Jan 31, 2019, 4:36 PM
ਜ਼ਿਲਾ ਕਾਨੂੰਨੀ ਸੇਵਾਵਾਂ ਦੀ ਅਥਾਰਟੀ ਹੋਈ ਇਸ ਪਾਸੇ ਵੀ ਸਰਗਰਮ
ਲੁਧਿਆਣਾ: 31 ਜਨਵਰੀ 2019: (ਪੰਜਾਬ ਸਕਰੀਨ ਬਿਊਰੋ):: ਸੜਕ 'ਤੇ ਪਿਆ ਕੋਈ ਜ਼ਖਮੀ ਤੁਹਾਡਾ ਆਪਣਾ ਨੇੜਲਾ ਰਿਸ਼ਤੇਦਾਰ ਜਾਂ ਕੋਈ ਮਿੱਤਰ ਪਿਆਰਾ ਵੀ ਹੋ ਸਕਦਾ ਹੈ। ਉਸਨੂੰ ਮੌਤ ਦੇ ਮੂੰਹ ਵਿੱਚ ਜਾਣ ਲਈ ਤੜਫਦਾ ਛੱਡ ਕੇ ਤੁਸੀਂ ਕਿਸ ਮੂੰਹ ਨਾਲ ਪੂਜਾ ਪਾਠ ਕਰੋਗੇ? ਕਿਸ ਤਰਾਂ ਆਪਣੇ ਆਪ ਨਾਲ ਅੱਖਾਂ ਮਿਲਾਓਗੇ? ਜਦ ਵੀ ਕਿਸੇ ਨੂੰ ਸੜਕ ਹਾਦਸੇ ਵਿਚਕ ਜ਼ਖਮੀ ਪਿਆ ਦੇਖੋ-ਉਸਨੂੰ ਹਸਪਤਾਲ ਪਹੁੰਚਾਓ। ਇਸ ਗੱਲ ਦਾ ਬ ਹਰੋਸਾ ਦੁਆਇਆ ਹੈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਮਦਦ ਕਰਨ ਵਾਲੇ ਮਦਦਗਾਰਾਂ ਦੇ ਹੱਕਾਂ ਬਾਰੇ ਜਾਣਕਾਰੀ ਦੇਣ ਲਈ ਸਿਵਲ ਹਸਪਤਾਲ, ਲੁਧਿਆਣਾ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਲਈ ਇੱਕ ਵਿਸ਼ੇਸ਼ ਜਾਗਰੂਕਤਾ ਪਰੋਗਰਾਮ ਦਾ ਆਯੋਜਨ ਕਰਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਹਾਜ਼ਰ ਡਾਕਟਰਾਂ ਨੂੰ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਪਰੋਗਰਾਮ ਵਿੱਚ ਹਾਜ਼ਰ ਡਾਕਟਰਾਂ ਨੂੰ ਦੱਸਿਆ ਗਿਆ ਕਿ ਜਦੋਂ ਕਦੇ ਵੀ ਕੋਈ ਵਿਅਕਤੀ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਲੈ ਕੇ ਆਉਂਦਾ ਹੈ ਤਾਂ ਉਸਨੂੰ ਕਿਸੇ ਕਿਸਮ ਦੇ ਫ਼ੀਸ/ਖਰਚੇ ਜਮ੍ਹਾਂ ਕਰਵਾਉਣ ਨੂੰ ਨਹੀਂ ਕਿਹਾ ਜਾਵੇਗਾ ਅਤੇ ਨਾ ਹੀ ਉਸ ਮਦਦਗਾਰ ਵਿਅਕਤੀ ਨੂੰ ਕਿਸੇ ਪੁਲਿਸ ਕੇਸ ਵਿੱਚ ਬਤੌਰ ਗਵਾਹ ਨਾਮਜ਼ਦ ਕੀਤਾ ਜਾਵੇਗਾ। ਹਾਜ਼ਰ ਡਾਕਟਰਾਂ ਨੂੰ ਇਸ ਸਬੰਧ ਵਿੱਚ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਜਾਰੀ ਹੋਏ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਵੀ ਆਖਿਆ ਗਿਆ ਅਤੇ ਡਾਕਟਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜੇਕਰ ਤੁਹਾਡੇ ਕੋਲ ਕੋਈ ਸੜਕ ਹਾਦਸੇ ਵਿੱਚ ਜ਼ਖ਼ਮੀ ਵਿਅਕਤੀ ਆਉਂਦਾ ਹੈ ਤਾਂ ਡਾਕਟਰਾਂ ਦਾ ਇਹ ਫਰਜ਼ ਬਣਦਾ ਹੈ ਕਿ ਬਿਨ੍ਹਾਂ ਕਿਸੇ ਦੇਰੀ ਜਾਂ ਕੋਈ ਕਾਗਜ਼ੀ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਉਸ ਵਿਅਕਤੀ ਦਾ ਇਲਾਜ਼ ਕਰਨਾ ਯਕੀਨੀ ਬਣਾਉਣ, ਕਿਉਂਕਿ ਜੇਕਰ ਕਿਸੇ ਜਖ਼ਮੀ ਵਿਅਕਤੀ ਨੂੰ ਸਮੇਂ ਸਿਰ ਇਲਾਜ ਮਿਲ ਜਾਂਦਾ ਹੈ ਤਾਂ ਉਸ ਦੇ ਬਚਣ ਦੀ ਉਮੀਦ ਬਹੁਤ ਜ਼ਿਆਦਾ ਵੱਧ ਜਾਂਦੀ ਹੈ।
ਇਸ ਮੌਕੇ ਤੇ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਤੋਂ ਇਲਾਵਾ ਡਾ. ਦਵਿੰਦਰਜੀਤ ਸਿੰਘ, ਸ੍ਰੀ ਮਨਪ੍ਰਿੰਦਰ ਸਿੰਘ, ਐਡਵੋਕੇਟ ਨੇ ਵੀ ਡਾਕਟਰਾਂ ਨੂੰ ਸੰਬੋਧਿਤ ਕੀਤਾ ਅਤੇ ਇਸ ਕਾਨੂੰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਡਾ.ਬਲਵਿੰਦਰ ਸਿੰਘ, ਵਧੀਕ ਸਿਵਲ ਸਰਜ਼ਨ, ਲੁਧਿਆਣਾ, ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ, ਲੁਧਿਆਣਾ ਅਤੇ ਸ੍ਰੀ ਭੁਪਿੰਦਰ ਸਿੰਘ ਬਰਮੀ, ਐਡਵੋਕੇਟ ਵੀ ਹਾਜ਼ਰ ਸਨ।
No comments:
Post a Comment