ਕਿਰਤ ਅਤੇ ਮਨੁੱਖੀ ਰਿਸ਼ਤਿਆਂ ਵਿੱਚ ਨੇੜਤਾ ਲਿਆਉਣ ਵਾਲੇ ਆਯੋਜਨ
ਲੁਧਿਆਣਾ: 14 ਸਤੰਬਰ 2016; (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਕਿਸਾਨ ਮੇਲਾ ਅਸਲ ਵਿੱਚ ਇੱਕ ਪਰਿਵਾਰ ਵਾਂਗ ਮਹਿਸੂਸ ਹੁੰਦਾ ਹੈ ਉਹਨਾਂ ਸਾਰੀਆਂ ਪਰਿਵਾਰਿਕ ਰਵਾਇਤਾਂ ਨੂੰ ਯਾਦ ਕਰਾਉਂਦਾ ਹੋਇਆ ਜਿਹੜੀਆਂ ਵਿਕਾਸ ਦੀ ਤੇਜ਼ ਰਫ਼ਤਾਰੀ ਵਿੱਚ ਸਾਨੂੰ ਅਕਸਰ ਭੁੱਲ ਭੁਲਾ ਜਾਂਦੀਆਂ ਹਨ। ਇਥੇ ਆਉਣ ਵਾਲੇ ਕਿਸਾਨ ਅਤੇ ਪੀ ਏ ਯੂ ਤੋਂ ਸਿਖਲਾਈ ਲੈ ਕੇ ਆਪਣੇ ਪੈਰਾਂ 'ਤੇ ਖੜੇ ਹੋਏ ਲੋਕ ਆਪਣੇ ਘਰਾਂ ਵਿੱਚ-ਆਪਣੇ ਸੀਮਿਤ ਸਾਧਨਾਂ ਨਾਲ ਬਣਾਈਆਂ ਵੱਖ ਵੱਖ ਤਰਾਂ ਦੀਆਂ ਚੀਜ਼ਾਂ ਲੈ ਕੇ ਜਦੋਂ ਕਿਸਾਨ ਮੇਲੇ ਵਿੱਚ ਆਪੋ ਆਪਣੇ ਸਟਾਲ 'ਤੇ ਮਿਲਦੇ ਹਨ ਤਾਂ ਓਹ ਆਪਣੇ ਬਣਾਏ ਉਤਪਾਦਨ ਅਤੇ ਆਪਣੀ ਨਿੱਕੀ ਜਿਹੀ ਕੰਪਨੀ ਦੇ ਖੁਦ ਹੀ ਮਾਲਕ ਹੁੰਦੇ ਹਨ। ਖੁਦ ਹੀ ਐਮਡੀ ਅਤੇ ਖੁਦ ਹੀ ਸੀਈਓ। ਉਹ ਆਪਣੀ ਕੰਪਨੀ ਦੇ ਚਪੜਾਸੀ ਵੀ ਖੁਦ ਹੀ ਹੁੰਦੇ ਹਨ। ਇਸ ਲਈ ਉਹਨਾਂ ਦੀਆਂ ਚੀਜ਼ਾਂ ਵਿੱਚ ਸ਼ੁੱਧਤਾ ਆਮ ਤੌਰ ਤੇ ਜ਼ਿਆਦਾ ਹੁੰਦੀ ਹੈ। ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕੋਈ ਗਲਤ ਚੀਜ਼ ਨਹੀਂ ਦੇਣੀ ਕਿਓਂਕਿ ਆਪਣੇ ਕਿਸਾਨ ਭੈਣਾਂ ਭਰਾਵਾਂ ਨਾਲ ਮੁਲਾਕਾਤ ਬਹੁਤ ਛੇਤੀ ਹੀ ਦੋਬਾਰਾ ਹੋ ਜਾਣੀ ਹੈ। ਲਾਗਲੇ ਪਿੰਡ ਵਿੱਚ, ਅਗਲੇ ਕਿਸਾਨ ਮੇਲੇ ਮੌਕੇ ਜਾਂ ਫਿਰ ਪੀਏਯੂ ਵਿੱਚ। ਇਹਨਾਂ ਉਤਪਾਦਨਾਂ ਦੀ ਸਫਲਤਾ ਲਈ ਅਕਸਰ ਸਾਰਾ ਪਰਿਵਾਰ ਜਤਨਸ਼ੀਲ ਹੁੰਦਾ ਹੈ।
ਇਹਨਾਂ ਦੇ ਨਿੱਕੇ ਵੱਡੇ ਸੁਪਨੇ ਇਹਨਾਂ ਦੀ ਆਮਦਨ ਨਾਲ ਜੁੜੇ ਹੁੰਦੇ ਹਨ। ਇਹਨਾਂ ਨੇ ਕੋਈ ਮਹਿਲ ਨਹੀਂ ਪਾਉਣੇ ਹੁੰਦੇ, ਆਲੀਸ਼ਾਨ ਹਵੇਲੀਆਂ ਵੀ ਨਹੀਂ ਬਣਾਉਣੀਆਂ ਹੁੰਦੀਆਂ, ਸਿਰਫ ਆਪਣੀ ਲਾਗਤ ਅਤੇ ਥੋਹੜਾ ਬਹੁਤ ਮੁਨਾਫ਼ਾ ਕਮਾਉਣਾ ਹੁੰਦਾ ਹੈ ਜਿਹੜਾ ਕਿ ਇਹਨਾਂ ਦਾ ਹੱਕ ਵੀ ਬਣਦਾ ਹੈ। ਇਹਨਾਂ ਨੇ ਵੱਡੀਆਂ ਅਖਵਾਉਣ ਵਾਲੀਆਂ ਫਰਮਾਂ ਵਾਂਗ ਮਾਰਚ ਮਹੀਨੇ ਵਿੱਚ ਬਣਾਈ ਚੀਜ਼ ਦੇ ਲੇਬਲ ਉੱਤੇ ਛੇ ਛੇ ਮਹੀਨੇ ਦੀ ਅਕਤੂਬਰ ਮਹੀਨੇ ਵਾਲੀ ਐਡਵਾਂਸ ਤਾਰੀਖ ਵੀ ਨਹੀਂ ਪਾਉਣੀ ਹੁੰਦੀ। ਇਹਨਾਂ ਮੇਲਿਆਂ ਵਿੱਚ ਆਚਾਰ, ਮੁਰੱਬੇ, ਸ਼ਹਿਦ, ਹਲਦੀ, ਰਸੋਈ 'ਚ ਵਰਤੇ ਜਾਂਦੇ ਮਸਾਲੇ, ਡੱਬਾਬੰਦ ਜੂਸ, ਘਰੇਲੂ ਦਵਾਈਆਂ ਵੱਜੋਂ ਵਰਤੇ ਜਾ ਸਕਣ ਵਾਲੇ ਦੇਸੀ ਚੂਰਨ ਅਤੇ ਹੋਰ ਬਹੁਤ ਕੁਝ ਹੁੰਦਾ ਹੈ। ਇਹਨਾਂ ਉਤਪਾਦਨਾਂ ਦਾ ਰੰਗ ਦੇਖ ਕੇ ਹੀ ਇਹਨਾਂ ਦੀ ਤਾਜ਼ਗੀ ਦਾ ਪਤਾ ਲੱਗਦਾ ਹੈ। ਸੁਆਦ ਚਖਾਉਣ ਲਈ ਵਿਬਕਾਇਦਾ ਅਲੱਗ ਪ੍ਰਬੰਧ ਹੁੰਦਾ ਹੈ।
ਕਿਸਾਨ ਮੇਲਿਆਂ ਵਿੱਚ ਆਪਣੇ ਉਤਪਾਦਨ ਲਿਆਉਂਦੇ ਕਿਸਾਨਾਂ ਖਾਸ ਕਰਕੇ ਔਰਤਾਂ ਅਤੇ ਕੁੜੀਆਂ ਦੀ ਸਫਲਤਾ ਪਿਛੇ ਪੀਏਯੂ ਦੀ ਦੂਰ ਅੰਦੇਸ਼ੀ ਵਾਲੀ ਇੱਕ ਸੋਚ ਉੱਤੇ ਆਧਾਰਿਤ ਯੋਜਨਾ ਕੰਮ ਕਰ ਰਹੀ ਹੈ। ਖੁਦਕੁਸ਼ੀਆਂ ਕਰ ਰਹੇ ਕਿਸਾਨ ਵਰਗ ਦੀ ਆਰਥਿਕ ਕਮਜ਼ੋਰੀ ਨੂੰ ਜੜ੍ਹੋਂ ਪੁੱਟ ਰਹੀ ਹੈ। ਇਸ ਮਕਸਦ ਲਈ ਸਮਰਪਿਤ ਸ਼ਖਸੀਅਤਾਂ ਵਿੱਚੋਂ ਇੱਕ ਨਾਮ ਮੈਡਮ ਪਰਮਪਾਲ ਕੌਰ ਸਹੋਤਾ ਦਾ ਵੀ ਹੈ। ਪੀਏਯੂ ਦੇ ਮਾਈਕਰੋ ਬਾਇਓਲੋਜੀ ਵਿਭਾਗ ਦੀ ਪ੍ਰੋਫੈਸਰ ਅਤੇ ਮੁਖੀ ਮੈਡਮ ਸਹੋਤਾ ਆਪਣੇ ਦਫਤਰ ਵਿੱਚ ਬੜੇ ਹੀ ਰਿਜ਼ਰਵ ਸੁਭਾਅ ਵਾਲੀ ਪ੍ਰੋਫੈਸਰ ਹੁੰਦੀ ਹੈ ਮੇਲੇ ਵਿੱਚ ਪਹੁੰਚਦਿਆਂ ਹੀ ਨਜ਼ਰ ਆਉਣ ਲੱਗਦਾ ਹੈ ਉਹਨਾਂ ਦੇ ਸਫਲ ਕਾਰੋਬਾਰੀ ਵਾਲਾ ਸਰੂਪ। ਪੀਏਯੂ ਦੇ ਉਤਪਾਦਨਾਂ ਨੂੰ ਵੱਧ ਤੋਂ ਵੱਧ ਵੇਚਣਾ ਅਤੇ ਉਹ ਵੀ ਝੂਠ ਮਾਰੇ ਬਿਨਾ। ਕਿਹੜੇ ਬੀਜ ਨਾਲ ਕਿੰਨਾ ਕੁ ਵੱਧ ਝਾੜ ਮਿਲੇਗਾ, ਕਿਸ ਚੀਜ਼ ਨਾਲ ਕਿਸਾਨ ਨੂੰ ਕੀ ਕੀ ਫਾਇਦਾ ਹੋਵੇਗਾ ਇਹ ਸਭ ਉਹਨਾਂ ਨੂੰ ਜ਼ੁਬਾਨੀ ਯਾਦ ਹੁੰਦਾ ਹੈ।
ਕਿਸਾਨ ਮੇਲਿਆਂ ਦੌਰਾਨ ਪੀਏਯੂ ਦੀਆਂ ਸਿਫਾਰਸ਼ਾਂ ਅਤੇ ਉਤਪਾਦਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੀ ਉਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ। ਫਰੀਦਕੋਟ ਵਾਲੇ ਕਿਸਾਨ ਮੇਲੇ ਇੱਕ ਦਿਲਚਸਪ ਗੱਲ ਸੀ ਨੌਜਵਾਨ ਵਰਗ ਦਾ ਮੇਲੇ ਵਿੱਚ ਵੱਧ ਚੜ੍ਹ ਕੇ ਆਉਣਾ। ਇਹਨਾਂ ਮੁੰਡੇ ਕੁੜੀਆਂ ਦੇ ਸੁਆਲ ਬਹੁਤ ਡੂੰਘੇ ਹੁੰਦੇ। ਜੁਆਬ ਸੁਣਨ ਲੱਗਿਆਂ ਇਹ ਪੂਰੇ ਧਿਆਨ ਨਾਲ ਪੂਰਾ ਵੇਰਵਾ ਪੁੱਛਦੇ।
No comments:
Post a Comment