Fri, Mar 30, 2018 at 10:38 AM
ਅਭਿਨੰਦਨ ਦੇ ਨਾਲ ਹੀ ਕੀਤੀਆਂ ਲੁਧਿਆਣਾ ਦਾ ਹੁਲੀਆ ਸੁਧਾਰਨ ਦੀਆਂ ਗੱਲਾਂ
ਲੁਧਿਆਣਾ: 30 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਦਿਨੋ ਦਿਨ ਵੱਧ ਰਹੇ ਪਰਦੂਸ਼ਣ ਨੂੰ ਲੈ ਕੇ ਸਰਗਰਮੀ ਨਾਲ ਕੰਮ ਕਰ ਰਹੇ ਸੰਗਠਨ ਭਾਰਤ ਜਨ ਗਿਆਨ ਵਿਗਿਆਨ ਜੱਥੇ ਨੇ ਅੱਜ ਲੁਧਿਆਣਾ ਦੇ ਨਵੇਂ ਬਣੇ ਮੇਅਰ ਬਲਕਾਰ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਲੁਧਿਆਣਾ ਦੇ ਗੰਭੀਰ ਹੋਏ ਮੁੱਦਿਆਂ ਬਾਰੇ ਜਾਣੂ ਕਰਾਇਆ। ਮੇਅਰ ਸੰਧੂ ਨੇ ਵਫਦ ਵੱਲੋਂ ਦਿੱਤੇ ਸਨਮਾਨ ਨੂੰ ਸਵੀਕਾਰ ਕਰਦਿਆਂ ਭਰੋਸਾ ਦਿੱਤਾ ਕਿ ਉਹ ਸ਼ਹਿਰ ਦੇ ਗੰਭੀਰ ਹੋ ਚੁੱਕੇ ਪਰਦੂਸ਼ਣ ਨੂੰ ਹਟਾ ਕੇ ਛੇਤੀ ਹੀ ਖੂਬਸੂਰਤ ਲੁਧਿਆਣਾ ਬਣਾਉਣਗੇ।
ਇਸ ਮੁਲਾਕਾਤ ਤੋਂ ਬਾਅਦ ਜੱਥੇ ਵੱਲੋਂ ਜਾਰੀ ਇੱਕ ਪਰੈਸ ਬਿਆਨ ਰਾਹੀਂ ਦੱਸਿਆ ਗਿਆ ਕਿ ਭਾਰਤ ਜਨ ਗਿਆਨ ਵਿਗਿਆਨ ਜੱਥਾ ਜ਼ਿਲਾ ਲੁਧਿਆਣਾ ਦੇ ਅਹੁਦੇਦਾਰਾਂ ਨੇ ਅੱਜ ਲੁਧਿਆਣਾ ਦੇ ਨਵੇਂ ਬਣੇ ਮੇਅਰ ਬਲਕਾਰ ਸਿੰਘ ਨੂੰ ਮਿਲ ਕੇ ਜਥੇ ਵਲੋਂ ਉਹਨਾਂ ਦਾ ਅਭਿਨੰਦਨ ਕੀਤਾ। ਜਥੇ ਨੇ ਸ਼ਹਿਰ ਵਿਚ ਨਗਰ ਨਿਗਮ ਵਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਵਿਚ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਵੀ ਦਿਵਾਇਆ। ਜਥੇ ਵਲੋਂ ਮਿਲਣ ਵਾਲਿਆਂ ਵਿਚ ਜੱਥੇ ਦੇ ਪਰ੍ਧਾਨ ਰਣਜੀਤ ਸਿੰਘ, ਮੀਤ ਪਰ੍ਧਾਨ ਡਾਕਟਰ ਗੁਰਚਰਨ ਕੌਰ ਕੋਚਰ ਅਤੇ ਜਥੇਬੰਦਕ ਸਕੱਤਰ ਸਰਦਾਰ ਮਨਿੰਦਰ ਸਿੰਘ ਭਾਟੀਆ ਸ਼ਾਮਿਲ ਸਨ।
ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਬਹੁਤ ਵੱਡੀ ਆਬਾਦੀ ਆਬਾਦੀ ਅਜਿਹੇ ਵਾਤਾਵਰਨ ਵਿੱਚ ਰਹਿੰਦੀ ਹੈ ਜਿੱਥੇ ਸਾਹ ਲੈਣਾ ਵੀ ਮੁਸ਼ਕਲ ਹੈ। ਲੁਧਿਆਣਾ ਦੀ ਹਵਾ ਵੀ ਜ਼ਹਿਰੀਲੇ ਹੋ ਚੁੱਕੀ ਹੈ ਅਤੇ ਪਾਣੀ ਵੀ। ਹਾਲਤ ਏਨੀ ਗੰਭੀਰ ਹੈ ਕਿ ਇਸ ਨੂੰ ਠੀਕ ਕਰਨ ਲਈ ਬਿਲਕੁਲ ਹੀ ਨਵੀਂ ਅਤੇ ਠੋਸ ਯੋਜਨਾ ਦੀ ਲੋੜ ਹੈ। ਹਵਾ, ਪਾਣੀ ਅਤੇ ਸ਼ੋਰ--ਤਿੰਨੇ ਪਰਦੂਸ਼ਣ ਗੰਭੀਰ ਹੋ ਚੁੱਕੇ ਹਨ। ਇਨਾਂ ਦੀ ਰੋਕਥਾਮ ਲਈ ਬਣਾਏ ਗਏ ਨਿਯਮ ਕਾਨੂੰਨ ਪੂਰੀ ਤਰਾਂ ਬੇਅਸਰ ਹੋ ਕੇ ਰਹਿ ਗਏ ਹਨ।
ਇਸ ਮੁਲਾਕਾਤ ਨਾਲ ਉਮੀਦ ਬੱਝੀ ਹੈ ਕਿ ਇਹ ਸਾਰੇ ਗੁੰਝਲਦਾਰ ਮਸਲੇ ਹੱਲ ਹੋਣਗੇ ਅਤੇ ਭਾਰਤ ਜਨ ਗਿਆਨ ਵਿਗਿਆਨ ਜੱਥੇ ਵੱਲੋਂ ਸ਼ੁਰੂ ਕੀਤਾ ਗਿਆ ਬੁੱਢੇ ਦਰਿਆ ਦਾ ਪਰੋਜੈਕਟ ਵੀ ਛੇਤੀ ਹੀ ਸਿਰੇ ਚੜੇਗਾ। ਜੱਥੇ ਵੱਲੋਂ ਇਸ ਸਬੰਧੀ ਇੱਕ ਡਾਕੂਮੈਂਟਰੀ ਵੀ ਤਿਆਰ ਕਰਵਾਈ ਜਾ ਰਹੀ ਹੈ। ਇਸ ਡਾਕੂਮੈਂਟਰੀ ਲਈ ਜੱਥੇ ਦੀ ਇੱਕ ਵਿਸ਼ੇਸ਼ ਟੀਮ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਹੀ ਹੈ।
No comments:
Post a Comment