Thu, Jul 19, 2018 at 5:50 PM
ਜ਼ਿਲਾ ਟੀਕਾਕਰਨ ਅਫ਼ਸਰ ਡਾ. ਜਸਬੀਰ ਸਿੰਘ ਨੇ ਬਣਵਾਈਆਂ ਵਿਸ਼ੇਸ਼ ਟੀਮਾਂ
ਲੁਧਿਆਣਾ: 19 ਜੁਲਾਈ 2018: (ਉੱਤਮ ਕੁਮਾਰ ਰਾਠੌਰ//ਪੰਜਾਬ ਸਕਰੀਨ)::
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੜਦੇ ਬੱਚਿਆਂ ਨੂੰ ਯੋਗਾ ਕਰਨ ਅਤੇ ਇਸ ਨੂੰ ਆਮ ਜੀਵਨ ਦਾ ਹਿੱਸਾ ਬਣਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸਿਖ਼ਲਾਈ ਪ੍ਰਾਪਤ ਆਯੁਰਵੈਦਿਕ ਮੈਡੀਕਲ ਅਫ਼ਸਰਾਂ ਦੀ ਅਗਵਾਈ ਵਿੱਚ ਬਲਾਕ ਵਾਰ ਟੀਮਾਂ ਬਣਾ ਕੇ ਜ਼ਿਲਾ ਲੁਧਿਆਣਾ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ।
ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਟੀਕਾਕਰਨ ਅਫ਼ਸਰ ਡਾ. ਜਸਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਕਰਨ ਲਈ ਸਿਹਤ ਵਿਭਾਗ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਜਿੱਥੇ ਰੋਜ਼ਾਨਾ ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਬਣਾਈ ਰੱਖਣਾ ਯਕੀਨੀ ਬਣਾਉਣ ਲਈ ਖਾਧ ਪਦਾਰਥ ਵਿਕਰੇਤਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਜ਼ਿਲਾ ਲੁਧਿਆਣਾ ਦੇ ਹਰੇਕ ਸਕੂਲ ਅਤੇ ਆਂਗਣਵਾੜੀ ਕੇਂਦਰ ਵਿੱਚ ਜਾ ਕੇ ਬੱਚਿਆਂ ਨੂੰ ਯੋਗਾ ਕਰਨ ਬਾਰੇ ਸਿਖਾਇਆ ਜਾ ਰਿਹਾ ਹੈ।
ਡਾ. ਜਸਬੀਰ ਸਿੰਘ ਨੇ ਕਿਹਾ ਕਿ ਹਰੇਕ ਬਲਾਕ ਵਿੱਚ ਦੋ-ਦੋ ਟੀਮਾਂ ਬਣਾ ਕੇ ਭੇਜੀਆਂ ਗਈਆਂ ਹਨ। ਹਰੇਕ ਟੀਮ ਦੀ ਅਗਵਾਈ ਆਯੁਰਵੈਦਿਕ ਮੈਡੀਕਲ ਅਫ਼ਸਰ ਵੱਲੋਂ ਕੀਤੀ ਜਾ ਰਹੀ ਹੈ, ਜਿਨਾਂ ਨੂੰ ਛੇ-ਛੇ ਦਿਨ ਦੀ ਵਿਸ਼ੇਸ਼ ਸਿਖ਼ਲਾਈ ਦਿਵਾਈ ਗਈ ਸੀ। ਟੀਮਾਂ ਵੱਲੋਂ ਹੁਣ ਤੱਕ 225 ਦੇ ਕਰੀਬ ਕੈਂਪ ਲਗਾ ਕੇ ਬੱਚਿਆਂ ਨੂੰ ਯੋਗਾ ਕਰਨ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਯੋਗਾ ਸਾਡੇ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਵਧੀਆ ਅਤੇ ਪੁਰਾਣਿਕ ਤਰੀਕੇ ਹੈ, ਜਿਸ ਨੂੰ ਸਭ ਨੂੰ ਆਪਣੇ ਨਿੱਤ ਦਿਨ ਦੇ ਜੀਵਨ ਵਿੱਚ ਅਪਨਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਦੇ ਨਾਲ ਵੀ ਬੱਚਿਆਂ ਨੂੰ ਹੱਥ ਧੋਣ ਦੀ ਤਕਨੀਕ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਜਿਆਦਾਤਰ ਬਿਮਾਰੀਆਂ ਦਾ ਮੁੱਖ ਕਾਰਨ ਹੱਥ ਨਾ ਧੋਣਾ ਜਾਂ ਚੰਗੀ ਤਰਾਂ ਹੱਥ ਨਾ ਧੋਣਾ ਹੁੰਦਾ ਹੈ। ਜਿਸ ਨਾਲ ਵਿਅਕਤੀ ਦੀ ਸਿਹਤ ਨੂੰ ਵੱਡਾ ਨੁਕਸਾਨ ਹੁੰਦਾ ਹੈ। ਜੇਕਰ ਬੱਚੇ ਨੂੰ ਹੱਥ ਧੋਣ ਦੇ ਨਾਲ-ਨਾਲ ਸਹੀ ਤਰੀਕੇ ਨਾਲ ਹੱਥ ਧੋਣ ਦੀ ਸਿੱਖਿਆ ਦਿੱਤੀ ਜਾਵੇ ਤਾਂ ਬੱਚਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਵਿੱਚ ਕਾਫੀ ਕਮੀ ਆ ਸਕਦੀ ਹੈ।
ਉਨਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਸਕੂਲਾਂ ਵਿੱਚ ਛੁੱਟੀਆਂ ਦੇ ਚੱਲਦਿਆਂ ਇਨਾਂ ਕੈਂਪਾਂ ਦੀ ਗਿਣਤੀ ਵਿੱਚ ਕਮੀ ਰਹੀ ਸੀ ਪਰ ਹੁਣ ਸਾਰੇ ਸਕੂਲ ਖੁੱਲਣ ਨਾਲ ਇਸ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਹ ਕੈਂਪ ਲਗਾਤਾਰ ਜਾਰੀ ਰਹਿਣਗੇ। ਇਨਾਂ ਕੈਂਪਾਂ ਦੌਰਾਨ ਟੀਮਾਂ ਵੱਲੋਂ ਬੱਚਿਆਂ ਨੂੰ ਡਾਇਰੀਆ, ਅਲਬੈਂਡਾਜ਼ੋਲ ਗੋਲੀਆਂ ਦੀ ਵਰਤੋਂ ਕਰਨ ਬਾਰੇ ਅਤੇ ਮੌਸਮ ਨਾਲ ਪੈਦਾ ਹੋਣ ਵਾਲੀਆਂ ਹੋਰ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਉਨਾਂ ਨਾਲ ਡਾ. ਅਰੁਣਦੀਪ ਕੌਰ ਅਤੇ ਹੋਰ ਵੀ ਹਾਜ਼ਰ ਸਨ।
No comments:
Post a Comment