ ਸਰਕਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਸਕਾਂ ਅਤੇ ਸੇਨੇਟਾਈਜਰਾਂ ਦਾ ਵੱਡਾ ਪ੍ਰਬੰਧ ਕੀਤਾ ਗਿਆ ਹੈ। ਉਨਾ ਕਿਹਾ ਕਿ ਕੇਂਦਰ ਸਰਕਾਰ ਪੂੰਜੀਪਤੀਆਂ ਨੂੰ ਵੱਡੇ ਲਾਭ ਪਹੁੰਚਾਉਣ ਲਈ ਇੱਕ ਤੋਂ ਬਾਦ ਦੂਜੀ ਮਨਮਰਜ਼ੀ ਕਰਕੇ ਦੇਸ਼ ਨੂੰ ਨੀਲਾਮ ਕਰਨ ਵੱਲ ਤੁਰੀ ਹੈ ਤੇ ਸਾਡਾ (ਅਫਸਰਸ਼ਾਹੀ) ਏਹ ਫਰਜ ਬਣਦਾ ਹੈ ਕਿ ਅਸੀ ਮੋਦੀ ਸਰਕਾਰ ਨੂੰ ਅਜਿਹਾ ਕਰਨ ਤੋਂ ਰੋਕੀਏ ਤੇ ਭੋਲੀ ਜਨਤਾ ਨੂੰ ਉਨਾ ਦੀ ਹੋ ਰਹੀ ਲੁੱਟ ਤੋਂ ਜਾਣੂ ਕਰਵਾ ਸੁਚੇਤ ਕਰੀਏ। ਸ: ਨਾਰੰਗਵਾਲ ਨੇ ਮੋਦੀ ਸਰਕਾਰ ਦੀ ਤਾਨਾਸ਼ਾਹੀ ਖਿਲਾਫ ਲੋਕਾਂ ਨੂੰ ਡੱਟਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਇਸ ਮਹਾਂ ਪੰਚਾਇਤ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰੋਫੈਸਰ ਮੋਹਣ ਸਿੰਘ ਫਾਊਂਡੇਸ਼ਨ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਗਰੇਵਾਲ, ਮੁਲਾਜਮ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ, ਪਰਮਜੀਤ ਸਿੰਘ ਗਿੱਲ਼, ਜਪਨਾਮ ਸਿੰਘ ਪ੍ਰਧਾਨ, ਬੀ ਆਰ ਹੀਰਾ, ਹਰਪ੍ਰੀਤ ਸਿੰਘ ਗੁਰਮ, ਉਦੇ ਭਾਨ, ਸੁਭਾਸ਼, ਕਮੇਸ਼ਵਰ ਅਤੇ ਹੋਰ ਹਾਜ਼ਰ ਸਨ।

No comments: