ਪੰਜਾਬ ਦੇ ਲੋਕ ਚੋਣ ਵਾਅਦੇ ਪੂਰੇ ਕਰਵਾਕੇ ਛੱਡਣਗੇ-ਅਰਸ਼ੀ
ਅਤਿ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਆਰ ਐਸ ਐਸ ਦੇ ਕੰਟਰੋਲ ਵਾਲੀ ਨਰਿੰਦਰ ਮੋਦੀ ਸਰਕਾਰ ਹਰ ਉਸ ਚੰਗੀ ਚੀਜ਼ ਨੂੰ ਤਬਾਹ ਕਰਨ ਉਤੇ ਤੁਲੀ ਹੋਈ ਹੈ ਜੋ ਅਸੀਂ ਆਜ਼ਾਦੀ ਮਗਰੋ ਹਾਸਲ ਕੀਤੀ ਹੈ। ਇਹ ਸਰਕਾਰ ਦੇਸ਼ ਦੀ ਆਜ਼ਾਦੀ ਅਤੇ ਆਰਥਿਕਤਾ ਨੂੰ ਸਾਮਰਾਜੀ ਤਾਕਤਾਂ ਕੋਲ ਗਹਿਣੇ ਰੱਖ ਰਹੀ ਹੈ, ਜਿਹਨਾਂ ਤਾਕਤਾਂ ਦੀ ਨੁਮਾਇੰਦਗੀ ਬਹੁਕੌਮੀ ਕੰਪਨੀਆਂ ਅਤੇ ਕੌਮਾਂਤਰੀ ਵਿੱਤੀ ਪੂੰਜੀ ਦੇ ਔਜਾਰ ਜਿਵੇਂ ਕੌਮਾਂਤਰੀ ਮੁਦਰਾ ਫੰਡ ਸੰਸਾਰ ਬੈਂਕ ਅਤੇ ਸੰਸਾਰ ਵਪਾਰ ਸੰਗਠਨ ਕਰਦੇ ਹਨ।
ਉਹਨਾਂ ਅਗੇ ਕਿਹਾ ਕਿ ਮੋਦੀ ਸਰਕਾਰ ਨੂੰ ਨਵ-ਉਦਾਰਵਾਦ ਦਾ ਲੋਕ-ਵਿਰੋਧੀ ਏਜੰਡਾ ਲਾਗੂ ਕਰਨ ਦੀ ਕਾਹਲੀ ਪਈ ਹੋਈ ਹੈ। ਸਾਰੇ ਜਨਤਕ ਅਸਾਸੇ ਅਤੇ ਕੁਦਰਤੀ ਸੋਮੇ ਪੂੰਜੀਵਾਦੀ ਜਮਾਤਾਂ, ਖਾਸ ਕਰਕੇ ਚੁਣਵੇਂ ਨਿਗਮੀ ਘਰਾਣਿਆਂ ਨੂੰ ਸੌਂਪੇ ਜਾ ਰਹੇ ਹਨ। ਹਕੀਕਤ ਤਾਂ ਇਹ ਹੈ ਕਿ ਦੇਸ਼ ਦੀ ਆਰਥਿਕਤਾ ਨੂੰ ਅੰਬਾਨੀਆਂ ਅਤੇ ਅਡਾਨੀਆਂ ਦੇ ਦੋ ਅਜਾਰੇਦਾਰ ਘਰਾਣੇ ਹੀ ਚਲਾ ਰਹੇ ਹਨ। ਮਹਿੰਗਾਈ ਅਸਹਿ ਹੋ ਗਈ ਹੈ, ਬੇਰੁਜ਼ਗਾਰੀ ਵਧਦੀ ਹੀ ਜਾ ਰਹੀ ਹੈ, ਵਿਦਿਅਕ ਅਦਾਰੇ ਉਬਲ ਰਹੇ ਹਨ। ਲੋਕ ਸੜਕਾਂ ਉਤੇ ਉਤਰੇ ਹੋਏ ਹਨ ਅਤੇ ਸਰਕਾਰ ਦੀਆਂ ਕਾਰਪੋਰੇਟ-ਪਖੀ ਅਤੇ ਲੋਕ-ਵਿਰੋਧੀ ਨੀਤੀਆਂ ਦੇ ਖਿਲਾਫ ਸੰਘਰਸ਼ ਕਰ ਰਹੇ ਹਨ।
ਸਾਥੀ ਸੁਧਾਕਰ ਰੈਡੀ ਨੇ ਦੇਸ਼ ਦੀ ਵਿਦੇਸ਼ ਨੀਤੀ ਵਿਚ ਲਿਆਂਦੀ ਅਮਰੀਕਾ-ਪੱਖੀ ਤਬਦੀਲੀ ਦੀ ਵੀ ਨੁਕਤਾਚੀਨੀ ਕੀਤੀ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਅਮਰੀਕੀ ਸਾਮਰਾਜੀਆਂ ਦੀਆਂ ਤਰੰਗਾਂ ਮੂਹਰੇ ਗੋਡੇ ਟੇਕਦੀ ਜਾ ਰਹੀ ਹੈ ਅਤੇ ਜਾਪਾਨ ਵਰਗੇ ਸਾਮਰਾਜੀ ਜਮੂਰਿਆਂ ਨਾਲ ਭਿਆਲੀ ਪਾ ਰਹੀ ਹੈ।
ਉਹਨਾਂ ਨੇ ਸੈਕੂਲਰ-ਜਮਹੂਰੀ ਖੱਬੇ-ਪਖੀ ਮੰਚ ਦੀ ਵਿਆਖਿਆ ਕੀਤੀ ਅਤੇ ਕਿਹਾ ਕਿ ਫਾਸ਼ੀ ਖਤਰੇ ਦਾ ਸਾਹਮਣਾ ਕਰਨ ਲਈ ਸਾਰੀਆਂ ਫਾਸ਼ੀ-ਵਿਰੋਧੀ ਤਾਕਤਾਂ ਦੀ ਵਧ ਤੋਂ ਵਧ ਸੰਭਵ ਵਿਸ਼ਾਲ ਏਕਤਾ ਦੀ ਜ਼ਰੂਰਤ ਹੈ। ਸਾਡੇ ਸਮਾਜ ਅਤੇ ਸੰਵਿਧਾਨ ਦੇ ਧਰਮ-ਨਿਰਪਖ-ਜਮਹੂਰੀ ਤਾਣੇ ਨੂੰ ਤਬਾਹ ਕਰਨ ਲਈ ਜੋ ਮੋਦੀ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ, ਉਸ ਨੂੰ ਪਛਾੜਣ ਲਈ ਇਸ ਮੰਚ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਅਚਾਨਕ ਸਿਹਤ ਖਰਾਬ ਹੋਣ ਕਾਰਣ ਸਾਥੀ ਸੁਧਾਕਰ ਰੈਡੀ ਆਪ ਇਸ ਰੈਲੀ ਵਿੱਚ ਨਹੀਂ ਆ ਸਕੇ। ਇਸ ਲਈ ਉਹਨਾਂ ਦਾ ਸੰਦੇਸ਼ ਸਾਥੀ ਸ਼ਮੀਮ ਫੈਜ਼ੀ ਨੇ ਪੜ ਕੇ ਸੁਣਾਇਆ।
ਮੈਡਮ ਅਮਰਜੀਤ ਕੌਰ ਜੋ ਪਾਰਟੀ ਦੇ ਨਾਲ ਹੀ ਏਟਕ ਅਤੇ ਇਸਤਰੀ ਸਭਾ ਦੇ ਆਗੂ ਹਨ, ਨੇ ਘੱਟ-ਗਿਣਤੀਆਂ, ਦਲਿਤਾਂ ਅਤੇ ਇਸਤਰੀਆਂ ਉਤੇ ਹੁੰਦੇ ਹਮਲਿਆਂ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਸਲ ਵਿਚ ਸੰਘ-ਪਰਿਵਾਰ ਵਿਚਾਰਧਾਰਕ ਤੌਰ ਤੇ ਹੀ ਸਾਡੇ ਲੋਕਾਂ ਦੇ ਇਹਨਾਂ ਤਬਕਿਆਂ ਦੇ ਵਿਰੁਧ ਖੜਾ ਹੁੰਦਾ ਹੈ। ਆਰ ਐਸ ਐਸ ਹੀ ਲੋਕਾਂ ਵਿਚ ਫਿਰਕੂ ਅਤੇ ਜਾਤਵਾਦੀ ਕਤਾਰਬੰਦੀ ਤੇਜ਼ ਕਰਨ ਲਈ ਸਕੀਮਾਂ ਘੜਦਾ ਤੇ ਚਲਾਉਂਦਾ ਰਹਿੰਦਾ ਹੈ।
ਆਲ ਇਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਸਾਥੀ ਅਤੁਲ ਕੁਮਾਰ ਅਣਜਾਣ ਨੇ ਮੋਦੀ ਸਰਕਾਰ ਦੀ ਕਿਸਾਨ ਮਾਰੂ ਨੀਤੀ ਦੀ ਜ਼ੋਰਦਾਰ ਨਿਖੇਧੀ ਕੀਤੀ। ਮੋਦੀ ਤੇ ਭਾਜਪਾ ਨੇ ਚੋਣਾਂ ਸਮੇਂ ਕਿਸਾਨਾਂ ਦੀਆਂ ਵੋਟਾਂ ਲੈਣ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਭਾਅ ਦੇਣ ਦਾ ਵਾਅਦਾ ਕੀਤਾ ਸੀ। ਹਕੀਕਤ ਇਹ ਹੈ ਕਿ ਗੁਜਰਾਤ ਦਾ ਮੁੱਖ ਮੰਤਰੀ ਹੋਣ ਸਮੇਂ ਮੋਦੀ ਜੀ ਮੂੰਗਫਲੀ ਦਾ ਭਅ 7500 ਰੁਪੈ ਕੁਇੰਟਲ ਮੰਗ ਰਹੇ ਸਨ ਪਰ ਹੁਣ ਪਰਧਾਨ ਮੰਤਰੀ ਹੁੰਦੇ ਸਮੇੱ ਕੇਵਲ 4500 ਰੁਪਏ ਦਿਤਾ ਜਾ ਰਿਹਾ ਹੈ। ਇਹੋ ਹਾਲਤ ਆਲੂਆਂ ਦੀ ਹੈ। ਜਿਹੜੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲੱਖਾਂ ਕਰੋੜਾਂ ਦੇ ਟੈਕਸ ਮਾਫ ਕਰ ਰਹੀ ਹੈ, ਰਿਆਇਤਾਂ ਦੇ ਰਹੀ ਹੈ, ਉਹ ਕਿਸਾਨਾਂ, ਖੇਤ ਮਜ਼ਦੂਰਾਂ ਦੇ ਮਾਮੂਲੀ ਕਰਜ਼ ਮਾਫ ਕਰਨ ਲਈ ਵੀ ਤਿਆਰ ਨਹੀਂ। ਇਸ ਲਈ ਕਿਸਾਨ ਲੜ ਰਹੇ ਹਨ। ਨਵੰਬਰ ਦੇ ਪਹਿਲੇ ਹਫਤੇ ਕਿਸਾਨ ਸਭਾ ਨੇ ਦਿੱਲੀ ਵਿਚ ਪੰਜ ਦਿਨ ਮਹਾਂ-ਧਰਨਾ ਮਾਰਿਆ ਅਤੇ ਕੁਝ ਦਿਨ ਪਹਿਲਾਂ 184 ਕਿਸਾਨ ਸੰਗਠਨਾਂ ਨੇ ਕਿਸਾਨ ਪਾਰਲੀਮੈਂਟ ਕੀਤੀ।
ਸਾਥੀ ਸ਼ਮੀਮ ਫੈਜ਼ੀ, ਸਕੱਤਰ ਕੌਮੀ ਕੌਂਸਲ ਅਤੇ ਪੰਜਾਬ ਸੀਪੀਆਈ ਦੇ ਇਨਚਾਰਜ ਨੇ, ਇਸ ਜ਼ਬਰਦਸਤ ਰੈਲੀ ਦੀ ਸਫਲਤਾ ਲਈ ਪਾਰਟੀ ਵਰਕਰਾਂ, ਪਾਰਟੀ ਸਫਾਂ ਅਤੇ ਪਾਰਟੀ ਆਗੂਆਂ ਨੂੰ ਮੁਬਾਰਕਬਾਦ ਦਿਤੀ।
