Sunday, January 28, 2018

ਤੂਫ਼ਾਨੀ ਹਵਾਵਾਂ ਦਾ ਰੁੱਖ ਮੋੜਨ ਵਾਲੇ ਕਾਮਰੇਡ ਯੋਗਰਾਜ ਗੁਪਤਾ

ਤੇਜ਼ ਹਨੇਰੀਆਂ ਵਿੱਚ ਰੌਸ਼ਨ ਕੀਤੀ ਟਰੇਡ ਯੂਨੀਅਨ ਦੀ ਮਸ਼ਾਲ
ਕਾਮਰੇਡ ਯੋਗ ਰਾਜ ਗੁਪਤਾ ਨੂੰ ਓਰੀਐਂਟਲ ਬੈਂਕ ਔਫ਼ ਕਾਮਰਸ ਵਿੱਚ ਟਰੇਡ ਯੂਨੀਅਨ ਅੰਦੋਲਨ ਦੇ ਮਸ਼ਹੂਰ ਲੀਡਰ 'ਲਾਲਾ ਜੀ' ਵਜੋਂ ਜਾਣਿਆ ਜਾਂਦਾ ਹੈ, ਜੋ 16 ਜਨਵਰੀ 2018 ਨੂੰ ਥੋੜਾ ਜਿਹਾ ਸਮਾਂ ਹਸਪਤਾਲ ਵਿੱਚ ਦਾਖਲ ਰਹਿਣ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ। ਕਾਮਰੇਡ  ਯੋਗਰਾਜ ਗੁਪਤਾ ਦੀ ਮੌਤ ਨਾਲ ਆਲ ਇੰਡੀਆ ਓਰੀਐਂਟਲ ਬੈਂਕ ਕਰਮਚਾਰੀ ਸੰਗਠਨ ਦੇ ਨਾਲ ਨਾਲ ਟ੍ਰੇਡ ਯੂਨੀਅਨ ਅੰਦੋਲਨ ਦੇ ਇੱਕ ਸਿਰਕੱਢ ਆਗੂ ਦਾ ਘਾਟਾ ਪੈ ਗਿਆ ਹੈ।
19 ਨਵੰਬਰ 1940 ਨੂੰ ਜਨਮੇ ਯੋਗਰਾਜ ਗੁਪਤਾ ਨੇ ਆਪਣੀ ਪੜ੍ਹਾਈ 1955 ਵਿਚ ਪੂਰੀ ਕੀਤੀ। ਸੰਨ 1959 ਵਿੱਚ  ਓਰੀਐਂਟਲ ਬੈਂਕ ਆਫ ਕਾਮਰਸ ਪਟਿਆਲਾ ਵਿੱਚ ਨੌਕਰੀ ਸ਼ੁਰੂ ਕੀਤੀ। ਉਸ ਸਮੇਂ ਇਹ ਬੈਂਕ  ਨਿੱਜੀ ਹੱਥਾਂ ਵਿੱਚ ਸੀ ਅਤੇ ਬੈਂਕ ਵਿੱਚ ਕੰਮ ਦੀਆਂ ਹਾਲਤਾਂ ਅਣਮਨੁੱਖੀ  ਅਤੇ ਬਹੁਤ ਹੀ ਬੇਰਹਿਮੀ ਭਰੀਆਂ ਸਨ। ਕਾਮਰੇਡ ਗੁਪਤਾ ਸ਼ੁਰੂ ਤੋਂ ਹੀ ਬਹੁਤ ਦਲੇਰ ਅਤੇ ਪ੍ਰਤੀਬੱਧ ਸਨ। ਉਹ ਏ ਆਈ ਬੀ ਈ ਏ ਦੇ ਸਿਰਕੱਢ ਆਗੂ  ਕਾਮਰੇਡ ਐਚ ਐਲ ਪਰਵਾਨਾ ਦੀ ਵਿਚਾਰਧਾਰਾ ਤੋਂ ਦਿਲ ਦੀਆਂ ਡੂੰਘਾਈਆਂ ਤੱਕ ਪ੍ਰਭਾਵਿਤ ਸਨ। ਕਾਮਰੇਡ ਯੋਗਰਾਜ ਦੀ ਟਰੇਡ ਯੂਨੀਅਨ ਦੇ ਮਕਸਦ ਪ੍ਰਤੀ ਪ੍ਰਤੀਬੱਧਤਾ ਨੇ ਉਹਨਾਂ ਨੂੰ ਬੈਂਕ ਮੁਲਾਜ਼ਮਾਂ ਦੇ ਸ਼ੋਸ਼ਣ ਵਿਰੁੱਧ ਲੜਨ ਲਈ ਜੋਸ਼  ਭਰਿਆ ਅਤੇ ਪ੍ਰੇਰਨਾ ਦਿੱਤੀ।  ਬੈਂਕ ਮੁਲਾਜ਼ਮਾਂ ਨੂੰ ਦਸ ਤੋਂ ਬਾਰਾਂ ਘੰਟਿਆਂ ਤੱਕ ਕੰਮ ਕਰਨਾ ਪੈਂਦਾ ਸੀ। ਇਹ ਸਾਰੀ ਸਥਿਤੀ ਬਹੁਤ ਹੀ ਚੁਣੌਤੀਆਂ ਭਰੀ ਵੀ ਸੀ ਅਤੇ ਨਾਜ਼ੁਕ ਵੀ। ਅਜਿਹੀਆਂ ਚੁਣੌਤੀ ਪੂਰਨ ਹਾਲਤਾਂ ਵਿੱਚ ਸੰਨ 1958 ਵਿੱਚ ਬੈਂਕ ਵਿੱਚ ਮੁਲਾਜ਼ਮਾਂ ਦੀ ਯੂਨੀਅਨ ਦੀ ਸਥਾਪਨਾ ਹੋਈ। ਸੰਨ 1960 ਵਿੱਚ ਉੱਤਰੀ ਜ਼ੋਨ ਵਿੱਚ ਵੀ ਬੈਂਕ ਮੁਲਾਜ਼ਮਾਂ ਦੀ ਯੂਨੀਅਨ ਬਣੀ। ਕਾਮਰੇਡ ਯੋਗਰਾਜ ਗੁਪਤਾ ਇਸ ਯੂਨੀਅਨ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ। ਉਹਨਾਂ ਦੀ ਅਗਵਾਈ ਹੇਠ ਸੰਘਰਸ਼ਾਂ ਦਾ ਇਕ ਸ਼ਾਨਾਂਮੱਤਾ ਸਿਲਸਿਲਾ ਸ਼ੁਰੂ ਹੋਇਆ। ਕਰਮਚੰਦ ਥਾਪਰ ਉਸ ਸਮੇਂ ਇਸ ਬੈਂਕ ਦੇ ਮਾਲਕ ਸਨ। ਮੈਨੇਜਮੈਂਟ ਦੇ ਅੜੀਅਲ ਰਵੱਈਏ ਅਤੇ ਗਲਤ ਨੀਤੀਆਂ ਨੇ ਬੈਂਕ ਦੀ ਹਾਲਤ ਨੂੰ ਬਦ ਤੋਂ ਬਦਤਰ ਕਰ ਦਿੱਤਾ। ਪ੍ਰਬੰਧਕਾਂ ਨੇ ਇਸ ਨਾਜ਼ੁਕ ਹਾਲਤ ਵਿੱਚ ਬੈਂਕ ਨੂੰ ਗੁਪਤ ਸੌਦੇਬਾਜ਼ੀ  ਰਾਹੀਂ ਵੇਚਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਆਖਿਰ ਮੈਨੇਜਮੈਂਟ ਨੇ ਫੈਸਲਾ ਕੀਤਾ ਕਿ ਬੈਂਕ ਨੂੰ ਯੂਨੀਅਨ ਬੈਂਕ ਆਫ ਇੰਡੀਆ ਕੋਲ ਇਹਨਾਂ ਸ਼ਰਤਾਂ ਨਾਲ ਵੇਚ ਦਿੱਤਾ ਜਾਵੇ ਕਿ ਨਾ ਤਾਂ ਉਸ ਵਿੱਚ ਕੋਈ ਟਰੇਡ ਯੂਨੀਅਨ ਸਰਗਰਮੀ ਹੋਵੇਗੀ ਅਤੇ ਨਾ ਹੀ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਦੀ ਗਾਰੰਟੀ ਹੋਵੇਗੀ। ਯੂਨੀਅਨ  ਨੇ ਇਸ ਲੁਕਵੀਂ ਸਾਜ਼ਿਸ਼ ਦਾ ਡਟ ਕੇ ਵਿਰੋਧ ਕੀਤਾ ਅਤੇ ਇਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾ ਦਿੱਤਾ। ਇਸ ਜਿੱਤ ਨਾਲ ਬੈਂਕ ਦੀ ਮੈਨੇਜਮੈਂਟ ਨੂੰ ਇੱਕ ਵੱਡਾ ਝਟਕਾ ਲੱਗਿਆ ਅਤੇ ਕਾਮਰੇਡ ਯੋਗਰਾਜ ਗੁਪਤਾ  ਇੱਕ ਨਾਇਕ ਵੱਜੋਂ ਉਭਰ ਕੇ ਸਾਹਮਣੇ ਆਏ। ਇਸਦੇ ਨਾਲ ਹੀ ਯੂਨੀਅਨ ਦੀ ਤਾਕਤ ਵੀ ਵਧੀ ਅਤੇ ਦਬਦਬਾ ਵੀ ਵਧਿਆ। ਮੈਨੇਜਮੈਂਟ ਨੇ ਇਸਤੋਂ ਬੁਖਲਾ ਕੇ ਯੂਨੀਅਨ ਦੇ ਖਿਲਾਫ ਦਮਨ ਭਰੀਆਂ ਸਾਜ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ।  ਯੂਨੀਅਨ ਨੂੰ ਆਨੇ ਬਹਾਨੇ ਆਪਣੇ ਹਮਲੇ ਦਾ ਨਿਸ਼ਾਨਾ ਬਣਾਉਣਾ ਇੱਕ ਆਮ ਗੱਲ ਹੋ ਗਈ। ਇਹਨਾਂ ਨਾਪਾਕ ਇਰਾਦਿਆਂ ਦੇ ਖਿਲਾਫ ਕਾਮਰੇਡ ਯੋਗਰਾਜ ਗੁਪਤਾ ਨੇ ਸ਼ਾਨਦਾਰ ਡਟਵਾਂ ਸੰਘਰਸ਼ ਦਿੱਤਾ। ਉਹ ਅਤੇ ਉਹਨਾਂ ਦੀ ਟੀਮ ਦੇ ਸਾਥੀਆਂ ਨੇ ਇਹਨਾਂ ਸਾਰੀਆਂ ਸਰਗਰਮੀਆਂ ਉੱਤੇ ਬਾਜ਼ ਨਜ਼ਰ ਰੱਖੀ। ਸੰਨ 1968 ਵਿੱਚ ਕਾਮਰੇਡ ਯੋਗਰਾਜ ਗੁਪਤਾ ਦੇ ਨਾਲ ਨਾਲ ਕਾਮਰੇਡ ਇੰਦਰਪਾਲ ਖੰਨਾ, ਕਾਮਰੇਡ ਟੀ ਐਲ ਗੁਪਤਾ ਅਤੇ ਹੋਰਨਾਂ ਸਰਗਰਮ ਸਾਥੀਆਂ ਨੂੰ ਮਾਮੂਲੀ  ਜਿਹੀਆਂ ਗੱਲਾਂ ਦੇ ਬਹਾਨੇ ਬਣਾ ਕੇ ਮੁਅੱਤਲ ਕਰ ਦਿੱਤਾ। ਮੈਨੇਜਮੈਂਟ ਦੀ ਇਸ ਹਰਕਤ ਦਾ ਮਕਸਦ   ਯੂਨੀਅਨ ਨੂੰ ਤੋੜਨਾ ਅਤੇ ਯੂਨੀਅਨ ਦਾ ਮਨੋਬਲ ਕਮਜ਼ੋਰ ਕਰਨਾ ਸੀ। ਯੂਨੀਅਨ ਨੇ ਇਸ ਹਮਲੇ ਦਾ ਮੂੰਹ ਤੋੜ ਜੁਆਬ ਦਿੱਤਾ ਅਤੇ ਜਨਤਕ ਅੰਦੋਲਨ ਵੀ ਕੀਤਾ। ਆਖਿਰਕਾਰ ਮੈਨੇਜਮੈਂਟ ਨੂੰ ਇਹ ਮੁਅੱਤਲੀਆਂ ਰੱਦ ਕਰਨੀਆਂ ਪਈਆਂ। ਇਸਦੇ ਬਾਵਜੂਦ ਯੂਨੀਅਨ ਅਤੇ ਮੈਨੇਜਮੈਂਟ ਦੇ ਦਰਮਿਆਨ ਇੱਕ ਅਣਐਲਾਨੀ ਜੰਗ ਵਰਗੀ ਸਥਿਤੀ ਬਣੀ ਰਹੀ। ਇਸਤੋਂ ਬਾਅਦ ਮੈਨੇਜਮੈਂਟ ਨੇ ਕਾਰੋਬਾਰ ਘਟਣ ਦਾ ਬਹਾਨਾ ਬਣਾ ਕੇ ਬੈਂਕ ਦੀ ਪਟਿਆਲਾ ਬ੍ਰਾਂਚ ਨੂੰ ਬੰਦ ਕਰਨ ਦਾ ਫੈਸਲਾ ਕੀਤਾ। ਯੂਨੀਅਨ ਨੇ ਇਸ ਨੂੰ ਇੱਕ ਚੁਣੌਤੀ ਵਾਂਗ ਲਿਆ ਅਤੇ ਮੈਨੇਜਮੈਂਟ ਨੂੰ ਭਰੋਸਾ ਦਿੱਤਾ ਕਿ ਬਹੁਤ ਹੀ ਥੋਹੜੇ ਜਿਹੇ ਸਮੇਂ ਵਿੱਚ ਇੱਕ ਕਰੋੜ ਰੁਪਿਆ ਜਮਾ ਕਰਵਾ ਦਿੱਤਾ ਜਾਵੇਗਾ।  ਯੂਨੀਅਨ ਨੇ ਅਜਿਹਾ ਕਰਕੇ ਵੀ ਦਿਖਾਇਆ। ਇਹ ਘਟਨਾ ਸਾਡੇ ਲੀਡਰਾਂ ਦੀ ਇੱਕ ਸ਼ਾਨਦਾਰ ਮਿਸਾਲ ਬਣ ਕੇ ਸਾਹਮਣੇ ਆਈ। ਮੈਨੇਜਮੈਂਟ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਬਾਵਜੂਦ ਯੂਨੀਅਨ ਦੇ ਲੀਡਰਾਂ ਨੇ ਆਪਣੀ ਵਚਨਬੱਧਤਾ ਨਿਭਾਈ। ਇਸ ਲੰਮੇ ਸੰਘਰਸ਼ ਵਿੱਚ ਵੀ ਯੂਨੀਅਨ ਜੇਤੂ ਬਣ ਕੇ ਸਾਹਮਣੇ ਆਈ। ਯੂਨੀਅਨ ਆਗੂਆਂ ਦੇ ਖਿਲਾਫ ਸਾਰੀਆਂ ਕਾਰਵਾਈਆਂ ਰੱਦ ਹੋਈਆਂ।  ਮੁਅੱਤਲੀ ਦੇ ਸਮੇਂ ਦੀ ਤਨਖਾਹ ਵੀ ਮਿਲੀ। 
ਇਸੇ ਦੌਰਾਨ ਸਾਜ਼ਿਸ਼ਾਂ ਦੇ ਸਿੱਟੇ ਵੱਜੋਂ ਇੱਕ ਨਵੀਂ ਸਮੱਸਿਆ ਪੈਦਾ ਹੋਈ। ਯੂਨੀਅਨ ਦੇ ਅਸੰਤੁਸ਼ਟ ਅਨਸਰਾਂ ਨੇ ਯੂਨੀਅਨ ਨੂੰ ਤੋੜਨ ਲਈ ਇੱਕ ਨਵੀਂ ਯੂਨੀਅਨ ਖੜੀ ਕਰ ਦਿੱਤੀ ਜਿਸਦਾ ਨਾਮ ਐਨ ਓ ਬੀ ਡਬਲਯੂ  ਰੱਖਿਆ ਗਿਆ। ਯੂਨੀਅਨ ਆਗੂ ਯੋਗਰਾਜ ਗੁਪਤਾ ਅਤੇ ਹੋਰਨਾਂ ਸਾਥੀਆਂ ਦੀ ਸਮਝਦਾਰੀ  ਨਾਲ ਇਹ ਅਨਸਰ ਇਸ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕੇ। ਬੈਂਕਿੰਗ ਖੇਤਰ ਵਿੱਚ ਓਰੀਐਂਟਲ  ਬੈਂਕ ਆਫ ਕਾਮਰਸ ਦੀ ਟਰੇਡ ਯੂਨੀਅਨ ਉਸ ਵੇਲੇ ਬੈਂਕਿੰਗ ਖੇਤਰ ਦੀਆਂ ਟਰੇਡ ਯੂਨੀਅਨਾਂ ਵਿੱਚ ਇੱਕ ਮਜ਼ਬੂਤ ਟਰੇਡ ਯੂਨੀਅਨ ਸੀ। ਸੰਨ 1970 ਵਿੱਚ ਕਾਮਰੇਡ ਯੋਗਰਾਜ ਗੁਪਤਾ ਨੇ ਨੇੜਲੇ ਸਾਥੀਆਂ ਕਾਮਰੇਡ ਐਸ ਕੇ ਸੋਨੀ, ਕਾਮਰੇਡ ਐਸ ਕੇ ਲਾਂਬਾ ਅਤੇ ਹੋਰਨਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਕਿ ਉਹ ਅਫਸਰਾਂ ਦੀ ਇੱਕ ਐਸੋਸੀਏਸ਼ਨ ਬਣਾਉਣ। ਇਸ ਤਰਾਂ ਯੂਨੀਅਨ ਦੀ ਹਮਾਇਤ ਨਾਲ ਆਫ਼ੀਸਰਜ਼ ਐਸੋਸੀਏਸ਼ਨ ਦੀ ਸਥਾਪਨਾ ਹੋਈ।   ਇਸ ਤੋਂ ਬੁਖਲਾਏ ਹੋਈ ਮੈਨੇਜਮੈਂਟ ਨੇ ਫਿਰ ਬਦਲਾ ਲਊ ਕਾਰਵਾਈਆਂ ਤੇਜ਼ ਕੀਤੀਆਂ ਅਤੇ ਕਾਮਰੇਡ ਲਾਂਬਾ ਨੂੰ ਚਾਰਜਸ਼ੀਟ ਕਰ ਦਿੱਤਾ। ਇਸ ਮੁੱਦੇ ਤੇ ਵੀ ਯੂਨੀਅਨ ਦੀ ਮਦਦ ਨਾਲ ਐਸੋਸੀਏਸ਼ਨ ਨੇ ਮੈਨੇਜਮੈਂਟ ਨੂੰ ਤਕੜੀ ਲੜਾਈ ਦਿੱਤੀ ਅਤੇ ਜਿੱਤ ਪ੍ਰਾਪਤ ਕੀਤੀ।  ਇਹ ਬੈਂਕਿੰਗ ਅੰਦੋਲਨ ਦੀ ਇੱਕ ਸ਼ਾਨਦਾਰ ਮਿਸਾਲ ਸੀ। 
ਆਖਿਰਕਾਰ ਜਦੋਂ ਬੈਂਕਾਂ ਦਾ ਕੌਮੀਕਰਨ ਹੋਇਆ ਤਾਂ ਬੈਂਕਿੰਗ ਸਨਅਤ ਵਿੱਚ ਬਿਲਕੁਲ ਹੀ ਵੱਖਰੀ ਤਰਾਂ ਦਾ ਮਾਹੌਲ ਬਣ ਗਿਆ। ਕਾਮਰੇਡ ਯੋਗਰਾਜ ਗੁਪਤਾ ਸਿਰਫ ਟਰੇਡ ਯੂਨੀਅਨ ਦੇ ਲੜਾਕੂ ਯੋਧੇ ਹੀ ਨਹੀਂ ਬਲਕਿ ਬੈਂਕਿੰਗ  ਤਰੱਕੀ ਦੇ ਆਰਕੀਟੈਕਟ ਵੀ ਸਨ ਇਸਦੇ ਸਿੱਟੇ ਵੱਜੋਂ ਹੀ ਸਾਡੇ ਸਮੁੱਚੇ ਸਮਾਜ ਦੀ ਵੀ ਤਰੱਕੀ ਹੋਈ। ਉਹਨਾਂ ਨੇ ਬੈਂਕਿੰਗ ਤਰੱਕੀ ਨੂੰ ਧਿਆਨ ਵਿੱਚ ਰੱਖਦਿਆਂ ਅਫਸਰਾਂ ਅਤੇ ਵਰਕਰਾਂ ਦਰਮਿਆਨ ਇੱਕ ਸੰਤੁਲਨ ਵੀ ਕਾਇਮ ਕੀਤਾ ਤਾਂਕਿ ਮੁਲਾਜ਼ਮਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਓਰੀਐਂਟਲ ਬੈਂਕ ਆਫ ਕਾਮਰਸ ਇੱਕ ਛੋਟਾ ਜਿਹਾ ਬੈਂਕ ਸੀ ਪਰ ਯੂਨੀਅਨ ਨੇ ਕੰਮ ਅਤੇ ਮਿਹਨਤ ਦਾ ਜੋ ਮਾਹੌਲ ਸਿਰਜਿਆ ਉਸ ਦੇ ਸਿੱਟੇ ਵੱਜੋਂ ਇੱਹ ਇੱਕ ਵੱਡਾ ਬੈਂਕ ਬਣ ਗਿਆ।  ਯੂਨੀਅਨ ਵੱਲੋਂ ਬੈਂਕ ਦੇ ਗ੍ਰਾਹਕਾਂ ਨੂੰ ਹਰ ਹੀਲੇ ਪਹਿਲ ਦਿੱਤੀ ਜਾਂਦੀ ਸੀ।  ਮੈਨੇਜਮੈਂਟ-ਯੂਨੀਅਨ -ਐਸੋਸੀਏਸ਼ਨ ਅਤੇ ਹੋਰਨਾਂ ਕਾਮਿਆਂ ਦਰਮਿਆਨ ਬਹੁਤ ਹੀ ਪਿਆਰ ਭਰੇ ਰਿਸ਼ਤਿਆਂ ਨੇ ਇਸ ਬੈਂਕ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ। ਇਹਨਾਂ ਦਿਲਾਂ ਵਾਲੇ ਸਬੰਧਾਂ ਦਾ ਮੰਤਰ ਸੀ--ਤੁਸੀਂ ਸਾਨੂੰ ਚਾਰਜਸ਼ੀਟ ਨਹੀਂ ਕਰੋਗੇ ਅਤੇ ਅਸੀਂ ਤੁਹਾਡਾ ਕਿਹਾ ਕਦੇ ਨਹੀਂ ਮੋੜਾਂਗੇ।  ਇਸ ਮੰਤਰ ਨੇ ਕਮਾਲ ਦੀ ਗ੍ਰਾਹਕ ਸੇਵਾ ਵਾਲਾ ਮਾਹੌਲ ਬਣਾਇਆ। ਓਰੀਐਂਟਲ ਬੈਂਕ ਪਬਲਿਕ ਸੈਕਟਰ ਦੇ ਬੈਂਕਾਂ ਵਿੱਚੋਂ ਸਨ 1997 ਵਿੱਚ ਪਹਿਲੇ ਨੰਬਰ ਦਾ ਬੈਂਕ ਬਣ ਗਿਆ। ਇਹ ਸਭ ਕੁਝ ਕਾਮਰੇਡ ਯੋਗਰਾਜ ਗੁਪਤਾ ਦੀਆਂ ਦੂਰਅੰਦੇਸ਼ੀ ਵਾਲੀਆਂ ਗੰਭੀਰ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋ ਸਕਿਆ। 
ਕਾਮਰੇਡ ਯੋਗਰਾਜ ਗੁਪਤਾ ਨੇ ਵੱਖ ਵੱਖ ਅਹੁਦਿਆਂ ਉੱਤੇ ਰਹਿੰਦਿਆਂ 50 ਸਾਲਾਂ ਤੱਕ ਯੂਨੀਅਨ ਦੀ ਅਗਵਾਈ ਕੀਤੀ। ਉਹ 30 ਸਾਲਾਂ ਤੱਕ ਆਲ ਇੰਡੀਆ ਓਰੀਐਂਟਲ ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਵੀ ਰਹੇ। ਇਸ ਤੋਂ ਇਲਾਵਾ ਉਹ 45 ਸਾਲਾਂ ਤੱਕ ਓਰੀਐਂਟਲ ਬੈਂਕ ਇੰਪਲਾਈਜ਼ ਯੂਨੀਅਨ (ਉੱਤਰੀ) ਜ਼ੋਨ ਦੇ ਬਿਨਾ ਮੁਕਾਬਲਾ ਜਨਰਲ ਸਕੱਤਰ ਬਣੇ ਰਹੇ।
ਕਾਮਰੇਡ ਯੋਗਰਾਜ ਗੁਪਤਾ ਨੇ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੀ ਮਜ਼ਬੂਤੀ ਲਈ ਵੀ ਅਥਾਹ ਯੋਗਦਾਨ ਪਾਇਆ। ਸਟੇਟ ਬੈਂਕ ਆਫ ਪਟਿਆਲਾ ਅਤੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਯੂਨੀਅਨਾਂ ਦੀ ਮਜ਼ਬੂਤੀ ਲਈ ਜੋ ਕੰਮ ਕਾਮਰੇਡ ਯੋਗਰਾਜ ਗੁਪਤਾ ਨੇ ਕੀਤਾ ਉਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪਟਿਆਲਾ ਵਿਚ ਤਾਂ ਭਾਵੇਂ ਬੈਂਕ ਵਾਲੀ ਫ਼ੈਡਰੇਸ਼ਨ ਦਾ ਕੋਈ ਅੰਦੋਲਨ ਸੀ ਤੇ ਭਾਵੇਂ ਟਰੇਡ ਯੂਨੀਅਨ ਕੌਂਸਿਲ ਦੀ ਕੋਈ ਸਰਗਰਮੀ --ਉਸਦਾ ਕਾਮਰੇਡ ਯੋਗਰਾਜ ਗੁਪਤਾ ਦਾ ਨਾਮ ਲਏ ਬਿਨਾ ਜ਼ਿਕਰ ਵੀ ਨਹੀਂ ਕੀਤਾ ਜਾ ਸਕਦਾ। ਟਰੇਡ ਯੂਨੀਅਨ ਵਿਚਾਰਧਾਰਾ ਪ੍ਰਤੀ ਕਾਮਰੇਡ ਯੋਗਰਾਜ ਗੁਪਤਾ ਦੀ ਪ੍ਰਤੀਬੱਧਤਾ, ਹਿੰਮਤ, ਬਹਾਦਰੀ, ਬੁਲੰਦੀ ਅਤੇ ਸੰਘਰਸ਼ ਦੀ ਕਾਬਲੀਅਤ  ਸਦਕਾ ਹੀ ਉਹਨਾਂ ਨੂੰ ਅੱਜ ਵੀ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ  ਵਿੱਚ ਕੌਮੀ ਪੱਧਰ ਦੇ ਲੀਡਰ ਵੱਜੋਂ ਯਾਦ ਕੀਤਾ ਜਾਂਦਾ ਹੈ। ਉਹ ਓਰੀਐਂਟਲ ਬੈਂਕ ਆਫ਼ ਕਾਮਰਸ ਦੇ ਵਰਕਮੈਨ ਡਾਇਰੈਕਟਰ ਵੀ ਰਹੇ। ਉਹਨਾਂ ਨੂੰ ਕਾਮਰੇਡ ਪਰਭਾਤਕਾਰ, ਕਾਮਰੇਡ ਐਚ ਐਲ ਪ੍ਰਵਾਨਾ, ਕਾਮਰੇਡ ਡੀ ਪੀ ਚੱਢਾ ਅਤੇ ਕਾਮਰੇਡ ਤਾ੍ਰਕੇਸ਼ਵਰ ਚਕ੍ਰਵਰਤੀ ਜਿਹੇ ਸੁਲਝੇ ਹੋਏ ਲੀਡਰਾਂ ਨਾਲ ਬਹੁਤ ਹੀ ਨੇੜੇ ਹੋ ਕੇ ਕੰਮ ਕਰਨ ਦਾ ਮੌਕਾ ਵੀ ਮਿਲਿਆ। 
ਓਰੀਐਂਟਲ ਬੈਂਕ ਆਫ ਕਾਮਰਸ ਵਿੱਚ ਟਰੇਡ ਯੂਨੀਅਨ ਖੜੀ ਕਰਨ ਦੇ ਦੌਰਾਨ ਕਾਮਰੇਡ ਯੋਗਰਾਜ ਗੁਪਤਾ ਕੋਲੋਂ ਕਾਮਰੇਡ ਕੇ ਐਲ ਭੱਲਾ, ਕਾਮਰੇਡ ਵੀ ਕੇ ਸ਼ਰਮਾ, ਕਾਮਰੇਡ ਐਨ ਪੀ ਮੁੰਜਾਲ ਅਤੇ ਕਈ ਹੋਰਨਾਂ ਨੇ ਵੀ ਬਹੁਤ ਉਤਸ਼ਾਹ ਅਤੇ ਪ੍ਰੇਰਨਾ ਹਾਸਲ ਕੀਤੀ।  
ਉਹ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸੋਮਾ ਸਨ। ਉਹਨਾਂ ਦੇ ਬੇਵਕਤ ਤੁਰ ਜਾਨ ਨਾਲ ਸਿਰਫ ਉਹਨਾਂ ਦੇ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ ਬਲਕਿ ਯੂਨੀਅਨ ਕੋਲੋਂ ਵੀ ਪ੍ਰੇਰਨਾ ਦਾ ਸੋਮਾ ਖੁਸ ਗਿਆ ਹੈ। ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਉੱਤੇ ਚੱਲੀਏ। 
ਐਮ ਐਸ ਭਾਟੀਆ
ਜ਼ੋਨਲ ਸਕੱਤਰ
ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ
ਲੁਧਿਆਣਾ।
99884-91002

No comments: