ਲੁਧਿਆਣਾ ਦੇ ਡੀਸੀ ਦਫਤਰ ਸਾਹਮਣੇ ਵੀ ਧਰਨਾ
ਲੁਧਿਆਣਾ: 28 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਡੀ.ਸੀ. ਦਫ਼ਤਰ, ਲੁਧਿਆਣਾ ਵਿਖੇ ਰੋਸ ਧਰਨਾ ਦਿੱਤਾ ਗਿਆ । ਇਸ ਤੋਂ ਪਹਿਲਾਂ ਭਾਈ ਬਾਲਾ ਚੌਂਕ, ਲੁਧਿਆਣਾ ਵਿਖੇ ਇਕੱਠੇ ਹੋ ਕੇ ਡੀ.ਸੀ. ਦਫ਼ਤਰ ਤੱਕ ਮਾਰਚ ਕੀਤਾ ਗਿਆ। ਜਿਕਰਯੋਗ ਹੈ ਕਿ ਤੂੜੀ ਬਜ਼ਾਰ ਫਿਰੋਜ਼ਪੁਰ ਸਥਿਤ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਇਤਿਹਾਸਿਕ ਗੁਪਤ ਟਿਕਾਣਾ ਹੈ, ਜਿਸ ਨੂੰ ਮਿਊਜ਼ੀਅਮ ਅਤੇ ਲਾਇਬਰੇਰੀ ਵਿੱਚ ਵਿਕਸਿਤ ਕਰਵਾਉਣ ਲਈ ਪੀ.ਐਸ.ਯੂ., ਨੌਜਵਾਨ ਭਾਰਤ ਸਭਾ ਇੱਕ ਸਾਲ ਤੋਂ ਸੰਘਰਸ਼ ਕਰ ਰਹੀ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਘਰਸ਼ ਦੇ ਦਬਾਅ ਸਕਦਾ ਇਹ ਮੰਗ ਮੰਨ ਚੁੱਕੇ ਹਨ ਪਰ ਹਾਲੇ ਤੱਕ ਸਰਕਾਰ ਨੇ ਇਸ ਲਈ ਕੋਈ ਅਮਲੀ ਕਾਰਜ ਨਹੀਂ ਕੀਤਾ, ਜਿਸ ਕਰਕੇ ਅੱਜ ਪੰਜਾਬ ਭਰ ਦੇ ਡੀ.ਸੀ. ਦਫ਼ਤਰਾਂ ‘ਤੇ ਪੀ.ਐਸ.ਯੂ. ਵੱਲੋਂ ਧਰਨੇ ਦਿੱਤੇ ਗਏ ਹਨ।
ਉਕਤ ਮੰਗ ਦੇ ਨਾਲ ਹੀ ਰੋਸ ਪਰ੍ਗਟਾਇਆ ਗਿਆ ਕਿ ਲੜਕੀਆਂ ਦੀ ਐੱਮ.ਏ. ਤੱਕ ਵਿੱਦਿਆ ਮੁਫ਼ਤ ਕਰਨ ਦਾ ਵਾਅਦਾ ਕਰਕੇ ਵੀ ਸਰਕਾਰ ਮੁਕਰ ਚੁੱਕੀ ਹੈ, ਅਸੀਂ ਮੰਗ ਕਰਦੇ ਹਾਂ ਕਿ ਲੜਕੀਆਂ ਦੀ ਪੀ.ਐੱਚ.ਡੀ. ਤੱਕ ਦੀ ਵਿੱਦਿਆ ਮੁਫ਼ਤ ਕੀਤੀ ਜਾਣੀ ਚਾਹੀਦੀ ਹੈ। ਛੋਟੀ ਕਿਸਾਨੀ ਦੇ ਬੱਚਿਆਂ ਅਤੇ ਸਲਾਨਾ ਢਾਈ ਲੱਖ ਤੋਂ ਘੱਟ ਆਮਦਨ ਵਾਲੇ ਸਾਰੇ ਵਰਗਾਂ ਦੇ ਬੱਚਿਆਂ ਦੀ ਸਮੁੱਚੀ ਵਿੱਦਿਆ ਮੁਫਤ ਕੀਤੀ ਜਾਵੇ, ਮਾਤ-ਭਾਸ਼ਾ ਪੰਜਾਬੀ ਨੂੰ ਸਰਕਾਰ, ਰੁਜ਼ਗਾਰ, ਵਪਾਰ ਦੀ ਭਾਸ਼ਾ ਬਣਾਇਆ ਜਾਵੇ, ਰੀ-ਅਪੀਅਰ, ਰੀ-ਵੈਲੂਏਸ਼ਨ ਦੀ ਫੀਸ ਮੁਆਫ਼ ਕੀਤੀ ਜਾਵੇ, ਘੱਟ ਗਿਣਤੀ ਵਿਦਿਆਰਥੀਆਂ ਦੇ ਵਜ਼ੀਫੇ ਤੁਰੰਤ ਜਾਰੀ ਕੀਤੇ ਜਾਣ, ਦਲਿਤ ਵਿਦਿਆਰਥੀਆਂ ਦੀ ਫੀਸ ਮੁਆਫ਼ੀ ਲਈ ਤੈਅ ਆਮਦਨ ਸੀਮਾ ਦੀ ਸ਼ਰਤ ਹਟਾਈ ਜਾਣੀ ਚਾਹੀਦੀ ਹੈ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੀ.ਐੱਸ.ਯੂ. ਦੇ ਸੂਬਾ ਵਿੱਤ ਸਕੱਤਰ ਕਰਮਜੀਤ ਕੋਟਕਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਾਕਮ ਸ਼ਹੀਦਾਂ ਦੀ ਵਿਰਾਸਤ ਇਸ ਗੁਪਤ ਟਿਕਾਣੇ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ, ਇਹ ਗੁਪਤ ਟਿਕਾਣਾ ਮਹਿਜ ਇੱਕ ਇਮਾਰਤ ਨਾ ਹੋ ਕੇ ਇੱਕ ਸੁਪਨਾ ਹੈ ਜੋ ਸਾਡੇ ਸ਼ਹੀਦਾਂ ਨੇ ਬਰਤਾਨਵੀ ਸਾਮਰਾਜ ਦਾ ਫਸਤਾ ਵੱਡ ਕੇ ਇੱਥੇ ਬਰਾਬਰੀ ਵਾਲਾ ਸਮਾਜ ਸਿਰਜਨ ਦਾ ਇਸ ਟਿਕਾਣੇ ਤੇ ਬੈਠ ਕੇ ਦੇਖਿਆ ਸੀ। ਇਸ ਟਿਕਾਣੇ ਨੂੰ ਭੁਲਾਣ ਦਾ ਮਤਲਬ ਸ਼ਹੀਦਾਂ ਦੇ ਸੁਫਨਿਆ ਨੂੰ ਭੁਲਾਉਣਾ ਹੈ।
ਪੀ.ਐੱਸ.ਯੂ. ਦੇ ਤਹਿਸੀਲ ਪ੍ਰਧਾਨ ਮਨਦੀਪ ਰਸੂਲਪੁਰ ਨੇ ਦੱਸਿਆ ਕਿ ਸਾਡੇ ਕਰਾਂਤੀਕਾਰੀ ਸ਼ਹੀਦਾਂ ਨੇ ਸਾਂਡਰਸ ਨੂੰ ਮਾਰਨ ਦੀ ਪਲਾਨਿੰਗ ਇਸੇ ਟਿਕਾਣੇ ਤੇ ਬੈਠ ਕੇ ਕੀਤੀ, ਭੇਸ ਵਟਾਉਣ ਲਈ ਸ਼ਹੀਦ ਭਗਤ ਸਿੰਘ ਦੇ ਦਾੜੀ ਤੇ ਕੇਸ ਵੀ ਇਸੇ ਟਿਕਾਣੇ ’ਤੇ ਕੱਟੇ ਗਏ ਸਨ, ਇਸ ਟਿਕਾਣੇ ਤੇ ਕਰਾਂਤੀਕਾਰੀਆਂ ਨੇ ਕਈ ਗ਼ਦਰੀ ਸ਼ਹੀਦਾਂ ਦੀਆਂ ਜੀਵਨੀਆਂ ਵੀ ਲਿਖੀਆਂ ਸਨ।
ਨੌਜਵਾਨ ਭਾਰਤ ਸਭਾ ਦੇ ਆਗੂ ਅਰੁਣ ਕੁਮਾਰ ਨੇ ਧਰਨੇ ਵਿੱਚ ਸ਼ਮੂਲੀਅਤ ਕਰਕੇ ਹਮਾਇਤ ਕੀਤੀ। ਉਹਨਾਂ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਮਾਤ-ਭਾਸ਼ਾ ਪੰਜਾਬੀ ਨੂੰ ਹੀ ਸਰਕਾਰ ਨੇ ਵਿਸਾਰ ਰੱਖਿਆ ਹੈ। ਉਹਨਾਂ ਮੰਗ ਕੀਤੀ ਕਿ ਹਰ ਤਰਾਂ ਦੀ ਪੜਾਈ ਦਾ ਸਿਲੇਬਸ ਪੰਜਾਬੀ ਵਿੱਚ ਹੋਣਾ ਚਾਹੀਦਾ ਹੈ। ਨੌਕਰੀਆਂ ਲਈ ਦਿੱਤੇ ਜਾਣ ਵਾਲੇ ਟੈਸਟ ਵੀ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ।
ਪੀ.ਐੱਸ.ਯੂ. ਦੇ ਤਹਿਸੀਲ ਆਗੂ ਹਰਦੀਪ ਸਵੱਦੀ ਨੇ ਕਿਹਾ ਕਿ ਖੇਤੀ ਸੰਕਟ ਨਾਲ ਜੂਝਦਾ ਛੋਟਾ ਕਿਸਾਨ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਨਹੀਂ ਦੇ ਪਾ ਰਿਹਾ। ਸਰਕਾਰ ਸਰਮਾਏਦਾਰਾਂ ਦਾ ਕਰਜ਼ਾ ਤਾਂ ਮੁਆਫ਼ ਕਰ ਰਹੀ ਹੈ, ਪਰ ਕਿਸਾਨਾਂ ਦੀ ਸੰਘੀ ਘੁੱਟ ਰਹੀ ਹੈ, ਇਸ ਕਰਕੇ ਛੋਟੀ ਕਿਸਾਨੀ ਦੇ ਬੱਚਿਆਂ ਦੀ ਪੜਾਈ ਦਾ ਖਰਚਾ ਖੁਦ ਸਰਕਾਰ ਨੂੰ ਚੁੱਕਣਾ ਚਾਹੀਦਾ ਹੈ ।
ਅੱਜ ਸਟੇਜ ਸਕੱਤਰ ਦੀ ਭੂਮਿਕਾ ਪੀ.ਐੱਸ.ਯੂ. ਦੇ ਏਰੀਆ ਕਮੇਟੀ ਕਨਵੀਨਰ ਰਜਿੰਦਰ ਰਾਜਨ ਨੇ ਨਿਭਾਈ। ਬਾਅਦ ਵਿੱਚ ਇਹਨਾਂ ਮੰਗਾਂ 'ਤੇ ਆਧਾਰਿਤ ਮੰਗ ਪੱਤਰ ਵੀ ਦਿੱਤਾ ਗਿਆ।
No comments:
Post a Comment