ਸ਼ਹੀਦ ਗੁਰਮੇਲ ਦੀ ਭਤੀਜੀ ਨੇ ਸੁਣਾਈ ਸ਼ਹਾਦਤ ਦੀ ਦਾਸਤਾਨ
ਪੰਧੇਰ ਖੇੜੀ (ਲੁਧਿਆਣਾ):: 14 ਮਈ 2017: (ਕਾਰਤਿਕਾ ਸਿੰਘ//ਦਿਲਜੋਤ ਕੌਰ//ਪੰਜਾਬ ਸਕਰੀਨ)::
ਜਦੋਂ ਕੋਈ ਕਿਸੇ ਬਾਰੇ ਕਹਿੰਦਾ ਕਿ ਉਹ ਅਮਰ ਹੋ ਗਿਆ ਹੈ ਤਾਂ ਸ਼ਬਦੀ ਅਰਥ ਸਮਝ ਕੇ ਵੀ ਯਕੀਨ ਨਾ ਆਉਂਦਾ। ਮਨ ਵਿੱਚ ਸੰਸਾ ਜਿਹਾ ਬਣਿਆ ਰਹਿੰਦਾ। ਇੱਕ ਸ਼ੱਕ ਜਿਹਾ ਉੱਠਦਾ ਰਹਿੰਦਾ ਭਲਾ ਮਰਨ ਤੋਂ ਬਾਅਦ ਕੋਈ ਅਮਰ ਕਿਵੇਂ ਹੋ ਸਕਦਾ ਹੈ। ਅੱਜ ਪੰਧੇਰ ਖੇੜੀ ਵਿੱਚ ਪਹੁੰਚ ਕੇ ਉਹ ਸ਼ੰਕਾ ਨਵਿਰਤ ਹੋਈ। ਵਿਸ਼ਵਾਸ ਹੋਇਆ ਕਿ ਮੌਤ ਤੋਂ ਬਾਅਦ ਵੀ ਅਮਰ ਹੋਣ ਦੀ ਗੱਲ ਸੱਚ ਹੁੰਦੀ ਹੈ। ਸਿਰਫ ਸਬੰਧਿਤ ਵਿਅਕਤੀ ਦਾ ਰੰਗ ਰੂਪ ਅਦਿੱਖ ਜਿਹਾ ਹੋ। ਸਟੇਜ ਤੋਂ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਨੇ ਇਸ ਗੱਲ 'ਤੇ ਮੋਹਰ ਲਾਈ ਕਿ ਜਿਹਨਾਂ ਨੇ ਕਾਮਰੇਡ ਗੁਰਮੇਲ ਨੂੰ ਖਤਮ ਕਰਨ ਦਾ ਭਰਮ ਪਾਲਿਆ ਸੀ ਅਸੀਂ ਅੱਜ ਫਿਰ ਉਹਨਾਂ ਨੂੰ ਦੱਸਣ ਆਏ ਹਾਂ ਕਿ ਕਾਮਰੇਡ ਗੁਰਮੇਲ ਅੱਜ ਵੀ ਜਿਊਂਦਾ ਹੈ ਸਾਡੇ ਸਾਰਿਆਂ ਦੇ ਦਿਲਾਂ ਵਿੱਚ। ਤਕਰੀਬਨ ਤਿੰਨ ਦਹਾਕਿਆਂ ਦਾ ਸਮਾਂ ਥੋਹੜਾ ਨਹੀਂ ਹੁੰਦਾ। ਪੂਰੇ 28 ਸਾਲ ਹੋ ਗਏ ਹਨ ਕਾਮਰੇਡ ਗੁਰਮੇਲ ਦੀ ਸ਼ਹਾਦਤ ਨੂੰ। ਅੱਜ ਏਨੇ ਅਰਸੇ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਧੜਕਦਾ ਹੈ ਕਾਮਰੇਡ ਗੁਰਮੇਲ। ਲੋਕ ਅੱਜ ਵੀ ਸੁਣਾਉਂਦੇ ਹਨ ਉਸ ਦੇ ਲੋਕ ਭਲੇ ਦੀਆਂ ਕਹਾਣੀਆਂ ਕਿ ਕਿਵੇਂ ਸਾਡਾ ਕਾਮਰੇਡ ਲੋਕਾਂ ਦੇ ਹੱਕੀ ਕੰਮਾਂ ਲਈ ਕਦੇ ਡੀਸੀ ਦੇ ਗੱਲ ਪੈ ਜਾਂਦਾ ਸੀ ਤੇ ਕਦੇ ਪੁਲਿਸ ਦੇ। ਜਦੋਂ ਕਾਮਰੇਡ ਨੂੰ ਸ਼ਹੀਦ ਕੀਤਾ ਗਿਆ ਉਦੋਂ ਕਾਮਰੇਡ ਗੁਰਮੇਲ ਦੀ ਭਤੀਜੀ 15 ਕੁ ਸਾਲਾਂ ਦੀ ਸੀ। ਤੜਕੇ ਦਾ ਸਮਾਂ ਸੀ। ਪਟਾਕੇ ਚੱਲਣ ਦੀ ਆਵਾਜ਼ ਆਈ ਤਾਂ ਕਾਮਰੇਡ ਗੁਰਮੇਲ ਦੇ ਪਿਤਾ ਕਾਮਰੇਡ ਚੰਨਣ ਸਿੰਘ ਵਰੋਲਾ ਸਮਝ ਗਏ ਕਿ ਕੁਝ ਅਣਹੋਣੀ ਹੋ ਰਹੀ ਹੈ। ਪਿੰਡ ਦੇ ਕਈ ਲੋਕਾਂ ਨੇ ਦੇਖਿਆ ਕਿ ਕਿਵੇਂ ਕਾਮਰੇਡ ਗੁਰਮੇਲ ਨੇ ਨਿਹੱਥੇ ਹੋ ਕੇ ਵੀ ਹਥਿਆਰਬੰਦ ਹਮਲਾਵਰਾਂ ਦਾ ਮੁਕਾਬਲਾ ਕੀਤਾ। ਕਾਮਰੇਡ ਨੂੰ ਕਿਵੇਂ ਘੇਰ ਕੇ ਸ਼ਹੀਦ ਕੀਤਾ ਗਿਆ-ਉਸ ਦੇ ਸਾਹਮਣੇ ਫ਼ਿਲਮੀ ਕਹਾਣੀਆਂ ਕੁਝ ਵੀ ਨਹੀਂ ਹਨ। ਇੱਕ ਇਤਿਹਾਸਿਕ ਲੋਕ ਜੰਗ ਦੀ ਇਹ ਦਾਸਤਾਨ ਸਾਨੂੰ ਸੁਣਾਈ ਕਾਮਰੇਡ ਗੁਰਮੇਲ ਦੀ ਭਤੀਜੀ ਹਰਪ੍ਰੀਤ ਕੌਰ ਨੇ। ਇਹ ਸਾਰੀ ਕਹਾਣੀ ਤੁਸੀਂ ਸੁਣ ਸਕਦੇ ਹੋ ਇਸ ਖਬਰ ਦੇ ਨਾਲ ਦਿੱਤੀ ਵੀਡੀਓ ਰਾਹੀਂ।
No comments:
Post a Comment