Sat, May 27, 2017 at 6:19 PM
ਹੁਣ ਪਟਿਆਲੇ ਦੀਆਂ ਬੀਬੀਆਂ ਨੇ ਕੀਤਾ ਠਾਕੁਰ ਦਲੀਪ ਸਿੰਘ ਦਾ ਸਮਰਥਨ
ਸਿੱਖ ਪੰਥ ਵਿਚ ਅਜਿਹਾ ਵਿਤਕਰਾ ਕਿਉਂ? |
ਪਟਿਆਲਾ: 27 ਮਈ 2017: (ਪੰਜਾਬ ਸਕਰੀਨ ਬਿਊਰੋ)::
ਪਟਿਆਲੇ ਦੇ ਅਪੋਲੋ ਗਰਾੳਂਡ ਵਿਖੇ ਕੁਝ ਸੁਝਵਾਨ ਬੀਬੀਆਂ ਦੀ ਮੀਟਿੰਗ ਹੋਈ, ਜਿਸ ਵਿਚ ਸਕੁਲਾਂ ਦੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਅਤੇ ਨਾਰੀ ਸੰਸਥਾ ਦੇ ਤਕਰੀਬਨ 100 ਮੈਂਬਰ ਸ਼ਾਮਲ ਸਨ। ਇਸ ਮੀਟਿੰਗ ਵਿਚ ਠਾਕੁਰ ਦਲੀਪ ਸਿੰਘ ਜੀ ਵਲੋਂ ਇਸਤਰੀਆਂ ਨੂੰ ਅਧਿਆਤਮਕ ਪੱਖੋਂ ਵੀ ਸਮਾਨਤਾ ਅਤੇ ਸਤਿਕਾਰ ਦੇਣ ਦੇ ਨਿਵੇਕਲੇ ਕਦਮ ਦੀ ਸਰਾਹਣਾ ਕੀਤੀ ਗਈ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਮਰਿਆਦਾ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਬੇਨਤੀ ਕੀਤੀ।
ਇਸ ਮੋਕੇ ਤੇ ਮੈਡਮ ਗੁਰਲੀਨ ਕੌਰ ਨੇ ਕਿਹਾ ਕਿ ਠਾਕੁਰ ਦਲੀਪ ਸਿੰਘ ਜੀ ਨੇ ਅੰਮ੍ਰਿਤਧਾਰੀ ਬੀਬੀਆਂ ਪਾਸੋਂ ਇਕ ਜੋੜੇ ਨੂੰ ਅੰਮ੍ਰਿਤ ਛਕਾ ਕੇ ਨਾਮਧਾਰੀ ਸੰਪ੍ਰਦਾ ਦੇ ਮੁਖੀ ਬਾਬਾ ਰਾਮ ਸਿੰਘ ਜੀ ਵੱਲੋਂ ਆਰੰਭੀ ਇਸਤਰੀ ਸਤਿਕਾਰ ਲਹਿਰ ਨੂੰ ਹੁਲਾਰਾ ਦਿੱਤਾ ਹੈ। ਸਮਾਜ ਵਿਚ ਹਰ ਪ੍ਰਕਾਰ ਦੀਆਂ ਅਸਮਾਨਤਾਵਾਂ ਖਤਮ ਹੋਣ ਦੇ ਨਾਲ ਨਾਲ ਇਸਤਰੀਆਂ ਨੂੰ ਹਰ ਪੱਖੋਂ ਸਮਾਨਤਾ ਦੇਣ ਦਾ ਉਪਰਾਲਾ ਕਿਸੇ ਇਕ ਵੱਲੋਂ ਨਹੀਂ, ਸਗੋਂ ਸਮੁੱਚੇ ਸਿੱਖ ਪੰਥ ਵਲੋਂ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਅੰਮ੍ਰਿਤ ਸੰਚਾਰ ਕਰਨ ਦਾ ਹੱਕ ਕੇਵਲ ਨਾਮਧਾਰੀਆਂ ਨੂੰ ਹੀ ਨਹੀਂ, ਸਾਰੀਆਂ ਸਿੱਖ ਬੀਬੀਆਂ ਨੂੰ ਮਿਲਣਾ ਚਾਹੀਦਾ ਹੈ ਜੋ ਕਿ ਅਕਾਲ ਤਖਤ ਦੀ ਰਹਿਤ ਮਰਿਆਦਾ ਵਿਚ ਵੀ ਭਲੀ-ਭਾਂਤ ਲਿਖਿਆ ਹੈ। ਇਸ ਮੀਟਿੰਗ ਵਿਚ ਪ੍ਰਿੰਸੀਪਲ ਸਾਹਿਬਾ ਇੰਦੂ ਸ਼ਰਮਾ ਨੇ ਦੱਸਿਆ ਕਿ ਠਾਕੁਰ ਦਲੀਪ ਸਿੰਘ ਜੀ ਵਲੋਂ ਔਰਤਾਂ ਨੂੰ ਧਾਰਮਿਕ ਪਖੋਂ ਹੋਰ ਅੱਗੇ ਕਰਕੇ ਅਤੇ ਬਰਾਬਰਤਾ ਦਾ ਦਰਜਾ ਦੇ ਕੇ ਸਮਾਜ ਵਿਚ ਨਾਰੀ ਜਾਤੀ ਦਾ ਜੋ ਮਾਣ ਵਧਾਇਆ ਹੈ,ਅਸੀ ਉਹਨਾਂ ਦਾ ਪੁਰੀ ਤਰ੍ਹਾਂ ਨਾਲ ਸਮਰਥਨ ਕਰਦੇ ਹਾਂ। ਉਹਨਾਂ ਨੇ ਇਹ ਸਭ ਗੁਰਬਾਣੀ ਅਨੁਸਾਰ ਅਤੇ ਸਮੇਂ ਦੀ ਲੋੜ ਅਨੁਸਾਰ ਕੀਤਾ ਹੈ, ਕਿਸੇ ਨੂੰ ਵੀ ਇਸ ਚੰਗੇ ਕੰਮ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਸਿੱਖ ਪੰਥ ਵਿਚ ਅਜਿਹਾ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਇਸਤਰੀ ਤੋਂ ਬਿਨਾਂ ਸਮਾਜ ਦੀ ਸਿਰਜਨਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਿਹਨਾਂ ਅਵਤਾਰਾਂ ਨੇ ਸਮਾਜ ਨੂੰ ਸੇਧ ਦੇ ਕੇ ਅੱਗੇ ਵਧਾਇਆ, ਉਹਨਾਂ ਅਵਤਾਰਾਂ ਨੂੰ ਜਨਮ ਦੇਣ ਵਾਲੀ ਮਾਂ ਹੈ-ਇਸਤਰੀ। ਭਗਵਾਨ ਸ੍ਰੀ ਰਾਮ ਜੀ ਨਾਲ ਬਨਵਾਸ ਕੱਟਣ ਵਾਲੀ ਸੀਤਾ ਮਾਤਾ ਵੀ ਇਸਤਰੀ ਸੀ। ਯੁੱਧ ਦੇ ਮੈਦਾਨ ਵਿਚ ਲੜਨ ਵਾਲੀ ਝਾਂਸੀ ਦੀ ਰਾਣੀ ਵੀ ਇਕ ਇਸਤਰੀ ਹੀ ਸੀ। ਇਸ ਮੌਕੇ ਬੀਬੀ ਕੁਲਦੀਪ ਕੌਰ ‘ਰੂਬੀ’ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਜੰਗ ਦੇ ਮੈਦਾਨ ਵਿਚ ਪਹਿਲੀ ਬੀਬੀ ਦਾ ਨਾਂ ਬੀਬੀ ‘ਭੀਖਾਂ ਜੀ’ ਸੀ। ਗੁਰੂ ਗੋਬਿੰਦ ਸਿੰਘ ਜੀ ਬੀਬੀ ਭੀਖਾਂ ਜੀ ਨੂੰ ਵੱਡੀ ਭੈਣ ਵਾਂਗ ਨਿਵਾਜਦੇ ਸਨ। ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਸ਼ਿੰਗਾਰ ਪਹਿਲੀ ਨਾਰੀ ਸ਼ਹੀਦ ਬੀਬੀ ਭੀਖਾਂ ਜੀ ਕਈ ਪੁਸ਼ਤਾਂ ਦੇ ਖਾਨਦਾਨੀ ਸ਼ਹੀਦੀ ਵਿਰਸੇ ਨਾਲ ਵਰੋਸਾਈ ਹੋਈ ਸ਼ਖਸ਼ਿਅਤ ਸਨ। ਸਮਾਜ ਵਿਚ ਇਸ ਤਰ੍ਹਾਂ ਦੇ ਉਪਰਾਲੇ ਨਾਲ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਨੂੰ ਵੀ ਠਲ੍ਹ ਪਵੇਗੀ। ਜੇ ਇਸਤਰੀ ਨੂੰ ਬਰਾਬਰ ਦਾ ਦਰਜਾ ਦੇਵਾਂਗੇ ਤਾਂ ਹੀ ਭਰੂਣ ਹੱਤਿਆ ਰੁਕੇਗੀ। ਇਸ ਮੌਕੇ ਤੇ ਬੀਬੀ ਗੁਰਲੀਨ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਚਰਨਪ੍ਰੀਤ ਕੌਰ, ਰਾਜ ਕੌਰ, ਚਰਨਜੀਤ ਕੌਰ, ਸਤਬੀਰ ਕੌਰ, ਪੂਨਮ ਗੁਲਾਟੀ, ਪੂਨਮ ਹੋਂਡਾ, ਨੀਤੂ ਪਾਠਕ ਆਦਿ ਨੇ ਵੀ ਆਪਣੇ ਵਿਚਾਰ ਦੱਸੇ ਅਤੇ ਕਿਹਾ ਕਿ ਜੰਗ ਦੇ ਮੈਦਾਨ ਵਿਚ ਬੀਬੀਆਂ ਬਰਾਬਰ ਦਾ ਸਾਥ ਦੇ ਕੇ ਸ਼ਹੀਦੀ ਪਾ ਸਕਦੀਆਂ ਹਨ ਫਿਰ ਬੀਬੀਆਂ ਵਲੋਂ ਅੰਮ੍ਰਿਤ ਛਕਾਉਣ ਤੇ ਵਿਰੋਧ ਕਿੳਂ?
ਸੋ ਸਾਡੀ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਸਾਹਿਬ ਜੀ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਵਲੋਂ ਵੀ ਇਸਤਰੀਆਂ ਕੋਲੋਂ ਅਮ੍ਰਿਤ ਛਕਾਉਣ ਦੇ ਹੱਕ ਨੂੰ ਅਮਲੀ ਰੂਪ ਵਿਚ ਲਿਆਂਦਾ ਜਾਵੇ ਤਾਂ ਜੋ ਸਿੱਖ ਧਰਮ ਦੇ ਵਿਕਾਸ ਦੇ ਨਾਲ-ਨਾਲ ਦੂਜੇ ਧਰਮਾਂ ਨੂੰ ਵੀ ਚੰਗੀ ਪ੍ਰੇਰਣਾ ਮਿਲ ਸਕੇ।
No comments:
Post a Comment