Saturday, July 20, 2019

ਗਵਰਨਰ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਪ੍ਰਵਾਨ

ਅਸਤੀਫਾ ਪ੍ਰਵਾਨ ਹੁੰਦਿਆਂ ਹੀ ਖਾਲੀ ਕਰਤੀ ਚੰਡੀਗੜ੍ਹ ਵਾਲੀ ਸਰਕਾਰੀ ਕੋਠੀ 
ਚੰਡੀਗੜ੍ਹ: 20 ਜੁਲਾਈ 2019: (ਪੰਜਾਬ ਸਕਰੀਨ ਬਿਊਰੋ):: 
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕੈਬਨਿਟ 'ਚੋਂ ਦਿੱਤਾ ਗਿਆ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਮੁੱਖ ਮੰਤਰੀ ਵਲੋਂ ਅਸਤੀਫ਼ਾ ਸੂਬੇ ਦੇ ਰਾਜਪਾਲ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੀ 15 ਜੁਲਾਈ ਨੂੰ ਸਿੱਧੂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਤੇ ਭੇਜਿਆ ਸੀ। 

ਆਖਿਰ ਬਹੁਤ ਸਾਰੀਆਂ ਕਿਆਸਰਾਈਆਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਰਾਜਪਾਲ ਵੀ ਪੀ ਐੱਸ ਬਦਨੌਰ ਨੇ ਨਵਜੋਤ ਸਿੰਘ ਸਿੱਧੂ ਦਾ ਇੱਕ ਲਾਈਨ ਵਿੱਚ ਲਿਖਿਆ ਅਸਤੀਫਾ ਪ੍ਰਵਾਨ ਕਰ ਲਿਆ ਹੈ, ਜਿਸ ਨਾਲ ਉਹ ਰਸਮੀ ਤੌਰ 'ਤੇ ਪੰਜਾਬ ਮੰਤਰੀ ਮੰਡਲ ਵਿਚੋਂ ਬਾਹਰ ਹੋ ਗਏ ਹਨ। ਮੁੱਖ ਮੰਤਰੀ ਵੱਲੋਂ ਅਸਤੀਫਾ ਪੱਤਰ ਰਾਜਪਾਲ ਨੂੰ ਭੇਜੇ ਜਾਣ ਤੋਂ ਕੁਝ ਘੰਟਿਆਂ ਵਿਚ ਹੀ ਉਨ੍ਹਾ ਇਸ ਨੂੰ ਪ੍ਰਵਾਨ ਕਰਕੇ ਇਸ ਦੀ ਜਾਣਕਾਰੀ ਦੇ ਦਿੱਤੀ। 
ਸਰਕਾਰੀ ਬੁਲਾਰੇ ਅਨੁਸਾਰ ਬਿਜਲੀ ਮੰਤਰਾਲਾ ਹਾਲ ਦੀ ਘਡ਼ੀ ਮੁੱਖ ਮੰਤਰੀ ਕੋਲ ਰਹੇਗਾ। ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਦੋ ਦਿਨ ਕੁਝ ਢਿੱਲੇ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਅਸਤੀਫਾ ਪੱਤਰ ਦੇਖਿਆ ਅਤੇ ਉਨ੍ਹਾ ਰਸਮੀ ਪ੍ਰਵਾਨਗੀ ਲਈ ਇਸ ਨੂੰ ਬਦਨੌਰ ਕੋਲ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਦਿੱਲੀ ਵਿਖੇ ਕਿਹਾ ਸੀ ਕਿ ਉਨ੍ਹਾ ਦੀ ਗੈਰ-ਹਾਜ਼ਰੀ ਵਿਚ ਉਨ੍ਹਾ ਦੇ ਚੰਡੀਗਡ਼੍ਹ ਨਿਵਾਸ ਅਸਥਾਨ ਉੱਤੇ ਪਹੁੰਚੇ ਅਸਤੀਫੇ ਨੂੰ ਉਹ ਜਾ ਕੇ ਦੇਖਣਗੇ ਅਤੇ ਇਸ ਬਾਰੇ ਫੈਸਲਾ ਲੈਣਗੇ। ਇਸ ਪੱਤਰ ਵਿਚ ਸਿੱਧੂ ਨੇ ਇੱਕ ਸੱਤਰ ਵਿਚ ਆਪਣਾ ਅਸਤੀਫਾ ਦਿੱਤਾ ਹੈ ਅਤੇ ਇਸ ਦਾ ਕੋਈ ਵੀ ਸਪੱਸ਼ਟੀਕਰਨ ਜਾਂ ਵਿਸਥਾਰ ਨਹੀਂ ਦਿੱਤਾ। ਅਸਤੀਫੇ ਨੂੰ ਰਸਮੀ ਤੌਰ 'ਤੇ ਪ੍ਰਵਾਨ ਕੀਤੇ ਜਾਣ ਤੋਂ ਥੋਹੜੀ ਦੇਰ ਮਗਰੋਂ ਹੀ ਸਿੱਧੂ ਨੇ ਚੰਡੀਗੜ੍ਹ ਵਾਲੀ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰਨੀ ਸ਼ੁਰੂ ਕਰ ਦਿੱਤੀ ਸੀ। 
ਸਿੱਧੂ ਨੇ 10 ਜੂਨ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜਿਆ ਸੀ ਅਤੇ ਤਕਰੀਬਨ ਇੱਕ ਮਹੀਨੇ ਪਿੱਛੋਂ ਉਨ੍ਹਾ ਇਸ ਬਾਰੇ ਟਵੀਟ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾ ਫਿਰ ਆਪਣੇ ਟਵੀਟ ਵਿਚ ਕਿਹਾ ਸੀ ਕਿ ਉਹ ਰਸਮੀ ਤੌਰ 'ਤੇ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਭੇਜ ਦੇਣਗੇ, ਜਿਨ੍ਹਾ ਲੋਕ ਸਭਾ ਚੋਣਾਂ ਤੋਂ ਬਾਅਦ ਕੀਤੇ ਫੇਰਬਦਲ ਦੇ ਹਿੱਸੇ ਵਜੋਂ ਉਨ੍ਹਾ ਨੂੰ ਬਿਜਲੀ ਮੰਤਰਾਲਾ ਅਲਾਟ ਕੀਤਾ ਸੀ। ਆਖਰ ਉਨ੍ਹਾ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਨਿਵਾਸ ਅਸਥਾਨ ਉੱਤੇ ਆਪਣਾ ਅਸਤੀਫਾ ਭੇਜ ਦਿੱਤਾ, ਜਦਕਿ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਦਿੱਲੀ ਵਿਖੇ ਸਨ। ਗੌਰਤਲਬ ਹੈ ਕਿ ਸਿੱਧੂ ਨੇ ਆਪਣਾ ਨਵਾਂ ਵਿਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਨੂੰ ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਖੁਦ ਮੁੱਖ ਮੰਤਰੀ ਦੇਖ ਰਹੇ ਸਨ। ਇਸ ਅਹਿਮ ਮੌਕੇ ਸੂਬੇ ਵਿਚ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਸੀ। ਅਸਤੀਫੇ ਤੋਂ ਬਾਅਦ ਪੈਦਾ ਹੋਈ ਸਥਿਤੀ ਨਵਜੋਤ ਸਿੰਘ ਸਿੱਧੂ ਲਈ ਕੋਈ ਨਵੀਂ ਨਹੀਂ ਹਾਂ ਆਪਣੀ ਅਗਲੀ ਰਣਨੀਤੀ ਤਹਿਤ  ਜੋ ਨਵਾਂ ਕਦਮ ਉਠਾਉਣਾ ਹੈ ਉਸ ਬਾਰੇ ਆਏ ਦਿਨ ਨਵੀਂ ਚਰਚਾ ਜ਼ਰੂਰ ਹੋ ਰਹੀ ਹੈ। ਉਹਨਾਂ ਦੇ ਅਗਲੇ ਕਦਮ ਬਾਰੇ ਸਸਪੈਂਸ ਲਗਾਤਾਰ ਬਰਕਰਾਰ ਹੈ। 

No comments: