Jul 8, 2019, 4:43 PM
ਰੇਹੜੀ ਫੜ੍ਹੀ ਲਾਉਣ ਵਾਲਿਆਂ ਦੇ ਆਗੂਆਂ ਨਾਲ ਕੁੱਟਮਾਰ ਦੀ ਵੀ ਨਿਖੇਧੀ
ਲੁਧਿਆਣਾ: 8 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਖੱਬੀ ਮਜ਼ਦੂਰ ਲਹਿਰ ਦੇ ਇਤਿਹਾਸ ਵਿੱਚ ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਖਾੜਕੂ ਟਰੇਡ ਯੂਨੀਅਨ "ਏਟਕ" ਨੇ ਰੇਹੜੀ ਫੜ੍ਹੀ ਵਾਲਿਆਂ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਏਟਕ ਨੇ ਗੰਭੀਰਤਾ ਨਾਲ ਇਸ ਗੱਲ ਦਾ ਨੋਟਿਸ ਲਿਆ ਕਿ ਨਗਰਨਿਗਮ ਵਾਲੇ ਰੇਹੜੀ ਫੜ੍ਹੀ ਵਾਲਿਆਂ ਨਾਲ ਜ਼ਿਆਦਤੀ ਕਰਦੇ ਹਨ, ਉਹਨਾਂ ਕੋਲੋਂ ਹਫਤਾ ਵਸੂਲੀ ਕਰਦੇ ਹਨ ਅਤੇ ਸਬੰਧੀ ਕਾਨੂੰਨ ਦੀ ਗੱਲ ਕਰਨ 'ਤੇ ਉਹਨਾਂ ਨਾਲ ਕੁੱਟਮਾਰ ਵੀ ਕਰਦੇ ਹਨ। ਨਗਰ ਨਿਗਮ ਵਾਲਿਆਂ ਨੇ ਏਟਕ ਦੇ ਬਜ਼ੁਰਗ ਮੈਂਬਰ ਕਮੇਸ਼ਵਰ ਨਾਲ ਵੀ ਕੁੱਟਮਾਰ ਕੀਤੀ ਅਤੇ ਉਸਦੇ ਮੁੰਡੇ ਦੀ ਰੇਹੜੀ ਵੀ ਚੁੱਕ ਲਈ। ਸਾਮਾਨ ਵੀ ਖੁਰਦ ਬੁਰਦ ਕਰ ਦਿੱਤਾ ਅਤੇ ਕਿਹਾ ਕਿ ਜਾ ਜੋ ਕਰਨਾ ਹੈ ਕਰ ਲੈ। ਏਟਕ ਨੇ ਹਾਲ ਹੀ ਵਿੱਚ ਇਸ ਮੁੱਦੇ ਨੂੰ ਲੈ ਕੇ ਮੀਟਿੰਗ ਕੀਤੀ ਅਤੇ ਫੈਸਲਾ ਕੀਤਾ ਕਿ ਜੇ ਨਗਰਨਿਗਮ ਨੇ ਦੇਸ਼ ਦੀ ਸੰਸਦ ਦੇ ਬਣਾਏ ਕਾਨੂੰਨ ਦੀਆਂ ਧੱਜੀਆਂ ਉਡਾਉਣੀਆਂ ਬੰਦ ਨਾ ਕੀਤੀਆਂ ਤਾਂ ਸਾਨੂੰ ਇਨਸਾਫ ਲੈਣ ਲਈ ਸੜਕਾਂ 'ਤੇ ਵੀ ਉਤਰਨਾ ਪੈ ਸਕਦਾ ਹੈ। ਭਰੋਸੇਯੋਗ ਸੂਤਰਾਂ ਮੁਤਾਬਿਕ ਏਟਕ ਨੇ ਇਸ ਜ਼ੋਰਦਾਰ ਐਕਸ਼ਨ ਦੀ ਤਿਆਰੀ ਵੱਜੋਂ ਰੇਹੜੀ ਫੜ੍ਹੀ ਵਾਲਿਆਂ ਦੀ ਲਾਮਬੰਦੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਮਕਸਦ ਦੀਆਂ ਮੀਟਿਗਾਂ ਬਾੜੇਵਾਲ ਅਤੇ ਰਿਸ਼ੀ ਨਗਰ ਸਮੇਤ ਕਈ ਹੋਰ ਇਲਾਕਿਆਂ ਵਿੱਚ ਵੀ ਹੋ ਚੁੱਕੀਆਂ ਹਨ। ਏਟਕ ਦੀ ਇਹ ਸਰਗਰਮੀ ਸਾਹਮਣੇ ਆਈ ਹੈ ਕਾਮਰੇਡ ਗੁਰਨਾਮ ਸਿਧਿ ਦੀਆਂ ਨਿਰੰਤਰ ਅਤੇ ਅਣਥੱਕ ਕੋਸ਼ਿਸ਼ਾਂ ਸਦਕਾ।
ਰੇਹੜੀ ਫੜ੍ਹੀ ਸਮਸਿਆ ਦਾ ਇਤਿਹਾਸ
ਇਸ ਸਬੰਧੀ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ) ਲੁਧਿਆਣਾ ਦੀ ਕਾਮਰੇਡ ਰਮੇਸ਼ ਰਤਨ ਦੀ ਪਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਨਗਰ ਵਿੱਚ ਰੇਹੜੀ ਫੜੀ ਵਾਲਿਆਂ ਨਾਲ ਹੋ ਰਹੇ ਧੱਕੇ ਦੀ ਨਿਖੇਧੀ ਕੀਤੀ ਗਈ। ਰੇਹੜੀ ਫੜ੍ਹੀ ਵਾਲੀ ਸਮੱਸਿਆ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਰੇਹੜੀ ਫੜ੍ਹੀ ਵਾਲੇ ਅਸਲ ਵਿੱਚ ਉਹ ਲੋਕ ਹਨ ਜਿਹੜੇ ਮੱਧ ਵਰਗੀ ਲੋਕਾਂ ਦੀ ਜ਼ਿੰਦਗੀ ਵਿੱਚ ਕਿਸੇ ਫਰਿਸ਼ਤੇ ਵਾਂਗ ਆਏ। ਜਿਹੜੇ ਲੋਕ ਕਦੇ ਨ ਕਦੇ ਘਰੋਂ ਬਾਹਰ ਕੁਝ ਖਾਣਾ ਚਾਹੁੰਦੇ ਸਨ ਪਰ ਮਹਿੰਗੇ ਮਹਿੰਗੇ ਹੋਟਲਾਂ ਅਤੇ ਰੈਸਟੋਰੈਂਟਾਂ ਸਾਹਮਣੇ ਉਹਨਾਂ ਦੀ ਜੇਬ ਦਾ ਕੋਈ ਵੱਸ ਨਹੀਂ ਸੀ ਚੱਲਦਾ। ਜਿਹੜੇ ਲੋਕ ਘਰੋਂ ਦੂਰ ਦੁਰਾਡੀਆਂ ਥਾਵਾਂ 'ਤੇ ਕੰਮ ਕਰਦੇ ਉਹਨਾਂ ਦੇ ਭੋਜਨ ਦਾ ਮਸਲਾ ਹੱਲ ਕਰਨ ਦੀ ਭੂਮਿਕਾ ਵੀ ਰੇਹੜੀ ਫੜ੍ਹੀ ਵਾਲੇ ਹੀ ਨਿਭਾਉਂਦੇ। ਪਰ ਇਹ ਰੇਹੜੀ ਫੜ੍ਹੀ ਵਾਲੇ ਵੀ ਗਰੀਬ ਲੋਕ ਹੀ ਸਨ ਜਿਹਨਾਂ ਨੇ ਕਿਸੇ ਜੁਰਮ ਦਾ ਰਸਤਾ ਚੁਣਨ ਦੀ ਬਜਾਏ ਮੇਹਨਤ ਨਾਲ ਰੋਜ਼ੀ ਰੋਟੀ ਕਮਾਉਣ ਦਾ ਰਸਤਾ ਚੁਣਿਆ। ਇਹਨਾਂ ਕਿਰਤੀਆਂ ਨੂੰ ਸਨਮਾਨਿਤ ਕੀਤੇ ਜਾਣ ਦੀ ਲੋੜ ਸੀ ਪਰ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਦੇ ਢਾਬਿਆਂ ਅਤੇ ਰੈਸਟੋਰੈਂਟਾਂ ਵਾਲੇ ਤੰਗ ਕਰਦੇ ਕਦੇ ਨਗਰਨਿਗਮ ਵਾਲੇ।
ਸੰਸਦ ਵਿੱਚ ਬਣਿਆ ਕਾਨੂੰਨ
ਰੇਹੜੀ ਫੜੀਵਾਲਿਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਦੇਸ਼ ਦੀ ਸੰਸਦ ਨੇ 2014 ਵਿੱਚ ਰੇਹੜੀ ਫੜੀ (ਜੀਵਿਕਾ ਦੀ ਸੁਰੱਖਿਆ ਅਤੇ ਗਲੀ ਫ਼ੇਰੀ ਨੂੰ ਨਿਯਮਿਤ ਕਰਨ) ਐਕਟ 2014 ਪਾਸ ਕੀਤਾ ਜਿਸਨੂੰ ਪੰਜਾਬ ਸਰਕਾਰ ਨੇ 3 ਮਾਰਚ 2016 ਨੂੰ ਨੋਟੀਫ਼ਾਈ ਕਰ ਦਿੱਤਾ।
ਕਾਨੂੰਨ ਅਤੇ ਨਿਯਮ ਦੇਂਦੇ ਹਨ ਰੇਹੜੀ ਫੜ੍ਹੀ ਵਾਲਿਆਂ ਨੂੰ ਸੁਰੱਖਿਆ
ਇਸ ਮੁਤਾਬਿਕ ਜਦੋਂ ਤੱਕ ਰੇਹੜੀ ਫ਼ੜੀ ਵਾਲੇ ਨੂੰ ਵੈਂਡਿਂਗ ਜ਼ੋਨ ਬਣਾ ਕੇ ਜਗਾਂ ਅਲਾਟ ਨਹੀਂ ਕੀਤੀ ਜਾਂਦੀ ਉੱਨਾਂ ਚਿਰ ਉਸਦਾ ਉਜਾੜਾ ਨਹੀਂ ਕੀਤਾ ਜਾ ਸਕਦਾ। ਕਾਮਰੇਡ ਗੁਰਨਾਮ ਸਿੱਧੂ ਹੁਰਾਂ ਨੇ ਦੱਸਿਆ ਕਿ ਕਾਨੂੰਨ ਮੁਤਾਬਿਕ ਇਹਨਾਂ ਰੇਹੜੀ ਫੜ੍ਹੀ ਵਾਲਿਆਂ ਨੂੰ ਕਿਸੇ ਵੀ ਤਰਾਂ ਤੰਗ ਪ੍ਰੇਸ਼ਾਨ ਨਹੀਂ ਇਹ ਕੀਤਾ ਜਾ ਸਕਦਾ।
ਇਸਦੇ ਬਾਵਜੂਦ ਹੁੰਦੀ ਹੈ ਨਗਰਨਿਗਮ ਵੱਲੋਂ ਉਲੰਘਣਾ
ਇਹ ਆਮ ਗੱਲ ਹੈ ਕਿ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਦੀ ਕੁਝ ਕੌਂਸਲਰਾਂ ਨਾਲ ਮਿਲੀ ਭੁਗਤ ਕਰਕੇ ਰੇਹੜੀ ਫ਼ੜੀ ਵਾਲਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਹਫਤਾ ਵਸੂਲੀ ਦੀਆਂ ਵੀ ਰਿਪੋਰਟਾਂ ਹਨ। ਤਾਜ਼ਾ ਘਟਨਾ 28 ਜੂਨ 2019 ਦੀ ਹੈ ਜਦੋਂ ਕਿ ਆਈ ਐਮ ਏ ਹਾਊਸ ਦੇ ਬਾਹਰ, ਉਰੀਅੰਟ ਸਿਨਮਾ ਦੇ ਸਾਹਮਣੇ ਮਨੋਜ ਕੁਮਾਰ, ਪੁੱਤਰ ਕਾਮੇਸ਼ਵਰ ਯਾਦਵ ਜਿਹੜਾ ਜੂਸ ਦੀ ਰੇਹੜੀ ਲਗਾ ਕੇ ਆਪਣਾ ਗੁਜ਼ਾਰਾ ਕਰਦਾ ਹੈ ਦੀ ਰੇਹੜੀ ਅਤੇ ਰੇਹੜੀ ਵਿਚਲੇ ਸਾਮਾਨ ਨੂੰ ਬਿਨਾ ਅਗਾਊਂ ਨੋਟਿਸ ਦਿੱਤੇ ਚੁੱਕ ਲਿਆ ਗਿਆ। ਉਸਦਾ ਹਜ਼ਾਰਾਂ ਰੁਪਏ ਦਾ ਸਮਾਨ ਖਿਲਾਰ ਦਿੱਤਾ ਗਿਆ। ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਦੀ ਕੁੱਟਮਾਰ ਕੀਤੀ। ਬਾਅਦ ਵਿੱਚ ਜਦੋਂ ਉਹ ਇਸ ਬਾਬਤ ਨਗਰਨਿਗਮ ਦੇ ਜ਼ੋਨ ਡੀ ਗਏ ਤਾਂ ਇੱਕ ਸਾਜ਼ਿਸ਼ ਤਹਿਤ ਉਹਨਾਂ ਨੂੰ ਤਹਿ ਬਜ਼ਾਰੀ ਵਿਖੇ ਬੁਲਾਇਆ ਗਿਆ ਜਿੱਥੇ ਕਿ ਮਨੋਜ ਕੁਮਾਰ ਤੇ ਉਸਦੇ 70 ਸਾਲਾ ਪਿਤਾ ਕਾਮੇਸ਼ਵਰ ਯਾਦਵ ਦੀ ਤਹਿ ਬਜ਼ਾਰੀ ਦੇ ਕਰਮਚਾਰੀਆਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਲਟਾ ਪਰਚਾ ਵੀ ਕਾਮੇਸ਼ਵਰ ਯਾਦਵ ਦੇ ਖ਼ਿਲਾਫ਼ ਦੇ ਦਿੱਤਾ।
ਜਿੱਥੇ ਉਜਾੜਾ ਕੀਤਾ ਉਹ ਰਿਹਾਇਸ਼ੀ ਇਲਾਕੇ ਨਹੀਂ ਹਨ
ਇੱਥੇ ਇਹ ਦੱਸਣਾ ਜਰੂਰੀ ਹੈ ਕਿ ਜਿਸ ਜਗਾਂ ਦੀ ਮਨੋਜ ਕੁਮਾਰ ਰੇਹੜੀ ਲਾਂਦਾ ਹੈ ਉਸ ਨਾਲ ਟ੍ਰੈਫ਼ਿਕ ਤੇ ਕੋਈ ਵਿਘਨ ਨਹੀਂ ਪੈਂਦੇ ਤੇ ਨਾ ਹੀ ਉਹ ਰਿਹਾਇਸ਼ੀ ਇਲਾਕਾ ਹੈ ਜਿੱਥੇ ਕਿਸੇ ਨੂੰ ਇਤਰਾਜ਼ ਹੋਵੇ। ਉਸ ਕੋਲ ਬਕਾਇਦਾ ਨਗਰ ਨਿਗਮ ਵਲੋਂ ਜਾਰੀ ਕੀਤਾ ਉਸ ਥਾਂ ਤੇ ਰੇਹੜੀ ਲਾਣ ਦਾ ਲਇਸੈਂਸ ਹੈ ਤੇ ਬਾਕਾਇਦਾ ਫ਼ੀਸ ਭਰੀ ਹੋਈ ਹੈ। ਏਟਕ ਦੀ ਮੀਟਿੰਗ ਨੇ ਮੰਗ ਕੀਤੀ ਕਿ ਕਾਮੇਸ਼ਵਰ ਯਾਦਵ ਦੀ ਸ਼ਿਕਾਇਤ ਤੇ ਨਗਰ ਨਿਗਮ ਦੇ ਦੋਸ਼ੀ ਕਰਮਚਾਰੀਆਂ ਵਿਰੁੱਧ ਪਰਚਾ ਦਰਜ ਕੀਤਾ ਜਾਏ, ਰੇਹੜੀ ਫ਼ੌਰਨ ਵਾਪਸ ਕੀਤੀ ਜਾਏ ਤੇ ਨੁਕਸਾਨ ਦੀ ਭਰਪਾਈ ਕੀਤੀ ਜਾਏ। ਇਹ ਮੰਗ ਵੀ ਕੀਤੀ ਕਿ ਜਦੋਂ ਤੱਕ ਵੈੰਡਿੰਗ ਜ਼ੋਨ ਸਕੀਮ ਲਾਗੂ ਨਹੀਂਂ ਹੋ ਜਾਂਦੀ ਰੇਹੜੀ ਫੜੀਆਂ ਨੂੰ ਚੁੱਕਣਾ ਬੰਦ ਕੀਤਾ ਜਾਏ।
ਕਾਮਰੇਡ ਸਿੱਧੂ ਦੀ ਪ੍ਰਾਪਤੀ
ਇਸੇ ਦੌਰਾਨ ਇਸ ਅੰਦੋਲਨ ਨੂੰ ਅੱਗੇ ਲਿਜਾ ਰਹੇ ਕਾਮਰੇਡ ਗੁਰਨਾਮ ਸਿੱਧੂ ਨੂੰ ਉਸ ਵੇਲੇ ਬਹੁਤ ਵੱਡੀ ਪ੍ਰਾਪਤੀ ਹੋਈ ਜਦੋਂ ਟਾਊਨ ਵੈਂਡਿੰਗ ਜ਼ੋਨ ਕਮੇਟੀ ਦੇ ਛੇ ਮੈਂਬਰ ਕਾਮਰੇਡ ਗੁਰਨਾਮ ਸਿੱਧੂ ਨੂੰ ਆ ਕੇ ਮਿਲੇ ਅਤੇ ਉਹਨਾਂ ਨੂੰ ਦਸਿਆ ਕਿ ਜਦੋਂ ਵੀ ਰੇਹੜੀਆਂ ਫੜ੍ਹੀਆਂ ਨੂੰ ਚੁੱਕਿਆ ਜਾਂਦਾ ਹੈ ਤਾਂ ਇਸਦੀ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਜਦਕਿ ਨਿਯਮਾਂ ਮੁਤਾਬਿਕ ਜਦੋਂ ਤੱਕ ਸਾਰੇ ਮੈਂਬਰ ਇਸ ਸਬੰਧੀ ਸਹਿਮਤੀ ਨਹੀਂ ਦੇਂਦੇ ਉਦੋਂ ਤੱਕ ਇੱਕ ਵੀ ਰੇਹੜੀ ਫੜ੍ਹੀ ਨਹੀਂ ਚੁੱਕੀ ਜਾ ਸਕਦੀ। ਇਹਨਾਂ ਮੈਂਬਰਾਂ ਨੇ ਇਸ ਸਬੰਧੀ ਆਪਣਾ ਇਤਰਾਜ਼ ਵੀ ਉਠਾਇਆ ਪਰ ਇਸਦੇ ਬਾਵਜੂਦ ਇਹਨਾਂ ਦੀ ਇੱਕ ਨਹੀਂ ਸੁਣੀ ਗਈ। ਹੁਣ ਦੇਖਣਾ ਹੈ ਬਾਕੀ ਦੇ ਮੈਂਬਰ ਇਸ ਇਤਰਾਜ਼ ਸਬੰਧੀ ਕਿ ਸਫਾਈ ਦੇਂਦੇ ਹਨ।
No comments:
Post a Comment