Wednesday, September 21, 2016

ਮੈਨੂੰ ਲੱਗਦਾ-ਪੀਏਯੂ ਮੈਨੂੰ ਵਾਜਾਂ ਮਾਰਦੀ ਹੈ-ਅਨੀਤਾ ਗੋਇਲ

ਜਦੋਂ ਉਹ ਪੀਏਯੂ ਪੁੱਜੀ ਉਸ ਦਿਨ ਸ਼ੁਰੂ ਹੋਇਆ ਸਫਲਤਾ ਦਾ ਨਵਾਂ ਸਿਲਸਿਲਾ 
ਲੁਧਿਆਣਾ: 20 ਸਤੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿਹਨਾਂ ਲੋਕਾਂ ਨੂੰ ਕਾਰੋਬਾਰੀ ਨਿਪੁੰਨਤਾ ਦੇ ਕੇ ਸਫਲਤਾ ਦੀ ਰਾਹ ਦਿਖਾਈ ਉਹਨਾਂ ਵਿੱਚ ਔਰਤਾਂ ਦੀ ਗਿਣਤੀ ਸ਼ਾਇਦ ਕਾਫੀ ਜ਼ਿਆਦਾ ਹੈ। ਚੁੱਪਚਾਪ ਮਗਨ ਰਹਿ ਕੇ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰ ਰਹੀ ਪੀਏਯੂ ਨੇ ਨਾਂ ਤਾਂ ਖੁਦ ਕੋਈ ਪ੍ਰਚਾਰ ਮੁਹਿੰਮ ਚਲਾਈ  ਅਤੇ ਨਾ ਹੀ ਮੇਨ ਸਟਰੀਮ ਮੀਡੀਆ ਨੇ ਇਸ ਹਾਂ ਪੱਖੀ ਵਰਤਾਰੇ ਨੂੰ ਲੋਕਾਂ ਸਾਹਮਣੇ ਲਿਆਉਣ ਵਿੱਚ ਕੋਈ ਠੋਸ ਕਦਮ ਪੁੱਟਿਆ। ਇਹਨਾਂ ਨਿੱਕੇ ਨਿੱਕੇ ਉੱਦਮੀਆਂ ਕੋਲ ਏਨਾ ਵੱਡਾ ਬੱਜਟ ਨਹੀਂ ਹੁੰਦਾ ਕਿ ਵੱਡੇ ਪੂੰਜੀਪਤੀਆਂ ਜਾਂ ਸਨਅਤੀ ਘਰਾਣਿਆਂ ਵਾਂਗ ਲੰਮੇ ਚੋੜੇ ਇਸ਼ਤਿਹਾਰਾਂ ਦਾ ਖਰਚਾ ਉਠਾ ਸਕਣ। ਇਸ ਕਮਜ਼ੋਰੀ ਕਾਰਨ ਇਹ  ਲੋਕ ਅਕਸਰ ਮੀਡੀਆ ਦੀ ਮੇਹਰ ਵਾਲੀ ਨਜ਼ਰ ਤੋਂ ਲਾਂਭੇ ਕਰ ਦਿੱਤੇ ਜਾਂਦੇ।  ਇਹਨਾਂ ਦੀ ਸਫਲਤਾ ਇੱਕ ਸੀਮਿਤ ਜਹੇ ਦਾਇਰੇ ਤੱਕ ਲੁਕੀ ਰਹੀ ਜਾਂਦੀ। 
ਅਜਿਹੇ ਲੋਕਾਂ ਵਿੱਚੋਂ ਹੀ ਇੱਕ ਹੈ ਜਗਰਾਓਂ ਦੀ ਅਨੀਤਾ ਗੋਇਲ।  ਅਨੀਤਾ ਗੋਇਲ ਅਤੇ ਉਹਨਾਂ ਦੇ ਪਰਿਵਾਰ ਨਾਲ ਪਹਿਲੀ ਵਾਰ ਮੇਰੀ ਮੁਲਾਕਾਤ ਲੁਧਿਆਣਾ ਦੇ ਟਰੇਡ ਸੈਂਟਰ ਵਿੱਚ ਸਾਲ ਕੁ  ਪਹਿਲਾਂ ਹੋਈ। ਉੱਥੇ ਬਹੁਤ ਹੀ ਚੁਣੇ ਗਏ ਲੋਕ ਬੁਲਾਏ ਗਏ ਸਨ। ਸ਼ਾਇਦ ਇਹ ਉਪਰਾਲਾ ਖੇਤੀ ਵਿਰਾਸਤ ਮਿਸ਼ਨ ਵਾਲੇ ਕਾਮਰੇਡ ਗੁਰਵੰਤ ਸਿੰਘ ਅਤੇ ਉਹਨਾਂ ਦੀ ਟੀਮ ਨੇ ਕੀਤਾ ਸੀ। ਭੀੜ ਕਾਫੀ ਸੀ। ਉੱਥੇ ਅਨੀਤਾ ਗੋਇਲ ਨੇ ਸਭਨਾਂ ਨੂੰ ਆਪਣੀ ਸਪੈਸ਼ਲ ਆਈਟਮ ਛੋਲਿਆਂ ਦੀ ਸਬਜ਼ੀ ਅਤੇ  ਕੁਲਚੇ ਖੁਆਏ। ਇਹਨਾਂ ਵਿੱਚ ਨਾ ਤਾਂ ਘਿਓ ਪਾਇਆ ਗਿਆ ਸੀ ਅਤੇ ਨਾ ਹੀ ਕੋਈ ਤੇਲ ਜਾਂ ਰਿਫਾਈਂਡ।  ਪਿਆਜ਼ ਜਾਂ ਲੱਸਣ ਵੀ ਇਹਨਾਂ ਵਿੱਚ ਬਿਲਕੁਲ ਨਹੀਂ ਸਨ।ਸੁਆਦ ਬਹੁਤ ਜ਼ਿਆਦਾ ਕਿ ਛੇਤੀ ਹੀ  ਹਲਵਾਈਆਂ ਵਾਲਾ  ਵੱਡਾ ਸਾਰਾ ਪਤੀਲਾ ਖਾਲੀ ਹੋ ਗਿਆ। ਦੋ ਪਲੇਟਾਂ ਭਰ ਕੇ ਵੀ ਖਾ ਲਓ ਤਾਂ ਵੀ ਕੋਈ ਬੋਝ ਮਹਿਸੂਸ ਨਹੀਂ ਹੁੰਦਾ। ਇਹ ਹਲਕਾਪਨ ਇਹਨਾਂ ਵਿੱਚ ਪਾਏ ਮਸਲਿਆਂ ਕਾਰਨ ਸੰਭਵ ਹੁੰਦਾ ਹੈ। ਉਹ ਮਸਾਲੇ ਵੀ ਅਨੀਤਾ ਗੋਇਲ ਖੁਦ ਬਣਾਉਂਦੀ ਹੈ। ਅਨੀਤਾ ਗੋਇਲ ਦੇ ਪਤੀ ਵਕੀਲ ਹਨ ਅਤੇ ਸਾਰਾ ਪਰਿਵਾਰ ਪੂਰੀ ਤਰਾਂ ਸੈਟ ਹੈ ਪਰ ਮਹਿਲਾ ਵਰਗ ਨੂੰ ਅਤੇ ਮਹਿਲਾਵਾਂ ਵਿੱਚ ਲੁਕੀ ਪ੍ਰਤਿਭਾ ਨੂੰ  ਸਾਹਮਣੇ ਲਿਆਉਣ ਲਈ ਅਨੀਤਾ ਖੁਦ ਇਸ ਖੇਤਰ ਵਿੱਚ ਸਾਹਮਣੇ ਆਈ। 
ਛੇਤੀ ਹੀ ਇੱਕ ਹੋਰ ਪ੍ਰੋਗਰਾਮ ਆਇਆ ਜਿਸ ਵਿੱਚ ਖੇਤੀ ਦੇ ਖੇਤਰ ਵਿੱਚ ਜਾਗ੍ਰਤੀ ਲਿਆ ਰਹੇ ਉਮੇਂਦਰ ਦੱਤ, ਡਾਕਟਰ ਨੀਲਮ ਸੋਢੀ ਅਤੇ ਬੇਲਣ ਬ੍ਰਿਗੇਡ ਵਾਲੀ ਅਨੀਤਾ ਸ਼ਰਮਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਤੜਕਸਾਰ ਮੂੰਹ ਹਨੇਰੇ ਸ਼ੁਰੂ ਹੋਈ ਆਰਗੈਨਿਕ ਖੇਤੀ ਦੀ ਟਰੇਨਿੰਗ ਨੇ ਸਾਰਿਆਂ ਨੂੰ ਬੁਰੀ ਤਰਾਂ ਥਕਾ ਦਿੱਤਾ ਸੀ। ਦਿਨਚੜ੍ਹ ਆਇਆ ਤੇ ਸੂਰਜ ਦੇਵਤਾ ਨੇ ਦਰਸ਼ਨ ਵੀ ਦੇ ਦਿੱਤੇ।  ਸਾਰੇ ਘਰੋ ਘਰੀਂ ਤੁਰਨ ਲੱਗੇ ਤਾਂ ਉੱਥੇ ਮੌਜੂਦ ਅਨੀਤਾ ਗੋਇਲ ਨੇ ਫਿਰ ਸਾਰੀਆਂ ਨੂੰ ਰੋਕ ਲਿਆ। ਉੱਥੇ ਵੀ ਕੁਲਚੇ ਅਤੇ ਛੋਲੇ ਮੌਜੂਦ ਸਨ। ਫਰਕ ਸਿਰਫ ਏਨਾ ਸੀ ਕਿ ਇਹ ਅੱਧੀ ਰਾਤ ਨੂੰ ਬਣਾਏ ਹੋਣ ਕਾਰਨ ਹੁਣ ਤੱਕ ਪੂਰੀ ਤਰਾਂ ਠੰਡੇ ਹੋ ਗਏ ਸਨ। ਇਸਦੇ ਬਾਵਜੂਦ ਇਹਨਾਂ ਦੇ ਸੁਆਦ ਵਿੱਚ ਇੱਕ ਨਵਾਂ ਜ਼ਾਇਕਾ ਸੀ। 
ਅਨੀਤਾ ਗੋਇਲ ਵੱਲੋਂ ਬਣਾਈ ਪਿੰਨੀ ਅਤੇ ਹੋਰ ਬਹੁਤ ਸਾਰੀਆਂ ਆਈਟਮਾਂ ਵੀ ਹੁਣ ਹਰਮਨ ਪਿਆਰੀਆਂ ਹੋ ਰਹੀਆਂ ਹਨ। ਇੱਕ ਦਿਨ ਇੱਕ ਕਿਸਾਨ ਮੇਲੇ ਤੇ ਮੁਲਾਕਾਤ ਹੋਈ ਤਾਂ ਇਸ ਕਾਰੋਬਾਰ ਬਾਰੇ ਗੱਲਾਂ ਚੱਲੀਆਂ।  ਅਨੀਤਾ ਨੇ ਦੱਸਿਆ ਇਹ ਸਭ ਪੀਏਯੂ ਦੀ ਬਦੌਲਤ ਹੋਇਆ। ਉਹ ਜਦੋਂ ਲੁਧਿਆਣਾ ਦੀ ਫਿਰੋਜ਼ਪੁਰ ਰੋਡ ਤੋਂ ਲੰਘਦੀ ਤਾਂ ਉਸਨੂੰ ਮਹਿਸੂਸ ਹੁੰਦਾ ਕਿ ਪੀਏਯੂ ਉਸ ਨੂੰ ਬੁਲਾ ਰਹੀ ਹੈ। ਇਹ ਅਵਾਜ਼ਾਂ ਬਾਈ ਬਾਰ ਆਉਣ ਲੱਗੀਆਂ ਤਾਂ ਇੱਕ ਦਿਨ ਉਹ ਪੀਏਯੂ ਜਾ ਪੁੱਜੀ ਜਿੱਥੇ ਡਾਕਟਰ ਕਿਰਨਜੋਤ ਕੌਰ ਨਾਲ ਮੁਲਾਕਾਤ ਹੋਈ।  ਇਥੋਂ ਹੀ ਸ਼ੁਰੂ ਹੋਇਆ ਅਨੀਤਾ ਗੋਇਲ ਦੀ ਸਫਲ ਕਾਰੋਬਾਰੀ ਜ਼ਿੰਦਗੀ ਦਾ ਸਿਲਸਿਲਾ।
ਜੇ ਤੁਸੀਂ ਮਿਲਣਾ ਚਾਹੋਂ ਤਾਂ ਬਸ ਉਡੀਕ ਰੱਖੋ ਤੁਹਾਡੀ ਮੁਲਾਕਾਤ ਕਿਸੇ ਵੀ ਕਿਸਾਨ ਮੇਲੇ ਜਾਂ ਕਿਸੇ ਹੋਰ ਅਜਿਹੀ ਹੀ ਇਕੱਤਰਤਾ ਮੌਕੇ ਹੋ ਸਕਦੀ ਹੈ। 

No comments: