Wednesday, February 05, 2020

ਖਾਲਸਾ ਕਾਲਜ ਫਾਰ ਵਿਮੈਨ ਵਿੱਚ ਪਰਮ ਨਿਮਾਣਾ ਨੇ ਜਗਾਇਆ ਕਿਤਾਬਾਂ ਦਾ ਜਾਦੂ

ਵਿਆਹ ਵੇਲੇ ਪੁਸਤਕਾਂ ਦੀਆਂ ਅਲਮਾਰੀਆਂ ਭਰ ਕੇ ਨਾਲ ਲਿਜਾਇਓ!
ਲੁਧਿਆਣਾ: 5 ਫਰਵਰੀ 2020: (ਕਾਰਤਿਕਾ ਸਿੰਘ ਦੀ ਕਵਰੇਜ ਪੰਜਾਬ ਸਕਰੀਨ ਟੀਮ ਦੇ ਨਾਲ)::
ਜਦੋਂ ਪੰਜਾਂ ਦਰਿਆਵਾਂ ਦੀ ਧਰਤੀ 'ਤੇ ਨਸ਼ਿਆਂ ਨਾਲ ਹੋ ਰਹੀਆਂ ਖੁਦਕੁਸ਼ੀਆਂ ਦੇ ਬਾਵਜੂਦ ਸ਼ਰਾਬ ਦੇ ਠੇਕੇ ਲਗਾਤਾਰ ਵੱਧ ਹੋਣ। ਇਹਨਾਂ ਠੇਕਿਆਂ ਦੀ ਸਜਾਵਟ ਵੀ ਵੱਧ ਰਹੀ ਹੋਵੇ ਅਤੇ ਗਿਣਤੀ ਵੀ  ਕੋਈ ਮੁਸ਼ਕਿਲ ਨਹੀਂ ਕਿ ਪੰਜਾਬ  ਸੱਭਿਆਚਾਰ ਕਿੱਧਰ ਜਾ ਹੈ। ਅਜਿਹੀਆਂ ਵਿਪਰੀਤ ਹਵਾਵਾਂ ਦੇ ਬਾਵਜੂਦ ਵੀ ਪੁਸਤਕ ਸੱਭਿਆਚਾਰ ਦੀ ਗੱਲ ਸੋਚਣਾ ਕਿਸੇ ਚਮਤਕਾਰੀ ਹਿੰਮਤ ਤੋਂ ਘੱਟ ਨਹੀਂ। ਇਹ ਹਿੰਮਤ ਦਿਖਾਈ ਲੁਧਿਆਣਾ ਦੇ ਖਾਲਸਾ ਕਾਲਜ ਫੇਰ ਵਿਮੈਨ ਨੇ ਅੱਜ ਇੱਕ ਸਮਾਗਮ ਦਾ ਆਯੋਜਨ ਕਰਕੇ। ਨਾ ਕੋਈ ਸ਼ੋਰ ਸ਼ਰਾਬਾ ਤੇ ਨਾ ਕੋਈ ਹੋਰ ਅਡੰਬਰ।  ਬੜਾ ਸਾਦਾ ਜਿਹਾ ਸਮਾਗਮ ਜਿਸ ਵਿੱਚ ਮੁਖ ਮਹਿਮਾਨ ਵੱਜੋਂ ਪੁੱਜੇ ਨੌਜਵਾਨ ਸ਼ਾਇਰ ਪਰਮ ਨਿਮਾਣਾ। ਦਿਲਚਸਪ ਗੱਲ ਹੈ ਕਿ ਪਰਮ ਨਿਮਾਣਾ ਦੀ ਬੁਲੰਦ ਆਵਾਜ਼ ਅਤੇ ਤਰੰਨੁਮ ਵੀ ਕਮਾਲ ਦਾ ਹੈ। 
ਸਮਾਗਮ ਮੀਡੀਆ ਵੱਲੋਂ ਪਰਮ ਨਿਮਾਣਾ ਨੂੰ ਰਿਕਾਰਡ ਕੀਤੇ ਜਾਣ ਕਾਰਨ ਕੁਝ ਕੁ ਮਿੰਟ ਦੇਰੀ ਨਾਲ ਸ਼ੁਰੂ ਹੋਇਆ ਪਰ ਇਸਦੇ ਬਾਵਜੂਦ ਸਮੇਂ ਦੀ ਪਾਬੰਦੀ ਕਮਾਲ ਦੀ ਰਹੀ। ਕਾਲਜ ਦੀਆਂ ਵਿਦਿਆਰਥਣਾਂ ਨੇ ਸਾਹ ਰੋਕ ਕੇ ਪਰਮ ਨਿਮਾਣਾ ਦੇ ਇੱਕ ਇੱਕ  ਸ਼ਬਦ  ਨੂੰ ਸੁਣਿਆ। ਉਸ ਦੀਆਂ ਗੱਲਾਂ ਨੂੰ ਆਪਣੇ ਮੋਬਾਈਲ ਫੋਨਾਂ ਤੇ ਰਿਕਾਰਡ ਕੀਤਾ। ਸ਼ਾਇਰੀ ਬਾਰੇ ਆਪਣੇ ਮਨ ਦੀ ਸ਼ੰਕੇ ਵੀ ਨਵਿਰਤ ਕੀਤੇ ਅਤੇ ਸੁਆਲ ਵੀ ਪੁੱਛੇ। ਕਿਸੇ ਦਾ ਦਿਲ ਨਹੀਂ ਕਰਦਾ ਸੀ ਕਿ ਇਹ ਸਮਾਗਮ ਮੁੱਕੇ ਪਰ ਪਰਮ ਸਾਹਿਬ ਨੇ ਤਾਂ ਪੂਰੇ ਪੌਣੇ ਇੱਕ ਵਜੇ ਘੜੀ ਦਿਖਾ ਕੇ ਇਜ਼ਾਜ਼ਤ ਚਾਹੀ ਜਿਹੜੀ ਹਾਲ ਵੱਲੋਂਨਹੀਂ ਮਿਲੀ। ਇਸਤੇ ਕਵਿਤਾਵਾਂ ਦਾ ਦੌਰ ਕੁਝ ਸਮਾਂ ਹੋਰ ਚੱਲਿਆ। ਫਰਮਾਇਸ਼ਾਂ ਵੀ ਆਈਆਂ ਅਤੇ ਉਹ ਤਕਰੀਬਨ ਤਕਰੀਬਨ ਪੂਰੀਆਂ ਵੀ ਹੋਈਆਂ। 
ਆਪਣੇ ਇਸ ਰੂਬਰੂ ਦੌਰਾਨ ਪਰਮ ਨਿਮਾਣਾ ਨੇ ਕਾਲਜ ਦੀਆਂ ਇਹਨਾਂ ਸਾਹਿਤਿਕ ਰਸ ਵਾਲੀਆਂ ਕੁੜੀਆਂ ਨੂੰ ਸਲਾਹ ਦੇਂਦਿਆਂ  ਕਿਹਾ ਵਿਆਹ ਕਰਾਉਣ ਵੇਲੇ ਜਦੋਂ ਦਾਜ ਦੇਣ ਦੀ ਗੱਲ ਆਵੇ ਤਾਂ ਨਾਂਹ ਨਾ ਕਰਿਓ ਪਰ ਸ਼ਰਤ ਰੱਖਿਓ ਕਿ ਅਸੀਂ ਕਿਤਾਬਾਂ ਦੀਆਂ ਅਲਮਾਰੀਆਂ ਭਰ ਕੇ ਨਾਲ ਲਿਜਾਣੀਆਂ ਹਨ। ਘਰਾਂ ਵਿੱਚ ਕਿਤਾਬਾਂ ਹੀ ਚੰਗੀਆਂ ਲੱਗਦੀਆਂ ਹਨ ਨਾ ਕਿ ਸ਼ਰਾਬਾਂ ਨਾਲ ਭਰੀਆਂ ਅਲਮਾਰੀਆਂ। ਪੰਜਾਬ ਦੇ ਸੱਭਿਆਚਾਰ ਦੀ ਸ਼ਰਮਨਾਕ ਸਥਿਤੀ ਉੱਤੇ ਇੱਕ ਸਮਰੱਥ ਸ਼ਾਇਰ ਪਰਮ ਨਿਮਾਣਾ ਵੱਲੋਂ ਇਹ ਜ਼ਬਰਦਸਤ ਸਾਹਿਤਿਕ ਵਾਰ ਸੀ। ਇਹ ਇੱਕ ਸਲਾਹ ਸੀ ਕੋਈ ਹੁਕਮ ਨਹੀਂ ਸੀ ਪਰ ਕਾਲਜ ਦੀਆਂ ਕੁੜੀਆਂ ਨੇ ਇਸਨੂੰ ਇੱਕ ਸੰਕਲਪ ਵਾਂਗ ਲਿਆ ਅਤੇ ਵਾਅਦੇ ਨੂੰ ਨਿਭਾਉਣ ਦੇ ਅੰਦਾਜ਼ ਵਿੱਚ ਸਿਰ ਹਿਲਾਇਆ। ਸ਼ਰਾਬ ਦੇ ਸੱਭਿਆਚਾਰ ਵਿੱਚ ਡੁੱਬਦੇ ਜਾ ਰਹੇ ਪੰਜਾਬ ਨੂੰ ਪੁਸਤਕ ਸੱਭਿਆਚਾਰ ਦੀ ਸਿਹਤਮੰਦ ਮੁਹਿੰਮ ਦਾ ਇਹ ਜ਼ੋਰਦਾਰ ਹਲੂਣਾ ਸੀ। ਖਾਲਸਾ ਕਾਲਜ ਫੇਰ ਵਿਮੈਨ ਦੀ ਪ੍ਰਬੰਧਕੀ ਟੀਮ ਇਸ ਜ਼ੋਰਦਾਰ ਸ਼ੁਰੂਆਤ ਨੂੰ ਦੇਖ ਖੁਸ਼ ਸੀ ਕਿਓਂਕਿ ਪੁਸਤਕ ਸੱਭਿਆਚਾਰ ਹੀ ਕਰ ਸਕਦਾ ਹੈ ਨਵੇਂ ਪੰਜਾਬ ਦੀ ਉਸਾਰੀ। ਇਸ ਮੁਹਿੰਮ ਨਾਲ ਹੀ ਆਵੇਗੀ ਨਵੀਂ ਕਰਾਂਤੀ। 
ਪਰਮ ਨਿਮਾਣਾ ਨੇ ਇਹਨਾਂ ਵਿਦਿਆਰਥਣਾਂ ਨੂੰ ਆਪਣੀ ਜ਼ਿੰਦਗੀ ਦੇ ਹਵਾਲੇ ਦੇ ਦੇ ਕੇ ਸਮਝਾਇਆ ਕਿ ਬੜੀ ਵਾਰ ਨਿਰਾਸ਼ਾ ਆਉਂਦੀ ਹੈ। ਆਪਣੇ ਵੀ ਸਾਥ ਛੱਡ ਜਾਂਦੇ ਹਨ। ਹਾਲਾਤ ਵੀ ਉਲਟ ਹੋ ਜਾਂਦੇ ਹਨ। ਕੋਈ ਬਾਂਹ ਨਹੀਂ ਫੜਦਾ। ਹਰ ਪਾਸੇ ਨਿਰਾਸ਼ਾ ਦਾ ਹਨੇਰਾ ਘਿਰ ਜਾਂਦਾ ਹੈ। ਉਦੋਂ ਕਿਤਾਬਾਂ ਹੀ ਕੰਮ ਆਉਂਦੀਆਂ ਹਨ। ਸਵਾਰਥਾਂ ਦੇ ਇਸ ਯੁਗ ਵਿੱਚ ਨਿਰਸੁਆਰਥ ਹੋ ਕੇ ਕਿਸੇ ਸੱਚੇ ਦੋਸਤ ਅਤੇ ਹਮਦਰਦ ਵਾਂਗ ਆ ਕੇ ਬਾਂਹ ਫੜਦੀਆਂ ਹਨ ਪੁਸਤਕਾਂ। ਇਹਨਾਂ  ਕਿਤਾਬਾਂ ਦੇ ਅੱਖਰ ਕਦੇ ਜੁਗਨੂੰ ਬਣ ਕੇ ਆਲੇ ਦੁਆਲੇ ਮੰਡਰਾਉਂਦੇ ਹਨ, ਕਦੇ ਚਿਰਾਗ ਬਣ ਕੇ ਰਾਹ ਰੁਸ਼ਨਾਉਂਦੇ ਹਨ ਅਤੇ ਕਦੇ ਕਰੋੜਾਂ ਸੂਰਜਾਂ ਦੀ ਰੌਸ਼ਨੀ ਦੇਂਦੇ ਹੋਏ ਕਦਮ ਨਾਲ ਕਦਮ ਮਿਲਾ ਕੇ ਪਲ ਪਲ ਨਾਲ ਆ ਤੁਰਦੇ ਹਨ। ਜਿਸ ਕੋਲ ਚੰਗੀਆਂ ਕਿਤਾਬਾਂ ਹਨ ਉਹ ਕਦੇ ਵੀ ਇਕੱਲਾ ਨਹੀਂ ਹੋਣ ਲੱਗਾ। ਉਹ ਤੂਫ਼ਾਨਾਂ ਨਾਲ ਘਿਰ ਵੀ ਜਾਵੇ ਤਾਂ ਵੀ ਉਹ ਤੂਫ਼ਾਨਾਂ ਨੂੰ ਆਪਣੀ ਸਵਾਰੀ ਬਣਾ ਕੇ ਨਵੀਆਂ ਮੰਜ਼ਲਾਂ ਸਰ ਕਰੇਗਾ। ਉਸ  ਲਈ ਅਸਮਾਨਾਂ ਦੀ ਹੱਦ ਵੀ ਕਦੇ ਆਖ਼ਿਰੀ ਨਹੀਂ ਹੋਣ ਲੱਗੀ। 
ਜਦੋਂ ਸਿਆਸਤਦਾਨ ਆਪੋ ਆਪਣੀਆਂ ਜੁਮਲੇਬਾਜ਼ੀਆਂ ਨਾਲ ਪੰਜਾਬ ਨੂੰ ਤਮਾਸ਼ਾ ਬਣਾਉਣ ਲੱਗੇ ਹੋਏ ਹਨ ਉਦੋਂ ਖਾਲਸਾ ਕਾਲਜ ਫੇਰ ਵਿਮੈਨ ਵਿੱਚ ਪਰਮ ਨਿਮਾਣਾ ਨੇ ਉਚੇਚੇ ਤੌਰ ਤੇ ਆ ਕੇ ਕਿਤਾਬਾਂ ਦਾ ਜਾਦੂ ਜਗਾਇਆ। ਸਮਾਜ ਨੂੰ ਸੁਨੇਹਾ ਦੇਂਦਿਆਂ ਦੱਸਿਆ ਕਿ ਅੱਜ ਦੇ ਇਹਨਾਂ ਮੁੰਡੇ ਕੁੜੀਆਂ ਨੂੰ ਸਮਾਰਟ ਫੋਨਾਂ ਦੀ ਨਹੀਂ ਕਿਤਾਬਾਂ ਦੀ ਲੋੜ ਹੈ। ਇਹਨਾਂ ਦੇ ਹੱਥਾਂ ਵਿੱਚ ਮੋਬਾਈਲ ਨਹੀਂ ਕਿਤਾਬਾਂ ਫੜਾਓ। ਪੁਸਤਕ ਸੱਭਿਆਚਾਰ ਨਾਲ ਹੀ ਪੰਜਾਬ ਫਿਰ ਨਵਾਂ ਇਤਿਹਾਸ ਸਿਰਜ ਸਕੇਗਾ। 
