Jul 4, 2019, 3:56 PM
ਪੀ.ਏ.ਯੂ. ਵੱਲੋਂ ਸਤੰਬਰ ਕਿਸਾਨ ਮੇਲੇ ਤੇ ਹੋਵੇਗਾ ਸਨਮਾਨ
ਲੁਧਿਆਣਾ: 4 ਜੁਲਾਈ 2019: (ਪੰਜਾਬ ਸਕਰੀਨ)::
ਆਉਣ ਵਾਲਾ ਵਾਲਾ ਹੈ ਅਤੇ ਇਸ ਮੇਲੇ ਵਿੱਚ ਸਨਮਾਨ ਲਈ ਲੱਭੇ ਜਾ ਰਹੇ ਹਨ ਯੋਗ ਕਿਸਾਨ। ਉਹ ਕਿਸਾਨ ਜਿਹਨਾਂ ਨੇ ਇਸ ਖੇਤਰ ਵਿੱਚ ਨਵੇਂ ਰਾਹ ਦਿਖਾਏ ਹੋਣ। ਇਹਨਾਂ ਯੋਗ ਕਿਸਾਨਾਂ ਦੀ ਭਾਲ ਲਈ ਢੰਗ ਤਰੀਕੇ ਵੀ ਵਰਤੇ ਜਾਂਦੇ ਹਨ ਅਤੇ ਬਾਕਾਇਦਾ ਅਰਜ਼ੀਆਂ ਵੀ ਮੰਗੀਆਂ ਜਾਂਦੀਆਂ ਹਨ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਹਰ ਸਾਲ ਵਾਂਗ ਸਤੰਬਰ ਮਹੀਨੇ ਦੇ ਕਿਸਾਨ ਮੇਲੇ ਤੇ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ । ਇਸ ਵਾਰ ਵੀ ਇਹਨਾਂ ਸਨਮਾਨਾਂ ਲਈ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਤੋਂ ਅਰਜ਼ੀਆਂ ਦੀ ਮੰਗੀ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਇਹਨਾਂ ਇਨਾਮਾਂ ਵਿੱਚ ਸ. ਦਲੀਪ ਸਿੰਘ ਧਾਲੀਵਾਲ ਪੁਰਸਕਾਰ ਪ੍ਰਮੁੱਖ ਹੈ ਇਹ ਪੁਰਸਕਾਰ ਉਹਨਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਆਪਣੇ ਖੇਤਾਂ ਵਿੱਚ ਖੁਦ ਫ਼ਸਲਾਂ ਉਗਾਉਂਦੇ ਹਨ। ਇਸ ਪੁਰਸਕਾਰ ਵਿੱਚ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਵੀ ਸ਼ਾਮਲ ਹੈ। ਇਸੇ ਤਰਾਂ ਪਰਵਾਸੀ ਭਾਰਤੀ ਪੁਰਸਕਾਰ ਵੰਨ-ਸਵੰਨੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ ਅੱਠ ਹਜ਼ਾਰ ਰੁਪਏ ਦੀ ਧੰਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਵੀ ਦਿੱਤਾ ਜਾਂਦਾ ਹੈ। ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਉਹਨਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜਿਹੜੇ ਆਪਣੀ ਕੁੱਲ ਜ਼ਮੀਨ ਵਿੱਚੋਂ 60 ਫੀਸਦੀ ਰਕਬੇ 'ਤੇ ਸਬਜ਼ੀਆਂ ਬੀਜਦੇ ਹਨ। ਇਸ ਪੁਰਸਕਾਰ ਵਿੱਚ 3100/- ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਵੀ ਦਿੱਤਾ ਜਾਵੇਗਾ। ਸ. ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਪੰਜ ਏਕੜ ਤੋਂ ਘੱਟ ਮਾਲਕੀ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਖੁਦ ਖੇਤੀ ਕਰਦੇ ਹੋਣ। ਇਸ ਸਨਮਾਨ ਦੀ ਰਾਸ਼ੀ ਪੰਜ ਹਜ਼ਾਰ ਰੁਪਏ ਹੋਵੇਗੀ।
ਸਰਦਾਰਨੀ ਜਗਬੀਰ ਕੌਰ ਮੈਮੋਰੀਅਲ ਇੰਨੋਵੇਟਿਵ ਵੁਮੈਨ ਫਾਰਮਰ ਐਵਾਰਡ ਸਿਰਫ਼ ਅਗਾਂਹਵਧੂ ਕਿਸਾਨ ਬੀਬੀਆਂ ਲਈ ਹੀ ਰਾਖਵਾਂ ਹੈ। ਇਸ ਵਿੱਚ ਕਿਸਾਨ ਬੀਬੀ ਨੂੰ 3100/- ਰੁਪਏ ਦੀ ਰਾਸ਼ੀ ਤੋਂ ਇਲਾਵਾ ਸਨਮਾਨ ਚਿੰਨ ਅਤੇ ਸ਼ਲਾਘਾ ਪੱਤਰ ਦਿੱਤਾ ਜਾਵੇਗਾ।
ਇਹ ਸਾਰੇ ਪੁਰਸਕਾਰ ਸਤੰਬਰ ਮਹੀਨੇ ਹੋਣ ਵਾਲੇ ਕਿਸਾਨ ਮੇਲੇ ਵਿੱਚ ਦਿੱਤੇ ਜਾਣਗੇ। ਇਹਨਾਂ ਪੁਰਸਕਾਰਾਂ ਲਈ ਨਾਮਜ਼ਦਗੀਆਂ ਭੇਜਣ ਵਾਸਤੇ ਅਗਾਂਹਵਧੂ ਕਿਸਾਨ ਆਪੋ-ਆਪਣੇ ਜ਼ਿਲਿਆਂ ਦੇ ਖੇਤੀ ਵਿਗਿਆਨ ਕੇਂਦਰਾਂ ਦੇ ਉਪ ਨਿਰਦੇਸ਼ਕ, ਖੇਤੀ ਖੋਜ ਕੇਂਦਰਾਂ ਦੇ ਨਿਰਦੇਸ਼ਕ, ਜ਼ਿਲਾ ਪਸਾਰ ਮਾਹਿਰਾਂ ਦੇ ਦਫ਼ਤਰ, ਮੁੱਖ ਖੇਤੀਬਾੜੀ ਅਫ਼ਸਰ, ਬਾਗਬਾਨੀ ਵਿਭਾਗ ਦੇ ਉਪ ਨਿਰਦੇਸ਼ਕ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਮੁੱਖ ਦਫ਼ਤਰ, ਪੀ.ਏ.ਯੂ. ਲੁਧਿਆਣਾ ਤੋਂ ਨਿਸ਼ਚਤ ਫਾਰਮ ਹਾਸਲ ਕਰ ਸਕਦੇ ਹਨ। ਇਹ ਫਾਰਮ ਭਰਨ ਉਪਰੰਤ 15 ਜੁਲਾਈ, 2019 ਤੱਕ ਨਿਰਦੇਸ਼ਕ ਪਸਾਰ ਸਿੱਖਿਆ, ਲੁਧਿਆਣਾ ਦੇ ਮੁੱਖ ਦਫ਼ਤਰ ਤੱਕ ਪਹੁੰਚਾਉਣੇ ਜ਼ਰੂਰੀ ਹਨ। ਡਾ. ਮਾਹਲ ਨੇ ਇਹ ਵੀ ਦੱਸਿਆ ਕਿ ਹਰ ਪੁਰਸਕਾਰ ਲਈ ਵੱਖਰੀ-ਵੱਖਰੀ ਅਰਜ਼ੀ ਪ੍ਰਵਾਨ ਕੀਤੀ ਜਾਵੇਗੀ। ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment