Jun 9, 2018, 2:41 PM
ਪੰਜਾਬ ਵਿਚ ਕਾਂਗਰਸ ਸਰਕਾਰ ਵੀ ਬਾਦਲ ਸਰਕਾਰ ਦੀਆਂ ਨੀਤੀਆਂ 'ਤੇ-CPI
ਚੰਡੀਗੜ: 09 ਜੂਨ 2018:: (ਪੰਜਾਬ ਸਕਰੀਨ ਬਿਊਰੋ)::
ਅਕਾਲੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਤੀਨਿਧਾਂ ਦੀ 6 ਜੂਨ ਨੂੰ ਚੰਡੀਗੜ੍ਹ ਵਿਚ ਹੋਈ ਮੀਟਿੰਗ, ਜਿਸਦੀ ਰਹਿਨੁਮਾਈ ਬਜ਼ੁਰਗ ਅਕਾਲੀ ਆਗੂ ਸ. ਪਰਕਾਸ਼ ਸਿੰਘ ਬਾਦਲ ਅਤੇ ਭਾਜਪਾ ਪਰਧਾਨ ਅਮਿਤਸ਼ਾਹ ਕਰ ਰਹੇ ਸਨ। ਅਗਲੇ ਸਾਲ ਸੰਸਦੀ ਚੋਣਾਂ ਲਈ ਪੰਜਾਬੀਆਂ ਨੂੰ ਝੂਠੇ ਵਾਅਦਿਆਂ ਅਤੇ ਸ਼ੋਸ਼ੇਬਾਜ਼ੀ ਰਾਹੀਂ ਕਾਰਪੋਰੇਟ ਅਤੇ ਜਾਗੀਰੂ ਸ਼ਕਤੀਆਂ ਦੇ ਜਾਲ ਵਿਚ ਫਸਾਉਣ ਦੀਆਂ ਚਾਲਾਂ ਤੋਂ ਸਿਵਾ ਕੁਝ ਵੀ ਨਹੀਂ ਹੈ। ਇਹ ਗੱਲ ਅੱਜ ਇਥੇ ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕੱਲ ਹੋਈ ਬਾਦਲ-ਅਮਿਤਸ਼ਾਹ ਦੀ 2 ਘੰਟੇ ਚਲੀ ਮੀਟਿੰਗ ਤੇ ਪਰ੍ਤੀਕਰਮ ਪਰ੍ਗਟ ਕਰਦਿਆਂ ਆਖੀ। ਉਹਨਾਂ ਕਿਹਾ ਕਿ ਜਦੋਂ ਮੋਦੀ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ ਤਾਂ ਅਖੀਰੀ ਮਹੀਨਿਆਂ ਵਿਚ ਅਕਾਲੀ ਪਾਰਟੀ ਵੱਲੋਂ ਮੋਦੀ ਸਰਕਾਰ ਤੋਂ ਚੋਣ ਵਾਅਦੇ ਪੂਰੇ ਕਰਵਾਉਣ ਦੀ ਗੱਲ ਹਾਸੋਹੀਣੀ ਅਤੇ ਹਨੇਰੇ ਵਿਚ ਹੱਥ ਮਾਰਨ ਵਾਲੀ ਹੈ।
ਅਕਾਲੀ ਪਾਰਟੀ ਨੂੰ ਪੰਜਾਬੀਆਂ ਨੂੰ ਜਵਾਬ ਦੇਣਾ ਪਵੇਗਾ ਕਿ ਭਾਜਪਾ ਨਾਲ ਅਕਾਲੀ ਪਾਰਟੀ ਨੂੰ ਨਰੜ ਕੇ ਉਹਨਾਂ ਪੰਜਾਬ ਨੂੰ ਕੀ ਲੈ ਕੇ ਦਿਤਾ। ਮੋਦੀ ਸਰਕਾਰ ਦੇ ਪੰਜ ਸਾਲ ਕੁਝ ਮਹੀਨਿਆਂ ਵਿਚ ਪੂਰੇ ਹੋਣ ਵਾਲੇ ਹਨ ਪਰ ਅਕਾਲੀ ਪਾਰਟੀ ਇਕ ਵੀ ਮਹੱਤਵਪੂਰਣ ਕੰਮ ਮੋਦੀ ਸਰਕਾਰ ਤੋਂ ਨਹੀਂ ਕਰਵਾ ਸਕੀ। ਵੱਡੀ ਸਨਅਤ ਲਾਉਣ ਦਾ ਸੁਆਲ ਹੋਵੇ ਜਾਂ ਇੰਡਸਟਰੀ ਨੂੰ ਗੁਆਂਢੀ ਰਾਜਾਂ ਵਾਲੀਆਂ ਸਹੂਲਤਾਂ ਦੀ ਗੱਲ ਹੋਵੇ, ਸਵਾਮੀਨਾਥਨ ਕਮਿਸ਼ਨ ਨੂੰ ਲਾਗੂ ਕਰਵਾਉਣ ਦੇ ਵਾਅਦੇ, ਦਰਿਆਈ ਪਾਣੀਆਂ, ਪੰਜਾਬੀ ਭਾਸ਼ਾ, ਗੁਜਰਾਤ ਦੇ ਪੰਜਾਬੀ ਕਿਸਾਨ, ਕਿਸਾਨਾਂ ਦੇ ਕਰਜ਼ੇ ਅਤੇ ਜਿਣਸਾਂ ਦੇ ਭਾਅ, ਪੈਟਰੋਲ, ਡੀਜ਼ਲ ਤੇ ਜੀਐਸਟੀ ਲਾਉਣ ਅਤੇ ਕਿਸਾਨਾਂ ਨੂੰ ਸਸਤੀਆਂ ਪੈਟਰੋਲੀਅਮ ਵਸਤਾਂ, ਨੌਜਵਾਨਾਂ ਲਈ ਰੁਜ਼ਗਾਰ, ਸਸਤੀ ਵਿਦਿਆ, ਸਿਹਤ ਸੇਵਾਵਾਂ ਅਤੇ ਵਿਸ਼ੇਸ਼ ਕਰਕੇ ਪੰਜਾਬ ਦਾ ਕਰਜ਼ਾ ਜਿਹੜਾ 2 ਲੱਖ ਕਰੋੜ ਨੂੰ ਪਹੁੰਚਣ ਵਾਲਾ ਹੈ ਆਦਿ ਸਭ ਸਵਾਲਾਂ ਦੇ ਸੰਬੰਧ ਵਿਚ ਅਕਾਲੀ ਪਾਰਟੀ ਦੀ ਪ੍ਰਾਪਤੀ ਜ਼ੀਰੋ ਹੈ। ਪੰਜਾਬੀ ਪੁੱਛਣਗੇ ਕਿ ਫਿਰ ਕਿਸ ਗੱਲ ਕਰਕੇ ਸਮੁਚੇ ਪੰਜਾਬੀਆਂ ਦੇ ਹਿਤਾਂ ਨੂੰ ਇਕ ਅੱਤ ਦਰਜੇ ਦੀ ਫਿਰਕੂ, ਫੁਟ-ਪਾਊ ਅਤੇ ਦੇਸ ਨੂੰ ਭਰਾ-ਮਾਰੂ ਜੰਗ ਵਿਚ ਸੁਟਣ ਦੀਆਂ ਚਾਲਾਂ ਚੱਲਣ ਵਾਲੀ ਅਤੇ ਮਾਨਵਤਾ ਦੀ ਦੁਸ਼ਮਣ ਹਿਟਲਰ ਦੀ ਵਿਚਾਰਧਾਰਾ ਵਾਲੀ ਆਰਐਸਐਸ ਦੀ ਅਗਵਾਈ ਵਿਚ ਚਲਣ ਵਾਲੀ ਮੋਦੀ ਸਰਕਾਰ ਨਾਲ ਨੂੜ ਦਿਤਾ ਗਿਆ ਹੈ।
ਵਰਤਮਾਨ ਅਕਾਲੀ ਪਾਰਟੀ ਨੂੰ ਇਹ ਵੀ ਜਵਾਬ ਦੇਣਾ ਪਵੇਗਾ ਕਿ ਉਹ ਗੁਰੂ ਨਾਨਕ ਦੇ ਲਾਲੋਆਂ ਤੇ ਗੁਰੂ ਗੋਬਿੰਦ ਸਿੰਘ ਦੇ ਅਸਲੀ ਸਿੱਖ ਕਨੂਈਏ ਦੇ ਮਹਾਨ ਵਿਰਸੇ ਵਾਲੇ ਪੰਜਾਬ ਨੂੰ ਖੂਨ ਨਾਲ ਰੰਗੇ ਹੱਥਾਂ ਵਾਲੀਆਂ ਫਿਰਕੂ ਸ਼ਕਤੀਆਂ ਨੂੰ ਵੇਚ ਕੇ ਕਿਹਨਾਂ ਦੇ ਹਿੱਤ ਪੂਰੇ ਕਰ ਰਹੇ ਹਨ?
ਸਾਥੀ ਬਰਾੜ ਨੇ ਕਿਹਾ ਕਿ ਅਕਾਲੀ ਪਾਰਟੀ ਦੀ ਇਕੋ ਹੀ ਪ੍ਰਾਪਤੀ ਹੈ ਕਿ ਉਹਨਾਂ ਨੇ ਮੋਦੀ ਮੰਤਰੀ ਮੰਡਲ ਵਿਚ ਬੀਬੀ ਹਰਸਿਮਰਤ ਕੌਰ ਨੂੰ ਸ਼ਾਮਲ ਕਰਵਾ ਲਿਆ ਸੀ। ਸਾਥੀ ਬਰਾੜ ਨੇ ਕੈਪਟਨ ਦੀ ਸਰਕਾਰ ਬਾਰੇ ਵੀ ਟਿਪਣੀ ਕਰਦਿਆਂ ਆਖਿਆ ਹੈ ਜੇਕਰ ਪੰਜਾਬ ਵਿਚ ਕਾਂਗਰਸ ਸਰਕਾਰ ਬਾਦਲ ਸਰਕਾਰ ਦੀਆਂ ਨੀਤੀਆਂ ਤੇ ਚਲਦੀ ਰਹੇਗੀ ਅਤੇ ਲੋਕ-ਹਿਤਾਂ ਵਿਚ ਕੋਈ ਸਾਰਥਕ ਕਦਮ ਨਹੀਂ ਉਠਾਏਗੀ ਤਾਂ ਸੂਬੇ ਅੰਦਰ ਨਿਕਲਣ ਵਾਲੇ ਮਾੜੇ ਸਿੱਟਿਆਂ ਦੀ ਜ਼ਿੰਮੇਵਾਰੀ ਵੀ ਉਸਦੀ ਹੀ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਵਿਚ ਸੀਪੀਆਈ ਅਤੇ ਖੱਬੀਆਂ ਪਾਰਟੀਆਂ ਇਹਨਾਂ ਸਾਜ਼ਸ਼ਾਂ ਅਤੇ ਸ਼ੜਯੰਤਰਾਂ ਨੂੰ ਅੰਦੋਲਨਾਂ ਰਾਹੀਂ ਪੰਜਾਬੀਆਂ ਨੂੰ ਜਾਗਰਤ ਕਰਦੀ ਰਹੇਗੀ।
No comments:
Post a Comment