ਪੁਸਤਕ ਸੱਭਿਆਚਾਰ ਦਾ ਇਹ ਸੱਦਾ ਸਿਰਫ ਸਿਰਫ ਕਾਲਜਾਂ ਦੇ ਪ੍ਰਬੰਧਕਾਂ ਜਾਂ ਸਰਕਾਰਾਂ ਲਈ ਹੀ ਨਹੀਂ ਸੀ ਬਲਕਿ ਸਮੁੱਚੇ ਸਮਾਜ ਲਈ ਵੀ ਸੀ। ਸਾਡੇ ਬਹੁਤ ਸਾਰੇ ਸੰਗਠਨ ਬਹੁਤ ਸਾਰੇ ਅਡੰਬਰਾਂ ਤੇ ਵਾਰੋ ਵਾਰੀ ਕਰੋੜਾਂ ਰੁਪਏ ਖਰਚਦੇ ਹਨ ਜੇ ਉਸਦਾ ਇੱਕ ਫ਼ੀਸਦੀ ਹਿੱਸਾ ਵੀ ਕਿਤਾਬਾਂ ਤੇ ਖਰਚ ਹੋਵੇ ਤਾਂ ਨਵਾਂ ਸਮਾਜ ਸਿਰਜਣਾ ਬਹੁਤ ਆਸਾਨ ਹੋ ਜਾਵੇਗਾ। ਪੁਸਤਕ ਸੱਭਿਆਚਾਰ ਦਾ ਸੱਦਾ ਅਸਲ ਵਿੱਚ ਦਿਲਾਂ, ਦਿਮਾਗਾਂ ਅਤੇ ਮਨਾਂ ਵਿੱਚ ਸੁਹਜ ਅਤੇ ਸੁੰਦਰਤਾ ਭਰਨ ਵਾਲੀ ਜੁਗਤ ਸਮਝਾਉਦਾ ਹੈ। ਇਸ ਮੌਕੇ ਮਾਂ ਬੋਲੀ ਦੀ ਸਾਂਭ ਸੰਭਾਲ ਵਾਲਿਆਂ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ। ਵਿੱਸਰ ਚੁੱਕੇ ਸ਼ਬਦਾਂ ਦਾ ਵੀ ਜ਼ਿਕਰ ਹੋਇਆ। ਪੰਜਾਬੀ ਦੇ ਅਲੋਪ ਹੋ ਰਹੇ ਸ਼ਬਦਾਂ ਨੂੰ ਸੰਭਾਲਣ ਦੀ ਗੱਲ ਵੀ ਹੋਈ। 
ਕਾਲਜ ਦੇ ਪੰਜਾਬੀ ਵਿਭਾਗ ਦੀ ਮੁਖੀ ਪਰਮਜੀਤ ਪਾਸੀ ਨੇ ਪਰਮ ਨਿਮਾਣਾ ਹੁਰਾਂ ਦਾ ਸੁਆਗਤ ਕਰਦਿਆਂ ਉਹਨਾਂ ਦੀ ਆਮਦ ਨੂੰ ਬੇਹੱਦ ਯਾਦਗਾਰੀ ਦੱਸਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਮਾਂ ਬੋਲੀ ਅਤੇ ਸਾਹਿਤ ਸਬੰਧੀ ਕਿ ਸੁਆਲ ਪੁਛੇ। ਉਹਨਾਂ ਦੀ ਜਿਗਿਆਸਾ ਦੱਸਦੀ ਸੀ ਕਿ ਵਿਦਿਆਰਥੀ ਵਰਗ ਸਾਹਿਤ ਪ੍ਰਤੀ ਕਿੰਨਾ ਕੁਝ ਜਾਨਣਾ ਚਾਹੁੰਦਾ ਹੈ। 
