Date: 2016-10-17 17:44 GMT+05:30
ਪਰਕਾਸ਼ ਸਿੰਘ ਬਾਦਲ ਦੇਸ਼ ਦੇ ਸਰਬੋਤਮ ਮੁੱਖ ਮੰਤਰੀ-ਸ਼ਰਨਜੀਤ ਸਿੰਘ ਢਿੱਲੋਂ
ਅਕਾਲੀ ਭਾਜਪਾ ਸਰਕਾਰ ਬਣਾਉਣ 'ਚ ਇਸਤਰੀ ਵਿੰਗ ਪਾਵੇਗਾ ਅਹਿਮ ਯੋਗਦਾਨ
ਕੋਹਾੜਾ: 17 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਹਲਕਾ ਭੁਲੱਥ ਤੋਂ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਔਰਤਾਂ ਸਮੇਤ ਸਮਾਜ ਦੇ ਹਰੇਕ ਵਰਗ ਨੂੰ ਸਹੂਲਤਾਂ ਦੇਣ ਸਬੰਧੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਸੱਚਾਈ ਇਹ ਹੈ ਕਿ ਜਿਹੜੇ ਵਾਅਦੇ ਉਹਨਾਂ ਵਲੋਂ ਆਪਣੇ ਮੈਨੀਫੈਸਟੋ ਵਿਚ ਕੀਤੇ ਗਏ ਹਨ ਉਹ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਲਾਗੂ ਕੀਤੇ ਗਏ ਹਨ, ਜਿਸ ਦਾ ਪੰਜਾਬ ਦੇ ਲੋਕ ਭਰਪੂਰ ਲਾਹਾ ਲੈ ਰਹੇ ਹਨ।
ਅੱਜ ਪਿੰਡ ਹੀਰਾਂ ਦੇ ਮੈਰਿਜ ਪੈਲੇਸ ਵਿਖੇ ਪਾਰਟੀ ਦੇ ਇਸਤਰੀ ਵਿੰਗ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਮੌਕੇ ਉਨਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਔਰਤਾਂ ਅਤੇ ਬੱਚੀਆਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਦਾ ਲਾਹਾ ਲੈਣ। ਇਹਨਾਂ ਸਕੀਮਾਂ ਵਿੱਚ ਮਾਈ ਭਾਗੋ ਵਿਦਿਆ ਸਕੀਮ, ਸ਼ਗਨ ਸਕੀਮ ਅਤੇ ਹੋਰ ਕਈ ਸਕੀਮਾਂ ਸ਼ਾਮਿਲ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਹਰੇਕ ਵਰਗ ਦੇ ਲੋਕਾਂ ਦੇ ਹਿੱਤੂ ਹੋਣ ਦਾ ਡਰਾਮਾ ਰਚ ਰਹੇ ਹਨ ਜਦਕਿ ਸੱਚਾਈ ਇਹ ਹੈ ਕਿ ਇਹਨਾਂ ਦੋਵਾਂ ਪਾਰਟੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਸਾਢੇ 9 ਸਾਲਾਂ ਤੋਂ ਸੂਬੇ ਦੇ ਹਰੇਕ ਵਰਗ ਨੂੰ ਉਹਨਾਂ ਦੀਆਂ ਲੋੜਾਂ ਮੁਤਾਬਿਕ ਸਹੂਲਤਾਂ ਦੇ ਰਹੀ ਹੈ, ਜਦਕਿ ਦੂਜੇ ਪਾਸੇ ਕਾਂਗਰਸ ਦੀਆਂ ਸਰਕਾਰਾਂ ਨੇ ਹਮੇਸ਼ਾਂ ਪਹਿਲਾਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਫੇਲ ਅਤੇ ਬੰਦ ਕੀਤਾ ਹੈ। ਇਸੇ ਤਰਾਂ ਆਪ ਪਾਰਟੀ ਦੀ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਚੱਲ ਰਹੀਆਂ ਸਾਰੀਆਂ ਸਕੀਮਾਂ ਨੂੰ ਬੰਦ ਕਰਨ ਦੇ ਕਿਨਾਰੇ ਲਿਆ ਖੜਾ ਕੀਤਾ ਹੈ। ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਸੂਝਵਾਨ ਲੋਕ ਪੰਜਾਬ ਵਿਰੋਧੀ ਪਾਰਟੀਆਂ ਨੂੰ ਮੂੰਹ ਨਹੀਂ ਲਗਾਉਣਗੇ। ਉਹਨਾਂ ਕਿਹਾ ਕਿ ਸੂਬੇ ਵਿੱਚ ਤੀਜੀ ਵਾਰ ਅਕਾਲੀ ਭਾਜਪਾ ਗਠਜੋੜ ਸਰਕਾਰ ਬਣਾਉਣ ਵਿੱਚ ਔਰਤਾਂ ਵਿਸ਼ੇਸ਼ ਭੂਮਿਕਾ ਅਦਾ ਕਰਨਗੀਆਂ।
ਇਸ ਮੌਕੇ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਦੇਸ਼ ਵਿਚ ਕੇਵਲ ਪਰਕਾਸ਼ ਸਿੰਘ ਬਾਦਲ ਹੀ ਐਸੇ ਲੋਕ ਨੇਤਾ ਹਨ , ਜਿਨਾਂ ਨੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਅਨੇਕਾਂ ਕਦਮ ਚੁੱਕੇ ਹਨ। ਇਸ ਮੌਕੇ ਉਹਨਾਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ, ਖਾਸ ਕਰਕੇ ਹਲਕਾ ਸਾਹਨੇਵਾਲ ਦੇ ਵਿਕਾਸ ਲਈ ਕੀਤੇ ਕੰਮਾਂ ਦਾ ਵਿਸਥਾਰ ਨਾਲ ਵੇਰਵਾ ਦਿੱਤਾ। ਉਹਨਾਂ ਕਿਹਾ ਕਿ ਸੂਬੇ ਦੇ ਵਿਕਾਸ ਦੀ ਗਤੀ ਨੂੰ ਚਾਲੂ ਰੱਖਣ ਲਈ ਜ਼ਰੂਰੀ ਹੈ ਕਿ ਅਕਾਲੀ ਭਾਜਪਾ ਗਠਜੋੜ ਨੂੰ ਤੀਜੀ ਵਾਰ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਮੌਕਾ ਦੇਣਾ ਚਾਹੀਦਾ ਹੈ।
ਇਸ ਮੌਕੇ ਚੇਅਰਮੈਨ ਭਾਗ ਸਿੰਘ ਮਾਨਗੜ, ਸ੍ਰ. ਢਿੱਲੋਂ ਦੇ ਸਪੁੱਤਨੀ ਬੀਬੀ ਪਵਨਦੀਪ ਕੌਰ ਢਿੱਲੋਂ, ਨੂੰਹ ਬੀਬੀ ਸਨਾਰੀਤ ਕੌਰ, ਬੀਬੀ ਦਲਜੀਤ ਕੌਰ ਪਮਾ, ਬੀਬੀ ਦਲਜੀਤ ਕੌਰ ਸੂਦਾਂਵਾਲ, ਬੀਬੀ ਸੁਰਿੰਦਰ ਕੌਰ ਰਾਣਾ, ਬੀਬੀ ਸਨੇਹਪ੍ਰੀਤ ਕੌਰ ਭਾਟੀਆ, ਸ੍ਰ. ਰਛਪਾਲ ਸਿੰਘ ਪੀ. ਏ., ਪ੍ਰੇਮ ਸਿੰਘ ਹਰਨਾਮਪੁਰਾ, ਧਰਮਜੀਤ ਸਿੰਘ ਜੰਡਿਆਲੀ, ਜਗਤਾਰ ਸਿੰਘ ਰਜ਼ੂਰ ਅਤੇ ਹੋਰ ਹਾਜ਼ਰ ਸਨ।
No comments:
Post a Comment