Thu, Jul 13, 2017 at 1:05 PM
ਕੈਨੇਡੀਅਨ ਇੰਸਟੀਚਿਊਟ ਦਾ ਕੀਤਾ ਉਦਘਾਟਨ
ਲੁਧਿਆਣਾ: 13 ਜੁਲਾਈ2017:(ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਪੂੰਜੀਵਾਦ ਦੇ ਯੁਗ ਵਿੱਚ ਦੇਸ਼ ਨਾਲ ਪਿਆਰ, ਦੇਸ਼ ਦੀ ਮਿੱਟੀ ਨਾਲ ਮੋਹ ਅਤੇ ਆਪਣਿਆਂ ਦੇ ਨੇੜੇ ਨੇੜੇ ਰਹਿਣਾ ਕਿਸੇ ਗਏ ਗੁਜ਼ਰੇ ਜ਼ਮਾਨੇ ਦੀਆਂ ਗੱਲਾਂ ਹੁੰਦੀਆਂ ਜਾ ਰਹੀਆਂ ਹਨ। ਸਿਰਫ ਇੱਕੋ ਗੱਲ ਅੱਜ ਦਾ ਸੱਚ ਬਣ ਗਈ ਹੈ ਕਿ ਬਾਪ ਬੜਾ ਨ ਭਈਆ; ਸਬਸੇ ਬੜਾ ਰੁਪਈਆ।
ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਨੇ ਬਹੁਤ ਪਹਿਲਾਂ ਇੱਕ ਦਰਦ ਬਿਆਨ ਕੀਤਾ ਸੀ--
ਜੋ ਬਦੇਸ਼ਾਂ 'ਚ ਰੁਲਦੇ ਨੇ ਰੋਟੀ ਲਈ;
ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ।
ਜਾਂ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ;
'ਤੇ ਜਾਂ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।
ਦਰਦ ਦੇ ਇਸ ਸ਼ਾਇਰਾਨਾ ਇਜ਼ਹਾਰ ਨੇ ਬਹੁਤ ਵਾਹ ਵਾਹ ਵੀ ਖੱਟੀ ਪਰ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਜਾ ਵੱਸਣ ਦੀ ਚਾਹਤ ਦੇ ਗ੍ਰਾਫ ਦੀ ਚੜ੍ਹਤ ਲਗਾਤਾਰ ਜਾਰੀ ਰਹੀ। "ਮੇਰਾ ਭਾਰਤ ਮਹਾਨ" ਕਹਿਣਾ ਇੱਕ ਹਰਮਨ ਪਿਆਰਾ ਨਾਅਰਾ ਜਿਹਾ ਜ਼ਰੂਰ ਬਣ ਗਿਆ ਪਰ ਹਕੀਕਤ ਦੀ ਦੁਨੀਆ ਵਿੱਚ ਵਿਦੇਸ਼ਾਂ ਦੇ ਕੰਮਕਾਜ ਦੀਆਂ ਸਹੂਲਤਾਂ, ਰਹਿਣ ਸਹਿਣ ਦਾ ਅੰਦਾਜ਼, ਕੈਰੀਅਰ ਦੇ ਮੌਕੇ, ਬਿਮਾਰੀ ਅਤੇ ਬੁਢਾਪੇ ਵਿੱਚ ਮਿਲਦੀ ਵਿਸ਼ੇਸ਼ ਸਾਂਭ ਸੰਭਾਲ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ। ਵਿਦੇਸ਼ਾਂ ਦੀ ਧਰਤੀ ਤੇ ਪਹੁੰਚਣ ਲਈ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਭਾਸ਼ਾ ਦੀ ਨਿਪੁੰਨਤਾ ਅਤੇ ਸਹੀ ਕਾਨੂੰਨੀ ਪ੍ਰਕ੍ਰਿਆ ਦੀ। ਸ਼ਾਇਦ ਇਹੀ ਕਾਰਨ ਹੈ ਕਿ ਇਸ ਕਿਸਮ ਦੇ ਮੌਕੇ ਦੇਣ ਅਤੇ ਇੰਮੀਗ੍ਰੇਸ਼ਨ ਦਾ ਕੰਮ ਹੁਣ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ।
ਅੱਜ ਇਸ ਮਕਸਦ ਦਾ ਇੱਕ ਦਫਤਰ ਲੁਧਿਆਣਾ ਦੀ ਫਿਰੋਜ਼ਗਾਂਧੀ ਮਾਰਕੀਟ ਵਿੱਚ ਵੀ ਸ਼ੁਰੂ ਹੋਇਆ ਜਿਸਦਾ ਉਦਘਾਟਨ ਬਾਲੀਵੁਡ ਅਦਾਕਾਰਾ ਮਨਸ਼ਾ ਬਹਿਲ ਨੇ ਕੀਤਾ। ਮਨਸ਼ਾ ਬਹਿਲ ਨੇ ਆਪਣੀ ਫਿਲਮੀ ਕਰਿਅਰ ਦੀ ਸ਼ੁਰੂਆਤ ਡਾਇਰੈਕਟਰ ਡੇਵਿਡ ਧਵਨ ਤੇ ਕਬੀਰ ਸਦਾਨੰਦ ਨਾਲ ਕੀਤੀ ਸੀ। ਉਨ੍ਹਾਂ ਨੇ 2014 'ਚ ਰਿਲੀਜ ਹੋਈ ਫਿਲਮ ਸਪਾਰਕ ਤੋਂ ਇਲਾਵਾ, ਫਿਲਮ ਰਾਸਕਲ 'ਚ ਅਰਜਨ ਰਾਮਪਾਲ ਦੇ ਉਲਟ ਰੋਲ ਨਿਭਾਇਆ ਤੇ ਫਿਲਮ ਫਗਲੀ 'ਚ ਅਕਸ਼ੈ ਕੁਮਾਰ ਪ੍ਰੋਡਕਸ਼ਨਜ ਦੇ ਬੈਨਰ ਹੇਠਾਂ ਕੰਮ ਕੀਤਾ। ਉਹ ਕਈ ਹਿੰਦੀ ਤੇ ਪੰਜਾਬੀ ਮਿਊਜ਼ਿਕ ਵੀਡੀਓਜ 'ਚ ਵੀ ਕੰਮ ਕਰ ਚੁੱਕੀ ਹਨ। ਹਾਲ ਹੀ ਵਿੱਚ 'ਚ ਉਨ੍ਹਾਂ ਨੂੰ ਟੀ ਸੀਰੀਜ ਦੀ ਪਾਪੁਲਰ ਹਿੰਦੀ ਮਿਊਜਿਕ ਵੀਡੀਓ ਨੀਲੀ ਨੀਲੀ ਆਂਖੇਂ 'ਚ ਵੀ ਦੇਖਿਆ ਗਿਆ ਸੀ।
ਇਸ ਲਾਂਚ ਦੇ ਨਾਲ ਲੁਧਿਆਣਵੀਆਂ ਕੋਲ ਹੁਣ ਸਮਰਪਿਤ ਤੇ ਟ੍ਰੇਨ ਇਮੀਗ੍ਰੇਸ਼ਨ ਸਲਾਹਕਾਰਾਂ ਤੇ ਪ੍ਰੋਫੈਸ਼ਨਲਾਂ ਦੀ ਟੀਮ ਆ ਚੁੱਕੀ ਹੈ, ਜਿਹੜੀ ਉਨ੍ਹਾਂ ਨੂੰ ਕਨੇਡਾ ਲਈ ਸਟੂਡੇਂਟ ਵੀਜਾ, ਫੈਮਿਲੀ ਮਾਈਗ੍ਰੇਸ਼ਨ, ਕਨੇਡੀਅਨ ਪੀ.ਆਰ ਅਰਜੀਆਂ ਸਮੇਤ ਕਈ ਹੋਰ ਫਾਇਦੇਮੰਦ ਜਾਣਕਾਰੀ ਉਪਲਬਧ ਕਰਵਾਏਗੀ।
ਇਸ ਲੜੀ ਹੇਠ, ਫਰਮ ਨੇ ਕਨੇਡਾ (ਮਿਸੀਸਾਗਾ, ਟੋਰੰਟੋ, ਬ੍ਰਹਮਪਟਨ) ਤੋਂ ਬਾਅਦ ਹੁਣ ਲੁਧਿਆਣਾ 'ਚ ਆਪਣਾ ਦਫਤਰ ਖੋਲ੍ਹਿਆ ਹੈ। ਇਸ ਮੌਕੇ ਉਦਘਾਟਨ ਸਮਾਰੋਹ 'ਚ ਮੁੱਖ ਵਿੱਤੀ ਅਫਸਰ ਸ੍ਰੀ ਇਕਬਾਲ ਸਿੰਘ ਗਰੋਵਰ, ਕਾਨੂੰਨੀ ਸਲਾਹਕਾਰ ਸ੍ਰੀ ਗੁਰਪ੍ਰੀਤ ਸਿੰਘ ਗਰੋਵਰ, ਸ੍ਰੀ ਜੋਗਿੰਦਰ ਸਿੰਘ ਤੇ ਐਚ.ਆਰ ਹੈਡ ਤੇ ਬ੍ਰਾਂਚ ਮੈਨੇਜਰ ਡਾ. ਰਾਜ ਉੱਪਲ ਵੀ ਮੌਜੂਦ ਰਹੇ। ਹੁਣ ਦੇਖਣਾ ਹੈ ਕਿ ਦੇਸ਼ ਦੇ ਉਹਨਾਂ ਲੋਕਾਂ ਦੀ ਹਾਲਤ ਕੌਣ ਸਿਧਾਰੇਗਾ ਜਿਹੜੇ ਵਿਦਸ਼ ਵੀ ਨਹੀਂ ਜਾ ਸਕਦੇ ਅਤੇ ਇਥੇ ਵੀ ਚਾਰ ਦਿਨ ਸੁੱਖ ਦੇ ਨਹੀਂ ਲੰਘਾ ਸਕਦੇ। ਆਪਣੇ ਦੇਸ਼ ਨੂੰ ਹੀ ਸਵਰਗ ਬਣਾਉਣ ਦੇ ਹੀਲੇ ਵਸੀਲੇ ਕਰੀਏ।
ਅਖੀਰ ਵਿੱਚ ਸਵਰਗੀ ਦੁਸ਼ਿਅੰਤ ਕੁਮਾਰ ਹੁਰਾਂ ਦਾ ਇੱਕ ਸ਼ੇਅਰ:
ਜੀਓ ਤੋਂ ਅਪਨੇ ਬਗੀਚੇ ਮੈਂ ਗੁਲਮੋਹਰ ਕੇ ਲਿਏ,
ਮਰੋ ਤੋਂ ਗੈਰ ਕਿ ਗਲੀਓਂ ਮੈਂ ਗੁਲਮੋਹਰ ਕੇ ਲਿਏ।
------
No comments:
Post a Comment