Thursday, June 08, 2017

ਪ੍ਰੈਸ ਕਲੱਬਾਂ ਦੀ ਚੋਣ ਆਪਸੀ ਸਹਿਮਤੀ ਤੱਕ ਨਹੀਂ ਹੋ ਸਕਦੀ-ਡੀ.ਪੀ.ਆਰ.ਓ

Thu, Jun 8, 2017 at 4:47 PM
ਡੀ.ਸੀ. ਨੇ ਮੀਡੀਆ ਚੋਣ ਪ੍ਰਕ੍ਰਿਆ ਨੂੰ ਦੱਸਿਆ ਪ੍ਰੈਸ ਕਲੱਬਾਂ ਦਾ ਅਦੰਰੂਨੀ ਮਾਮਲਾ 
ਚੋਣ ਪ੍ਰਕਿਰਿਆ ‘ਚ ਦਖਲ ਤੋਂ ਕੀਤਾ ਇਨਕਾਰ
ਲੁਧਿਆਣਾ: 8 ਜੂਨ 2017: (ਪੰਜਾਬ ਸਕਰੀਨ ਬਿਊਰੋ):: 
ਪ੍ਰੈਸ ਕਲੱਬ ਦੀ ਕਾਇਮੀ ਦਾ ਮਾਮਲਾ ਲੁਧਿਆਣਾ ਦੇ ਮੀਡੀਆ ਧੜਿਆਂ ਦੀ ਆਪਸੀ ਖਿੱਚੋਤਾਣ ਕਾਰਨ ਇੱਕ ਵਾਰ ਫੇਰ ਲਟਕਦਾ ਨਜ਼ਰ ਆ ਰਿਹਾ ਹੈ। ਚੇਤੇ ਰਹੇ ਕਿ ਪ੍ਰੈਸ ਕਲੱਬ ਦੀ ਚੋਣ 25 ਜੂਨ ਨੂੰ ਹੋਣੀ ਐਲਾਨੀ ਗਈ ਸੀ। ਇਹ ਐਲਾਨ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ ਸੀ ਅਤੇ ਇਸ ਦਾ ਚੋਣ ਅਧਿਕਾਰੀ ਜ਼ਿਲਾ ਲੋਕ ਸੰਪਰਕ ਅਧਿਕਾਰੀ ਪ੍ਰਭਦੀਪ ਸਿੰਘ ਨੂੰ ਬਣਾਇਆ ਗਿਆ ਸੀ। ਚੋਣਾਂ ਅਚਾਨਕ ਅਤੇ ਜਲਦੀ ਕਰਾਉਣ ਦੀ ਇਸ ਕੋਸ਼ਿਸ਼ ਨਾਲ ਲੁਧਿਆਣਾ ਦੀ ਮੀਡੀਆ ਗੁੱਟਬੰਦੀ ਵਿੱਚ ਫਿਰ ਤੇਜ਼ੀ ਆ ਗਈ। ਇਸਦੇ ਜੁਆਬ ਵਿੱਚ ਮੀਡੀਆ ਦੇ ਸੰਘਰਸ਼ਸ਼ੀਲ ਧੜਿਆਂ ਵਿੱਚੋਂ ਇੱਕ ਗਰੁੱਪ ਨੇ ਇਹ ਮਾਮਲਾ ਉੱਤੇ ਉਠਾਇਆ। 
ਪ੍ਰੈਸ ਕਲੱਬ ਦੀ ਚੋਣ ਸਬੰਧੀ ਤਰੀਕਾਂ ਨੂੰ ਅੱਗੇ ਵਧਾਉਣ ਅਤੇ ਸੰਵਿਧਾਨ ਦੀ ਕਾਪੀ ਦੇਣ ਨੂੰ ਲੈ ਕੇ ਅੱਜ ਪ੍ਰੈਸ ਲਾਇਨਜ਼ ਕਲੱਬ ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਨੂੰ ਮਿਲਿਆ। ਪੱਤਰਕਾਰਾਂ ਦੀ ਗੱਲ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਨੇ ਪ੍ਰੈਸ ਕਲੱਬ ਦੀ ਚੋਣ ਵਿੱਚ ਉਨ੍ਹਾਂ ਦਾ ਦਖਲ ਨਾ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਵੱਖ ਵੱਖ ਪ੍ਰੈਸ ਕਲੱਬਾਂ ਜਾਂ ਅਸੋਸੀਏਸ਼ਨਾਂ ਦੀ ਆਪਸੀ ਸਹਿਮਤੀ ਨਾਲ ਹੀ ਚੋਣ ਤਰੀਕਾਂ ਅਤੇ ਚੋਣਾਂ ਨਿਸ਼ਚਿਤ ਕੀਤੀਆਂ ਜਾ ਸਕਦੀਆਂ ਹਨ। ਇੱਕ ਧਿਰ ਦੇ ਸਹਿਮਤ ਨਾ ਹੋਣ ਤੇ ਚੋਣ ਨਹੀਂ ਹੋ ਸਕਦੀ। ਉਹਨਾਂ ਦਿੱਤੇ ਮੰਗ ਪੱਤਰ ਨੂੰ ਜ਼ਿਲ੍ਹਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਨੂੰ ਮਾਰਕ ਕਰ ਦਿੱਤਾ ਜੋ ਪ੍ਰੈਸ ਕਲੱਬ ਵਿੱਚ ਅਬਜ਼ਰਵਰ ਦੀ ਭੂਮਿਕਾ ਨਿਭਾਉਂਣ ਜਾ ਰਹੇ ਹਨ। ਪ੍ਰੈਸ ਲਾਇਨਜ਼ ਕਲੱਬ ਦਾ ਵਫਦ ਮੰਗ ਪੱਤਰ ਲੈ ਕੇ ਡੀਪੀਆਰਉ ਪ੍ਰਭਦੀਪ ਸਿੰਘ ਨੂੰ ਵੀ ਮਿਲਿਆ। ਡੀਪੀਆਰਉ ਪ੍ਰਭਦੀਪ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਇਸ ਮਾਮਲੇ ਵਿੱਚ ਪੱਤਰਕਾਰਾਂ ਦੇ ਇੱਕ ਵੱਡੇ ਧੜੇ ਨੂੰ ਭਰੋਸੇ ਵਿੱਚ ਲਏ ਬਿਨਾ ਪ੍ਰੈਸ ਕਲੱਬ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਪ੍ਰਭਦੀਪ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੱਤਰਕਾਰਾਂ ਦੀਆਂ ਸਾਰੀਆਂ ਧਿਰਾਂ ਦੀ ਸਹਿਮਤੀ ਨਹੀਂ ਬਣ ਜਾਂਦੀ ਉਦੋਂ ਤੱਕ ਚੋਣ ਵਿੱਚ ਉਹ ਅਬਜ਼ਰਵਰ ਨਹੀਂ ਬਣਨਗੇ। ਉਨ੍ਹਾਂ ਕਿਹਾ ਕਿ ਉਹ ਪ੍ਰੈਸ ਲਾਇਨ ਕਲੱਬ ਵੱਲੋਂ ਚੋਣ ਤਰੀਕਾਂ ਅੱਗੇ ਵਧਾਉਣ, ਸੰਵਿਧਾਨ ਦੀ ਕਾਪੀ ਸਾਰੇ ਪੱਤਰਕਾਰਾਂ ਨੂੰ ਮੁਹੱਈਆ ਕਰਵਾਉਣ ਦੀ ਗੱਲ ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਦੇ ਧਿਆਨ ਵਿੱਚ ਲਿਆਉਂਣਗੇ ਤਾਂ ਜੋ ਸਾਰੀਆਂ ਧਿਰਾਂ ਦੀ ਸਹਿਮਤੀ ਬਣ ਸਕੇ। ਹੁਣ ਦੇਖਣਾ ਹੈ ਕਿ ਲੁਧਿਆਣਾ ਵਿੱਚ ਮੀਡੀਆ ਦੀ ਗੁੱਟਬੰਦੀ ਕੀ ਰੁੱਖ ਇਖਤਿਆਰ ਕਰਦੀ ਹੈ? ਪੱਤਰਕਾਰਾਂ ਦੇ ਅਧਿਕਾਰਾਂ ਅਤੇ ਚੰਗੇਰੀ ਜ਼ਿੰਦਗੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਹ ਸੰਘਰਸ਼ ਹੋਰ ਸਹਾਈ ਹੋਣ ਦੀ ਸੰਭਾਵਨਾ ਹੈ। ਉਮੀਦ ਹੈ ਇਸ ਸਾਰੇ ਘਟਨਾਕ੍ਰਮ ਨਾਲ ਪੱਤਰਕਾਰਾਂ ਦੀ ਸੰਘਰਸ਼ ਅਤੇ ਏਕਤਾ ਪ੍ਰਤੀ ਚੇਤਨਾ ਵਿੱਚ ਵੀ ਵਾਧਾ ਹੋਵੇਗਾ। 

  

No comments: