Wed, Mar 21, 2018 at 4:30 PM
ਮੌਤ ਅੰਜਾਈ ਨਹੀ ਜਾਣ ਦਿੱਤੀ ਜਾਵੇਗੀ-ਅਕਾਲ ਤਖਤ ਸਾਹਿਬ
ਅੰਮ੍ਰਿਤਸਰ: 21 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਦੀ ਇਸ ਬੇਵਕਤੀ ਹੋਈ ਮੌਤ ਤੇ ਬੇਹੱਦ ਅਫਸੋਸ ਹੈ। ਇਸ ਸੰਘਰਸ਼ੀ ਯੋਧੇ ਦਾ ਘਾਟਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ। ਇਹ ਠੀਕ ਹੈ ਕਿ ਗੁਰਮਤਿ ਵਿੱਚ ਅਜਿਹੀ ਮੌਤ ਦਾ ਕੋਈ ਸਥਾਨ ਨਹੀ, ਪਰ ਇਸ ਦੇ ਪਿਛੇ ਉਸਦੀਆਂ ਪੰਥ ਦਰਦੀ ਭਾਵਨਾਵਾਂ ਜ਼ਾਹਰ ਹੁੰਦੀਆਂ ਹਨ। ਸਮੇਂ-ਸਮੇਂ ਉਸ ਨੇ ਭੁੱਖ ਹੜਤਾਲਾਂ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਵਾਜ਼ ਉਠਾਈ ਅਤੇ ਲੰਮੇ ਸੰਘਰਸ਼ ਵਿੱਢੇ ਜਿਸ ਨਾਲ ਲੰਮੇ ਸਮੇਂ ਤੋਂ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਪੈਰੋਲ ਤੇ ਰਿਹਾ ਹੋ ਕੇ ਪਰਿਵਾਰਾਂ ਵਿੱਚ ਬੈਠਣਾ ਨਸੀਬ ਹੋਇਆ। ਪਰ ਅੰਨੀ-ਬੋਲੀ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਨਾ ਸਰਕੀ। ਹੁਣ ਵੀ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਣਾ ਰੋਸ ਜ਼ਾਹਰ ਕਰਨ ਵਾਸਤੇ ਹੀ ਪਾਣੀ ਦੀ ਟੈਂਕੀ ’ਤੇ ਚੜਿਆ ਜਿਵੇਂ ਕਿ ਹੋਰ ਜਥੇਬੰਦੀਆ ਪਹਿਲਾਂ ਵੀ ਅਜਿਹਾ ਕਰ ਚੁੱਕੀਆਂ ਹਨ। ਕੀ ਕਾਰਨ ਹਨ ਕਿ ਉਸ ਨੂੰ ਟੈਂਕੀ ਤੋਂ ਛਾਲ ਮਾਰਨ ਵਾਸਤੇ ਮਜ਼ਬੂਰ ਹੋਣਾ ਪਿਆ ਜਿਸ ਨਾਲ ਉਸ ਦੀ ਮੌਤ ਹੋਈ? ਇਸ ਦੀ ਪੂਰੀ ਘੋਖ ਪੜਤਾਲ ਕਰਵਾ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਸ ਦੀ ਬੇਵਕਤੀ ਮੌਤ ਅੰਜਾਈ ਨਹੀ ਜਾਣ ਦਿੱਤੀ ਜਾਵੇਗੀ। ਸਮੁੱਚੀ ਕੌਮ, ਸਮੁੱਚੀਆਂ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਇਕ ਜੁੱਟ ਹੋ ਕਿ ਕੇਂਦਰ ਅਤੇ ਸਥਾਨਿਕ ਸਰਕਾਰਾਂ ਉੱਪਰ ਦਬਾਅ ਬਣਾ ਕੇ ਕਾਨੂੰਨੀ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਉਪਰਾਲਾ ਕਰੇ। ਉਥੇ ਉੱਘੇ ਵਕੀਲ ਸਾਹਿਬਾਨ ਵੀ ਇਸ ਦੇ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਉਣ ਤਾਂ ਜੋ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਇਸ ਵਿੱਢੇ ਸੰਘਰਸ਼ ਨੂੰ ਕਿਸੇ ਮੁਕਾਮ ਤੇ ਲਿਜਾਇਆ ਜਾ ਸਕੇ। ਜੇ ਫਿਰ ਵੀ ਅੰਨੀ-ਬੋਲੀ ਕੇਂਦਰ ਸਰਕਾਰ/ਸਥਾਨਿਕ ਸਰਕਾਰ ਸਾਨੂੰ ਇਨਸਾਫ ਨਹੀ ਦੇਵੇਗੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ। ਸਮੁੱਚੀ ਕੌਮ ਇਸ ਦੁੱਖ ਦੀ ਘੜੀ ਵਿੱਚ ਇਸ ਜੁਝਾਰੂ ਯੋਧੇ ਦੇ ਪਰਿਵਾਰ ਨਾਲ ਨਾਲ ਖੜੀ ਹੈ।
No comments:
Post a Comment