Fri, Apr 20, 2018 at 10:18 AM
ਕਈ ਸੰਗਠਨਾਂ ਨੇ ਕੀਤੀ ਲੁਧਿਆਣਾ ਦੇਹਾਤ ਦੇ ਐਸ ਐਸ ਪੀ ਨਾਲ ਮੁਲਾਕਾਤ
ਲੁਧਿਆਣਾ: 20 ਅਪਰੈਲ 2018: (ਪੰਜਾਬ ਸਕਰੀਨ ਟੀਮ)::
ਭਾਰਤੀ ਕਮਿਊਨਿਸਟ ਪਾਰਟੀ ਦੇ ਸ਼ਹਿਰੀ ਸਹਾਇਕ ਸਕੱਤਰ ਕਾਮਰੇਡ ਗੁਰਨਾਮ ਸਿੰਘ ਸਿੱਧੂ ਨਾਲ ਨਾਲ ਕੀਤੀ ਗਈ ਗੁੰਡਾਗਰਦੀ ਅਤੇ ਫਿਰ ਉਹਨਾਂ ਦੇ ਹੀ ਖਿਲਾਫ ਲਿਖਵਾਈ ਗਈ ਝੂਠੀ ਸ਼ਿਕਾਇਤ ਦੇ ਖਿਲਾਫ ਕਈ ਜੱਥੇਬੰਦੀਆਂ ਦਾ ਇੱਕ ਸਾਂਝਾ ਵਫਦ ਜਗਰਾਓਂ ਜਾ ਕੇ ਲੁਧਿਆਣਾ (ਦੇਹਾਤ) ਦੇ ਐਸ ਐਸ ਪੀ ਸੁਰਜੀਤ ਸਿੰਘ ਨੂੰ ਮਿਲਿਆ। ਇਸ ਵਫਦ ਵਿੱਚ ਕਾਮਾਗਾਟਾ ਮਾਰੂ ਯਾਦਗਾਰੀ ਕਮੇਟੀ ਦੇ ਆਗੂ, ਰੋਡਵੇਜ਼ ਵਰਕਰਾਂ ਦੇ ਆਗੂ, ਬਿਜਲੀ ਬੋਰਡ ਮੁਲਾਜ਼ਮਾਂ ਦੇ ਆਗੂ, ਦਲਿਤ ਜੱਥੇਬੰਦੀਆਂ ਦੇ ਆਗੂ ਅਤੇ ਕਈ ਹੋਰ ਸਰਗਰਮ ਕਾਰਕੁੰਨ ਵੀ ਸ਼ਾਮਲ ਸਨ।
ਕਾਮਰੇਡ ਸਿੱਧੂ ਨਾਲ ਇਹ ਗੁੰਡਾਗਰਦੀ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਹੀ ਪਿੰਡ ਵਲੀਪੁਰ ਵਿੱਚ ਵਾਪਰੀ ਜਦੋਂ ਕਾਮਰੇਡ ਸਿੱਧੂ ਕੁਝ ਮਜ਼ਦੂਰਾਂ ਦੀ ਬਣਦੀ ਕਿਰਤ ਕਮਾਈ ਦੁਆਉਣ ਲਈ ਇੱਕ ਵਿਸ਼ੇਸ਼ ਮਿਸ਼ਨ ‘ਤੇ ਇਸ ਪਿੰਡ ਵਿੱਚ ਗਏ ਸਨ। ਪੀੜਿਤ ਮਜ਼ਦੂਰਾਂ ਨੇ ਦੱਸਿਆ ਕਿ ਇਥੇ ਇੱਕ ਹਵੇਲੀਨੁਮਾ ਕੋਠੀ ਵਿੱਚ ਬਹੁਤ ਕੁਝ ਗੈਰ ਸਮਾਜਿਕ ਵੀ ਹੁੰਦਾ ਹੈ ਜਿਹੜਾ ਪੁਲਿਸ ਦੇ ਕੁਝ ਥਾਣਾ ਪੱਧਰ ਦੇ ਅਧਿਕਾਰੀਆਂ ਦੀ ਸ਼ਹਿ ਨਾਲ ਚੱਲਦਾ ਹੈ। ਜਦੋਂ ਕਾਮਰੇਡ ਸਿੱਧੂ ਨੇ ਇਸ ਸਬੰਧੀ ਮਜ਼ਦੂਰਾਂ ਦੇ ਬਿਆਨ ਅਤੇ ਸਬੰਧਿਤ ਕੋਠੀ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਸਬੰਧਿਤ ਕੋਠੀ ਅੰਦਰੋਂ ਗੈਰ ਸਮਾਜਿਕ ਕੰਮ ਕਰਨ ਵਾਲੇ ਅਨਸਰਾਂ ਨੇ ਤੁਰੰਤ ਆਪਣੇ ਗੁੰਡੇ ਭੇਜ ਕੇ ਕਾਮਰੇਡ ਸਿੱਧੂ ‘ਤੇ ਹਮਲਾ ਕਰਵਾਇਆ। ਕੈਮਰਾ ਵੀ ਖੋਹ ਲਿਆ ਅਤੇ ਕੁੱਟਮਾਰ ਵੀ ਕੀਤੀ। ਬਾਅਦ ਵਿਚ ਕੁਝ ਲੋਕਾਂ ਦੇ ਵਿੱਚ ਪੈਣ ਤੇ ਇਹਨਾਂ ਗੁੰਡਾ ਅਨਸਰਾਂ ਨੇ ਕੈਮਰਾ ਵੀ ਵਾਪਿਸ ਕਰ ਦਿੱਤਾ ਅਤੇ ਮੋਬਾਈਲ ਫੋਨ ਵੀ। ਇਸਦੇ ਨਾਲ ਹੀ ਕਾਮਰੇਡ ਸਿੱਧੂ ਕੋਲੋਂ ਮਾਫੀ ਵੀ ਮੰਗ ਲਈ। ਇਹ ਸਭ ਕੁਝ 27 ਮਾਰਚ 2018 ਨੂੰ ਵਾਪਰਿਆ। ਇਸ ਤੋਂ ਬਾਅਦ ਕਾਮਰੇਡ ਸਿੱਧੂ ਨੇ ਇਸ ਗੱਲ ਨੂੰ ਇਥੇ ਹੀ ਛੱਡ ਦਿੱਤਾ ਅਤੇ ਆਪਣੇ ਮਜ਼ਦੂਰ ਭਲਾਈ ਮਿਸ਼ਨ ਵਿੱਚ ਰੁਝ ਗਏ।
ਘਟਨਾ ਤੋਂ ਕਈ ਦਿਨ ਬਾਅਦ 11 ਅਪਰੈਲ ਨੂੰ ਇਹਨਾਂ ਗੁੰਡਾ ਅਨਸਰਾਂ ਨੇ ਹੀ ਪੁਲਿਸ ਕੋਲ ਕਾਮਰੇਡ ਸਿੱਧੂ ਦੇ ਖਿਲਾਫ ਝੂਠੀ ਸ਼ਿਕਾਇਤ ਦੇ ਦਿੱਤੀ। ਇਸ ਗੱਲ ਦਾ ਪਤਾ ਲੱਗਣ ‘ਤੇ ਸਮੂਹ ਲੋਕ ਪੱਖੀ ਜੱਥੇਬੰਦੀਆਂ ਵਿੱਚ ਰੋਸ ਦੀ ਤਿੱਖੀ ਲਹਿਰ ਦੌੜ ਗਈ। ਕਰੀਬ ਦਸ-ਬਾਰਾਂ ਜੱਥੇਬੰਦੀਆਂ ਦੇ ਨੁਮਾਇੰਦੇ ਇਸ ਸਬੰਧੀ ਜਗਰਾਓਂ ਜਾ ਕੇ ਲੁਧਿਆਣਾ ਦੇਹਾਤ ਦੇ ਐਸ ਐਸ ਪੀ ਸੁਰਜੀਤ ਸਿੰਘ ਨੂੰ ਮਿਲੇ ਜਿਹਨਾਂ ਨੇ ਪੂਰੀ ਗੱਲ ਬੜੇ ਧਿਆਨ ਨਾਲ ਸੁਣੀ।
ਜ਼ਿਕਰਯੋਗ ਹੈ ਕਿ ਕਾਮਰੇਡ ਸਿੱਧੂ ਅਤੇ ਉਹਨਾਂ ਦੇ ਕੁਝ ਸਾਥੀ ਦਿੱਲੀ ਦੇ ਇੱਕ ਮੀਡੀਆ ਅਦਾਰੇ ਲਈ ਵੀ ਕੰਮ ਕਰਦੇ ਹਨ। ਇਸ ਤਰਾਂ ਉਹ ਆਪਣੀਆਂ ਖਬਰਾਂ ਅਤੇ ਰਿਪੋਰਟਾਂ ਨਾਲ ਲੋਕ ਵਿਰੋਧੀ ਸਰਗਰਮੀਆਂ ਨਾਲ ਸਬੰਧਤ ਲੋਕਾਂ ਨੂੰ ਮੀਡੀਆ ਰਾਹੀਂ ਵੀ ਬੇਨਕਾਬ ਕਰਦੇ ਹਨ।
ਇਸ ਮੌਕੇ ਐਡਵੋਕੇਟ ਕੁਲਦੀਪ ਸਿੰਘ, ਪਰਸਿੱਧ ਲੇਖਕ ਮਾਸਟਰ ਜਸਦੇਵ ਸਿੰਘ ਲਲਤੋਂ, ਫਿਰਕਾਪਰਸਤੀ ਖਿਲਾਫ ਡਟ ਕੇ ਲੋਹਾ ਲੈਣ ਵਾਲੇ ਉਜਾਗਰ ਸਿੰਘ ਬੱਦੋਵਾਲ, ਮਲਕੀਅਤ ਸਿੰਘ, ਸੁਖਦੇਵ ਸਿੰਘ, ਸੀਪੀਆਈ ਦੇ ਸਹਾਇਕ ਜ਼ਿਲਾ ਸਕੱਤਰ ਕਾਮਰੇਡ ਚਮਕੌਰ ਸਿੰਘ, ਜੋਗਿੰਦਰ ਸਿੰਘ, ਕੇਹਰ ਸਿੰਘ, ਸਮਾਲ ਸਕੇਲ ਇੰਡਸਟਰੀ ਦੇ ਨੁਮਾਇੰਦੇ ਕਾਮਰੇਡ ਗੁਰਵੰਤ ਸਿੰਘ, ਪੱਤਰਕਾਰ ਸੁਰਿੰਦਰ ਕੁਮਾਰ, ਰਾਜੇਸ਼, ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ ਸੀ ਪੀ) ਵੱਲੋਂ ਰਵੀ ਸੋਈ, ਪੀਪਲਜ਼ ਮੀਡੀਆ ਲਿੰਕ ਵੱਲੋਂ ਰੈਕਟਰ ਕਥੂਰੀਆ ਅਤੇ ਕਈ ਹੋਰ ਸਰਗਰਮ ਕਾਰਕੁੰਨ ਮੌਜੂਦ ਸਨ।
ਐਸ ਐਸ ਪੀ ਨੇ ਵਫਦ ਦੀ ਗੱਲ ਬੜੇ ਧਿਆਨ ਨਾਲ ਸੁਣੀ। ਉਹਨਾਂ ਇਸ ਸਬੰਧੀ ਇੱਕ ਉੱਚ ਅਧਿਕਾਰੀ ਦੀ ਡਿਊਟੀ ਵੀ ਲਗਾਈ। ਇਸਦੇ ਨਾਲ ਹੀ ਉਹਨਾਂ ਯਕੀਨ ਦੁਆਇਆ ਕਿ ਦੋਸ਼ੀਆਂ ਖਿਲਾਫ ਐਕਸ਼ਨ ਲਿਆ ਜਾਏਗਾ। ਹੁਣ ਦੇਖਣਾ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਕੀ ਐਕਸ਼ਨ ਲਿਆ ਜਾਂਦਾ ਹੈ।
No comments:
Post a Comment