ਸੀਪੀਆਈ ਪੰਜਾਬ ਦੇ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਮੁਜਾਹਰੀਨਾਂ ਅਤੇ ਕੇਂਦਰੀ ਲੀਡਰਸ਼ਿਪ ਨੂੰ ਜੀ ਆਇਆਂ ਆਖਿਆ ਅਤੇ ਭਰੋਸਾ ਜ਼ਾਹਰ ਕੀਤਾ ਕਿ ਇਹ ਰੈਲੀ ਨਵੇਂ ਸੰਘਰਸ਼ਾਂ ਦਾ ਪੜੁੱਲ ਬਣੇਗੀ ਅਤੇ ਕਾਲੀਆਂ ਤਾਕਤਾਂ ਨੂੰ ਹਰਾਉਣ ਲਈ ਸਾਥੀਆਂ ਵਿਚ ਵਿਸ਼ਵਾਸ ਅਤੇ ਉਤਸ਼ਾਹ ਪੈਦਾ ਕਰੇਗੀ। ਸਾਥੀ ਅਰਸ਼ੀ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਆਪਣੇ ਚੋਣ ਵਾਅਦੇ ਪੂਰੇ ਕਰਨ ਵਿਚ ਪੂਰੀ ਤਰਾਂ ਅਸਫਲ ਰਹੀ ਹੈ, ਦਰਅਸਲ ਉਹ ਪੂਰੇ ਕਰਨ ਦਾ ਇਰਾਦਾ ਹੀ ਨਹੀਂ ਰੱਖਦੀ। ਅੱਠਾਂ ਮਹੀਨਿਆਂ ਦੇ ਛੋਟੇ ਜਿਹੇ ਅਰਸੇ ਵਿਚ ਹੀ ਲੋਕਾਂ ਦਾ ਮੋਹ ਕੈਪਟਨ ਦੀ ਕਾਂਗਰਸ ਸਰਕਾਰ ਤੋਂ ਭੰਗ ਹੋ ਗਿਆ ਹੈ। ਰੁਜ਼ਗਾਰ ਦੇ ਵਾਅਦੇ ਕੀਤੇ ਸਨ ਪਰ ਰੁਜ਼ਗਾਰ ਤੋ ਕਢਣ ਦੇ ਰਸਤੇ ਤੁਰ ਰਹੀ ਹੈ, ਜਿਵੇਂ ਥਰਮਲ ਪਲਾਂਟ ਅਤੇ ਅਗਾਂਣਵਾੜੀਆਂ ਦੇ ਮਾਮਲੇ ਵਿਚ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕ ਨਾ ਇੰਜ ਰੁਜ਼ਗਾਰ ਖੋਹੇ ਜਾਣ ਨੂੰ ਬਰਦਾਸ਼ਤ ਕਰਨਗੇ ਨਾ ਹੀ ਪੰਜਾਬ ਨੂੰ ਮਾਫੀਆ ਤਾਕਤਾਂ ਦੇ ਹੱਥਾਂ ਵਿਚ ਖੱਜਲ ਖੁਆਰ ਹੁੰਦੇ ਨੂੰ ਖਾਮੋਸ਼ ਰਹਿ ਕੇ ਦੇਖੀ ਜਾਣਗੇ। ਉਹ ਪਹਿਲਾਂ ਹੀ ਸੜਕਾਂ ਉਤੇ ਉਤਰੇ ਹੋਏ ਹਨ। ਪੰਜਾਬ ਦੇ ਲੋਕ ਚੋਣ ਵਾਅਦੇ ਪੂਰੇ ਕਰਵਾਕੇ ਛੱਡਣਗੇ । ਇਹ ਲਾਮਿਸਾਲ ਰੈਲੀ ਇਹੋ ਲਲਕਾਰ ਦੇ ਰਹੀ ਹੈ।
ਸੀਪੀਆਈ ਦੀ ਕੌਮੀ ਕਾਰਜਕਾਰਣੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਨੇ ਕਿਹਾ ਕਿ ਪੰਜਾਬ ਗਹਿਰੇ ਵਿਤੀ ਸੰਕਟ ਅਤੇ ਆਰਥਿਕ, ਸਮਾਜੀ ਤੇ ਸਿਆਸੀ ਸੰਕਟ ਦਾ ਸ਼ਿਕਾਰ ਹੈ। ਰਾਜ ਇਸ ਵੇਲੇ 1.08 ਲੱਖ ਕਰੋੜ ਦੇ ਕਰਜ਼ੇ ਹੇਠ ਦੱਬਿਆ ਹੋਇਆ ਹੈ। ਕੇਂਦਰੀ ਸਰਕਾਰ ਨੇ ਪੰਜਾਬ ਨੂੰ ਕੋਈ ਆਰਥਿਕ ਪੈਕੇਜ ਨਹੀਂ ਦਿਤਾ, ਨਾ ਅਕਾਲੀ ਭਾਜਪਾ ਸਰਕਾਰ ਵੇਲੇ ਅਤੇ ਨਾ ਹੀ ਕਾਂਗਰਸ ਸਰਕਾਰ ਵੇਲੇ। ਇਸੇ ਤਰ੍ਹਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ 80 ਹਜ਼ਾਰ ਕਰੋੜ ਰੁਪਏ ਦਾ ਕਰਜ਼ ਖੜ੍ਹਾ ਹੈ। ਅਮਨ ਕਾਨੂੰਨ ਦੀ ਹਾਲਤ ਦਿਨ ਬਦਿਨ ਵਿਗੜਦੀ ਜਾ ਰਹੀ ਹੈ ਅਤੇ ਇਸ ਨੂੰ ਕਾਬੂ ਕਰਨ ਲਈ ਸਰਕਾਰ ਜੋ ਪਕੋਕਾ ਲਿਆ ਰਹੀ ਹੈ ਉਹ ਅਸਲ ਵਿਚ ਆਪਣੇ ਜਮਹੂਰੀ ਹੱਕਾਂ ਲਈ ਲੜਦੇ ਤਬਕਿਆਂ ਵਿਰੁਧ ਹੀ ਵਰਤਿਆ ਜਾਵੇਗਾ, ਜਿਸ ਦਾ ਸਾਡੀ ਪਾਰਟੀ ਸਖਤ ਵਿਰੋਧ ਕਰਦੀ ਹੈ। ਕਾਲੀਆਂ ਤਾਕਤਾਂ ਫਿਰ ਪੰਜਾਬ ਦੇ ਅਮਨ ਅਤੇ ਫਿਰਕੂ ਸਦਭਾਵਨਾ ਨੂੰ ਖਰਾਬ ਕਰਨ ਵਾਸਤੇ ਸਰਗਰਮ ਹੋ ਰਹੀਆਂ ਹਨ। ਇਸੇ ਪ੍ਰਸੰਗ ਵਿਚ ਰਾਜ ਵਿਚ ਨਸ਼ਾ ਮਾਫੀਆ, ਟਰਾਂਸਪੋਰਟ ਮਾਫੀਆ, ਜ਼ਮੀਨ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਸਰਗਰਮ ਹਨ ਅਤੇ ਆਪਣਾ ਰਾਜ ਚਲਾ ਰਹੇ ਹਨ। ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਬਦਦਿਆਨਤਦਾਰ ਸਿਆਸਤਦਾਨਾਂ, ਨੌਕਰਸ਼ਾਹਾਂ ਅਤੇ ਮਾਫੀਆ ਦਰਮਿਆਨ ਆਪਸੀ ਮਦਦ ਦਾ ਜੁਗਾੜ ਬਣ ਗਿਆ ਹੈ। ਡਾ. ਦਿਆਲ ਨੇ ਕਿਹਾ ਕਿ ਰੁਜ਼ਗਾਰ, ਸਮਾਜਿਕ ਲਾਭ ਪ੍ਰਾਪਤ ਕਰਨ, ਕਰਜ਼ ਤੋਂ ਮੁਕਤੀ ਅਤੇ ਲਾਹੇਵੰਦੇ ਭਾਅ ਹਾਸਲ ਕਰਨ ਦਾ ਇਕੋ-ਇਕ ਰਸਤਾ ਹੁਣ ਸੰਘਰਸ਼ ਦਾ ਹੀ ਰਹਿ ਗਿਆ ਹੈ। ਇਸ ਲਈ ਰੈਲੀ ਸੱਦਾ ਦਿੰਦੀ ਹੈ ਕਿ ਉਹ ਸਭ ਜੋ ਪੰਜਾਬ ਦਾ ਵਿਕਾਸ ਚਾਹੁੰਦੇ ਹਨ, ਇਕੱਠੇ ਹੋ ਕੇ ਲੜਣ ਲਈ ਅਗੇ ਆਉਣ।
ਰੈਲੀ ਨੂੰ ਸਾਥੀ ਜਗਰੂਪ ਸਿੰਘ ਮੈਂਬਰ ਕੌਮੀ ਕੌਂਸਲ, ਨਿਰਮਲ ਸਿੰਘ ਧਾਲੀਵਾਲ, ਜਨਰਲ ਸਕੱਤਰ ਪੰਜਾਬ ਏਟਕ, ਗੁਰਨਾਮ ਕੰਵਰ ਮੈਂਬਰ ਸੂਬਾ ਸਕੱਤਰੇਤ ਅਤੇ ਗੁਲਜ਼ਾਰ ਗੋਰੀਆ ਡਿਪਟੀ ਜਨਰਲ ਸਕੱਤਰ ਭਾਰਤੀ ਖੇਤ ਮਜ਼ਦੂਰ ਯੂਨੀਅਨ ਨੇ ਵੀ ਮੁਖਾਤਬ ਕੀਤਾ ਅਤੇ ਲੋਕਾਂ ਨੂੰ ਜਨਤਾ-ਵਿਰੋਧੀ ਨੀਤੀਆਂ ਦੇ ਖਿਲਾਫ ਸਾਂਝੇ ਵਿਸ਼ਾਲ ਸੰਘਰਸ਼ ਲੜਣ ਦੀ ਲੋੜ ਤੇ ਜ਼ੋਰ ਦਿਤਾ। ਕੁਲ-ਹਿੰਦ ਕਿਸਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਸਾਥੀ ਭੂਪਿੰਦਰ ਸਾਂਬਰ ਨੇ ਰੈਲੀ ਦੇ ਪ੍ਰਬੰਧਾਂ ਲਈ ਲੁਧਿਆਣਾ ਪਾਰਟੀ ਦਾ, ਦੂਰ-ਦੁਰਾਡੇ ਤੋੱ ਆਏ ਸਾਥੀਆਂ ਦਾ ਅਤੇ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਨਾਲ ਕਿਸਾਨਾਂ, ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਉਤੇ ਜ਼ੋਰ ਦਿਤਾ।
ਇਹ ਰੈਲੀ ਭਾਰਤੀ ਕਮਿਊਨਿਸਟ ਪਾਰਟੀ ਦੇ ਸੱਦੇ ਉਤੇ ਦਾਣਾ ਮੰਡੀ, ਗਿੱਲ ਰੋਡ, ਲੁਧਿਆਣਾ ਵਿਖੇ ਕੀਤੀ ਗਈ, ਜਿਸ ਵਿਸ਼ਾਲ ਜਨਤਕ ਰੈਲੀ ਦੀ ਪ੍ਰਧਾਨਗੀ ਸਰਵਸਾਥੀ ਬਲਦੇਵ ਸਿੰਘ (ਕਿਸਾਨ ਸਭਾ), ਅਮਰਜੀਤ ਆਸਲ (ਏਟਕ), ਸੰਤੋਖ ਸਿੰਘ (ਖੇਤ ਮਜ਼ਦੂਰ ਸਭਾ), ਰਾਜਿੰਦਰਪਾਲ ਕੌਰ (ਇਸਤਰੀ ਸਭਾ), ਸੁਖਜਿੰਦਰ ਮਹੇਸ਼ਰੀ (ਨੌਜਵਾਨ-ਵਿਦਿਆਰਥੀ) ਅਤੇ ਸਾਥੀ ਕਰਤਾਰ ਬੋਆਣੀ (ਲੁਧਿਆਣਾ) ਤੇ ਆਧਾਰਤ ਪਰਧਾਨਗੀ ਮੰਡਲ ਨੇ ਕੀਤੀ। ਉਹਨਾਂ ਨਾਲ ਮੰਚ ਉਤੇ ਸਮੁੱਚੀ ਕੇਂਦਰੀ, ਸੂਬਾਈ ਲੀਡਰਸ਼ਿਪ ਅਤੇ ਸੂਬਾ ਕਾਰਜਕਾਰਣੀ ਵੀ ਹਾਜ਼ਰ ਸੀ।
ਰੈਲੀ ਵਿਚ ਵੱਡੀ ਗਿਣਤੀ ਵਿਚ ਖੇਤ ਮਜ਼ਦੂਰ, ਉਸਾਰੀ ਕਾਮੇ, ਨਰੇਗਾ ਮਜ਼ਦੂਰ, ਇਸਤਰੀਆਂ, ਕਿਸਾਨ, ਨੌਜਵਾਨ-ਵਿਦਿਆਰਥੀ, ਦਰਮਿਆਨੇ ਤਬਕੇ ਅਤੇ ਬੁੱਧੀਜੀਵੀ ਸ਼ਾਮਲ ਸਨ। ਇੰਜ ਲੱਗਦਾ ਸੀ ਜਿਵੇਂ ਦਾਣਾ ਮੰਡੀ ਲਾਲ ਸਾਗਰ ਵਿਚ ਬਦਲ ਗਈ ਹੋਵੇ, ਜਿਸ ਵਿਚ ਲਾਲ ਫਰੇਰਿਆਂ ਦੀਆਂ ਲਹਿਰਾਂ ਉਠ ਰਹੀਆਂ ਸਨ ਅਤੇ ਸ਼ਹਿਰ ਦੀਆਂ ਸੜਕਾਂ ਪੰਡਾਲ ਵੱਲ ਵਧਦੇ ਲਾਲ ਦਰਿਆ ਬਣ ਗਈਆਂ ਸਨ। ਇਨਕਲਾਬ ਜ਼ਿੰਦਾਬਾਦ, ਕਮਿਉੂਨਿਸਟ ਪਾਰਟੀ ਜ਼ਿੰਦਾਬਾਦ ਦੇ ਨਾਹਰੇ ਪੰਡਾਲ ਵਿਚੋੱ ਉਪਰ ਉਠਦੇ ਮੁੱਕਿਆਂ ਨਾਲ ਅਸਮਾਨ ਗੂੰਜਾ ਰਹੇ ਸਨ।
ਰੈਲੀ ਨੇ ਫਿਰਕਾਪ੍ਰਸਤੀ, ਭਿ੍ਰਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ, ਨਵ-ਆਰਥਿਕ ਨੀਤੀਆਂ, ਨੋਟਬੰਦੀ, ਜੀਐਸਟੀ ਅਤੇ ਹਾਸ਼ੀਆਗਤ ਤਬਕਿਆਂ-ਘਟਗਿਤੀਆਂ, ਦਲਿਤਾਂ, ਇਸਤਰੀਆਂ, ਆਦਿਵਾਸੀਆਂ ਤੇ ਦੂਜੇ ਕਮਜ਼ੋਰ ਹਿੱਸਿਆਂ-ਉੁਤੇ ਹੁੰਦੇ ਜਬਰ ਦੇ ਵਿਰੁਧ ਸੰਘਰਸ਼ ਨੂੰ ਡੂੰਘਾ, ਮਜ਼ਬੂਤ, ਵਿਸ਼ਾਲ ਅਤੇ ਤਿਖਾ ਕਰਨ ਦਾ ਸੱਦਾ ਦਿਤਾ ਅਤੇ ਸਾਥੀਆ ਨੂੰ ਉਤਸ਼ਾਹ ਦਿਤਾ ਕਿ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਿਚ ਜਾ ਕੇ ਰੈਲੀ ਦਾ ਹੋਕਾ ਪਹੁੰਚਾ ਦਿਓ ਕਿ ਫਾਸ਼ੀਵਾਦੀ ਤਾਕਤਾਂ ਦੇ ਮਨਸੂਬੇ ਸਫਲ ਹੋਣ ਨਹੀਂ ਦਿਆਂਗੇ, ਜਮਹੂਰੀਅਤ ਦੀ ਧਰਮ-ਨਿਰਪਖਤਾ ਦੀ ਆਪਸੀ ਸਦਭਾਵਨਾ, ਸਾਂਝੇ ਮਿਸ਼ਰਤ ਸਭਿਆਚਾਰ ਦੀ ਰਾਖੀ ਕਰਾਂਗੇ ਅਤੇ ਪੰਜਾਬ ਨੂੰ ਖੱਬੀ ਲਹਿਰ ਦਾ ਅੱਗੇ ਵੱਧਣ ਲਈ ਪੜੁੱਲ ਬਣਾ ਦਿਆਂਗੇ।
ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ, ਲੁਧਿਆਣਾ ਦੀ ਮੇਜ਼ਬਾਨ ਟੀਮ ਸਰਵ ਸਾਥੀ ਕਰਤਾਰ ਬੋਆਣੀ, ਡੀ. ਪੀ. ਮੌੜ, ਡਾਕਟਰ ਅਰੁਣ ਮਿੱਤਰਾ, ਗੁਲਜ਼ਾਰ ਗੋਰੀਆ, ਰਮੇਸ਼ ਰਤਨ, ਗੁਰਨਾਮ ਸਿੱਧੂ, ਗੁਰਨਾਮ ਗਿੱਲ, ਚਮਕੌਰ ਸਿੰਘ, ਰਾਮ ਚੰਦ, ਅਵਤਾਰ ਛਿੱਬੜ, ਮੇਘ ਰਾਜ ਨੇ ਰੈਲੀ ਦੀ ਸ਼ਾਨਦਾਰ ਸਫਲਤਾ ਲਈ ਪਾਰਟੀ ਦੀਆਂ ਸੂਬਾ ਅਤੇ ਜ਼ਿਲਾ ਲੀਡਰਸ਼ਿਪਾਂ ਅਤੇ ਆਮ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਜ਼ਾਹਰ ਕੀਤਾ ਕਿ ਸਾਥੀ ਸੰਘਰਸ਼ਾਂ ਦਾ ਸੁਨੇਹਾ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਆਮ ਲੋਕਾਂ ਤਕ ਲੈ ਕੇ ਜਾਣਗੇ ਅਤੇ ਪਾਰਟੀ ਨੂੰ ਮਜ਼ਬੂਤ ਕਰਨਗੇ।
ਰੈਲੀ ਨੇ ਵੱਖ-ਵੱਖ ਮਤੇ ਪਾਸ ਕਰਕੇ ਲੁਧਿਆਣਾ ਵਿਚ ਹੋਏ ਹਾਦਸੇ ਤੇ ਦੁੱਖ ਜ਼ਾਹਰ ਕੀਤਾ ਅਤੇ ਪੀੜਤ ਪਰਿਵਾਰਾਂ ਲਈ ਕੀਤੀ 10-10 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ, ਕਿਸਾਨਾਂ ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ ਕਰਨ, ਘਰਾਂ ਲਈ ਪਲਾਟ ਦੇਣ ਅਤੇ ਉਸਾਰੀ ਅਤੇ ਨਰੇਗਾ ਕਾਮਿਆਂ ਦੇ ਕਾਨੂੰਨ ਲਾਗੂ ਕਰਨ, ਬਨੇਗਾ ਰੁਜ਼ਗਾਰ ਕਾਨੂੰਨ ਪਾਸ ਕਰਨ, ਪੰਜਾਬ ਨੂੰ ਇਕ ਲੱਖ ਕਰੋੜ ਰੁਪਏ ਦਾ ਵਿਸ਼ੇਸ਼ ਆਰਥਿਕ ਪੈਕੇਜ ਦੇਣ, ਮਾਂ-ਬੋਲੀ ਪੰਜਾਬੀ ਨੂੰ ਬਣਦਾ ਹੱਕੀ ਸਥਾਨ ਪੰਜਾਬ ਅਤੇ ਚੰਡੀਗੜ੍ਹ ਵਿਚ ਦੇਣ, ਚੋਣ ਵਾਅਦੇ ਪੂਰੇ ਕਰਨ, ਪਕੋਕਾ ਦਾ ਜਮਹੂਰੀਅਤ ਵਿਰੋਧੀ ਕਾਨੂੰਨ ਨਾ ਬਣਾਉਣ, ਆਂਗਣਵਾੜੀਆਂ ਦਾ ਰੁਜ਼ਗਾਰ ਨਾ ਖੋਹਣ, ਦੀ ਮੰਗ ਕੀਤੀ। ਸੁਣ ਸਕਦੇ ਹੋ ਸਬੰਧਤ ਵੀਡੀਓ ਵਿੱਚ। ਗਾਇਕਾਂ, ਗੀਤਕਾਰਾਂ ਅਤੇ ਸਟੇਜ ਕਲਾਕਾਰਾਂ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ।
No comments:
Post a Comment