ਗੈਂਗ ਵੀ ਜੇਲ੍ਹ ਵਿੱਚ ਹੀ ਬਣਾਇਆ ਸੀ
ਲੁਧਿਆਣਾ: 3 ਅਗਸਤ 2016; (ਪੰਜਾਬ ਸਕਰੀਨ ਬਿਊਰੋ):
ਸੁਧਾਰ ਘਰਾਂ ਅਰਥਾਤ ਜੇਲ੍ਹਾਂ ਵਿੱਚ ਜਾ ਕੇ ਸ਼ਾਇਦ ਲੋਕ ਸੁਧਰਦੇ ਵੀ ਹੋਣਗੇ ਪਾਰ ਕਈ ਵਾਰ ਇਹ ਦੇਖਿਆ ਗਿਆ ਹੈ ਕਿ ਲੋਕ ਜ਼ਿਆਦਾ ਖਤਰਨਾਕ ਮੁਜਰਮ ਬਣ ਕੇ ਬਾਹਰ ਆਉਂਦੇ ਹਨ। ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਵਿੱਚ ਹੋਈ ਡਕੈਤੀ ਦੇ ਮਾਮਲੇ ਵਿੱਚ ਫੜੇ ਗਏ ਮੋਨੀ ਦਾ ਮਾਮਲਾ ਵੀ ਕੁਝ ਅਜਿਹਾ ਹੀ ਹੈ। ਚਾਰ ਕੁ ਮਹੀਨੇ ਪਹਿਲਾਂ ਜ਼ਮਾਨਤ 'ਤੇ ਛੁੱਟ ਕੇ ਆਏ ਮੋਨਿ ਨੇ ਏਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਸਾਬਤ ਕਰ ਦਿੱਤਾ ਕਿ ਉਹ ਜੇਲ੍ਹ ਵਿੱਚੋਂ ਹੋਰ ਖਤਰਨਾਕ ਬਣ ਕੇ ਬਾਹਰ ਨਿਕਲਿਆ।
6 ਲੱਖ ਦੀ ਰਕਮ ਵੀ ਬਰਾਮਦ
ਸਥਾਨਕ ਕੋਚਰ ਮਾਰਕੀਟ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਦੋ ਦਿਨ ਪਹਿਲਾਂ ਚਾਰ ਹਥਿਆਰਬੰਦ ਲੁਟੇਰਿਆਂ ਵੱਲੋਂ ਕੀਤੀ ਲੁੱਟ ਦੇ ਮਾਮਲੇ ਵਿਚ ਪੁਲਿਸ ਨੇ ਮੁੱਖ ਕਥਿਤ ਦੋਸ਼ੀ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਲੁੱਟੀ ਗਈ ਰਕਮ ਵਿਚੋਂ 6 ਲੱਖ ਦੀ ਨਕਦੀ ਬਰਾਮਦ ਕੀਤੀ ਹੈ ਜਦਕਿ ਉਸ ਦੇ ਤਿੰਨ ਸਾਥੀਆਂ ਦੀ ਭਾਲ ਲਈ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਮੁਖੀ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਸੁਖਵਿੰਦਰ ਸਿੰਘ ਉਰਫ ਮੋਨੀ ਪੁੱਤਰ ਗੁਰਦੇਵ ਸਿੰਘ ਵਾਸੀ ਜਵਾਹਰ ਨਗਰ ਵਜੋਂ ਕੀਤੀ ਗਈ ਹੈ।
ਜੇਲ੍ਹ ਤੋਂ ਚਾਰ ਮਹੀਨੇ ਪਹਿਲਾਂ ਹੀ ਛੁੱਟ ਕੇ ਆਇਆ ਸੀ
ਉਨ੍ਹਾਂ ਦੱਸਿਆ ਕਿ ਮੋਨੀ ਨੇ ਇਸ ਲੁੱਟ ਦੀ ਵਾਰਦਾਤ ਨੂੰ ਆਪਣੇ ਤਿੰਨ ਹੋਰ ਸਾਥੀਆਂ ਦੀ ਮਦਦ ਨਾਲ ਇਸਤਰਾਂ ਅੰਜਾਮ ਦਿੱਤਾ ਜਿਵੈਂ ਇਹ ਉਸ ਲਈ ਇੱਕ ਮਾਮੂਲੀ ਜਿਹਾ ਕੰਮ ਹੋਵੇ। ਗ੍ਰਿਫਤਾਰ ਕੀਤੇ ਮੋਨੀ ਖਿਲਾਫ ਵੱਖ-ਵੱਖ ਥਾਣਿਆਂ 'ਚ ਲੁੱਟ ਸਮੇਤ 4 ਸੰਗੀਨ ਮਾਮਲੇ ਦਰਜ ਹਨ ਤੇ ਇਹ ਚਾਰ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ। ਜੇਲ੍ਹ 'ਚ ਮੋਨੀ ਦੇ ਕੁਝ ਹੋਰ ਖ਼ਤਰਨਾਕ ਅਪਰਾਧੀਆਂ ਨਾਲ ਦੋਸਤੀ ਹੋ ਗਈ, ਜਦੋਂ ਇਹ ਤਿੰਨ ਅਪਰਾਧੀ ਬਾਹਰ ਆਏ ਤਾਂ ਮੋਨੀ ਨੇ ਇਨ੍ਹਾਂ ਨਾਲ ਮਿਲ ਕੇ ਬੈਂਕ ਲੁੱਟਣ ਦੀ ਯੋਜਨਾ ਬਣਾਈ। ਬੈਂਕ ਜਵਾਹਰ ਨਗਰ ਕੈਂਪ ਦੇ ਨੇੜੇ ਸੀ ਅਤੇ ਮੋਨੀ ਨੂੰ ਪਤਾ ਸੀ ਕਿ ਇਥੇ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੋਨੀ ਦੇ ਕਬਜ਼ੇ 'ਚੋਂ ਇਕ ਮੋਟਰਸਾਈਕਲ, ਪਿਸਤੌਲ 2 ਮੈਗਜ਼ੀਨ, 5 ਜ਼ਿੰਦਾ ਕਾਰਤੂਸ ਤੇ ਹੋਰ ਸਮਾਨ ਬਰਾਮਦ ਕੀਤਾ ਹੈ। ਮੋਨੀ ਕੁਝ ਸਮਾਂ ਪਹਿਲਾਂ ਹੀ ਪਿਸਤੌਲ ਮੇਰਠ ਤੋਂ ਲੈ ਕੇ ਆਇਆ ਸੀ। ਵਾਰਦਾਤ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਹੱਲ ਕਰਨ ਲਈ 6 ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀ ਤੇ ਦੋਸ਼ੀਆਂ ਦੀ ਸੂਹ ਦੇਣ ਵਾਲੇ ਨੂੰ 2 ਲੱਖ ਦੀ ਨਕਦੀ ਦੇਣ ਦਾ ਐਲਾਨ ਵੀ ਕੀਤਾ ਸੀ। ਸ: ਔਲਖ ਨੇ ਦੱਸਿਆ ਕਿ ਮੋਨੀ ਦੇ ਸਾਥੀਆਂ ਦੀ ਵੀ ਸ਼ਨਾਖਤ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਵੀ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਹੋਈ ਮੋਨੀ ਦੀ ਪਹਿਚਾਣ
ਸੂਤਰਾਂ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਪੁਲਿਸ ਵਲੋਂ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਜਾ ਰਹੀ ਸੀ। ਮਾਡਲ ਗਰਾਮ ਸਟੇਸ਼ਨ ਨੇੜੇ ਇਕ ਥਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਮੋਨੀ ਮੋਟਰਸਾਈਕਲ 'ਤੇ ਜਾ ਰਿਹਾ ਵਿਖਾਈ ਦੇ ਰਿਹਾ ਹੈ। ਉਸ ਵੇਲੇ ਉਸ ਦੇ ਮੂੰਹ 'ਤੇ ਕੱਪੜਾ ਨਹੀਂ ਬੰਨ੍ਹਿਆ ਹੋਇਆ ਸੀ। ਮੋਨੀ ਦੇ ਬਾਕੀ ਸਾਥੀ ਫਿਰੋਜ਼ਪੁਰ ਨੇੜੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਮੋਨੀ ਪਾਸੋਂ ਹੋਰ ਪੁੱਛ ਪੜਤਾਲ ਕਰ ਰਹੀ ਹੈ।
ਇਸ ਤਰਾਂ ਦੀਆਂ ਘਟਨਾਵਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਨਾਲ ਸਾਹਿਰ ਲੁਧਿਆਣਵੀ ਸਾਹਿਬ ਦਾ ਉਹ ਸੁਪਨਾ ਫੇਰ ਟੁੱਟਦਾ ਮਹਿਸੂਸ ਹੋ ਰਿਹਾ ਹੈ---ਜਿਸ ਬਾਰੇ ਉਹਨਾਂ ਕਿਹਾ ਸੀ--
ਜੇਲ੍ਹੋਂ ਕੇ ਬਿਨਾ ਜਬ ਦੁਨੀਆ ਕੀ ਸਰਕਾਰ ਚਲਾਈ ਜਾਏਗੀ
ਵੋ ਸੁਬਹ ਕਭੀ ਤੋਂ ਆਏਗੀ.....!
No comments:
Post a Comment