ਕਾਲਜ ਦੀ ਪ੍ਰਿੰਸੀਪਲ ਡਾ. ਮੁਕਤੀ ਗਿੱਲ ਹੁਰਾਂ ਨੇ ਵੀ ਪਰਮ ਨਿਮਾਣਾ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀ ਵਰਗ ਨੂੰ ਬਹੁਤ ਫਾਇਦਾ ਹੋਇਆ ਹੈ। ਮਾਂ ਬੋਲੀ ਅਤੇ ਸਾਹਿਤ ਨੂੰ ਵਿਦਿਆਰਥੀ ਵਰਗ ਨਾਲ ਜੋੜੀ ਰੱਖਣ ਲਈ ਅਜਿਹੇ ਆਯੋਜਨਾਂ ਦੀ ਸਖਤ ਲੋੜ ਹੈ ਅਤੇ ਅਸੀਂ ਅਜਿਹੇ ਆਯੋਜਨ ਭਵਿੱਖ ਵਿੱਚ ਵੀ ਕਰਾਉਂਦੇ ਰਹਾਂਗੇ।
ਆਪਣੀ ਇਸ ਪਰਫਾਰਮੈਂਸ ਦੌਰਾਨ ਪਰਮ ਨਿਮਾਣਾ  ਸਰਤਾਜ  ਹੁਰਾਂ ਦੇ ਬੇਹੱਦ ਹਰਮਨ ਪਿਆਰੇ ਹੋਏ ਗੀਤ "ਇਬਾਦਤ" ਦੀਆਂ ਕੁਝ ਸਤਰਾਂ ਵੀ ਸੁਣਾਈਆਂ: ਇਬਾਦਤ ਕਰ ਇਬਾਦਤ ਕਰਨ ਤੇ ਹੀ ਗੱਲ ਬਣਦੀ ਹੈ
                                ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ੍ਹ ਬਣਦੀ ਹੈ!
 ਇਸਦੇ ਨਾਲ ਹੀ ਉਹਨਾਂ ਬਹੁਤ ਸਾਰੀਆਂ ਆਪਣੀਆਂ ਕਾਵਿ ਰਚਨਾਵਾਂ ਵੀ ਸੁਣਾਈਆਂ।  ਕੁਝ ਸਿੱਧੇ ਸਿੱਧਦੇ ਅਤੇ ਕੁਝ ਤਰੰਨੁਮ ਨਾਲ।  ਇਹ  ਇੱਕ ਯਾਦਗਾਰੀ ਸਮਾਗਮ ਰਿਹਾ। ਫਿਰ ਬਹੁਤ ਛੇਤੀ ਮਿਲਣ ਦੇ ਵਾਅਦੇ ਨਾਲ ਵਿਦਾ ਹੋਏ ਪਰਮ ਨਿਮਾਣਾ। ਉਸ ਦਿਨ ਦੇ ਪ੍ਰੋਗਰਾਮ ਦੌਰਾਨ ਫੇਸਬੁੱਕ ਤੇ ਪਰਮ ਨਿਮਾਣਾ ਹੁਰਾਂ ਦਾ ਲਾਈਵ ਤੁਸੀਂ ਇੱਕ ਵਾਰ ਫੇਰ ਦੇਖ ਸੁਣ ਸਕਦੇ ਹੋ ਸਿਰਫ ਇਥੇ ਕਲਿੱਕ ਕਰਕੇ। 

No comments: