Monday, June 11, 2018

ਅਕਾਸ਼ਵਾਣੀ ਦੇ ਲੁਧਿਆਣਾ ਸਥਿਤ ਐੱਫ, ਐੱਮ ਗੋਲਡ ਵਿਖੇ ਵਿਚਾਰ ਚਰਚਾ

Jun 11, 2018, 5:50 PM
ਪ੍ਰੋ.ਗੁਰਭਜਨ ਗਿੱਲ ਨੇ ਕੀਤਾ ਆਕਾਸ਼ਵਾਣੀ ਦੇ 70 ਸਾਲਾਂ ਦਾ ਲੇਖਾਜੋਖਾ
ਲੁਧਿਆਣਾ: 11 ਜੂਨ 2018: (ਪੰਜਾਬ ਸਕਰੀਨ ਬਿਊਰੋ)::

ਦੇਸ਼-ਵੰਡ ਮਗਰੋਂ ਪੰਜਾਬੀ ਲੇਖਕ ਸ. ਕਰਤਾਰ ਸਿੰਘ ਦੁੱਗਲ ਦੀ ਨਿਰਦੇਸ਼ਨਾ ਹੇਠ ਜਲੰਧਰ ਵਿੱਚ ਸਥਾਪਤ ਲੋਕ ਪ੍ਰਸਾਰਨ ਸੰਸਥਾ ਅਕਾਸ਼ਵਾਣੀ ਨੇ ਪਿਛਲੇ 70 ਸਾਲਾਂ ਵਿੱਚ ਪੰਜਾਬ ਨੂੰ ਆਰਥਿਕ, ਸਭਿਆਚਾਰਕ ਤੇ ਆਤਮਕ ਪੱਖੋਂ ਚੰਗੇ ਸਾਥੀ ਵਜੋਂ ਸਾਥ ਨਿਭਾਇਆ ਹੈ। ਜਲੰਧਰ  ਤੋਂ ਬਾਅਦ ਹੁਣ ਲੁਧਿਆਣਾ, ਬਠਿੰਡਾ ਤੇ ਪਟਿਆਲਾ ਸਟੇਸ਼ਨਾਂ ਰਾਹੀਂ ਵੀ ਖੇਤਰੀ ਖੁਸ਼ਬੋਈਆਂ ਨੂੰ ਲੋਕਾਂ ਤੀਕ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ। 
ਅਕਾਸ਼ਵਾਣੀ ਦੇ ਲੁਧਿਆਣਾ ਸਥਿਤ ਐੱਫ, ਐੱਮ ਗੋਲਡ ਵਿਖੇ ਵਿਚਾਰ ਚਰਚਾ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ 1974 ਤੋਂ ਲਗਾਤਾਰ ਅਕਾਸ਼ਵਾਣੀ ਦੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੁੰਦੇ ਪੰਜਾਬੀ ਕਵੀ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਸਾਡੇ ਬਚਪਨ ਵਿੱਚ ਦੇਹਾਤੀ ਪ੍ਰੋਗਰਾਮ, ਲੋਕ ਸੰਗੀਤ, ਚਾਨਣ ਰਿਸ਼ਮਾਂ, ਭੈਣਾਂ ਦਾ ਪ੍ਰੋਗਰਾਮ ਦਾ ਵਿਸ਼ੇਸ਼ ਮਹੱਤਵ ਹੁੰਦਾ ਸੀ। ਬਾਲ ਦਰਬਾਰ ਵਿੱਚ ਵੀ ਕਿੰਨੇ ਬਾਲ ਕਲਾਕਾਰ ਆਏ ਜੋ ਬਾਦ ਵਿੱਚ ਪ੍ਰਮੁੱਖ ਕਲਾਕਾਰ ਬਣੇ। ਮੈਂ ਖੁਦ ਵੀ ਪਹਿਲੀ ਵਾਰ ਯੁਵ-ਵਾਣੀ ਪ੍ਰੋਗਰਾਮ ਵਿੱਚ ਹੀ ਕਵਿਤਾ ਪਾਠ ਕੀਤਾ ਸੀ। ਉਹਨਾਂ  ਕੇਂਦਰ ਨਿਰਦੇਸ਼ਕ ਸ਼੍ਰੀਮਤੀ ਸੰਤੋਸ਼ ਰਿਸ਼ੀ ਅਤੇ ਸਟਾਫ ਦੀ ਸ਼ਲਾਘਾ ਕੀਤੀ ਜੋ ਸਾਧਨ ਘਟਣ ਦੇ ਬਾਵਜੂਦ ਮਿਆਰੀ ਪ੍ਰੋਗਰਾਮ ਪੇਸ਼ ਕਰ ਰਹੇ ਹਨ। ਪ੍ਰੋ. ਗਿੱਲ ਨੇ ਅਕਾਸ਼ਵਾਣੀ ਦੇ ਐਫ ਐਮ ਗੋਲਡ ਸਟੇਸ਼ਨ ਦੇ ਪ੍ਰੋਗਰਾਮ ਵਧਾਉਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਕੇਂਦਰ ਨੂੰ ਅਕਾਸ਼ਵਾਣੀ ਦੇ ਖੇਤੀ ਸੰਚਾਰ ਕੇਂਦਰ ਵਜੋਂ ਵਿਸ਼ੇਸ਼ ਮੁਹਾਰਤ ਅਧੀਨ ਲਿਆਉਣ ਦੀ ਲੋੜ ਹੈ ਤਾਂ ਜੋ ਜਲੰਧਰ ਵਾਲੇ ਦੇਹਾਤੀ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। 
ਪ੍ਰੋਗਰਾਮ ਨਿਰਮਾਤਾ ਨਵਦੀਪ ਸਿੰਘ ਨੂੰ ਉਹਨਾਂ ਅਕਾਸ਼ਵਾਣੀ ਐੱਫ ਐੱਮ ਸਟੇਸ਼ਨ ਲਾਇਬ੍ਰੇਰੀ ਲਈ ਆਪਣੀ ਸੱਜਰੀ ਰੁਬਾਈ ਪੁਸਤਕ ਸੰਧੂਰਦਾਨੀ ਵੀ ਭੇਂਟ ਕੀਤੀ। ਉਹਨਾਂ ਸਮੂਹ ਪੰਜਾਬੀ ਲੇਖਕਾਂ, ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ  ਅਕਾਸ਼ਵਾਣੀ ਦੇ ਕੇਂਦਰਾਂ ਨੂੰ ਭਰਪੂਰ ਸਹਿਯੋਗ ਦਿੱਤਾ ਜਾਵੇ ਤਾਂ ਜੋ ਪੇਂਡੂ ਖੇਤਰਾਂ ਵਿੱਚ ਵੱਸਦੇ ਲੋਕਾਂ ਤੀਕ ਗਿਆਨ ਵਿਗਿਆਨ ਅਤੇ ਸਾਹਿਤ ਸੰਚਾਰ ਕੀਤਾ ਜਾ ਸਕੇ।

No comments: