ਨ੍ਹੇਰੇ ਦਾ ਹਮਲਾਵਰ ਘੇਰਾ ਕਿਹੜਾ ਪਹਿਲੀ ਵੇਰ ਪਿਆ ਹੈ
ਕਿਸ ਦਰਵਾਜ਼ੇ ਦੀਪ ਧਰਾਂ ਮੈਂ ਮਨ ਦੇ ਵਿੱਚ ਹਨ੍ਹੇਰ ਪਿਆ ਹੈ।
ਸਮਝ ਪਵੇ ਨਾ ਕਿੱਥੋਂ ਛੋਹਾਂ ਕੰਮ ਹਾਲੇ ਤਾਂ ਢੇਰ ਪਿਆ ਹੈ।
ਮਨ ਦਾ ਮੈਲਾ ਸ਼ੀਸ਼ਾ ਕੀ ਮੈਂ ਸਾਫ਼ ਕਰ ਲਿਆ ਉਲਝ ਗਿਆ ਹਾਂ,
ਕਿੰਨਾ ਕੁਝ ਹੀ ਬੇ ਤਰਤੀਬਾ ਰੂਹ ਦੇ ਚਾਰ ਚੁਫ਼ੇਰ ਪਿਆ ਹੈ।
ਹਰ ਵਾਰੀ ਦੀਵਾਲੀ ਦੀਵੇ ਮਨੋਂ ਹਨ੍ਹੇਰ ਮਿਟਾਉਂਦੇ ਕਿਓਂ ਨਾ,
ਕਾਵਾਂ ਰੌਲੀ ,ਇੱਲਾਂ ਝੁਰਮਟ ਹੁਣ ਮੇਰੇ ਗਲ਼ ਫੇਰ ਪਿਆ ਹੈ।
ਸੂਰਜ ,ਚੰਨ ,ਸਿਤਾਰੇ ,ਦੀਵੇ ,ਬਿਜਲੀ ਵਾਲੇ ਲਾਟੂ, ਜੁਗਨੂੰ,
ਸਭਨਾਂ ਦੇ ਪਿੱਛੇ ਹੱਥ ਧੋ ਕੇ ਕਿਓਂ ਕਲ਼ਮੂੰਹਾਂ ਨ੍ਹੇਰ ਪਿਆ ਹੈ।
ਹਾਲੇ ਤੀਕ ਅਯੁੱਧਿਆ ਮਨ ਦੀ ਯੁੱਧ ਤੋਂ ਮੁਕਤ ਕਿਓਂ ਨਾ ਹੋਈ,
ਇਸ ਦੇ ਅੰਦਰ ਮਸਜਿਦ ਮੰਦਿਰ ਕਿਓਂ ਖ਼ਤਰੇ ਦਾ ਘੇਰ ਪਿਆ ਹੈ।
ਕੁਦਰਤ ਰਹਿਮਤ ਵੰਡਦੀ ਭਰਦੀ ਸੱਖਣੀ ਝੋਲ ਅਜ਼ਲ ਤੋਂ ਭਾਵੇਂ,
ਬੇ ਹਿੰਮਤੇ ਨੂੰ ਕਿਹੜਾ ਦੱਸੇ, ਤੇਰੇ ਅੱਗੇ ਬੇਰ ਪਿਆ ਹੈ।
ਇੱਕੋ ਥਾਂ ਤੇ ਏਨੇ ਦੀਵੇ ਜਗਣ ਨਿਰੰਤਰ ਧਰਤੀ ਚਿਹਰਾ,
ਰੂਪ ਜਿਵੇਂ ਫੁਲਕਾਰੀ ਸਿਰ ਤੇ ਸੱਜਰੀ ਸੁਰਖ਼ ਸਵੇਰ ਪਿਆ ਹੈ।
ਚੱਲ ਮਨ ਮੇਰੇ ਸਿਖ਼ਰ ਬਨੇਰੇ ਤੂੰ ਵੀ ਦੀਵੇ ਤੇਲ ਢਾਲ ਦੇ,
ਨ੍ਹੇਰੇ ਦਾ ਹਮਲਾਵਰ ਘੇਰਾ ਕਿਹੜਾ ਪਹਿਲੀ ਵੇਰ ਪਿਆ ਹੈ।
ਰੂਹ ਵਿੱਚ ਨਿੱਸਲ ਸੁਪਨੇ ਰੀਝਾਂ ਮਰ ਜਾਵਣ ਜੇ 'ਵਾਜ਼ ਨਾ ਮਾਰੋ,
ਤੇਰੇ ਵਿੱਚ ਤਾਂ ਵੀਰ ਮੇਰਿਆ ਸਾਲਮ ਬੱਬਰ ਸ਼ੇਰ ਪਿਆ ਹੈ।
Gurbhajansinghgill@ gmail. Com
Ph :98726 31199
No comments:
Post a Comment