ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵੱਲੋਂ ਵਿਸ਼ੇਸ਼ ਆਯੋਜਨ
ਦੇਵ ਸਮਾਜ ਕਾਲਜ ਫਾਰ ਵੁਮੈਨ ਦੇ ਵਿਹੜੇ ਵਿੱਚ ਯਾਦਗਾਰੀ ਸਮਾਗਮ
ਫਿਰੋਜ਼ਪੁਰ: 15 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਅਕੈਡਮੀ ਦੀਆਂ ਸਾਹਿਤਕ ਸਰਗਰਮੀਆਂ ਨੂੰ ਚੰਡੀਗੜ੍ਹ ਦੀ ਵਲਗਣ ਚੋਂ ਬਾਹਰ ਕੱਢ ਕੇ ਛੋਟੇ ਸ਼ਹਿਰਾਂ ਤੱਕ ਲੈ ਕੇ ਜਾਣ ਦੇ ਯਤਨਾਂ ਦੀ ਕੜੀ ਵਜੋਂ ਕਰਵਾਏ ਗਏ ਇਸ ਸਮਾਗਮ ਵਿੱਚ ਕਾਲਜ ਦੇ ਪ੍ਰਿੰਸੀਪਲ ਅਤੇ ਨਾਮਵਰ ਵਿੱਦਿਆ ਵੇਤਾ ਡਾ ਮਧੂ ਪ੍ਰਾਸ਼ਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪ੍ਰਧਾਨਗੀ ਉੱਘੇ ਚਿੰਤਕ ਡਾ਼ ਜਗਵਿੰਦਰ ਜੋਧਾ ਨੇ ਕੀਤੀ ਜਦੋਂ ਕਿ ਚਰਚਿਤ ਸ਼ਾਇਰ ਹਰਮੀਤ ਵਿਦਿਆਰਥੀ ਅਤੇ ਸਮਾਗਮ ਦੇ ਕਨਵੀਨਰ ਬਲਵੰਤ ਭਾਟੀਆ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ । ਲੈਕਚਰਾਰ ਪਰਮ ਗੋਦਾਰਾ ਨੇ ਆਏ ਮਹਿਮਾਨਾਂ ਨੂੰ ਜੀਅ ਆਇਆਂ ਨੂੰ ਕਿਹਾ । ਹਰਮੀਤ ਵਿਦਿਆਰਥੀ ਨੇ ਅਕੈਡਮੀ ਦੀਆਂ ਪਹਿਲ ਕਦਮੀਆਂ ਦਾ ਸਵਾਗਤ ਕਰਦਿਆਂ ਸਾਹਿਤਕ ਸੰਸਥਾਵਾਂ ਦੇ ਲੋਕਾਂ ਵੱਲ ਮੁਹਾੜ ਨੂੰ ਸ਼ੁੱਭ ਸਗਨ ਕਿਹਾ । ਬਲਵੰਤ ਭਾਟੀਆ ਨੇ ਅਕੈਡਮੀ ਦੀਆਂ ਭਵਿੱਖੀ ਸਰਗਰਮੀਆਂ ਦੀ ਜਾਣਕਾਰੀ ਦਿੰਦਿਆਂ ਕਾਲਜ ਵੱਲੋਂ ਮਿਲੇ ਸਹਿਯੋਗ ਲਈ ਕਾਲਜ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਮਧੂ ਪ੍ਰਾਸ਼ਰ ਨੇ ਵੀ ਅਕੈਡਮੀ ਦੀ ਭਰਵੀਂ ਸ਼ਲਾਘਾ ਕੀਤੀ।
ਉਮ ਪ੍ਰਕਾਸ਼ ਸਰੋਏ ਦੀ ਮੰਚ ਸੰਚਾਲਨਾ ਅਧੀਨ ਗੁਰਦਿਆਲ ਸਿੰਘ ਵਿਰਕ ਨੇ " ਪੁਨਰ ਪ੍ਰਵਾਜ਼" ਕਹਾਣੀ ਦਾ ਪਾਠ ਕਰਕੇ ਕਹਾਣੀ ਦਰਬਾਰ ਦਾ ਆਰੰਭ ਕੀਤਾ।ਐਮ.ਕੇ. ਰਾਹੀ ਨੇ ਕਹਾਣੀ " ਦੇਸ਼ ਪਹਿਲਾਂ " ਅਤੇ ਫ਼ਾਜ਼ਿਲਕਾ ਤੋਂ ਆਏ ਕਹਾਣੀਕਾਰ ਗੁਰਮੀਤ ਸਿੰਘ ਨੇ " ਲੇਖਾ ਮੰਗੇ ਬਾਣੀਆਂ" ਕਹਾਣੀਆਂ ਪੇਸ਼ ਕਰਕੇ ਭ੍ਰਿਸ਼ਟਾਚਾਰ ਦੇ ਵਿਭਿੰਨ ਪੱਖਾਂ ਨੂੰ ਉਜਾਗਰ ਕੀਤਾ।ਦਵਿੰਦਰ ਸਿੰਘ ਸੰਧੂ ਨੇ ਕਾਰਗਿਲ ਜੰਗ ਦੇ ਪਿਛੋਕੜ ਵਾਲੀ ਕਹਾਣੀ " ਵਤਨ ਦਾ ਸ਼ਹੀਦ " ਪੜੀ । ਅਬੋਹਰ ਤੋਂ ਆਏ ਕਹਾਣੀਕਾਰ ਸੁਖਰਾਜ ਧਾਲੀਵਾਲ ਨੇ ਪ੍ਰਤੀਕਾਤਮਿਕ ਕਹਾਣੀ " ਤੋਤੇ " ਪੇਸ਼ ਕੀਤੀ। ਦੀਪਤੀ ਬਬੂਟਾ ਨੇ ਹਿੰਦ ਪਾਕ ਰਿਸ਼ਤਿਆਂ ਦੇ ਵੱਖ ਵੱਖ ਪੱਖਾਂ ਨੂੰ ਚਿਤਰਦੀ ਕਹਾਣੀ "ਨਜ਼ਰਾਂ ਤੋਂ ਦੂਰ ਨਹੀਂ " ਪੇਸ਼ ਕਰਕੇ ਮਾਹੌਲ ਨੂੰ ਭਾਵੁਕ ਕਰ ਦਿੱਤਾ।
ਪੜ੍ਹੀਆਂ ਗਈਆਂ ਕਹਾਣੀਆਂ ਬਾਰੇ ਗੱਲ ਕਰਦਿਆਂ ਡਾ਼ ਜਗਵਿੰਦਰ ਜੋਧਾ ਨੇ ਪੂਰਨ ਬੇਬਾਕੀ ਨਾਲ ਵਿਸ਼ਲੇਸ਼ਣ ਕੀਤਾ।ਕਹਾਣੀਆਂ ਦੇ ਉਸਾਰੂ ਪੱਖ ਦੀ ਪ੍ਰਸੰਸਾ ਕਰਦਿਆਂ ਡਾ਼ ਜੋਧਾ ਕਮਜ਼ੋਰੀਆਂ ਉਪਰ ਵੀ ਉਂਗਲ ਧਰੀ। ਡਾ ਬਲਵਿੰਦਰ ਕੌਰ ਨੇ ਆਏ ਮਹਿਮਾਨਾਂ ਅਤੇ ਅਕੈਡਮੀ ਦਾ ਧੰਨਵਾਦ ਕੀਤਾ। ਇਸ ਸਮਾਗਮ ਦੀ ਸਫਲਤਾ ਲਈ ਅਨਿਲ ਆਦਮ,ਰਾਜੀਵ ਖਯਾਲ,ਸ਼ਿਵ ਸੇਠੀ ਅਤੇ ਪ੍ਰਤੀਕ ਪਰਾਸ਼ਰ ਦਾ ਵਿਸ਼ੇਸ਼ ਯੋਗਦਾਨ ਸੀ।ਪ੍ਰੋ਼ ਕੁਲਦੀਪ, ਮਲਕੀਤ ਕੰਬੋਜ, ਲਾਲ ਸਿੰਘ ਸੁਲਹਾਣੀ,ਮੁਰੀਦ ਸੰਧੂ, ਰਮਨ ਤੂਰ,ਹਰਚਰਨ ਚੋਹਲਾ,ਬਲਵਿੰਦਰ ਪਨੇਸਰ, ਹਰਦੀਪ ਗੋਸਲ ਸਮੇਤ ਬਹੁਤ ਸਾਰੇ ਲੇਖਕਾਂ ਸਾਹਿਤ ਪ੍ਰੇਮੀਆਂ ਅਤੇ ਵਿਦਿਆਰਥੀਆਂ ਨੇ ਸਮਾਗਮ ਨੂੰ ਰੀਝ ਨਾਲ ਮਾਣਿਆ।
No comments:
Post a Comment