ਬਜਰੰਗ ਦਲ ਨੇ ਮੀਡੀਆ ਨੂੰ ਜਾਰੀ ਕੀਤੀ ਲਿਖਤੀ ਮੁਆਫੀਨਾਮੇ ਦੀ ਫੋਟੋ
ਬਜਰੰਗ ਦਲ ਨੇ ਲੁਧਿਆਣਾ ਦੇ ਇੱਕ ਪ੍ਰਸਿੱਧ ਕਾਲਜ ਦੇ ਪ੍ਰਬੰਧਕਾਂ ਵੱਲੋਂ ਮੰਗੀ ਮੁਆਫੀ ਦੀ ਨਕਲ ਅੱਜ ਬਾਕਾਇਦਾ ਮੀਡੀਆ ਨੂੰ ਵੀ ਜਾਰੀ ਕਰ ਦਿੱਤੀ ਹੈ। ਨਾਟਕ ਵਿਵਾਦ ਦੇ ਮੁੱਦੇ 'ਤੇ ਦਬਾਅ ਅਧੀਨ ਆਏ ਕਾਲਜ ਪ੍ਰਬੰਧਕਾਂ ਨੇ ਸੁਖਜਿੰਦਰ ਮਹੇਸ਼ਰੀ, ਵਿਕੀ ਮਹੇਸ਼ਰੀ, ਪ੍ਰੀਤ ਬਲਾਚੌਰੀਆ ਅਤੇ ਨੌਜਵਾਨ ਭਾਰਤ ਸਭ ਨੂੰ ਸ਼ਰਾਰਤੀ ਅਨਸਰ ਦੱਸਦਿਆਂ ਕਿਹਾ ਗਿਆ ਹੈ ਕਿ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਪ੍ਰਗਤੀਸ਼ੀਲ ਹਲਕਿਆਂ ਨੇ ਇਸ ਮੁਆਫੀਨਾਮੇ ਦਾ ਗੰਭੀਰ ਨੋਟਿਸ ਲਿਆ ਹੈ। ਜਲਦੀ ਹੀ ਇਸਦਾ ਸਖਤ ਪ੍ਰਤੀਕਰਮ ਵੀ ਸਾਹਮਣੇ ਆ ਸਕਦਾ ਹੈ।
ਚੇਤੇ ਰਹੇ ਕਿ ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦੇ ਬਹੁਤ ਹੀ ਹਰਮਨ ਪਿਆਰੇ ਨਾਟਕ "ਮਿਊਜ਼ੀਅਮ" ਦੇ ਲੁਧਿਆਣਾ ਵਿੱਚ ਹੋਏ ਮੰਚਨ ਨੂੰ ਲੈ ਕੇ ਰੋਹ ਵਿੱਚ ਆਏ ਹਿੰਦੂ ਸੰਗਠਨਾਂ ਨੇ ਇਸਦਾ ਤਿੱਖਾ ਵਿਰੋਧ ਕੀਤਾ ਸੀ। ਇਹ ਨਾਟਕ ਐਸ ਸੀ ਡੀ ਗੌਰਮਿੰਟ ਕਾਲਜ ਲੁਧਿਆਣਾ ਵਿੱਚ 7 ਅਪ੍ਰੈਲ 2019 ਨੂੰ ਖੇਡਿਆ ਗਿਆ ਸੀ। ਇਸ ਨਾਟਕ ਤੋਂ ਬਾਅਦ ਜਦੋਂ ਬਜਰੰਗ ਦਲ ਨੇ ਆਪਣਾ ਇਤਰਾਜ਼ ਅਤੇ ਰੋਸ ਪ੍ਰਗਟ ਕੀਤਾ ਤਾਂ 15 ਅਪ੍ਰੈਲ ਵਾਲੇ ਦਿਨ ਇਸ ਮਾਮਲੇ ਨੂੰ ਲੈ ਕੇ ਐਫ ਆਈ ਆਰ ਵੀ ਦਰਜ ਕਰ ਲਈ ਗਈ। ਹੁਣ ਪਤਾ ਲੱਗਿਆ ਹੈ ਕਿ ਇਸ ਵਿਵਾਦ ਨੂੰ ਲੈ ਕੇ ਨਾਟਕ ਖੇਡਣ ਵਾਲੀ ਟੀਮ ਅਤੇ ਹੋਰ ਪ੍ਰਬੰਧਕਾਂ ਨੇ "ਮੁਆਫੀ" ਮੰਗ ਲਈ ਹੈ। ਇਹ ਦਾਅਵਾ ਬਜਰੰਗ ਦਲ ਦੇ ਆਗੂ ਚੇਤਨ ਮਲਹੋਤਰਾ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਲਜ ਦੀ ਇੱਕ ਸੀਨੀਅਰ ਮਹਿਲਾ ਪ੍ਰੋਫੈਸਰ ਨੇ ਪਹਿਲਾਂ ਹੀ ਇਸ ਮੁੱਦੇ ਨੂੰ ਲੈ ਕੇ ਪੇਸ਼ਗੀ ਜ਼ਮਾਨਤ ਵੀ ਕਰਵਾ ਲਈ ਹੋਈ ਹੈ। ਬਜਰੰਗ ਦਲ ਨੇ ਅੱਜ ਬਾਕਾਇਦਾ ਇਸ ਦੀ ਨਕਲ ਮੀਡੀਆ ਨੂੰ ਵੀ ਜਾਰੀ ਕਰ ਦਿੱਤੀ ਹੈ। ਮੀਡੀਆ ਨੂੰ ਦਿੱਤੇ ਦਸਤਾਵੇਜਾਂ ਵਿੱਚ ਪ੍ਰਿੰਸਿਪਲ ਵੱਲੋਂ ਮੰਗੀ ਗਈ ਮੁਆਫੀ, ਸਬੰਧਤ ਮਹਿਲਾ ਪ੍ਰੋਫੈਸਰ ਵੱਲੋਂ ਮੰਗੀ ਗਈ ਮੁਆਫੀ ਅਤੇ ਨਾਟਕ ਵਿੱਚ ਕਥਿਤ ਭਾਗ ਲੈਣ ਵਾਲੇ ਵਿਦਿਆਰਥੀਆਂ ਵੱਲੋਂ ਮੰਗੀ ਗਈ ਮੁਆਫੀ ਦੀਆਂ ਨਕਲਾਂ ਸ਼ਾਮਲ ਹਨ।
ਦੂਜੇ ਪਾਸੇ ਖੱਬੇ ਪੱਖੀ ਕਲਾਕਾਰਾਂ ਅਤੇ ਬੁਧੀਜੀਵੀਆਂ ਨੇ "ਮੁਆਫੀ" ਵਾਲੀ ਗੱਲ ਨੂੰ ਬਹੁਤ ਹੀ ਮੰਦਭਾਗਾ ਅਤੇ ਚਿੰਤਾਜਨਕ ਦੱਸਿਆ ਹੈ। ਇਹਨਾਂ ਦਾ ਕਹਿਣਾ ਹੈ "ਮੁਆਫੀਆਂ ਮੰਗਵਾਉਣ" ਅਤੇ ਕਲਾਕਾਰਾਂ ਦੇ ਸੂਖਮ ਮਨਾਂ ਉੱਤੇ ਦਬਾਅ ਪਾਉਣ ਦਾ ਇਹ ਸਿਲਸਿਲਾ ਅਸਲ ਵਿੱਚ ਸੰਘ ਪਰਿਵਾਰ ਦੇ ਹੀ ਏਜੰਡੇ ਨੂੰ ਅੱਗੇ ਵਧਾਉਣ ਵਾਲੀ ਗੱਲ ਹੈ ਅਤੇ ਅਸੀਂ ਇਸ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਕਾਲਜ ਵਾਲੇ ਨਾ ਤਾਂ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਅਤੇ ਨਾ ਹੀ ਖੰਡਨ। ਪਿਛਲੇ ਕੁਝ ਹਫਤਿਆਂ ਦੌਰਾਨ ਸਾਹਿਤ, ਸਟੇਜ, ਕਲਾ ਅਤੇ ਸੱਭਿਆਚਾਰ 'ਤੇ ਛਾਇਆ ਰਿਹਾ ਨਾਟਕ "ਮਿਊਜ਼ੀਅਮ" ਦਾ ਵਿਵਾਦ ਅੱਜ ਨਵਾਂ ਰੁੱਖ ਅਖਤਿਆਰ ਕਰਦਾ ਮਹਿਸੂਸ ਹੋਇਆ। ਬਜਰੰਗ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਨਾਟਕ ਖੇਡਣ ਵਾਲਿਆਂ ਅਤੇ ਖਿਡਾਉਣ ਵਾਲਿਆਂ ਨੇ ਅੱਜ ਸਾਡੇ ਕੋਲੋਂ "ਮੁਆਫੀ" ਮੰਗ ਲਈ ਹੈ ਜਿਸ ਨਾਲ ਸਾਡੀ "ਜਿੱਤ" ਹੋਈ ਹੈ। ਇਹ "ਮੁਆਫੀ" ਪਿਛਲੇ ਦਿਨੀਂ ਲੁਧਿਆਣਾ ਦੇ ਸਿਵਲ ਲਾਈਨਜ਼ ਇਲਾਕੇ ਵਿੱਚ ਸਥਿਤ ਸੰਘ ਪਰਿਵਾਰ ਦੇ ਹੀ ਇੱਕ ਬਹੁਤ ਪ੍ਰਸਿੱਧ ਅਤੇ ਪੁਰਾਣੇ ਦਫਤਰ "ਸਮਿਤੀ ਕੇਂਦਰ" ਵਿੱਚ ਮੰਗੀ ਗਈ।
ਇਸ ਦਫਤਰ ਤੋਂ ਮੁਖ ਤੌਰ ਤੇ "ਵਿਸ਼ਵ ਹਿੰਦੂ ਪਰੀਸ਼ਦ" ਦੀਆਂ ਸਰਗਰਮੀਆਂ ਸੰਚਾਲਿਤ ਹੁੰਦੀਆਂ ਹਨ। ਇਸ "ਮੁਆਫੀ" ਦੇ ਮੌਕੇ ਵਿਵਾਦਿਤ ਨਾਟਕ "ਮਿਊਜ਼ੀਅਮ" ਵਿੱਚ ਭਾਗ ਲੈਣ ਵਾਲੇ ਕਲਾਕਾਰ ਬੱਚੇ ਅਤੇ ਉਹਨਾਂ ਦੇ ਮਾਤਾ-ਪਿਤਾ ਵੀ ਮੌਜੂਦ ਸਨ ਜਿਹਨਾਂ ਨੂੰ "ਸਮਿਤੀ ਕੇਂਦਰ" ਵਿੱਚ ਮੌਜੂਦ "ਧਾਰਮਿਕ" ਆਗੂਆਂ ਨੇ ਬਡ਼ੇ ਹੀ "ਪਿਆਰ ਅਤੇ ਸਤਿਕਾਰ" ਨਾਲ ਸਮਝਾਇਆ ਕਿ ਆਹ ਦੇਖੋ ਤੁਹਾਡੇ ਬੱਚੇ ਕਿੱਧਰ ਨੂੰ ਵਧਦੇ ਜਾ ਰਹੇ ਹਨ। ਮੁਆਫੀ ਮੰਗਣ ਵਾਲੇ ਇਹਨਾਂ ਵਿਦਿਆਰਥੀ ਕਲਾਕਾਰਾਂ ਦੇ ਗਿਣਤੀ ਦਸ ਸੀ। ਇਹਨਾਂ ਦੇ ਨਾਲ ਕਾਲਜ ਦੇ ਸੀਨੀਅਰ ਪ੍ਰੋਫੈਸਰ ਵੀ ਮੌਜੂਦ ਸਨ।
ਮੀਡੀਆ ਲਈ "ਮੁਆਫੀਨਾਮੇ" ਦੀ ਨਕਲ ਮੰਗੇ ਜਾਣ 'ਤੇ ਬਜਰੰਗ ਦਲ ਦੇ ਆਗੂ ਚੇਤਨ ਮਲਹੋਤਰਾ ਨੇ ਕਿਹਾ ਸੀ ਕਿ ਮੁਆਫੀਨਾਮੇ ਦੀ ਲਿਖਤ ਸਾਡੇ ਤੱਕ ਜਲਦੀ ਹੀ ਪਹੁੰਚ ਜਾਏਗੀ। ਜਦੋਂ ਸਾਡੇ ਕੋਲ ਲਿਖਤੀ ਬਿਆਨ ਆਏਗਾ ਅਸੀਂ ਵੀ ਦਸਖਤ ਉਦੋਂ ਹੀ ਕਰਾਂਗੇ। ਉਹਨਾਂ ਦੱਸਿਆ ਕਿ ਨਾਟਕ ਖੇਡਣ ਵਾਲੀ ਟੀਮ ਦੇ ਮੁਖੀਆਂ ਨਾਲ ਅੱਜ ਸਾਡੀ ਮੁਲਾਕਾਤ "ਸਮਿਤੀ ਕੇਂਦਰ" ਵਿੱਚ ਹੋਈ ਜਿਸ ਵਿੱਚ ਐਸ ਸੀ ਡੀ ਗੌਰਮਿੰਟ ਕਾਲਜ, ਲੁਧਿਆਣਾ ਦੇ ਪ੍ਰੋਫੈਸਰ ਅਤੇ ਬੱਚੇ ਸ਼ਾਮਲ ਸਨ। ਇਹਨਾਂ ਨੇ ਸਿਧਾਂਤਕ ਤੌਰ 'ਤੇ ਤਾਂ ਮੁਆਫੀ ਮੰਗ ਲਈ ਹੈ ਅਤੇ ਸਾਡੀਆਂ ਦਲੀਲਾਂ ਨਾਲ ਸਹਿਮਤ ਵੀ ਹੋ ਗਏ ਹਨ ਪਰ ਅਜੇ ਇਹ ਸਭ ਕੁਝ ਜ਼ੁਬਾਨੀ ਹੈ। ਲਿਖਤੀ ਮੁਆਫੀ ਮੰਗੇ ਬਿਨਾ ਗੱਲ ਨਹੀਂ ਬਣਨੀ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਮੁਆਫੀ ਲਈ ਸ਼ਰਤ ਰੱਖੀ ਗਈ ਸੀ ਕਿ ਇਹ ਮੁਆਫੀ ਭਾਰਤ ਨਗਰ ਚੌਂਕ ਵਿੱਚ ਭਾਰੀ ਇਕੱਠ ਕਰਕੇ ਸਭਨਾਂ ਦੇ ਸਾਹਮਣੇ ਮੰਗੀ ਜਾਏ। ਸੰਘ ਪਰਿਵਾਰ ਨਾਲ ਸਬੰਧਤ ਕੁਝ ਬਾਰਸੂਖ "ਸਿਆਸੀ ਆਗੂਆਂ" ਦੇ ਦਖਲ ਦੇਣ ਤੇ "ਬਜਰੰਗ ਦਲ" ਅਤੇ "ਵਿਸ਼ਵ ਹਿੰਦੂ ਪਰੀਸ਼ਦ" ਨੇ ਇਸ ਅਡ਼ੀ ਨੂੰ ਛੱਡ ਦਿੱਤਾ। ਇਸਤੋਂ ਬਾਅਦ ਹੀ ਇਹ ਮੀਟਿੰਗ ਸਮਿਤੀ ਕੈਂਦਰ ਵਿੱਚ ਨਿਸਚਿਤ ਕੀਤੀ ਗਈ ਸੀ। ਹੁਣ ਜਦੋਂ ਕੀ ਮੁਆਫੀਨਾਮੇ ਵਾਲੀ ਨਕਲ ਸਾਹਮਣੇ ਆ ਚੁੱਕੀ ਹੈ ਅਤੇ ਕਾਲਜ ਪ੍ਰਬੰਧਕ ਇਸ ਬਾਰੇ ਆਪਣੀ ਖਾਮੋਸ਼ੀ ਤੋੜਨ ਲਈ ਲਗਾਤਾਰ ਟਾਲਮਟੋਲ ਵਾਲਾ ਰਵਈਆਂ ਆਪਣਾ ਰਹੇ ਹਨ ਉਦੋਂ ਪ੍ਰਗਤਿਸ਼ੀਲ ਕਲਾਕਾਰਾਂ ਦੇ ਮਨਾਂ ਅੰਦਰ ਸੁਲਗ ਰਹੀ ਚਿੰਗਾਰੀ ਦੀ ਅਗਨੀ ਜਲਦੀ ਹੀ ਭੜਕ ਪੈਣ ਦਾ ਖਦਸ਼ਾ ਹੈ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਉੱਤੇ ਪਹਿਰਾਦੇਣ ਵਾਲੇ ਇਸ ਗੱਲ ਤੇ ਬਹੁਤ ਗੁੱਸੇ ਵਿੱਚ ਹਨ ਕਿ ਕਿਸੇ ਵੱਲੋਂ ਵੀ ਕਿਸੇ ਦੇ ਵੀ ਦਬਾਅ ਹੇਠ ਆ ਕੇ ਨੌਜਵਾਨ ਭਾਰਤ ਸਭਾ ਨੂੰ ਸ਼ਰਾਰਤੀ ਅਨਸਰ ਗਰਦਾਨਿਆ ਜਾਏ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਵੱਲੋਂ ਸਥਾਪਿਤ ਇਸ ਨੌਜਵਾਨਾਂ ਦੀ ਸਿਰਮੌਰ ਜੱਥੇਬੰਦੀ ਦਾ ਅਪਮਾਨ ਨਹੀਂ ਹੋਣ ਦਿਆਂਗੇ।
No comments:
Post a Comment